ਪਾਠਕਾਂ ਦੇ ਖ਼ਤ
ਵਾਤਾਵਰਨ ਤੇ ਵਿਕਾਸ ਅੰਕੜੇ
6 ਮਈ ਦਾ ਸੰਪਾਦਕੀ ‘ਜ਼ਹਿਰੀਲੇ ਧੂੰਏ ਦਾ ਕਹਿਰ’ ਪੜ੍ਹਿਆ। ਜਦੋਂ ਹਾਕਮ ਧਿਰ ਦੀ ਇਕਪਾਸੜ ਸੋਚ ਦਾ ਟੀਚਾ ਸਿਰਫ਼ ਆਰਥਿਕ ਅੰਕੜਾ ਉਭਾਰਨਾ ਹੋਵੇ, ਉੱਥੇ ਭਿਵਾੜੀ ਵਰਗਾ ਵਾਤਾਵਰਨ ਆਪਮੁਹਾਰੇ ਉਗਮ ਪੈਂਦਾ ਹੈ। ਜੱਗ ਜ਼ਾਹਿਰ ਹੈ ਕਿ ਜੀਵ ਢੁਕਵੇਂ ਵਾਤਾਵਰਨ ਦੀ ਪੈਦਾਵਾਰ ਹੈ ਅਤੇ ਸੁਵੱਲੇ ਪੌਣ-ਪਾਣੀ, ਭੋਇੰ ਜੀਵਨ ਲਈ ਜ਼ਰੂਰੀ ਹਨ। ਸਨਅਤ ਅਵਸ਼ੇਸ਼ ਸਿਰਫ਼ ਭਾਰਤ ਦੀ ਨਹੀਂ, ਸਮੁੱਚੀ ਸਲਤਨਤ ਲਈ ਸਮੱਸਿਆ ਹੈ; ਤਾਹੀਓਂ ਖਚਰੇ ਦੇਸ਼ ਖ਼ਪਤਕਾਰ ਵਸੋਂ ਦੀ ਲੋੜ ਪੂਰਤੀ ਲਈ ਦੂਰ-ਦੁਰਾਡੇ ਸਵੈ-ਸਨਅਤ ਉਸਾਰ ਕੇ ਮੁਨਾਫ਼ੇ ਕਮਾ ਰਹੇ ਹਨ। ਗੁਰਬਤ ਪ੍ਰਧਾਨ ਹਿੰਦੋਸਤਾਨ ’ਚ ਜ਼ਹਿਰੀਲੀ ਸਨਅਤ ਅਵਸ਼ੇਸ਼ ਦਾ ਅਜੇ ਤੱਕ ਕੋਈ ਸਟੀਕ ਅਤੇ ਸਥਾਈ ਹੱਲ ਨਹੀਂ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ
ਤਰੱਕੀ ਦਾ ਮੁੱਲ
ਦਰਸ਼ਨ ਸਿੰਘ ਦਾ ਮਿਡਲ ‘ਦਰਿਆ ਜਦ ਗਲੀਆਂ ’ਚ ਵਗਦੈ’ (6 ਮਈ) ਹਰ ਕਿਸੇ ਦੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਤਰੱਕੀ ਦਾ ਮੁੱਲ ਤਾਰਨਾ ਪੈਂਦਾ ਹੈ ਤੇ ਅਸੀਂ ਵੀ ਤਰੱਕੀ ਦੇ ਨਾਂ ’ਤੇ ਅੰਧਾਧੁੰਦ ਰੁੱਖਾਂ ਦੀ ਕਟਾਈ ਕਰ ਕੇ ਕੁਦਰਤ ਨਾਲ ਆਢਾ ਲਾ ਰਹੇ ਹਾਂ। ਅਸੀਂ ਆਪਣੇ ਹੀ ਬਾਲਾਂ ਦੇ ਮੂੰਹ ’ਚੋਂ ਪਾਣੀ ਦੀ ਘੁੱਟ ਖੋਹ ਲਈ ਹੈ। ਸਾਡੇ ਦੇਸ਼ ਨੂੰ ਵਾਤਾਵਰਨ ਸੁਧਾਰਨ ਲਈ 300 ਕਰੋੜ ਰੁੱਖ ਲਾਉਣ ਦੀ ਲੋੜ ਹੈ ਤੇ ਫਿਲਹਾਲ ਅਸੀਂ ਕੁਝ ਵੀ ਨਹੀਂ ਕਰ ਰਹੇ। ਇਸੇ ਦਾ ਨਤੀਜਾ ਹੈ ਕਿ ਬੱਦਲ ਫਟਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਜੋ ਤਬਾਹੀ ਪਾਣੀ ਆਪਣੇ ਨਾਲ ਲੈ ਕੇ ਆਉਂਦਾ ਹੈ, ਉਹ ਅਸੀਂ ਆਪ ਹੀ ਸਹੇੜੀ ਹੈ।
ਵਿਕਾਸ ਕਪਿਲਾ, ਖੰਨਾ
ਗੁਰਬਤ ਦੇ ਮਸਲੇ
4 ਮਈ ਦੇ ਇੰਟਰਨੈੱਟ ਪੰਨੇ ਤਬਸਰਾ ’ਤੇ ਛਪਿਆ ਲੇਖ ‘ਭਾਰਤੀ ਸਿਆਸਤ ’ਚੋਂ ਗਾਇਬ ਹੋ ਰਿਹਾ ਗ਼ਰੀਬੀ ਦਾ ਮੁੱਦਾ’ (ਲੇਖਕ ਕੁਲਦੀਪ ਸਾਹਿਲ) ਰਾਜਨੀਤਕ ਪਾਰਟੀਆਂ ਦੇ ਸੱਚ ਦੀ ਪੇਸ਼ਕਾਰੀ ਕਰਦਾ ਹੈ ਜਿਨ੍ਹਾਂ ਨੇ ਗ਼ਰੀਬਾਂ ਦੀਆਂ ਸਮੱਸਿਆਵਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਹੈ। ਕਿਸੇ ਵੀ ਪਾਰਟੀ ਨੇ ਗ਼ਰੀਬਾਂ ਦੀਆਂ ਆਮ ਜ਼ਰੂਰਤਾਂ ਪੂਰੀਆਂ ਕਰ ਕੇ ਗ਼ਰੀਬੀ ਖ਼ਤਮ ਕਰਨ ਦਾ ਸੰਜੀਦਾ ਉਪਰਾਲਾ ਨਹੀਂ ਕੀਤਾ। ਜੇ ਕੋਈ ਕਾਨੂੰਨ ਬਣ ਵੀ ਜਾਂਦਾ ਹੈ ਤਾਂ ਉਸ ਦਾ ਸਹੀ ਤਰੀਕੇ ਨਾਲ ਪਾਲਣ ਵੀ ਨਹੀਂ ਕੀਤਾ ਜਾਂਦਾ।
ਹਰਪ੍ਰੀਤ ਕੌਰ ਪਬਰੀ, ਬਲਸੂਆਂ
ਅਸਲ ਨਵਾਂ ਭਾਰਤ
4 ਮਈ ਦੇ ਇੰਟਰਨੈੱਟ ਪੰਨੇ ਤਬਸਰਾ ਵਿੱਚ ਡਾ. ਕੇਸਰ ਸਿੰਘ ਭੰਗੂ ਦਾ ਲੇਖ (ਮਜ਼ਦੂਰ ਜਮਾਤ ਦੇ ਹਿੱਤਾਂ ਵਿੱਚ ਨਹੀਂ ਹੈ ‘ਨਵਾਂ ਭਾਰਤ’) ਪੜ੍ਹਿਆ। ਭਾਰਤ ਤਰੱਕੀ ਤਾਂ ਬਥੇਰੀ ਕਰ ਰਿਹਾ ਹੈ ਪਰ ਇਸ ਤਰੱਕੀ ਦਾ ਲਾਭ ਆਮ ਲੋਕਾਂ ਤੱਕ ਨਹੀਂ ਪਹੁੰਚ ਰਿਹਾ। ਸਾਰਾ ਪੈਸਾ ਅਤੇ ਜਾਇਦਾਦਾਂ ਧਨਾਢਾਂ ਕੋਲ ਜਮ੍ਹਾਂ ਹੋ ਰਹੇ ਹਨ। ਇਸ ਬਾਰੇ ਤੱਥ ਕੌਮਾਂਤਰੀ ਪੱਧਰ ਦੀਆਂ ਕਈ ਸੰਸਥਾਵਾਂ ਨੇ ਵੀ ਉਜਾਗਰ ਕੀਤੇ ਹਨ। ਲੋਕ ਪੱਖੀ ਤਬਦੀਲੀਆਂ ਕਰ ਕੇ ਹੀ ਅਸਲ ਨਵਾਂ ਭਾਰਤ ਉਸਾਰਿਆ ਜਾ ਸਕਦਾ ਹੈ।
ਕਸ਼ਮੀਰ ਸਿੰਘ, ਬਠਿੰਡਾ
ਮਿੱਟੀ ਦੀ ਮਹਿਕ
4 ਮਈ ਨੂੰ ਸਤਵਿੰਦਰ ਸਿੰਘ ਮੜੌਲਵੀ ਦਾ ਮਿਡਲ ‘ਚੇਤਿਆਂ ’ਚ ਵਸਿਆ ਪੁਰਾਣਾ ਘਰ’ ਜਿਉਂ-ਜਿਉਂ ਪੜ੍ਹਿਆ, ਤਿਉਂ-ਤਿਉਂ ਆਪਣੇ ਘਰ ਦੀ ਯਾਦ ਵਿੱਚ ਰੁੜ੍ਹਿਆ। ਬਿਨਾਂ ਸ਼ੱਕ ਖ਼ੂਬਸੂਰਤ ਸ਼ੈਲੀ ਜਿਸ ਵਿੱਚੋਂ ਗੋਹੇ ਮਿੱਟੀ ਦੀ ਖੁਸ਼ਬੂ ਆਉਂਦੀ ਹੈ, ਪਾਠਕ ਨੂੰ ਕਾਇਲ ਕਰ ਲੈਂਦੀ ਹੈ। ਮੈਂ ਵੀ ਕਾਫ਼ੀ ਚਿਰ ਤੋਂ ਆਪਣੇ ਜੱਦੀ ਘਰ ਅਤੇ ਪਿੰਡ ਅਲੂਣਾ-ਪੱਲ੍ਹੇ ਵਿੱਚ ਆਪਣੇ ਵੇਚੇ ਹੋਏ ਘਰ ਨੂੰ ਦੇਖਣ ਦੀ ਰੀਝ ਪਾਲੀ ਬੈਠਾ ਹਾਂ। ਮੇਰਾ ਕਾਲਜ ਸਮੇਂ ਦਾ ਮਿੱਤਰ ਮੇਜਰ ਸਿੰਘ ਪਿੰਡ ਰਹਿੰਦਾ ਹੈ ਜਿਸ ਨਾਲ ਵਾਅਦਾ ਕੀਤਾ ਹੋਇਆ ਹੈ ਕਿ ਰਾਤ ਉਸ ਕੋਲ ਕੱਟਾਂਗਾ। ਕਹਿੰਦਾ, ‘ਚਾਹੇ ਮਹੀਨਾ ਰਹਿ’। ਘਰ ਦਾ ਚੁਬਾਰਾ ਅਜੇ ਵੀ ਯਾਦ ਹੈ ਜਿਸ ਵਿੱਚ ਦੋ ਅਲਮਾਰੀਆਂ ਕਿਤਾਬਾਂ ਨਾਲ ਸਜੀਆਂ ਰਹਿੰਦੀਆਂ ਜਿਨ੍ਹਾਂ ਸਦਕਾ ਪਿੰਡ ਵਿੱਚ ਪੜ੍ਹ ਕੇ ਅਤੇ ਪੇਂਡੂ ਕਾਲਜ ਕਰਮਸਰ ਰਾੜਾ ਸਾਹਿਬ ਦੀ ਉੱਚ ਸਿੱਖਿਆ ਹਾਸਲ ਕਰ ਕੇ ਅੱਜ ਬੁਢਾਵੇ ਵਿੱਚ ਮੌਜਾਂ ਮਾਣ ਰਹੇ ਹਾਂ। 4 ਮਈ ਦਾ ਸੰਪਾਦਕੀ ‘ਮਨੀਪੁਰ ’ਚ ਹਿੰਸਾ ਦਾ ਸਾਲ’ ਅੱਖਾਂ ਖੋਲ੍ਹਣ ਵਾਲਾ ਹੈ। ਇੰਨੀ ਹਿੰਸਾ ਅਤੇ ਔਰਤ ਦੇ ਸਨਮਾਨ ’ਤੇ ਸੱਟ ਝੱਲਣ ਦੇ ਬਾਵਜੂਦ ਉਨ੍ਹਾਂ ਲੋਕਤੰਤਰ ਵਿੱਚ ਵਿਸ਼ਵਾਸ ਜਤਾਇਆ ਹੈ ਜਿਸ ਦਾ ਸਬੂਤ ਪਈਆਂ ਵੋਟਾਂ 84.85 ਫ਼ੀਸਦੀ ਹਨ। ਦੂਜੀ ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਡਬਲ ਇੰਜਣ ਦੀ ਸਰਕਾਰ ਕਹਿੰਦੇ ਨਹੀਂ ਥੱਕਦੇ, ਫਿਰ ਉਹ ਇੱਕ ਵਾਰ ਵੀ ਮਨੀਪੁਰ ਦੇ ਲੋਕਾਂ ਨਾਲ ਦਰਦ ਸਾਂਝਾ ਕਿਉਂ ਨਹੀਂ ਕਰ ਸਕੇ?
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
(2)
4 ਮਈ ਨੂੰ ਸਤਵਿੰਦਰ ਸਿੰਘ ਮੜੌਲਵੀ ਦਾ ਲੇਖ ‘ਚੇਤਿਆਂ ’ਚ ਵਸਿਆ ਪੁਰਾਣਾ ਘਰ’ ਪੜ੍ਹਿਆ। 40-50 ਸਾਲ ਪਹਿਲਾਂ ਬਣੇ ਕੱਚੇ ਘਰਾਂ (ਕੋਠੇ) ਵਿੱਚ ਰਹਿਣਾ ਵੀ ਰਾਜੇ-ਮਹਾਰਾਜਿਆਂ ਤੋਂ ਘੱਟ ਨਹੀਂ ਸੀ। ਪੁਰਾਣੇ ਘਰ ਦਾ ਨਾਂ ਲੈਂਦੇ ਹੀ ਮਨ ਨੂੰ ਸਕੂਨ ਜਿਹਾ ਮਿਲਦਾ ਹੈ। ਉਨ੍ਹਾਂ ਘਰਾਂ ਵਿੱਚ ਪਿਆਰ-ਮੁਹੱਬਤ ਅਤੇ ਦੁੱਖ-ਸੁੱਖ ਦੀ ਸਾਂਝ ਹੁੰਦੀ ਸੀ ਜੋ ਅੱਜ ਕਿਸੇ ਵੀ ਕੀਮਤ ’ਤੇ ਨਹੀਂ ਖਰੀਦੀ ਜਾ ਸਕਦੀ। ਅੱਜ ਅਸੀਂ ਭਾਵੇਂ ਲੱਖਾਂ ਰੁਪਏ ਖਰਚ ਕੇ ਮਹਿਲਾਂ ਵਰਗੇ ਮਕਾਨ ਉਸਾਰ ਲਏ ਹਨ ਪਰ ਪੁਰਾਣੇ ਘਰਾਂ ਵਾਲੀਆਂ ਸਭ ਚੀਜ਼ਾਂ ਮਨਫ਼ੀ ਹੋ ਗਈਆਂ ਹਨ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
(3)
4 ਮਈ ਦੇ ਅੰਕ ਵਿੱਚ ਸਤਵਿੰਦਰ ਸਿੰਘ ਮੜੌਲਵੀ ਦਾ ਲੇਖ ‘ਚੇਤਿਆਂ ’ਚ ਵਸਿਆ ਪੁਰਾਣਾ ਘਰ’ ਹਰ ਇੱਕ ਨੂੰ ਜੱਦੀ ਘਰ ਦੀ ਯਾਦ ਦਿਵਾਉਂਦਾ ਹੈ; ਖ਼ਾਸ ਕਰ ਕੇ ਜੋ ਆਪਣੇ ਜੱਦੀ ਘਰ ਤੋਂ ਦੂਰ ਹਨ, ਉਨ੍ਹਾਂ ਦੇ ਦਿਲਾਂ ਵਿੱਚ ਆਪਣੇ ਪੁਰਾਣੇ ਘਰ ਨੂੰ ਲੈ ਕੇ ਖ਼ਾਸਾ ਮੋਹ ਭਰਿਆ ਹੋਇਆ ਹੈ, ਹਰ ਵੇਲੇ ਉਸ ਘਰ ਨੂੰ ਦੇਖਣ ਦੀ ਤਾਂਘ ਰਹਿੰਦੀ ਹੈ। ਅਸੀਂ ਹੁਣ ਬੇਸ਼ੱਕ ਵਧੀਆ ਲੈਂਟਰਾਂ ਵਾਲੇ ਘਰਾਂ ਵਿੱਚ ਸੁੱਖ ਮਾਣਦੇ ਹਾਂ ਪਰ ਬਾਲਿਆਂ ਦੀ ਛੱਤ ਵਾਲਾ ਘਰ ਕਦੇ ਨਹੀਂ ਵਿਸਰਦਾ। ਜਿੱਥੇ ਜੰਮੇ-ਪਲੇ, ਬਚਪਨ ਬੀਤਿਆ, ਉਹ ਕੋਈ ਭਲਾ ਭੁੱਲ ਵੀ ਕਿਵੇਂ ਸਕਦਾ ਹੈ? ਜਦੋਂ ਵੀ ਪੁਰਾਣੇ ਘਰ ਕੋਲੋਂ ਲੰਘੀਏ ਜਾਂ ਜਾਈਏ ਤਾਂ ਦਿਲ ਨੂੰ ਖਿੱਚ ਪੈਂਦੀ ਹੈ।
ਗੋਪਾਲ ਮੋਦਗਿਲ, ਪਟਿਆਲਾ
ਘਰ ਪਰਿਵਾਰ
24 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਨਿਰਮਲ ਜੌੜਾ ਦੀ ਰਚਨਾ ‘ਧੀ ਦੀ ਆਮਦ’ ਰੂਹ ਨੂੰ ਸਕੂਨ ਦੇਣ ਵਾਲੀ ਸੀ। ਚੰਗੇ ਸੁਭਾਅ ਵਾਲੀ ਨੂੰਹ ਵਾਲੇ ਜ਼ਿਕਰ ਨੇ ਮਨ ਮੋਹ ਲਿਆ। ਅਜੋਕੇ ਯੁੱਗ ਵਿੱਚ ਬਹੁਤੇ ਘਰਾਂ ਵਿੱਚ ਵਿਆਹ ਬਾਅਦ ਵਿੱਚ ਹੁੰਦਾ ਹੈ, ਆਪਸ ਵਿੱਚ ਲੜਾਈ ਝਗੜੇ ਵਾਲੀਆਂ ਗੱਲਾਂ ਪਹਿਲਾਂ ਹੋਣ ਲੱਗ ਪੈਂਦੀਆਂ ਹਨ। ਜੇਕਰ ਦੋਵੇਂ ਧਿਰਾਂ ਦਿਲੋਂ ਇੱਕ-ਦੂਜੇ ਨੂੰ ਆਪਣਾ ਸਮਝਣ ਜਾਂ ਨਿੱਕੀ-ਮੋਟੀ ਗੱਲ ਤੋਂ ਉੱਪਰ ਉੱਠ ਕੇ ਪਰਿਵਾਰ ਦੇ ਵਡੇਰੇ ਹਿੱਤਾਂ ਲਈ ਸੋਚਣ ਤਾਂ ਘਰ ਵਿੱਚ ਚੰਗਾ ਮਾਹੌਲ ਬਣਾਇਆ ਜਾ ਸਕਦਾ ਹੈ।
ਬਿਕਰਮਜੀਤ ਸਿੰਘ, ਭਾਦਸੋਂ (ਪਟਿਆਲਾ)
ਕੋਚਿੰਗ ਸੈਂਟਰਾਂ ਦਾ ਜਾਲ
3 ਮਈ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਨਾਕਾਮੀ ਦਾ ਬਦਨੁਮਾ ਦਾਗ਼’ ਨੇ ਜਿਸ ਦੇਸ਼ ਵਿਆਪੀ ਵਰਤਾਰੇ ਬਾਰੇ ਚਾਨਣਾ ਪਾਇਆ ਹੈ, ਯਕੀਨਨ ਇਸ ਵਿੱਚ ਵੱਡੀ ਭੂਮਿਕਾ ਰਵਾਇਤੀ ਪ੍ਰਿੰਟ ਮੀਡੀਆ ਦੀ ਵੀ ਹੈ। ਮੁਕਾਬਲੇ ਵਾਲੀ ਕਿਸੇ ਵੀ ਪ੍ਰੀਖਿਆ ਦੇ ਨਤੀਜਿਆਂ ਤੋਂ ਤੁਰੰਤ ਬਾਅਦ ਕੋਚਿੰਗ ਅਦਾਰਿਆਂ ਵੱਲੋਂ ਨਵੇਂ ਵਿਦਿਆਰਥੀ ਰੂਪੀ ਗਾਹਕਾਂ ਨੂੰ ਆਪਣੇ ਅਦਾਰੇ ਵੱਲ ਆਕਰਸ਼ਿਤ ਕਰਨ ਹਿੱਤ ਦਿੱਤੇ ਇਸ਼ਤਿਹਾਰ ਕਈ ਦਿਨਾਂ ਤੱਕ ਲਗਾਤਾਰ ਪਹਿਲੇ ਪੰਨਿਆਂ ਉੱਪਰ ਸਫ਼ਲ ਉਮੀਦਵਾਰਾਂ ਦੀਆਂ ਫੋਟੋਆਂ ਸਮੇਤ ਛਾਪੇ ਜਾਂਦੇ ਹਨ। ਇਹ ਵਰਤਾਰਾ ਮੱਧਵਰਗ ਪਰਿਵਾਰਾਂ ਦੇ ਬੱਚਿਆਂ ਨੂੰ ਛੋਟੀ ਉਮਰੇ ਕੋਚਿੰਗ ਸੈਂਟਰਾਂ ਦੇ ਰਾਹ ਤੋਰਨ ਲਈ ਉਕਸਾਉਂਦਾ ਹੈ। ਮੌਜੂਦਾ ਮੰਡੀ ਵਿਵਸਥਾ ਮਾਡਲ ਵਿੱਚ ਇਸ਼ਤਿਹਾਰਬਾਜ਼ੀ ਦਾ ਅਹਿਮ ਸਥਾਨ ਹੈ ਪਰ ਅੱਜ ਵੀ ਅਜਿਹੇ ਮਿਆਰੀ ਅਦਾਰੇ ਹਨ ਜੋ ਦਾਖ਼ਲਿਆਂ ਲਈ ਇਸ਼ਤਿਹਾਰ ਨਹੀਂ ਦਿੰਦੇ। ਕੁਝ ਦਹਾਕੇ ਪਹਿਲਾਂ ਤਕ ਜਦੋਂ ‘ਕੋਚਿੰਗ ਫੈਕਟਰੀਆਂ’ ਦੀ ਹੋਂਦ ਨਹੀਂ ਸੀ, ਯੂਪੀਐੱਸਸੀ ਸਮੇਤ ਹੋਰ ਵੱਕਾਰੀ ਪ੍ਰੀਖਿਆਵਾਂ ਵਿੱਚ ਜ਼ਿਆਦਾਤਰ ਸਰਕਾਰੀ ਅਦਾਰਿਆਂ ਵਿਚੋਂ ਪੜ੍ਹੇ ਵਿਦਿਆਰਥੀ ਹੀ ਸਫ਼ਲ ਹੁੰਦੇ ਸਨ। ਸਮੱਸਿਆ ਦੇ ਹੱਲ ਵਜੋਂ ਜੇ ਕੋਚਿੰਗ ਸੈਂਟਰਾਂ ਲਈ ਇਹ ਦੱਸਣਾ ਜ਼ਰੂਰੀ ਕੀਤਾ ਜਾਵੇ ਕਿ ਇਨ੍ਹਾਂ ਕੋਚਿੰਗ ਸੈਂਟਰਾਂ ਨੇ ਕੁਲ ਕਿੰਨੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ, ਕਿੰਨੇ ਪਾਸ ਹੋਏ, ਕਿੰਨੇ ਮੈਰਿਟ ’ਚ ਆਏ ਤਾਂ ਕੁਝ ਸੌਰ ਸਕਦਾ ਹੈ। ਸਕੂਲਾਂ ਕਾਲਜਾਂ ਦੇ ਮੁਲਾਂਕਣ ਤਹਿਤ ਅਜਿਹਾ ਹੀ ਕੀਤਾ ਜਾਂਦਾ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ