ਪਾਠਕਾਂ ਦੇ ਖ਼ਤ
ਪ੍ਰਧਾਨ ਮੰਤਰੀ ਦਾ ਭਾਸ਼ਣ
24 ਅਪਰੈਲ ਦੀ ਸੰਪਾਦਕੀ ਵਿੱਚ ‘ਪ੍ਰਧਾਨ ਮੰਤਰੀ ਦਾ ਭਾਸ਼ਣ’ ਸਬੰਧੀ ਪੜ੍ਹ ਕੇ ਮਨ ਬਹੁਤ ਦੁਖੀ ਅਤੇ ਉਦਾਸ ਹੋਇਆ ਹੈ। ਕਿਸੇ ਵੀ ਪਰਿਵਾਰ, ਪਿੰਡ, ਸ਼ਹਿਰ, ਰਾਜ, ਦੇਸ਼ ਦੇ ਮੁਖੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਕਿਸੇ ਵੀ ਜਨਤਕ ਸਮਾਗਮ ਵਿੱਚ ਜਾਂ ਆਮ ਜੀਵਨ ਵਿੱਚ ਵਿਚਰਦਿਆਂ ਹੋਇਆਂ ਬਹੁਤ ਹੀ ਸੱਭਿਅਕ, ਸ਼ਾਲੀਨ, ਸੁਹਜਤਾ, ਸੰਜਮਤਾ ਭਰੇ ਅਜਿਹੇ ਸ਼ਬਦਾਂ ਦੀ ਵਰਤੋਂ ਕਰੇਗਾ, ਜਿਸ ਨਾਲ ਸਾਡੇ ਸਮਾਜ ਵਿੱਚ ਸਰਬ ਸਾਂਝੀਵਾਲਤਾ ਵਾਲਾ ਮਾਹੌਲ ਉੱਸਰ ਸਕੇ। ਪਰੰਤੂ ਸਾਡੇ ਦੇਸ਼ ਦੇ ਸਭ ਤੋਂ ਉੱਚੇ ਅਤੇ ਸਨਮਾਨਯੋਗ ਅਹੁਦੇ ਉੱਤੇ ਬਿਰਾਜਮਾਨ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਲਈ ਆਪਣੀ ਪਾਰਟੀ ‘ਭਾਰਤੀ ਜਨਤਾ ਪਾਰਟੀ’ ਦੇ ਚੋਣ ਪ੍ਰਚਾਰ ਲਈ ਬਾਂਸਵਾੜਾ ਸ਼ਹਿਰ, ਰਾਜਸਥਾਨ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਜਿਹੇ ਸ਼ਬਦਾਂ ਦਾ ਪ੍ਰਯੋਗ ਕੀਤਾ ਹੈ, ਜਿਸ ਨਾਲ ਭਾਰਤੀ ਲੋਕਤੰਤਰ ਦੀ ਸ਼ਾਨ ਨੂੰ ਬਹੁਤ ਵੱਡਾ ਧੱਬਾ ਲੱਗਿਆ ਹੈ। ਮਾਣਯੋਗ ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਵਾਲਾ ਦੇ ਕੇ ਦੋਸ਼ ਲਾਇਆ ਹੈ ਕਿ ਵਿਰੋਧੀ ਧਿਰ ਦੀ ਪਾਰਟੀ ਲੋਕਾਂ ਦੀ ਮਿਹਨਤ ਮੁਸ਼ੱਕਤ ਦੀ ਕਮਾਈ ਨੂੰ ‘ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਲੋਕਾਂ ਅਤੇ ਘੁਸਪੈਠੀਆਂ’ ਵਿੱਚ ਵੰਡ ਦੇਣਾ ਚਾਹੁੰਦੀ ਹੈ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਹਵਾਲੇ ਨਾਲ ਇਹ ਵੀ ਕਿਹਾ ਹੈ ਕਿ ਦੇਸ਼ ਦੇ ਸਾਧਨਾਂ ਉੱਪਰ ਮੁਸਲਮਾਨਾਂ ਦਾ ਪਹਿਲਾ ਹੱਕ ਦੱਸਿਆ ਜਾ ਰਿਹਾ ਹੈ। ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਦੇ ਸਮੇਂ ਸਰਬ ਸਾਂਝੀ ਥਾਂ ’ਤੇ ਇੰਝ ਭੜਕਾਊ ਭਾਸ਼ਣ ਦੇਵੇ, ਕੀ ਉਸ ਦੇਸ਼ ਵਿੱਚ ਲੋਕਤੰਤਰ ਸੁਰੱਖਿਅਤ ਰਹਿ ਸਕਦਾ ਹੈ?
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ
(2)
ਸਿਰਲੇਖ ‘ਪ੍ਰਧਾਨ ਮੰਤਰੀ ਦਾ ਭਾਸ਼ਣ’ (24 ਅਪਰੈਲ) ਨੂੰ ਛਪਿਆ ਸੰਪਾਦਕੀ ਇਸ ਗੱਲ ਦੀ ਗਵਾਹੀ ਹੈ ਕਿ ਵੋਟਾਂ ਸਮੇਟਣ ਦੇ ਚੱਕਰ ਵਿੱਚ ਸਾਰੀਆਂ ਪਾਰਟੀਆਂ ਸੰਵਿਧਾਨ ਦੁਆਰਾ ਦਰਸਾਏ ਮਾਰਗ ਨੂੰ ਭੁੱਲ ਕੇ ਜਾਣੇ-ਅਨਜਾਣੇ ਦੇਸ਼ ਨੂੰ ਕੁਰਾਹੇ ਪਾ ਰਹੀਆਂ ਹਨ। ਸੰਵਿਧਾਨ ਅਨੁਸਾਰ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਕਿਸੇ ਵੀ ਰਾਜਸੀ ਪਾਰਟੀ ਦਾ ਨੁਮਾਇੰਦਾ ਹੋ ਸਕਦਾ ਹੈ, ਪਰ ਜਦੋਂ ਉਹ ਪ੍ਰਧਾਨ ਮੰਤਰੀ ਬਣ ਜਾਂਦਾ ਹੈ ਤਾਂ ਉਹ ਸਮੁੱਚੇ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਨਾ ਕਿ ਕਿਸੇ ਇੱਕ ਰਾਜਸੀ ਪਾਰਟੀ ਦਾ। ਉਹ ਆਪ ਵੀ ਇਹ ਆਸ ਰੱਖਦਾ ਹੈ ਕਿ ਦੇਸ਼ ਨੂੰ ਅੱਗੇ ਲਿਜਾਣ ਵਿੱਚ ਉਸ ਦੀਆਂ ਕੋਸ਼ਿਸ਼ਾਂ ਵਿੱਚ ਪੂਰਾ ਦੇਸ਼ ਉਸ ਨੂੰ ਸਹਿਯੋਗ ਦੇਵੇ। ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਉਹ ਵੋਟਾਂ ਇਕੱਠੀਆਂ ਕਰਨ ਦੇ ਚੱਕਰ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨਾ ਭੁੱਲੇ ਤੇ ਕਿਸੇ ਇੱਕ ਵਿਸ਼ੇਸ਼ ਪਾਰਟੀ, ਫ਼ਿਰਕੇ ਜਾਂ ਧਰਮ ਦਾ ਬਣ ਕੇ ਨਾ ਰਹਿ ਜਾਵੇ। ਚੋਣ ਕਮਿਸ਼ਨ ਤੋਂ ਵੀ ਇਹ ਆਸ ਕੀਤੀ ਜਾਂਦੀ ਹੈ ਕਿ ਲੋਕਤੰਤਰ ਨੂੰ ਕਾਮਯਾਬ ਬਣਾਉਣ ਲਈ ਉਹ ਨਿਰਪੱਖ ਹੋ ਕੇ ਕੰਮ ਕਰੇ। ਪਰ ਇਸ ਵੇਲੇ ਜੋ ਕੁਝ ਹੋ ਰਿਹਾ ਹੈ, ਉਸ ਤੋਂ ਇੰਝ ਲੱਗਦਾ ਹੈ ਕਿ ਚੋਣ ਕਮਿਸ਼ਨ ਲਾਚਾਰ ਤੇ ਬੇਵੱਸ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਖੇਡਾਂ ਦਾ ਮਨੋਰਥ
25 ਅਪਰੈਲ ਦੇ ਨਜ਼ਰੀਆ ਅੰਕ ਵਿੱਚ ਰੋਹਿਤ ਮਹਾਜਨ ਦੇ ਛਪੇ ਖੇਡਾਂ, ਸਿਆਸਤ ਤੇ ਗ਼ੈਰਾਂ ਦਾ ਖੌਫ਼ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ਵਿੱਚ ਰਾਜਨੀਤੀ ਅਤੇ ਖੇਡ ਦੇ ਮੈਦਾਨ ਨਫ਼ਰਤ ਦੀ ਭਾਵਨਾ ਨਾਲ ਜੂਝ ਰਹੇ ਹਨ। ਮੈਦਾਨ ਚਾਹੇ ਖੇਡ ਦਾ ਹੋਵੇ ਜਾਂ ਸਿਆਸਤ ਦਾ, ਜਿੱਤਣਾ ਤਾਂ ਕਿਸੇ ਇੱਕ ਧਿਰ ਨੇ ਹੀ ਹੁੰਦਾ ਹੈ ਪਰੰਤੂ ਜਿੱਤਣ ਲਈ ਧਰਮ, ਜਾਤੀ, ਫ਼ਿਰਕਾ ਅਤੇ ਗ਼ਲਤ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਭਾਰਤ ਦੇਸ਼ ਦੀ ਅਨੇਕਤਾ ਵਿੱਚ ਏਕਤਾ ਨੂੰ ਖ਼ੋਰਾ ਲਾਉਣ ਦਾ ਕੰਮ ਕਰਦਾ ਹੈ। ਖੇਡਾਂ ਦਾ ਮਨੋਰਥ ਇੱਕ ਦੂਜੇ ਨਾਲ ਮਿੱਤਰਤਾ ਦੇ ਸਬੰਧ ਹੋਰ ਗੂੜ੍ਹੇ ਕਰਨਾ ਹੈ ਨਾ ਕਿ ਦੁਸ਼ਮਣੀ ਪੈਦਾ ਕਰਨਾ। ਕਿਸੇ ਇੱਕ ਵਿਅਕਤੀ ਦੁਆਰਾ ਕਿਸੇ ਦੂਜੇ ਵਿਅਕਤੀ ਤੇ ਕੀਤੀ ਗਈ ਭੜਕਾਊ ਟਿੱਪਣੀ ਦੇਸ਼ ਦੀ ਅਮਨ ਸ਼ਾਂਤੀ ਲਈ ਚੰਗਾ ਸੰਕੇਤ ਨਹੀਂ ਹਨ, ਇਸ ਤਰ੍ਹਾਂ ਕਰਨ ਨਾਲ ਨਫ਼ਰਤ ਦੀ ਅੱਗ ਨੂੰ ਹੋਰ ਹਵਾ ਮਿਲੇਗੀ। ਸਿਆਸਤ ਅਤੇ ਖੇਡਾਂ ਵਿੱਚੋਂ ਨਫ਼ਰਤ ਨੂੰ ਖ਼ਤਮ ਕਰਕੇ ਪਿਆਰ ਦੇ ਸਬੰਧ ਕਾਇਮ ਕਰਨ ਲਈ ਸ਼ੁਰੂਆਤ ਕਰਨੀ ਵਿਸ਼ਵ ਦੀ ਸ਼ਾਂਤੀ ਅਤੇ ਤਰੱਕੀ ਲਈ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ।
ਰਜਵਿੰਦਰਪਾਲ ਸ਼ਰਮਾ, ਈਮੇਲ
ਚੋਣ ਨਾਅਰਿਆਂ ਦੀ ਭੂਮਿਕਾ
23 ਅਪਰੈਲ ਦੇ ਅੰਕ ਵਿੱਚ ਚਰਨਜੀਤ ਭੁੱਲਰ ਦਾ ਚੋਣ ਨਾਅਰਿਆਂ ਸਬੰਧੀ ਲੇਖ ਪੜ੍ਹਿਆ ਜਿਸ ਵਿੱਚ ਵੱਖ ਵੱਖ ਪਾਰਟੀਆਂ ਵੱਲੋਂ ਪਿਛਲੇ ਦਹਾਕਿਆਂ ਵਿੱਚ ਚੋਣਾਂ ਦੌਰਾਨ ਲਗਾਏ ਜਾਂਦੇ ਨਾਅਰਿਆਂ ਬਾਬਤ ਵਿਸਥਾਰ ਨਾਲ ਲਿਖਿਆ ਹੈ। ਲੇਖ ਪੜ੍ਹ ਕੇ 1980 ਦੇ ਵਿਦਿਆਰਥੀ ਜੀਵਨ ਦੇ ਦਿਨ ਯਾਦ ਆ ਗਏ, ਜਦੋਂ ਮੈਂ ਖੇਤੀਬਾੜੀ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਉਨ੍ਹਾਂ ਦਿਨਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਪੰਜਾਬ ਵਿੱਚ ਮੁੱਖ ਮੰਤਰੀ ਦਰਬਾਰਾ ਸਿੰਘ ਦੀ ਸਰਕਾਰ ਸੀ। ਵਿਦਿਆਰਥੀਆਂ ਦਾ ਸਰਕਾਰ ਨਾਲ ਜਾਂ ਫਿਰ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਕਿਸੇ ਨਾ ਕਿਸੇ ਗੱਲ ’ਤੇ ਆਢਾ ਲੱਗਿਆ ਹੀ ਰਹਿੰਦਾ ਸੀ। ਉਸ ਵਕਤ ਵੀ ਆਪਣੀ ਆਵਾਜ਼ ਬੁਲੰਦ ਕਰਨ ਲਈ ਅਸੀਂ ਨਵੇਂ ਨਵੇਂ ਨਾਅਰੇ ਬਣਾਉਂਦੇ ਸਾਂ ਬਕਾਇਦਾ ਰਾਤ ਨੂੰ ਹੋਸਟਲ ਵਿੱਚ ਮੀਟਿੰਗ ਕਰ ਕੇ ਨਾਅਰਾ ਪਾਸ ਕੀਤਾ ਜਾਂਦਾ ਸੀ, ਫਿਰ ਹਰ ਕਿਸਮ ਦੇ ਲੀਡਰ ਨੂੰ ਸੁਣਾਉਣ ਲਈ ਵੱਖ ਵੱਖ ਨਾਅਰੇ ਸਨ ਜਿਵੇਂ ਕਿ ਆਪਣੇ ਵਾਅਦੇ ਤੋਂ ਮੁੱਕਰ ਜਾਣ ਵਾਲਿਆਂ ਵਾਸਤੇ ਕਿਹਾ ਜਾਂਦਾ ਸੀ ‘ਭੱਜ ਕੇ ਜਾਣ ਨਹੀਂ ਦੇਣੇ ਲੰਡੇ, ਡੰਡਿਆਂ ਵਿੱਚ ਹੁਣ ਪਾ ਲਓ ਝੰਡੇ’। ਇਸ ਤਰ੍ਹਾਂ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਭ੍ਰਿਸ਼ਟਾਚਾਰ ਬਾਬਤ ਨਾਅਰਾ ਸੀ ‘ਚਿੱਟੇ ਬਗਲੇ, ਨੀਲੇ ਮੋਰ, ਸਾਰੇ ਈ ਚੋਰ, ਸਾਰੇ ਈ ਚੋਰ’ ਜਿਹੜੇ ਕੁਝ ਅਧਿਕਾਰੀ ਫਜ਼ੂਲ ਹੀ ਵਿਦਿਆਰਥੀਆਂ ਨਾਲ ਉਲਝਦੇ ਸਨ, ਉਨ੍ਹਾਂ ਬਾਰੇ ਨਾਅਰਾ ਸੀ, ‘ਜਿਹੜਾ ਸਾਡੇ ਨਾਲ ਖਹੂ, ਉਹ ਦਾ ਕੱਖ ਨਾ ਰਹੂ’ ਕਈ ਵਾਰ ਅਧਿਕਾਰੀਆਂ ਦਾ ਮਜ਼ਾਕ ਉਡਾਉਣ ਲਈ ਉਨ੍ਹਾਂ ਖਿਲਾਫ਼ ਜਾਤੀ ਕਿਸਮ ਦੇ ਉਲਟ ਪੁਲਟ ਨਾਅਰੇ ਵੀ ਲਾਏ ਜਾਂਦੇ, ਅਸਲ ਵਿੱਚ ਸੰਘਰਸ਼ ਦੌਰਾਨ ਆਪਣੇ ਵਿੱਚ ਜੋਸ਼ ਭਰਨ ਅਤੇ ਦੂਜੀ ਧਿਰ ਨੂੰ ਨਿਰਉਤਸ਼ਾਹਿਤ ਕਰਨ ਵਿੱਚ ਢੁਕਵਾਂ ਨਾਅਰਾ ਬਹੁਤ ਜ਼ਰੂਰੀ ਹੁੰਦਾ ਹੈ। ਕਈ ਵਾਰ ਇੱਕੋ ਨਾਅਰਾ ਹੀ ਵਿਰੋਧੀਆਂ ਨੂੰ ਚਿੱਤ ਕਰ ਦਿੰਦਾ ਹੈ।
ਅਵਤਾਰ ਸਿੰਘ, ਮੋਗਾ
ਔਰਤਾਂ ਦਾ ਯੋਗਦਾਨ
15 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਲੇਖਕ ਸਵਰਨ ਸਿੰਘ ਭੰਗੂ ਦਾ ਲਿਖਿਆ ਮੱਧ ਭਾਗ ‘ਸਨਮਾਨਾਂ ਤੋਂ ਉੱਤੇ’ ਪੜ੍ਹਿਆ। ਸਚਮੁੱਚ ਜਿਸ ਤਰ੍ਹਾਂ ਕਿਸੇ ਨਾਟਕ, ਫ਼ਿਲਮ, ਕਲਾ ਦੇ ਖੇਤਰ ਵਿੱਚ, ਅਹੁਦੇਦਾਰੀਆਂ ਜਾਂ ਹੋਰ ਅਨੇਕਾਂ ਪ੍ਰਾਪਤੀਆਂ ਦੇ ਪਿੱਛੇ ਭਾਵ ਪਰਦੇ ਦੇ ਪਿੱਛੇ ਹੋਰ ਅਨੇਕਾਂ ਅਦਿੱਖ ਕਾਮਿਆਂ, ਕਰਮੀਆਂ, ਯੋਗਦਾਨੀਆਂ ਦਾ ਹੱਥ ਹੁੰਦਾ ਹੈ। ਇਸ ਤਰ੍ਹਾਂ ਅਜਿਹੀਆਂ ਹੋਰ ਪ੍ਰਾਪਤੀਆਂ, ਮੱਲਾਂ ਦੇ ਪਿੱਛੇ ਕਿਸੇ ਵੀ ਰੂਪ ਵਿੱਚ ਇੱਕ ਔਰਤ ਦਾ ਭਰਪੂਰ ਯੋਗਦਾਨ, ਕੁਰਬਾਨੀ ਅਤੇ ਘਾਲਣਾ ਹੁੰਦੀ ਹੈ। ਇਹ ਸਮਰਪਣ ਸਹਿਣਸ਼ੀਲਤਾ ਪ੍ਰਮਾਤਮਾ ਨੇ ਔਰਤ ਜਾਤੀ ਨੂੰ ਹੀ ਪ੍ਰਦਾਨ ਕੀਤੀ ਹੈ। ਇਹ ਭਾਵੇਂ ਫਰਜ਼, ਜ਼ਿੰਮੇਵਾਰੀ, ਸੇਵਾ ਜਾਂ ਪਿਆਰ ਵਜੋਂ ਹੋਵੇ ਜਿਵੇਂ ਇਕ ਡਾਕਟਰ ਦੇ, ਨਰਸ ਦੇ, ਅਧਿਆਪਕਾਂ ਦੇ, ਦਾਦੀ, ਮਾਂ, ਭੈਣ, ਭੂਆ, ਮਾਮੀ, ਚਾਚੀ, ਮਾਸੀ, ਪਤਨੀ ਜਾਂ ਦੋਸਤ ਦੇ ਰੂਪ ਵਿੱਚ ਹੋਵੇ, ਇਹ ਔਰਤ ਦੇ ਹਿੱਸੇ ਹੀ ਆਇਆ ਹੈ। ਤਾਹੀਓਂ ਕਹਿੰਦੇ ਹਨ ਕਿ ਜਿੱਥੇ ਰੱਬ ਆਪ ਨਹੀਂ ਜਾ ਸਕਦਾ, ਉਥੇ ਪ੍ਰਮਾਤਮਾ ਔਰਤ ਨੂੰ ਕਿਸੇ ਵੀ ਰੂਪ ਵਿੱਚ ਭੇਜਦਾ ਹੈ। ਮਹਾਨ ਔਰਤਾਂ ਨੂੰ ਸਲਾਮ।
ਗੁਰਮੇਲ ਸਿੰਘ ਸਿੱਧੂ, ਚੰਡੀਗੜ੍ਹ
ਜੀਡੀਪੀ ਦੇ ਅੰਕੜੇ
ਪਿਛਲੇ ਕੁਝ ਦਿਨਾਂ ਵਿੱਚ ਭਾਰਤ ਦੀ ਆਰਥਿਕਤਾ ਬਾਰੇ ਕਈ ਲੇਖ ਪੰਜਾਬੀ ਟ੍ਰਿਬਿਊਨ ਵਿੱਚ ਪੜ੍ਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੀਡੀਪੀ ਦੇ ਅੰਕੜਿਆਂ ਅਨੁਸਾਰ ਭਾਰਤ ਵਿਸ਼ਵ ਦਾ ਪੰਜਵਾਂ ਵੱਡਾ ਅਰਥਚਾਰਾ ਹੈ ਪਰ ਕੁਝ ਚੀਜ਼ਾਂ ਉਪਰਲੇ ਚਾਰ ਅਰਥਚਾਰਿਆਂ ਨਾਲੋਂ ਭਾਰਤ ਵਿੱਚ ਵੱਖਰੀਆਂ ਹਨ ਜਿਸ ਤਰ੍ਹਾਂ ਖੇਤੀ ’ਤੇ ਨਿਰਭਰਤਾ। ਭਾਰਤ ਦੀ ਜੀਡੀਪੀ ਵਿੱਚ ਖੇਤੀ ਖੇਤਰ ਦਾ ਯੋਗਦਾਨ 18 ਫ਼ੀਸਦੀ ਦੇ ਕਰੀਬ ਹੈ ਜਦੋਂਕਿ ਉਪਰਲੇ ਚਾਰ ਅਰਥਚਾਰਿਆਂ ਵਿੱਚ ਇਹ ਦਰ 1/2 ਫ਼ੀਸਦੀ ਹੀ ਹੈ ਤੇ ਨਾਲ ਹੀ ਇਹ ਵੀ ਕਿ ਖੇਤੀ ਦੀ ਵਿਕਾਸ ਦਰ ਬਹੁਤ ਸੁਸਤ ਰਫ਼ਤਾਰ ਨਾਲ ਵਧਦੀ ਹੈ। ਅਬਾਦੀ ਪੱਖੋਂ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਨਾਲ ਹੀ ਸੰਘਣੀ ਆਬਾਦੀ ਵਾਲਾ ਦੇਸ਼। ਦੁਨੀਆ ਦੀ 17 ਫ਼ੀਸਦੀ ਆਬਾਦੀ ਸਾਡੇ ਦੇਸ਼ ਵਿੱਚ ਰਹਿੰਦੀ ਹੈ ਜਦੋਂਕਿ ਜ਼ਮੀਨ ਬਾਕੀ ਦੁਨੀਆ ਦੇ ਮੁਕਾਬਲੇ ਬਹੁਤ ਘੱਟ ਹੈ। ਵਿਅਕਤੀਗਤ ਆਮਦਨ ਤੇ ਰੁਜ਼ਗਾਰ ਪੱਖੋਂ ਵੀ ਅਸੀਂ ਵੱਡੇ ਅਰਥਚਾਰਿਆਂ ਨਾਲੋਂ ਪਿੱਛੇ ਹਾਂ। ਇਸ ਤਰ੍ਹਾਂ ਦੀਆਂ ਸੱਚਾਈਆਂ ਨੂੰ ਧਿਆਨ ਵਿੱਚ ਰੱਖ ਕੇ ਸਰਕਾਰਾਂ ਨੂੰ ਰੁਜ਼ਗਾਰ ਮੁਖੀ ਖੇਤੀ ਆਧਾਰਿਤ ਸਨਅਤਾਂ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਖੇਤੀ ’ਤੇ ਨਿਰਭਰ ਵਸੋਂ ਵਿੱਚ ਵੀ ਕਮੀ ਆਵੇਗੀ। ਨੌਜਵਾਨਾਂ ਨੂੰ ਵਿਸ਼ੇਸ਼ ਕਿੱਤਾ ਸਿਖਲਾਈ ਦੇ ਕੇ ਵੱਖ ਵੱਖ ਸਨਅਤਾਂ ਵਿੱਚ ਰੁਜ਼ਗਾਰ ’ਤੇ ਲਾਇਆ ਜਾਵੇ ਤਾਂ ਉਨ੍ਹਾਂ ਦੀ ਆਮਦਨ ਵਧਣ ਨਾਲ ਖ਼ਪਤ ਵੀ ਵਧੇਗੀ ਤੇ ਉਤਪਾਦਨ ਵੀ ਵਧੇਗਾ, ਫੈਕਟਰੀਆਂ ਚੱਲਣਗੀਆਂ।
ਅਮਰਜੀਤ ਸਿੰਘ ਜੰਜੂਆ, ਮਾਜਰਾ ਮੰਨਾ ਸਿੰਘ ਵਾਲਾ (ਫਤਹਿਗੜ੍ਹ ਸਾਹਿਬ)