ਪਾਠਕਾਂ ਦੇ ਖ਼ਤ
ਜਾਣਕਾਰੀ ਭਰਪੂਰ ਲੇਖ
22 ਅਪਰੈਲ ਦੇ ਨਜ਼ਰੀਆ ਅੰਕ ਵਿੱਚ ‘ਵੇੜਾ ਵੱਟਣ ਵਾਲੇ’ ਲੇਖ ਵਿੱਚ ਜਗਵਿੰਦਰ ਜੋਧਾ ਨੇ ਵਾਢੀ ਦੇ ਪੁਰਾਤਨ ਲੋਪ ਹੋ ਚੁੱਕੇ ਕੰਮਾਂ ਦਾ ਬੜਾ ਵਧੀਆ ਜ਼ਿਕਰ ਕੀਤਾ ਹੈ। ਲੇਖ ਵਿੱਚ ਕਣਕ ਦੇ ਲਾਂਗੇ ਨੂੰ ਬੰਨ੍ਹਣ ਲਈ ਰੱਸੀਆਂ ਦੇ ਤੌਰ ’ਤੇ ਵਰਤੀਆਂ ਜਾਂਦੀਆਂ ਵੇੜਾਂ ਨੂੰ ਬਣਾਉਣ ਦੇ ਢੰਗ ਨੂੰ ਬਿਆਨਿਆ ਹੈ ਕਿ ਕਿਵੇਂ ਪੁਰਾਣੀ ਪੀੜ੍ਹੀ ਹੱਥੀਂ ਹੰਢ ਭੰਨਵੀਂ ਮਿਹਨਤ ਕਰ ਕੇ ਫ਼ਸਲ ਨੂੰ ਸਾਂਭਦੀ ਸੀ। ਅੱਜ ਮਸ਼ੀਨੀਕਰਨ ਨੇ ਸਭ ਸੁਖਾਲਾ ਤੇ ਸਮਾਂ ਬਚਾਉ ਤਾਂ ਜ਼ਰੂਰ ਕਰ ਦਿੱਤਾ ਪਰ ਕਿਸਾਨੀ ਸਿਰ ਖ਼ਰਚੇ ਵਧਣ, ਮਸ਼ੀਨਾਂ ’ਤੇ ਖ਼ਰਚ ਕਾਰਨ ਕਿਸਾਨੀ ਸਿਰ ਮਣਾਂ-ਮੂੰਹੀ ਕਰਜ਼ਾ ਜ਼ਰੂਰ ਚਾੜ੍ਹ ਦਿੱਤਾ। ਅੱਜ ਦੀ ਨਵੀਂ ਪੀੜ੍ਹੀ ਇਨ੍ਹਾਂ ਢੰਗ ਤਰੀਕਿਆਂ ਤੋਂ ਬਿਲਕੁਲ ਅਨਜਾਣ ਹੈ। ਇਸ ਲਿਖਤ ਨੇ ਪੁਰਾਤਨ ਢੰਗਾਂ ਨੂੰ ਪੁਰਾਣੀ ਪੀੜ੍ਹੀ ਦੇ ਦਿਮਾਗ ਵਿੱਚ ਫੇਰ ਤਾਜ਼ਾ ਕਰ ਦਿੱਤਾ। ਬਾਕੀ ਨਵੀਂ ਪੀੜ੍ਹੀ ਲਈ ਜਾਣਕਾਰੀ ਭਰਪੂਰ ਲਿਖਤ ਹੈ।
ਗੁਰਸ਼ਰਨ ਸਿੰਘ ਨੱਤ, ਸੂਜਾਪੁਰ (ਲੁਧਿਆਣਾ)
ਨੋਟਾ ਦਬਾਉਣ ਲਈ ਮਜਬੂਰ
‘ਪੰਜਾਬੀ ਟ੍ਰਿਬਿਊਨ’ ਦੇ ਪਟਿਆਲਾ/ਸੰਗਰੂਰ ਪੰਨੇ ’ਤੇ ਛਪੀ ਖ਼ਬਰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ 1995 ਤੇ 2016 ਵਿੱਚ ਦਿਵਿਆਂਗਾਂ ਲਈ ਬਣੇ ਕਾਨੂੰਨ ਸਮੇਂ ਦੀਆਂ ਸਰਕਾਰਾਂ ਨੇ ਇਸ ਵਰਗ ਦੇ ਲੋਕਾਂ ਨਾਲ ਧੋਖਾ ਕੀਤਾ ਜਿਸ ਤੋਂ ਤੰਗ ਹੋ ਕੇ ਇਸ ਵਰਗ ਵੱਲੋਂ ਨੋਟਾ ਬਟਨ ਦਬਾਉਣ ਦਾ ਫ਼ੈਸਲਾ ਸ਼ਲਾਘਾਯੋਗ ਹੈ ਤੇ ਰਵਾਇਤੀ ਪਾਰਟੀਆਂ ’ਤੇ ਇਹ ਫ਼ੈਸਲਾ ਕਰਾਰੀ ਸੱਟ ਮਾਰਨ ਵਾਲਾ ਹੈ।
ਯੋਗੀ ਸ਼ਰਮਾ, ਘਨੌਰ (ਪਟਿਆਲਾ)
ਧੀ ਦੀ ਆਮਦ
24 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਨਿਰਮਲ ਜੌੜਾ ਦੀ ਰਚਨਾ ‘ਧੀ ਦੀ ਆਮਦ’ ਪੜ੍ਹਦਿਆਂ ਸੋਚਦਾ ਹਾਂ ਕਿ ਔਰਤ ਵਿੱਚ ਆਤਮ-ਸਮਰਪਣ ਦਾ ਜਜ਼ਬਾ ਬਹੁਤ ਜ਼ਿਆਦਾ ਹੁੰਦੈ। ਰਚਨਾ ਵਿਚਲੀ ਪਾਤਰ ਜਸਕੀਤ ਨੂੰਹ ਹੋਣ ਦੇ ਨਾਲ ਨਾਲ ਸੱਸ-ਸਹੁਰੇ ਤੋਂ ਆਪਣੇ ਮਿੱਠੇ ਸੁਭਾਅ, ਲਿਆਕਤ ਅਤੇ ਸੁਚੱਜੇ ਸਲੀਕੇ ਨਾਲ ਧੀਆਂ ਵਰਗਾ ਪਿਆਰ ਲੈ ਰਹੀ ਹੈ। ਕਾਸ਼! ਇਸ ਰਚਨਾ ਵਿਚਲੀ ਮਾਂ ਵਰਗੀ ਸੱਸ, ਧੀ ਵਰਗੀ ਨੂੰਹ, ਬਾਬਲ ਵਰਗਾ ਸਹੁਰਾ ਜੇ ਹਰ ਘਰ ਵਿੱਚ ਹੋਣ ਤਾਂ ਘਰ ਸਵਰਗ ਬਣ ਜਾਂਦੈ ਤੇ ਧੀਆਂ/ਭੈਣਾਂ ਦਾ ਮਨੋਬਲ, ਇੱਜ਼ਤ ਅਤੇ ਮਾਣ-ਸਤਿਕਾਰ ਵੀ ਵਧ ਜਾਂਦੈ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)
ਵਿਕਸਿਤ ਭਾਰਤ ਦੇ ਸੁਫ਼ਨੇ ਦੀ ਹਕੀਕਤ
16 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਕ੍ਰਿਸ਼ਨਾ ਰਾਜ ਦਾ ਲੇਖ ‘ਵਿਕਸਿਤ ਭਾਰਤ ਦੇ ਸੁਫ਼ਨੇ ਦੀ ਹਕੀਕਤ’ ਪੜ੍ਹਿਆ। ਭਾਰਤ ਆਜ਼ਾਦੀ ਦੇ 100 ਸਾਲ ਪੂਰੇ ਹੋਣ ਭਾਵ 2047 ਤੱਕ ਉੱਚ ਆਮਦਨ ਵਾਲਾ ਵਿਕਸਿਤ ਮੁਲਕ ਬਣਨ ਦੀ ਲੋਚਾ ਰੱਖਦਾ ਹੈ। ਦੇਸ਼ ਦੀ ਆਜ਼ਾਦੀ ਮਗਰੋਂ ਯੋਜਨਾ ਆਯੋਗ ਦੁਆਰਾ ਸ਼ੁਰੂ ਕੀਤੀਆਂ ਪੰਜ ਸਾਲਾ ਯੋਜਨਾਵਾਂ ਵਿੱਚ ਖੇਤੀਬਾੜੀ ਸੈਕਟਰ ਨੂੰ ਤਰਜੀਹ ਦਿੱਤੀ ਗਈ। ਸਿੱਟੇ ਵਜੋਂ ਹਰੀ ਕ੍ਰਾਂਤੀ ਰਾਹੀਂ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡਾ ਉਛਾਲ ਆਇਆ ਪਰ ਸਮੇਂ ਦੀਆਂ ਸਰਕਾਰਾਂ ਨੇ ਉਦਯੋਗਿਕ ਅਤੇ ਸਰਵਿਸ ਸੈਕਟਰ ਵੱਲ ਨੇਕ ਨੀਅਤ ਨਾਲ ਧਿਆਨ ਨਾ ਦਿੱਤਾ ਤੇ ਭਾਰਤ ਵਿਕਾਸ ਪੱਖੋਂ ਪੱਛੜ ਗਿਆ। ਵਧੇਰੇ ਜਨਸੰਖਿਆ ਖੇਤੀਬਾੜੀ ’ਤੇ ਨਿਰਭਰ ਹੋਣ ਕਾਰਨ ਬੇਰੁਜ਼ਗਾਰੀ ਆਈ। 1962 (ਚੀਨ) ਅਤੇ 1965 (ਪਾਕਿਸਤਾਨ) ਦੀਆਂ ਦੋ ਵੱਡੀਆਂ ਜੰਗਾਂ ਨੇ ਵੀ ਦੇਸ਼ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਪਛਾੜਿਆ। ਭਾਰਤ ਦੁਆਰਾ 1992 ਵਿੱਚ ਪੱਛਮੀ ਮੁਲਕਾਂ ਦੇ ਦਬਾਅ ਹੇਠ ਪ੍ਰਵਾਨ ਕੀਤੀ ਉਦਾਰੀਕਰਨ ਤੇ ਨਿੱਜੀਕਰਨ ਦੀ ਨੀਤੀ ਵੀ ਸਥਾਨਕ ਵਿਵਸਥਾ ਨੂੰ ਹੁਲਾਰਾ ਦੇਣ ਲਈ ਸਮੇਂ ਦੀਆਂ ਸਰਕਾਰਾਂ ਨੇ ਹੋਰ ਵੀ ਬਹੁਤ ਸਾਰੇ ਪ੍ਰਾਜੈਕਟ ਆਰੰਭੇ ਪਰ ਮਿੱਥੇ ਟੀਚੇ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੇ। ਹੁਣ ਦੇਸ਼ ਨੂੰ ਵੱਡੀਆਂ ਅਰਥਵਿਵਸਥਾਵਾਂ ਵਿੱਚ ਸ਼ੁਮਾਰ ਕਰਨ ਲਈ ਸਰਕਾਰ ਨੇ ਛੇ ਸੂਤਰੀ ਪ੍ਰੋਗਰਾਮ ਦੀ ਤਜਵੀਜ਼ ਪੇਸ਼ ਕੀਤੀ ਹੈ। ਕੀ ਇਹ ਤਜਵੀਜ਼ ਦੇਸ਼ ਦੀ ਵਿਕਾਸ ਦੀ ਰਫ਼ਤਾਰ ਵਿੱਚ 30 ਖਰਬ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰ ਸਕੇਗੀ? ਇਹ ਤਾਂ ਸਮਾਂ ਹੀ ਦੱਸੇਗਾ।
ਮਾਸਟਰ ਤਰਸੇਮ ਸਿੰਘ ਡਕਾਲਾ, ਪਟਿਆਲਾ
(2)
ਜੂਲੀਅਸ ਸੀਜ਼ਰ ਦੇ ਸਮੇਂ ਭਾਵ 44 ਤੋਂ 42 ਈਸਵੀ ਪੂਰਵ ਵਿੱਚ ਰੋਮ ਅਤੇ ਯੂਨਾਨ ਦੇਸ਼ ਵਿੱਚ ਵੋਟਰ ਸਿਰਫ਼ ਸ਼ਹਿਰੀ ਆਦਮੀ ਹੀ ਹੁੰਦੇ ਸਨ ਜਿਨ੍ਹਾਂ ਤੋਂ ਸਿਟੀਜ਼ਨ ਭਾਵ ਨਾਗਰਿਕ ਸ਼ਬਦ ਬਣਿਆ। ਪੇਂਡੂ ਆਦਮੀ ਅਤੇ ਇੱਥੋਂ ਤੱਕ ਕਿ ਔਰਤਾਂ ਤਾਂ ਪੇਂਡੂ ਤੋਂ ਇਲਾਵਾ ਸ਼ਹਿਰ ਦੇ ਰਹਿਣ ਵਾਲੇ ਭਾਵ 75 ਫ਼ੀਸਦੀ ਵੀ ਮੱਤਦਾਤਾ ਨਹੀਂ ਸਨ ਹੁੰਦੇ। ਇਸ ਤਰ੍ਹਾਂ ਭਾਰਤ ਦੇ ਵਿਕਸਤ ਦੇਸ਼ ਹੋਣ ’ਤੇ ਵੀ ਆਰਥਿਕ ਅਤੇ ਆਮਦਨ ਨਾ-ਬਰਾਬਰੀ ਕਾਰਨ 75 ਫ਼ੀਸਦੀ ਭਾਰਤੀਆਂ ਲਈ ਇਹ ਅਵਿਕਸਿਤ ਹੀ ਰਹੇਗਾ ਕਿਉਂਕਿ ਭਾਰਤ ਅਤੇ ਰਾਜ ਸਰਕਾਰਾਂ ਇਨ੍ਹਾਂ ਨੂੰ ਇੱਕੀਵੀਂ ਸਦੀ ਆ ਜਾਣ ’ਤੇ ਵੀ ਨਾਗਰਿਕ ਹੀ ਨਹੀਂ ਸਮਝਦੀਆਂ। 19 ਅਪਰੈਲ ਦੇ ਮਿਡਲ ‘ਕਣਕ ਦੀਆਂ ਬੱਲਾਂ’ ਵਿੱਚ ਸਤਵਿੰਦਰ ਸਿੰਘ ਮੜੌਲਵੀ ਬੱਲੀਆਂ ਨੂੰ ਬੱਲਾਂ ਤੇ ਕਚਰੇ ਨੂੰ ਕਰਚੇ ਲਿਖਿਆ ਹੈ। ਬੱਲੀਆਂ ਚੁਗਣ ਦੇ ਕੰਮ ਨੂੰ ਸਿਲ੍ਹਾ ਚੁਗਣਾ ਕਿਹਾ ਜਾਂਦਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਸਰਬਪੱਖੀ ਵਿਕਾਸ ’ਚ ਖੇਡਾਂ ਦਾ ਯੋਗਦਾਨ
ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਖਿਡਾਰੀਆਂ ਦੇ ਪਹਿਲੇ ਦੋ ਸਥਾਨ ਇਹ ਸਾਬਿਤ ਕਰਦੇ ਹਨ ਕਿ ਖੇਡਾਂ ਦਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਹੈ। ਪਤਾ ਨਹੀਂ ਫਿਰ ਵੀ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਇਸ ਵਿਸ਼ੇ ਪ੍ਰਤੀ ਅਣਗਹਿਲੀ ਕਿਉਂ ਦਿਖਾ ਰਹੇ ਹਨ। ਬਹੁਤ ਸਾਰੇ ਸਕੂਲਾਂ ਵਿੱਚ ਇਹ ਵਿਸ਼ਾ ਖ਼ਤਮ ਕਰ ਦਿੱਤਾ ਗਿਆ ਹੈ। ਜਿੱਥੇ ਇਹ ਵਿਸ਼ਾ ਚੱਲ ਰਿਹਾ ਹੈ, ਉੱਥੇ ਵੀ ਡੰਗ ਟਪਾਈ ਕਰਨ ਲਈ ਦੂਸਰੇ ਵਿਸ਼ਾ ਅਧਿਆਪਕ ਇਹ ਵਿਸ਼ਾ ਪੜ੍ਹਾ ਰਹੇ ਹਨ। ਸਰੀਰਕ ਸਿੱਖਿਆ ਅਧਿਆਪਕਾਂ ਦੀਆਂ ਤਰੱਕੀਆਂ ਊਠ ਦਾ ਬੁੱਲ੍ਹ ਬਣ ਗਈਆਂ ਹਨ। ਆਪਣੇ ਵਿਸ਼ੇ ਨੂੰ ਸਮਰਪਿਤ ਅਧਿਆਪਕ ਨਿਰਾਸ਼ ਹੋ ਰਹੇ ਹਨ। ਵਿਦਿਆਰਥੀਆਂ ਵਿੱਚ ਵਧ ਰਹੀ ਬੇਚੈਨੀ, ਅਨੁਸ਼ਾਸਨਹੀਣਤਾ ਅਤੇ ਤਣਾਓ ਨਾਲ ਨਜਿੱਠਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਕੀਤਾ ਜਾਵੇ। ਇਸ ਲਈ ਖੇਡਾਂ ਤੋਂ ਬਿਹਤਰ ਹੋਰ ਕੁਝ ਨਹੀਂ। ਅੱਜ ਵਿਦਿਆਰਥੀ ਆਤਮਹੱਤਿਆ ਦੇ ਰਾਹ ਤੁਰ ਪਏ ਹਨ ਕਿਉਂਕਿ ਉਹ ਹਾਰ ਅਤੇ ਜਿੱਤ ਦੀ ਜ਼ਿੰਦਗੀ ਵਿੱਚ ਅਹਿਮੀਅਤ ਨੂੰ ਸਮਝ ਨਹੀਂ ਪਾ ਰਹੇ। ਚੰਗਾ ਹੋਵੇ ਜੇ ਸਮੇਂ ਦੀਆਂ ਸਰਕਾਰਾਂ ਇਸ ਪਾਸੇ ਧਿਆਨ ਦੇਣ। ਇਹ ਅੱਜ ਦੇ ਸਮੇਂ ਦੀ ਲੋੜ ਹੈ।
ਡਾ. ਸੁਖਪਾਲ ਕੌਰ, ਸਮਰਾਲਾ
ਭ੍ਰਿਸ਼ਟਾਚਾਰ ਦੀ ਭੇਟ ਚੜ੍ਹੀ ਲੋਕਾਂ ਦੀ ਸਿਹਤ
ਪਹਿਲੀ ਮਈ ਦਾ ਸੰਪਾਦਕੀ ‘ਮਿਲਾਵਟੀ ਮਸਾਲੇ’ ਪੜ੍ਹਿਆ। ਵੱਡੀਆਂ ਕੰਪਨੀਆਂ ਵੱਲੋਂ ਖਾਣ ਵਾਲੀਆਂ ਵਸਤਾਂ ਵਿੱਚ ਮਿਲਾਵਟ ਰੋਕਣ ਦੀ ਜ਼ਿੰਮੇਵਾਰੀ ਜਿਨ੍ਹਾਂ ਸਿਰ ਹੈ ਉਹ ਅੱਖਾਂ ਮੀਚੀ ਬੈਠੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਵੱਡੀਆਂ ਕੰਪਨੀਆਂ ਜਦੋਂ ਚੋਣ ਬਾਂਡਾਂ ਰਾਹੀਂ ਸੱਤਾਧਾਰੀ ਧਿਰ ਨੂੰ ਕਰੋੜਾਂ ਦਾ ਚੰਦਾ ਦੇ ਦਿੰਦੀਆਂ ਹਨ ਤਾਂ ਮੰਤਰੀਆਂ ਦੇ ਤਹਿਤ ਕੰਮ ਕਰ ਰਹੀਆਂ ਏਜੰਸੀਆਂ ਦੀ ਹਿੰਮਤ ਹੀ ਨਹੀਂ ਪੈਂਦੀ ਕਿ ਉਹ ਇਨ੍ਹਾਂ ਕੰਪਨੀਆਂ ਦੇ ਮਿਲਾਵਟੀ ਸਮਾਨ ਦੀ ਜਾਂਚ ਕਰ ਸਕਣ। ਭ੍ਰਿਸ਼ਟਾਚਾਰ ਦੀ ਭੇਟ ਲੋਕਾਂ ਦੀ ਸਿਹਤ ਚੜ੍ਹ ਰਹੀ ਹੈ।
ਅਦਿੱਤਿਆਜੀਤ ਸਿੰਘ ਸਿੱਧੂ, ਬਠਿੰਡਾ
ਕਰੋਨਾ ਵੈਕਸੀਨ ਦੇ ਪ੍ਰਭਾਵ
ਪਹਿਲੀ ਮਈ ਨੂੰ ਸਫ਼ਾ ਨੰਬਰ ਇੱਕ ’ਤੇ ਲੱਗੀ ‘ਐਸਟਰਾਜ਼ੈਨੇਕਾ ਦੀ ਕਰੋਨਾ ਵੈਕਸੀਨ ਨਾਲ ਹੋ ਸਕਦੈ ਦਿਲ ਦੇ ਦੌਰੇ ਦਾ ਖ਼ਤਰਾ’ ਖ਼ਬਰ ਨੇ ਇੱਕ ਵਾਰ ਫਿਰ ਕਰੋਨਾ ਵੈਕਸੀਨ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਰੋਨਾ ਤੋਂ ਬਚਣ ਲਈ ਸਾਰਿਆਂ ਲਈ ਟੀਕਾਕਰਨ ਜ਼ਰੂਰੀ ਕੀਤਾ ਗਿਆ ਸੀ। ਪੂਰੇ ਭਾਰਤ ਵਿੱਚ ਤਾਲਾਬੰਦੀ ਸੀ। ਜਿਹੜੇ ਸਿਹਤ ਅਤੇ ਜ਼ਰੂਰੀ ਵਸਤਾਂ ਨਾਲ ਸਬੰਧਿਤ ਕਰਮਚਾਰੀ ਕੰਮ ਕਰ ਰਹੇ ਸਨ, ਉਨ੍ਹਾਂ ਨੂੰ ਹਰ ਰੋਜ਼ ਨਵੀਆਂ ਤੋਂ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਸਰਕਾਰੀ ਅਤੇ ਗ਼ੈਰਸਰਕਾਰੀ ਮੁਲਾਜ਼ਮਾਂ ਨੂੰ ਕਰੋਨਾ ਵੈਕਸੀਨ ਦੇ ਸਰਟੀਫਿਕੇਟ ਤੋਂ ਬਿਨਾਂ ਤਨਖ਼ਾਹ ਨਹੀਂ ਦਿੱਤੀ ਜਾਂਦੀ ਸੀ। ਕਰੋਨਾ ਦੀ ਜਦੋਂ ਵੈਕਸੀਨ ਲੱਗਣੀ ਸ਼ੁਰੂ ਹੋਈ ਤਾਂ ਉਸ ਸਮੇਂ ਤੋਂ ਹੀ ਇਸ ਦੀ ਸੁਰੱਖਿਆ ਬਾਰੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ ਪਰੰਤੂ ਉਦੋਂ ਸਿਹਤ ਕਰਮਚਾਰੀਆਂ ਅਤੇ ਸਰਕਾਰ ਨੇ ਇਸ ਨੂੰ ਅਫ਼ਵਾਹ ਦੱਸ ਕੇ ਬੁੱਤਾ ਸਾਰ ਦਿੱਤਾ ਪਰੰਤੂ ਹੁਣ ਤਾਂ ਖ਼ੁਦ ਕੰਪਨੀ ਨੇ ਮੰਨਿਆ ਹੈ ਕਿ ਵੈਕਸੀਨ ਕਰਕੇ ਖ਼ੂਨ ਦੇ ਥੱਕੇ ਬਣ ਸਕਦੇ ਹਨ, ਜਿਸ ਕਰ ਕੇ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੇ ਦੌਰਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਇਸ ਨੂੰ ਦੇਖਦਿਆਂ ਭਵਿੱਖ ਵਿੱਚ ਵੀ ਜੇਕਰ ਕਰੋਨਾ ਦੇ ਕੇਸ ਦਰਜ ਹੁੰਦੇ ਹਨ ਤਾਂ ਉਸ ਸਮੇਂ ਦੌਰਾਨ ਵਰਤੀਆਂ ਜਾਣ ਵਾਲੀਆਂ ਵੈਕਸੀਨਾਂ ਦੀ ਸੁਰੱਖਿਆ ’ਤੇ ਪ੍ਰਸ਼ਨਚਿੰਨ੍ਹ ਲੱਗਣਾ ਸੁਭਾਵਿਕ ਹੈ।
ਰਜਵਿੰਦਰਪਾਲ ਸ਼ਰਮਾ