ਪਾਠਕਾਂ ਦੇ ਖ਼ਤ
ਸੁਹਜ ਵਾਲੀ ਝਾਕੀ
ਨਿਰਮਲ ਜੌੜਾ ਦੀ ਲਿਖਤ ‘ਧੀ ਦੀ ਆਮਦ’ (24 ਅਪਰੈਲ) ਪਰਿਵਾਰਕ ਸਨੇਹ, ਸਤਿਕਾਰ, ਸਿਆਣਪ, ਸਹਿਜ ਅਤੇ ਸਲੀਕੇ ਦਾ ਸੁਨੇਹਾ ਦਿੰਦੀ ਹੈ। ਕੋਈ ਕੁੜੱਤਣ ਨਹੀਂ, ਖਿੱਝ-ਖੱਪ ਨਹੀਂ, ਇੱਟ-ਖੜੱਕਾ ਉੱਕਾ ਹੀ ਨਹੀਂ ਬਲਕਿ ਸੁਚੱਜੇ ਪਰਿਵਾਰ ਦੀ ਜੀਵਨ ਲੈਅ ਅਤੇ ਮਧੁਰ ਸੰਗੀਤ ਪਸਰਿਆ ਪ੍ਰਤੀਤ ਹੁੰਦਾ ਹੈ। ਅਜਬ ਅਮੀਰੀ ਬਖ਼ਸ਼ਦੀ ਇਸ ਰਚਨਾ ਵਿੱਚ ਸਿੱਖਿਆ, ਉਪਦੇਸ਼ ਤਾਂ ਜ਼ਰਾ ਮਾਤਰ ਵੀ ਨਹੀਂ। ਬਸ, ਜਾਣੋ ਸੁੱਘੜ ਜੀਆਂ ਦੀ ਇੱਕ-ਦੂਜੇ ਨੂੰ ਵਡਿਆਉਂਦੀ, ਉਚਿਆਉਂਦੀ, ਮੋਹ ਅਤੇ ਅਪਣੱਤ ਨਾਲ ਸਰਸ਼ਾਰ ਕਰਦੀ, ਇੱਕ-ਦੂਜੇ ਦੇ ਵਾਰੇ-ਵਾਰੇ ਜਾਣ ਨੂੰ ਉਘਾੜਦੀ ਪਿਆਰੀ ਤੇ ਸੁਹਜਮਈ ਝਾਕੀ ਪੇਸ਼ ਹੋਈ ਹੈ। ਦੋ ਦੰਪਤੀਆਂ ਹਨ, ਇੱਕ ਸੀਨੀਅਰ ਹੈ, ਜ਼ਮਾਨੇ ਦੀ ਸਮਝ ਤੋਂ ਵਾਕਫ਼; ਨਵੀਂ ਜੋੜੀ ਵਿੱਚ ਪੁੱਤਰ ਦ੍ਰਿਸ਼ ਵਿੱਚ ਗ਼ੈਰ-ਹਾਜ਼ਰ ਹੋਣ ਦੇ ਬਾਵਜੂਦ ਬੜਾ ਸਿਆਣਾ ਲੱਗਦਾ, ਤੇ ਨੂੰਹ ਨਵੇਂ ਯੁੱਗ ਦੀ ਜਾਗਰੂਕਤਾ ਨਾਲ ਲੈਸ, ਪੇਕਿਆਂ ਤੋਂ ਵੀ ਗੂੜ੍ਹ ਸਿਆਣਪ ਨਾਲ ਭਰਪੂਰ ਅਤੇ ਵਿਗਿਆਨਕ ਸੋਚ ਦੀ ਮਾਲਕ। ਇਹੋ ਹੈ ਖੁਸ਼ਹਾਲੀ ਤੇ ਇਸੇ ਵਿੱਚ ਹੈ ਅਸਲੀ ਸੁੰਦਰਤਾ!
ਕਰਨੈਲ ਸਿੰਘ ਸੋਮਲ, ਮੁਹਾਲੀ
(2)
24 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਨਿਰਮਲ ਜੌੜਾ ਦਾ ਮਿਡਲ ‘ਧੀ ਦੀ ਆਮਦ’ ਪੜ੍ਹਿਆ। ਸੱਚਮੁੱਚ ਧੀਆਂ ਨਾਲ ਘਰ ਭਰਦੇ ਅਤੇ ਧੀਆਂ ਨਾਲ ਘਰ ਦੇ ਸਾਰੇ ਪਰਿਵਾਰ ਨੂੰ ਰਹਿਣ ਦਾ ਸਲੀਕਾ ਆਉਂਦਾ ਹੈ। ਧੀਆਂ ਘਰ ਦਾ ਤਾਜ ਹੁੰਦੀਆਂ, ਘਰ ਦੀ ਸ਼ਾਨ ਹੁੰਦੀਆਂ, ਧੀਆਂ ਦੀ ਆਮਦ ਘਰ ਦਾ ਮੁਹਾਂਦਰਾ ਬਦਲ ਦਿੰਦੀ ਹੈ।
ਗੁਰਭਜਨ ਸਿੰਘ ਲਾਸਾਨੀ, ਕਪੂਰਥਲਾ
ਗੁਮਰਾਹਕੁਨ ਇਸ਼ਤਿਹਾਰ
24 ਅਪਰੈਲ ਦਾ ਸੰਪਾਦਕੀ ‘ਪਤੰਜਲੀ ਦੀ ਇਸ਼ਤਿਹਾਰਬਾਜ਼ੀ’ ’ਚ ਪਤੰਜਲੀ ਦੇ ਨਾਲ-ਨਾਲ ਹੋਰ ਵਪਾਰਕ ਸੰਸਥਾਵਾਂ ਦੀ ਗੁਮਰਾਹਕੁਨ ਇਸ਼ਤਿਹਾਰਬਾਜ਼ੀ ਦੀ ਨਕੇਲ ਕੱਸਣ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਸਲਾਹੁਣਯੋਗ ਹਨ। ਅਜੋਕੇ ਯੁੱਗ ’ਚ ਬਹੁਤੀਆਂ ਵਪਾਰਕ ਸੰਸਥਾਵਾਂ ਦੀ ਵਿਕਰੀ ਇਸ਼ਤਿਹਾਰਬਾਜ਼ੀ ਦੇ ਸਿਰ ’ਤੇ ਹੀ ਟਿਕੀ ਹੋਈ ਹੈ। ਕਾਰਪੋਰੇਟ ਅਦਾਰੇ ਗਾਹਕ ਦਾ ਧਿਆਨ ਖਿੱਚਣ ਲਈ ਅਨੇਕ ਭਰਮਾਊ ਇਸ਼ਤਿਹਾਰ ਨਸ਼ਰ ਕਰਵਾਉਂਦੇ ਹਨ। ਵਿਕਰੀ ਵਧਾਉਣ ਲਈ ਕਈ ਗ਼ੈਰ-ਵਾਜਿਬ ਢੰਗ-ਤਰੀਕੇ ਵੀ ਵਰਤੇ ਜਾਂਦੇ ਹਨ। ਬਹੁਤੇ ਗਾਹਕ, ਮਿਹਨਤ ਨਾਲ ਕੀਤੀ ਕਮਾਈ ਬਰਬਾਦ ਕਰ ਬੈਠਦੇ ਹਨ। ਸਮੇਂ ਦੀ ਲੋੜ ਹੈ ਕਿ ਸਰਕਾਰ ਖ਼ਪਤਕਾਰ ਸ਼ਿਕਾਇਤ ਨਾਮ ’ਤੇ ਸਪੈਸ਼ਲ ਵਟਸਐਪ ਨੰਬਰ ਜਾਰੀ ਕਰੇ ਅਤੇ ਸ਼ਿਕਾਇਤ ਦਾ ਨਿਬੇੜਾ ਇੱਕ ਹਫ਼ਤੇ ਜਾਂ ਵੱਧ ਤੋਂ ਵੱਧ ਇੱਕ ਮਹੀਨੇ ’ਚ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।
ਰਾਜ ਭੂਪਿੰਦਰ ਸਿੰਘ, ਲੁਧਿਆਣਾ
ਧਰਮ ਅਤੇ ਸਿਆਸਤ
24 ਅਪਰੈਲ ਦੇ ਸੰਪਾਦਕੀ ‘ਪ੍ਰਧਾਨ ਮੰਤਰੀ ਦਾ ਭਾਸ਼ਣ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦੀ ਚਰਚਾ ਹੈ। ਪ੍ਰਧਾਨ ਮੰਤਰੀ ਨੂੰ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਦੇਸ਼ ਦੇ ਨਾਗਰਿਕ ਵਜੋਂ ਹੀ ਦੇਖਣਾ ਚਾਹੀਦਾ ਹੈ ਤਾਂ ਹੀ ਹਰ ਨਾਗਰਿਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕੇਗਾ। ਦੇਸ਼ ਨੂੰ ਬਸਤੀਵਾਦ ਸਾਮਰਾਜ ਤੋਂ ਮੁਕਤ ਕਰਵਾਉਣ ਲਈ ਮੁਸਲਿਮ ਦੇਸ਼ਭਗਤਾਂ ਨੇ ਵੀ ਜਾਨਾਂ ਕੁਰਬਾਨ ਕੀਤੀਆਂ। ਵੱਖ-ਵੱਖ ਧਰਮਾਂ, ਜਾਤਾਂ ਤੇ ਫਿਰਕੇ ਨਾਲ ਸਬੰਧ ਰੱਖਣ ਵੇਲੇ ਲੋਕ ਦੇਸ਼ ਦੇ ਨਾਗਰਿਕ ਹਨ ਜਿਨ੍ਹਾਂ ਦਾ ਦੇਸ਼ ’ਤੇ ਬਰਾਬਰ ਦਾ ਹੱਕ ਹੈ। ਸੱਤਾ ਹਥਿਆਉਣ ਲਈ ਕੀਤੀ ਗ਼ਲਤ ਟੀਕਾ-ਟਿੱਪਣੀ ਦੇ ਨਤੀਜੇ ਦੇਸ਼ ਲਈ ਖ਼ਤਰਨਾਕ ਹੋ ਸਕਦੇ ਹਨ। ਧਰਮ ਅਤੇ ਰਾਜਨੀਤੀ ਨੂੰ ਵੱਖ ਰੱਖਣ ਲਈ ਚੋਣ ਕਮਿਸ਼ਨ ਨੂੰ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ।
ਸੁਖਪਾਲ ਕੌਰ, ਚੰਡੀਗੜ੍ਹ
(2)
ਸੰਪਾਦਕੀ ‘ਪ੍ਰਧਾਨ ਮੰਤਰੀ ਦਾ ਭਾਸ਼ਣ’ (24 ਅਪਰੈਲ) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨ ਦਾ ਸਹੀ ਮੁਲੰਕਣ ਕੀਤਾ ਗਿਆ ਹੈ। ਸਾਡਾ ਦੇਸ਼ ਵੱਖ-ਵੱਖ ਧਰਮਾਂ, ਜਾਤਾਂ, ਭਾਈਚਾਰਿਆਂ ਦਾ ਸਮੂਹ ਹੈ। ਕਿਸੇ ਵੀ ਭਾਈਚਾਰੇ ਵਿਰੁੱਧ ਮੰਦੀ ਸ਼ਬਦਾਵਲੀ ਵਰਤਣਾ, ਉਸ ਨੂੰ ਵੱਧ ਬੱਚੇ ਪੈਦਾ ਕਰਨ ਵਾਲਾ ਜਾਂ ਘੁਸਪੈਠੀਆ ਆਖਣਾ ਸਹੀ ਨਹੀਂ ਹੈ। ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਬਣਦਾ ਹੈ।
ਸਾਗਰ ਸਿੰਘ ਸਾਗਰ, ਬਰਨਾਲਾ
ਟਰੈਫਿਕ ਨੇਮ
23 ਅਪਰੈਲ ਨੂੰ ਰਾਜੇਸ਼ ਰਿਖੀ ਪੰਜਗਰਾਈਆਂ ਦਾ ਲੇਖ ‘ਡਿੱਪਰ’ ਪੜ੍ਹਿਆ। ਟਰੈਫਿਕ ਨਿਯਮਾਂ ਬਾਰੇ ਚੰਗੀ ਰਚਨਾ ਹੈ। ਟਰੈਫਿਕ ਨੇਮਾਂ ਰਾਹੀਂ ਅਸੀਂ ਬਹੁਤ ਸਾਰੀਆਂ ਦੁਰਘਟਨਾਵਾਂ ਤੋਂ ਬਚ ਸਕਦੇ ਹਾਂ। ਆਮ ਤੌਰ ’ਤੇ ਅਸੀਂ ਚਲਾਨ ਦੇ ਡਰੋਂ ਹੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਾਂ ਪਰ ਸਾਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕਰਨੀ ਚਾਹੀਦੀ ਹੈ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)
ਮਨੁੱਖਤਾ ਦੇ ਖਾਤਮੇ ਦੀ ਸ਼ੁਰੂਆਤ
20 ਅਪਰੈਲ ਦਾ ਸੰਪਾਦਕੀ ‘ਮਨੁੱਖਤਾ ’ਤੇ ਇਤਬਾਰ’ ਪੜ੍ਹਿਆ। ਢਾਈ ਸਾਲ ਦੀ ਮਾਸੂਮ ਨੂੰ ਜਿਊਂਦੇ ਜੀਅ ਦਫ਼ਨ ਕਰ ਦਿੱਤਾ ਜਾਵੇ ਤਾਂ ਮਨੁੱਖਤਾ ਤੋਂ ਇਤਬਾਰ ਉੱਠ ਜਾਂਦਾ ਹੈ। ਇੱਕ ਬੇਨਤੀ ਹੋਰ ਹੈ: ਲੂਣਾ ਨੂੰ ਮੁਜਰਮ ਹਰ ਕੋਈ ਕਹਿ ਸਕਦਾ ਹੈ ਪਰ ਲੂਣਾ ਦੀ ਪੀੜ ਸ਼ਿਵ ਬਟਾਲਵੀ ਹੀ ਮਹਿਸੂਸ ਕਰ ਸਕਿਆ। ਸੰਪਾਦਕੀ ’ਚ ਦੱਸਿਆ ਹੈ ਕਿ ਮੁਜਰਮ ਔਰਤ ਵਿਧਵਾ ਹੈ, ਉਸ ਦੇ ਦੋ ਬੱਚੇ ਹਨ ਤੇ ਉਸੇ ਗਲ਼ੀ ’ਚ ਰਹਿੰਦਾ ਮਰਹੂਮ ਬੱਚੀ ਦਾ ਪੁਲੀਸ ਮੁਲਾਜ਼ਮ ਪਿਤਾ, ਮੁਜਰਮ ਔਰਤ ਦੇ ਬੱਚਿਆਂ ਨੂੰ ਗਲੀ ’ਚ ਖੇਡਣ ਤੋਂ ਰੋਕਦਾ ਸੀ। ਉਸ ਵਿਧਵਾ ਦੇ ਮਨ ’ਤੇ ਕੀ ਬੀਤਦੀ ਹੋਵੇਗੀ, ਜਦੋਂ ਉਸ ਦੇ ਬੱਚਿਆਂ ਨੂੰ ਝਿੜਕ ਕੇ ਸਾਂਝੀ ਗਲ਼ੀ ’ਚੋਂ ਘਰ ਨੂੰ ਭਜਾ ਦਿੱਤਾ ਜਾਵੇ? ਜਦੋਂ ਪੁਲੀਸ ਮੁਲਾਜ਼ਮ ਹੋਣ ਦਾ ਫ਼ਾਇਦਾ ਚੁੱਕਦੇ ਹੋਏ ਕਿਸੇ ਵਿਧਵਾ ਨੂੰ ਪ੍ਰੇਸ਼ਾਨ ਕੀਤਾ ਜਾਵੇ ਤਾਂ ਮਨੁੱਖਤਾ ਦੇ ਖਾਤਮੇ ਦੀ ਸ਼ੁਰੂਆਤ ਹੋ ਜਾਂਦੀ ਹੈ। ਹੁਣ ਉਸ ਪੁਲੀਸ ਮੁਲਾਜ਼ਮ ਖ਼ਿਲਾਫ਼ ਮੁਕੱਦਮਾ ਕੌਣ ਚਲਾਵੇਗਾ ਜਿਸ ਨੇ ਮਨੁੱਖਤਾ ਦੇ ਪੌਦੇ ਦੀਆਂ ਜੜ੍ਹਾਂ ਵੱਢਣ ਦੀ ਸ਼ੁਰੂਆਤ ਕੀਤੀ?
ਅੰਗਰੇਜ਼ ਸਿੰਘ, ਭਦੌੜ
ਦੂਰਦਰਸ਼ਨ ਅਤੇ ਸਿਆਸਤ
ਦੇਸ਼ ਦੇ ਨਿੱਜੀ ਨਿਊਜ਼ ਚੈਨਲਾਂ ’ਤੇ ਤਾਂ ਲੋਕਾਂ ਦਾ ਭਰੋਸਾ ਕਦੋਂ ਦਾ ਖ਼ਤਮ ਹੋ ਚੁੱਕਿਆ ਹੈ, ਆਮ ਲੋਕਾਂ ਨੂੰ ਇਨ੍ਹਾਂ ਚੈਨਲਾਂ ’ਤੇ ਪਰੋਸੀ ਜਾਂਦੀ ਸਮੱਗਰੀ ਦੀ ਸਮਝ ਐਨ ਚੰਗੀ ਤਰ੍ਹਾਂ ਆ ਗਈ ਕਿ ਕੌਣ ਲੋਕ ਨੇ ਜੋ ਝੂਠੀਆਂ ਅਤੇ ਮਨਘੜਤ ਖ਼ਬਰਾਂ ਨਾਲ ਸਾਡੇ ਜਜ਼ਬਾਤ ਨਾਲ ਲਗਾਤਾਰ ਖੇਡ ਰਹੇ ਹਨ। ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਬਣਾਉਣ ਵਿੱਚ ਇਹ ਚੈਨਲਾਂ ਵਾਲੇ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਹੁਣ ਗੱਲ ਕਰਦੇ ਹਾਂ ਦੂਰਦਰਸ਼ਨ ਦੀ। ਦੂਰਦਰਸ਼ਨ ਸਰਕਾਰੀ ਪ੍ਰਸਾਰਨ ਸੇਵਾ ਦਾ ਕੇਂਦਰ ਹੈ। ਦੂਰਦਰਸ਼ਨ ’ਤੇ ਲੋਕਾਂ ਦਾ ਅਥਾਹ ਵਿਸ਼ਵਾਸ ਰਿਹਾ ਹੈ। ਹੁਣ ਪਿਛਲੇ ਕੁਝ ਸਮੇਂ ਤੋਂ ਲੋਕ ਮਹਿਸੂਸ ਕਰ ਰਹੇ ਹਨ ਕਿ ਦੂਰਦਰਸ਼ਨ ਵੀ ਹੁਣ ਲੋਕਾਂ ਦਾ ਨਹੀਂ ਰਿਹਾ, ਇਹ ਵੀ ਸਿਆਸਤ ਦੀ ਭੇਂਟ ਚੜ੍ਹ ਗਿਆ ਹੈ। ਹੁਣ ਤਾਂ ਹੱਦ ਹੀ ਹੋ ਗਈ, ਦੂਰਦਰਸ਼ਨ ਨੇ ਆਪਣੇ ਲੋਗੋ ਦਾ ਲਾਲ ਰੰਗ ਵੀ ਬਦਲ ਦਿੱਤਾ ਹੈ। ਇਹ ਰੰਗ ਹੁਣ ਭਗਵਾਂ ਕਰ ਦਿੱਤਾ ਗਿਆ ਹੈ। ਇਉਂ ਸੱਤਾਧਾਰੀ ਪਾਰਟੀ ਨੇ ਦੂਰਦਰਸ਼ਨ ’ਤੇ ਵੀ ਇੱਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਹੈ।
ਰਾਮ ਸਿੰਘ ਭੀਖੀ, ਈਮੇਲ
ਆਮ ਲੋਕ ਅਤੇ ਸਿਆਸੀ ਨੇਤਾ
ਸੁਬੀਰ ਰੌਏ ਰਚਿਤ ਲੇਖ ‘ਸਿਹਤ ਸੰਭਾਲ: ਲੋਕਾਂ ਸਿਰੋਂ ਵਿੱਤੀ ਬੋਝ ਕਿੰਝ ਘਟੇ’ ਅਤੇ ਇਸ ਨਾਲ ਜੁੜੀ ਸੰਪਾਦਕੀ ਟਿੱਪਣੀ ‘ਪਤੰਜਲੀ ਦੀ ਇਸ਼ਤਿਹਾਰਬਾਜ਼ੀ’ ਪੜ੍ਹੇ। ਸਹੀ ਅਰਥਾਂ ਵਿੱਚ ਸੁਬੀਰ ਰੌਏ ਦਾ ਲੇਖ ਸਵਾਲ ਹੈ ਅਤੇ ਸੰਪਾਦਕੀ ਇਸ ਦਾ ਜਵਾਬ। ਕਹਿਣ ਨੂੰ ਅਸੀਂ ਲੋਕਤੰਤਰੀ ਦੇਸ਼ ਦੇ ਬਸ਼ਿੰਦੇ ਹਾਂ ਪਰ ਸਾਡਾ ਆਮ ਲੋਕਾਂ ਦਾ ਕੰਮ ਵੋਟ ਪਾਉਣ ਤੱਕ ਸਿਮਟ ਜਾਂਦਾ ਹੈ ਅਤੇ ਹਾਕਮ ਬਣੀ ਧਿਰ ਫਿਰ ਆਪਣੇ ਹਿੱਤ ਪੂਰਦੀ ਹੋਈ ਲੋਕ ਵਿਰੋਧੀ ਹੋ ਜਾਂਦੀ ਹੈ। ਦੇਖਿਆ ਜਾਵੇ ਤਾਂ ‘ਕੁੱਲੀ, ਗੁੱਲੀ, ਜੁੱਲੀ’ ਦਾ ਦਰਵਾਜ਼ਾ ਅੱਗੇ ਸਿਹਤ, ਸਿੱਖਿਆ ਅਤੇ ਸੁਰੱਖਿਆ ਦੀਆਂ ਬਾਰੀਆਂ ਵੱਲ ਖੁੱਲ੍ਹਦਾ ਹੈ ਪਰ ਇਹ ਸਾਡੇ ਹਾਕਮਾਂ ਦੀਆਂ ਤਰਜੀਹਾਂ ਵਿੱਚ ਹੀ ਨਹੀਂ ਆਉਂਦਾ। ਕੇਂਦਰ ਸਰਕਾਰ ਹੋਵੇ ਜਾਂ ਫਿਰ ਸੂਬਾ ਸਰਕਾਰ, ਇਹ ਡੰਕੇ ਦੀ ਚੋਟ ’ਤੇ ਲੋਕ ਵਿਰੋਧੀ ਧਿਰਾਂ ਦੇ ਹੱਕ ਵਿੱਚ ਭੁਗਤਦੀਆਂ ਹਨ। ਸਾਧਾਰਨ ਬੰਦਾ ਬੇਅੰਤ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ। ਹੁਣ ਯੋਗ ਗੁਰੂ ਰਾਮਦੇਵ ਦੀ ਕੰਪਨੀ ਪਤੰਜਲੀ ਨੂੰ ਥਾਪੜਾ ਕਿਸ ਦਾ, ਇਸ ਸਵਾਲ ਦਾ ਜਵਾਬ ਲੱਭਣ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਕੁਝ ਦਿਨਾਂ ਵਾਸਤੇ ਪਤੰਜਲੀ, ਇੰਡੀਅਨ ਮੈਡੀਕਲ ਐਸੋਸੀਏਸ਼ਨ ਜਾਂ ਸਰਕਾਰ ਦੀ ਝਾੜ-ਝੰਬ ਕਰ ਸਕਦੀ ਹੈ ਪਰ ਅੰਤ ਵਿੱਚ ਨਤੀਜਾ ਜੋ ਨਿਕਲਣਾ ਹੈ, ਸਾਰਿਆਂ ਨੂੰ ਪਤਾ ਹੈ। ਇਸੇ ਕਰ ਕੇ ਤਾਂ ਸੁਬੀਰ ਰੌਏ ਦੇ ਸਵਾਲ ਖੜ੍ਹੇ ਰਹਿਣੇ ਹਨ ਅਤੇ ਸੰਪਾਦਕੀ ਵਾਲਾ ਜਵਾਬ ਸਾਡੇ ਸਨਮੁੱਖ ਰਹਿਣਾ ਹੈ।
ਗੁਰਦੀਪ ਢੁੱਡੀ, ਫ਼ਰੀਦਕੋਟ