For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:08 AM Apr 24, 2024 IST
ਪਾਠਕਾਂ ਦੇ ਖ਼ਤ
Advertisement

ਨਾਅਰੇ ਬੜੇ ਪਿਆਰੇ

Advertisement

23 ਅਪਰੈਲ ਦੇ ਚੋਣ ਦੰਗਲ ਪੰਨੇ ਉੱਤੇ ਚਰਨਜੀਤ ਭੁੱਲਰ ਦੀ ਰਿਪੋਰਟ ‘ਨਾਅਰੇ ਬੜੇ ਪਿਆਰੇ: ਦੇਸ਼ ਦਾ ਨੇਤਾ ਕੈਸਾ ਹੋ…’ ਪੜ੍ਹਦਿਆਂ ਸੋਚਦਾ ਹਾਂ ਕਿ ਵਾਕਿਆ ਹੀ ਭਾਵੇਂ ਚੋਣ ਪ੍ਰਚਾਰ ਹੋਵੇ ਤੇ ਭਾਵੇਂ ਕੋਈ ਧਰਨਾ, ਮੁਜ਼ਾਹਰਾ, ਰੈਲੀ ਹੋਵੇ; ਲੀਡਰ ਧਿਆਨ ਖਿੱਚਣ ਵਾਲੇ ਨਾਅਰੇ ਬਣਾਉਂਦੇ ਹਨ ਤੇ ਬੜੇ ਜੋਸ਼ ਨਾਲ ਲਾਏ ਜਾਂਦੇ ਹਨ। ਅਜਿਹੇ ਨਾਅਰੇ ਲੋਕਾਂ ਨੂੰ ਹੌਸਲਾ ਦਿੰਦੇ ਹਨ ਤੇ ਜੋਸ਼ ਵੀ ਭਰਦੇ ਹਨ। 22 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਜਗਵਿੰਦਰ ਜੋਧਾ ਦੀ ਰਚਨਾ ‘ਵੇੜਾਂ ਵੱਟਣ ਵਾਲੇ’ ਪੜ੍ਹਦਿਆਂ ਕਈ ਦਹਾਕੇ ਪਹਿਲਾਂ ਦੀਆਂ ਗੱਲਾਂ ਅੱਖਾਂ ਅੱਗੇ ਫ਼ਿਲਮ ਬਣ ਕੇ ਘੁੰਮਣ ਲੱਗੀਆਂ। ਕਣਕ ਦੀ ਵਾਢੀ ਹੱਥਾਂ ਨਾਲ ਹੁੰਦੀ ਸੀ ਤੇ ਭਰੀਆਂ ਬੰਨ੍ਹਣ ਲਈ ਵੇੜਾਂ (ਰੱਸੀਆਂ) ਵੱਟੀਆਂ ਜਾਂਦੀਆਂ ਸੀ। ਕਣਕ ਦੀ ਗਹਾਈ ਫਲ੍ਹਿਆਂ ਨਾਲ ਹੁੰਦੀ ਸੀ, ਉਹ ਸਮਾਂ ਬੜਾ ਔਖਾ ਅਤੇ ਸਬਰ ਸੰਤੋਖ ਵਾਲਾ ਸੀ। ਲਿਖਤ ਵਿੱਚ ਆਏ ਸ਼ਬਦ ਤੂੜੀ ਦੀ ਧੜ, ਕੁੱਪ, ਵੇੜ/ਬੇੜ ਵੱਟਣਾ, ਪੋਰੀ, ਫਲ੍ਹੇ ਨਾਲ ਗਾਹੁਣਾ ਆਦਿ ਸ਼ਬਦ ਹੁਣ ਲੋਪ ਹੋ ਰਹੇ ਹਨ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)

ਅਸਲੀਅਤ ਬਿਆਨ

23 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਰਾਜੇਸ਼ ਰਿਖੀ ਪੰਜਗਰਾਈਆਂ ਨੇ ਆਪਣੇ ਲੇਖ ‘ਡਿੱਪਰ’ ਰਾਹੀਂ ਅੱਜ ਕੱਲ੍ਹ ਸੜਕਾਂ ’ਤੇ ਚੱਲ ਰਹੇ ਟਰੈਫਿਕ ਦੀ ਅਸਲੀਅਤ ਬਿਆਨ ਕੀਤੀ ਹੈ। ਗ਼ੈਰ-ਸਿੱਖਿਅਤ ਅਤੇ ਗ਼ੈਰ-ਜ਼ਿੰਮੇਵਾਰ ਵਾਹਨ ਚਾਲਕ ਆਪਣੇ ਲਈ ਹੀ ਨਹੀਂ ਸਗੋਂ ਸੜਕਾਂ ’ਤੇ ਚੱਲ ਰਹੇ ਹੋਰ ਲੋਕਾਂ ਲਈ ਵੀ ਖ਼ਤਰਾ ਬਣਦੇ ਹਨ। ਡਰਾਈਵਿੰਗ ਲਾਈਸੈਂਸ ਜਾਰੀ ਕਰਨ ਤੋਂ ਪਹਿਲਾਂ ਸਬੰਧਿਤ ਅਧਿਕਾਰੀਆਂ ਨੂੰ ਵਾਹਨ ਚਾਲਕ ਦਾ ਹਰ ਪੱਖੋਂ ਮੁਕੰਮਲ ਮੁਆਇਨਾ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਸੜਕ ’ਤੇ ਸ਼ਾਂਤ ਅਤੇ ਸੁਰੱਖਿਅਤ ਵਾਤਾਵਰਨ ਦਾ ਅਹਿਸਾਸ ਪੈਦਾ ਕਰ ਸਕੇ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਪ੍ਰਤੀ ਇਸ ਫਰਜ਼ ਦੀ ਪੂਰਤੀ ਕਰਨੀ ਚਾਹੀਦੀ ਹੈ ਕਿ ਸੜਕ ਸੁਰੱਖਿਆ ਨੇਮਾਂ ਬਾਰੇ ਮੁਕੰਮਲ ਜਾਣਕਾਰੀ ਹੋਣ ਤੋਂ ਬਾਅਦ ਹੀ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰ ਕੇ ਉਸ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ। ਵਿਦੇਸ਼ਾਂ ਦੀ ਤਰਜ਼ ’ਤੇ ਸੜਕ ਸੁਰੱਖਿਆ ਨਾਲ ਸਬੰਧਿਤ ਨਿਯਮਾਂ ਨੂੰ ਅਪਣਾ ਕੇ ਅਸੀਂ ਆਪਣੇ ਅਤੇ ਸਮਾਜ ਵਾਸਤੇ ਵਧੀਆ ਮਾਹੌਲ ਸਿਰਜ ਸਕਦੇ ਹਾਂ।
ਅਵਤਾਰ ਸਿੰਘ ਭੁੱਲਰ, ਕਪੂਰਥਲਾ

(2)

23 ਅਪਰੈਲ ਵਾਲਾ ਮਿਡਲ ‘ਡਿੱਪਰ’ (ਲੇਖਕ ਰਾਜੇਸ਼ ਰਿਖੀ ਪੰਜਗਰਾਈਆਂ) ਸਿੱਖਿਆ ਦੇਣ ਵਾਲਾ ਹੈ। ਲਿਖਤ ਵਿਚਲੇ ਅਫਸਰ ਹੁਣ ਭਾਲਿਆਂ ਵੀ ਨਹੀਂ ਲੱਭਦੇ, ਬੱਸ ਅੱਜ ਕੱਲ੍ਹ ਹਰ ਥਾਂ ਲਿਹਾਜ਼ਾਂ ਹੀ ਪੂਰੀਆਂ ਜਾਂਦੀਆਂ ਹਨ। ਇਹ ਰਚਨਾ ਪਾਠਕਾਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਲਈ ਵੀ ਪ੍ਰੇਰਦੀ ਹੈ। ਜਾਗਰੂਕਤਾ ਰਾਹੀਂ ਹਾਦਸਿਆਂ ਤੋਂ ਬਚਾਓ ਕੀਤਾ ਜਾ ਸਕਦਾ ਹੈ।
ਕੁਲਵੰਤ ਕੌਰ, ਜਲੰਧਰ

ਵਿਚੋਲਗਿਰੀ

17 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਗੱਜਣਵਾਲਾ ਸੁਖਮਿੰਦਰ ਦਾ ਮਿਡਲ ‘ਵਿਚੋਲਾ’ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਅਜੋਕੇ ਪੂੰਜੀਵਾਦੀ ਅਤੇ ਪਦਾਰਥਵਾਦੀ ਸੋਚ ਵਿੱਚ ਗ੍ਰਸੇ ਹੋਏ ਅਜੋਕੇ ਸਮਾਜ ਵਿੱਚ ਲੇਖ ਵਿਚਲੇ ਬਚਿੰਤ ਕੌਰ ਅਤੇ ਮਾਘਾ ਸਿੰਘ ਵਰਗੇ ਉੱਚੇ-ਸੁੱਚੇ ਕਿਰਦਾਰ ਵਾਲੇ ਚੰਗੇ ਅਤੇ ਨੇਕ ਲੋਕ ਨਹੀਂ ਲੱਭਦੇ ਜੋ ਕਿਸੇ ਨਿੱਜੀ ਲੋਭ ਲਾਲਚ ਲਈ ਨਹੀਂ ਬਲਕਿ ਲੋਕ ਸੇਵਾ ਵਜੋਂ ਵਿਚੋਲਗਿਰੀ ਕਰਦੇ ਸਨ। ਅਜੋਕੇ ਤਕਨੀਕੀ ਯੁੱਗ ਵਿੱਚ ਵਿਆਹ-ਸ਼ਾਦੀ ਲਈ ਵੱਖ-ਵੱਖ ਮੈਟਰੀਮੋਨੀਅਲ ਸਾਈਟਾਂ, ਡੇਟਿੰਗ ਐਪਲੀਕੇਸ਼ਨਾਂ ਅਤੇ ਵਟਸਅੱਪ ਗਰੁੱਪਾਂ ਨੇ ਨਵੇਂ ਆਧੁਨਿਕ ਵਿਚੋਲਿਆਂ ਦਾ ਰੂਪ ਧਾਰਨ ਕਰ ਲਿਆ ਹੈ ਜਿੱਥੇ ਅਣਗਿਣਤ ਮੁੰਡੇ-ਕੁੜੀਆਂ ਦੀ ਉਮਰ, ਕੱਦ, ਇਲਾਕਾ, ਪੜ੍ਹਾਈ, ਨੌਕਰੀ, ਪਰਿਵਾਰ, ਜਾਤ, ਧਰਮ, ਸ਼ੌਕ ਆਦਿ ਅਨੇਕਾਂ ਵੇਰਵਿਆਂ ਬਾਰੇ ਸੰਪੂਰਨ ਜਾਣਕਾਰੀ ਸੌਖਿਆਂ ਹੀ ਮਿਲ ਜਾਂਦੀ ਹੈ। ਇਨ੍ਹਾਂ ਮਾਧਿਅਮਾਂ ’ਤੇ ਭਾਵੇਂ ਬਹੁਤਾਤ ਵਿੱਚ ਰਿਸ਼ਤੇ ਮੌਜੂਦ ਹਨ ਪਰ ਇਨ੍ਹਾਂ ਵਿੱਚ ਭਰੋਸੇਯੋਗਤਾ ਦੀ ਬਹੁਤ ਕਮੀ ਹੁੰਦੀ ਹੈ ਅਤੇ ਇਨ੍ਹਾਂ ਦੀ ਦੁਰਵਰਤੋਂ ਦੁਆਰਾ ਧੋਖਾ ਤੇ ਠੱਗੀ ਆਮ ਹੈ।
ਹਰਗੁਣਪ੍ਰੀਤ ਸਿੰਘ, ਪਟਿਆਲਾ

ਵਿਦਿਆਰਥੀ ਸੁਰੱਖਿਆ

12 ਅਪਰੈਲ ਦਾ ਸੰਪਾਦਕੀ ‘ਵਿਦਿਆਰਥੀਆਂ ਦੀ ਸੁਰੱਖਿਆ’ ਪੜ੍ਹਿਆ। ਨਿਸ਼ਾਨਦੇਹੀ ਕੀਤੀ ਗਈ ਹੈ ਕਿ ਇਹ ਘਟਨਾਕ੍ਰਮ ਚਿੰਤਾਜਨਕ ਹੈ। ਇਹ ਵੀ ਸੱਚ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਆਪੋ-ਆਪਣੇ ਵਿਦਿਆਰਥੀ ਵਿੰਗ ਬਣਾਏ ਹੋਏ ਹਨ। ਪੰਜਾਬ ਵਿੱਚ ਵਿਦਿਆਰਥੀ ਚੋਣਾਂ ਉੱਪਰ ਪਾਬੰਦੀ ਦੇ ਬਾਵਜੂਦ ਕਿਸੇ ਨਾ ਕਿਸੇ ਰਾਜਸੀ ਦਲ ਦੀ ਸ਼ਹਿ ਪ੍ਰਾਪਤ ਮੁੰਡੇ ਆਪਣੇ ਆਪ ਨੂੰ ਕਾਲਜ ਦਾ ਪ੍ਰਧਾਨ ਐਲਾਨ ਦਿੰਦੇ ਹਨ ਤੇ ਜੋ ਉਸ ਦਾ ਵਿਰੋਧ ਕਰਦਾ ਹੈ, ਉਸ ਦੀ ਕੁੱਟਮਾਰ ਕਰਦੇ ਹਨ। ਬਠਿੰਡਾ ਜ਼ਿਲ੍ਹੇ ਦੇ ਕਈ ਕਾਲਜਾਂ ਵਿੱਚ ਇਹ ਵਾਪਰਿਆ ਹੈ ਤੇ ਪਰਚੇ ਦਰਜ ਹੋਏ ਹਨ। ਸਰਕਾਰ, ਰਾਜਸੀ ਦਲਾਂ ਅਤੇ ਕਾਲਜ ਪ੍ਰਬੰਧਕਾਂ ਨੂੰ ਇਸ ਵਰਤਾਰੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।
ਐਡਵੋਕੇਟ ਕੰਵਲਜੀਤ ਸਿੰਘ ਕੁਟੀ, ਬਠਿੰਡਾ

ਚੋਣ ਕਮਿਸ਼ਨ ਮੂਕ ਦਰਸ਼ਕ ਨਾ ਬਣੇ

ਮਹੀਨਾ ਕੁ ਪਹਿਲਾਂ ਦੀ ਗੱਲ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਆਪਣੇ ਸਾਥੀ ਆਗੂਆਂ ਨੂੰ ਸੰਬੋਧਨ ਕਰਦਿਆਂ ਆਪਣੇ ਭਾਸ਼ਣਾਂ ਵਿੱਚ ਸੰਜਮ ਵਰਤਣ ਦੀ ਸਲਾਹ ਦਿੱਤੀ ਸੀ ਪਰ ਹੁਣ ਐਤਵਾਰ ਨੂੰ ਉਨ੍ਹਾਂ ਆਪ ਕਾਂਗਰਸ ਪਾਰਟੀ ਨੂੰ ਨਿੰਦਦਿਆਂ ਸਭ ਹੱਦਾਂ ਪਾਰ ਕਰ ਦਿੱਤੀਆਂ। ਇਹ ਕਿਹਾ ਗਿਆ ਕਿ ਉਨ੍ਹਾਂ (ਲੋਕਾਂ) ਦੀ ਕਮਾਈ ਮੁਸਲਮਾਨਾਂ ਨੂੰ ਵੰਡ ਦਿੱਤੀ ਜਾਵੇਗੀ। ਫਿਰ ਇਹ ਕਿਹਾ ਕਿ ਮਾਵਾਂ ਭੈਣਾਂ ਦੇ ਮੰਗਲ ਸੂਤਰ ਵੀ ਸੁਰੱਖਿਅਤ ਨਹੀਂ। ਇਹ ਬਦਕਿਸਮਤੀ ਹੈ ਕਿ ਪ੍ਰਧਾਨ ਮੰਤਰੀ ਦੇ ਵੱਕਾਰੀ ਅਹੁਦੇ ’ਤੇ ਬੈਠਾ ਸ਼ਖ਼ਸ ਅਜਿਹੇ ਵੰਡਪਾਊ ਅਤੇ ਬੇਬੁਨਿਆਦ ਭਾਸ਼ਣ ਦੇ ਰਿਹਾ ਹੈ। ਇਨ੍ਹਾਂ ਬਿਆਨਾਂ ਦਾ ਇੱਕੋ-ਇੱਕ ਮਕਸਦ ਵੋਟਾਂ ਦਾ ਧਰੁਵੀਕਰਨ ਹੀ ਹੈ। ਇਸ ਸੂਰਤ ਵਿੱਚ ਹੁਣ ਚੋਣ ਕਮਿਸ਼ਨ ਨੂੰ ਤੁਰੰਤ ਕਦਮ ਉਠਾਉਣਾ ਚਾਹੀਦਾ ਹੈ ਤਾਂ ਕਿ ਚੋਣ ਜ਼ਾਬਤੇ ਦੀ ਇਉਂ ਉਲੰਘਣਾ ਨਾ ਹੋਵੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਆਪ ਜਿਹੜਾ ਮੈਨੀਫੈਸਟੋ ਰਿਲੀਜ਼ ਕੀਤਾ ਹੈ, ਉਸ ਵਿੱਚ ਕਿਸਾਨਾਂ, ਔਰਤਾਂ, ਨੌਜਵਾਨਾਂ ਤੇ ਆਮ ਲੋਕਾਂ ਲਈ ਕੁਝ ਵੀ ਨਹੀਂ। ਕੰਮਕਾਰ ਵਿੱਚ ਔਰਤਾਂ ਦੀ ਸ਼ਮੂਲੀਅਤ ਦੀ ਦਰ ਆਜ਼ਾਦੀ ਤੋਂ ਬਾਅਦ ਅੱਜ ਸਭ ਤੋਂ ਘੱਟ ਹੈ। ਰੁਜ਼ਗਾਰ ਅਤੇ ਆਮਦਨ ਘਟ ਗਏ ਹਨ, ਇਸ ਦੇ ਨਾਲ ਹੀ ਮਹਿੰਗਾਈ ਅਤੇ ਤੇਲ ਕੀਮਤਾਂ ਵਿੱਚ ਵਾਧਾ ਛਾਲਾਂ ਮਾਰ ਕੇ ਹੋਇਆ ਹੈ। ਅਜਿਹੀਆਂ ਸਮੱਸਿਆਵਾਂ ਦੇ ਸਾਰਥਕ ਹੱਲ ਦੀ ਥਾਂ ਸਗੋਂ ਜਨਤਕ ਵੰਡ ਪ੍ਰਣਾਲੀ ਹੀ ਕਮਜ਼ੋਰ ਕਰ ਦਿੱਤੀ ਗਈ ਹੈ।
ਐੱਸ ਕੇ ਖੋਸਲਾ, ਚੰਡੀਗੜ੍ਹ

ਕਿਸਾਨਾਂ ਦੇ ਸਵਾਲ

11 ਅਪਰੈਲ ਦਾ ਸੰਪਾਦਕੀ ‘ਕਿਸਾਨਾਂ ਦੇ ਸਵਾਲ’ ਪੜ੍ਹਿਆ ਜਿਸ ਵਿੱਚ ਸਰਕਾਰ ਨੂੰ ਕਿਸਾਨੀ ਮਸਲਿਆਂ ਵੱਲ ਧਿਆਨ ਦੇਣ ਲਈ ਮਸ਼ਵਰਾ ਦਿੱਤਾ ਗਿਆ ਹੈ। ਇਸ ਬਾਰੇ ਧਿਆਨ ਯੋਗ ਗੱਲ ਇਹ ਹੈ ਕਿ ਕਿਸਾਨਾਂ ਅਤੇ ਸਰਕਾਰੀ ਧਿਰ ਦੇ ਨਜ਼ਰੀਏ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਭਾਜਪਾ ਦਾਅਵਾ ਕਰਦੀ ਹੈ ਕਿ ਮੌਜੂਦਾ ਕੇਂਦਰ ਸਰਕਾਰ ਆਜ਼ਾਦੀ ਤੋਂ ਬਾਅਦ ਪਹਿਲੀ ਅਜਿਹੀ ਸਰਕਾਰ ਹੈ ਜੋ ਕਿਸਾਨਾਂ ਦੀ ਦਿਲੋਂ ਹਮਦਰਦ ਹੈ ਪਰ ਨਾਲ ਹੀ ਇਹ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਕਿਸਾਨ ਨਹੀਂ ਬਲਕਿ ਖਾਲਿਸਤਾਨੀ, ਮਾਓਵਾਦੀ, ਹੁੱਲੜਬਾਜ਼ ਅਤੇ ਗ਼ੈਰ-ਭਾਜਪਾ ਸਿਆਸੀ ਪਾਰਟੀਆਂ ਦੇ ਏਜੰਟ ਆਖਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ, ਖ਼ਾਸ ਕਰ ਕੇ ਪੰਜਾਬੀਆਂ ਦਾ ਬਹੁਤ ਸਤਿਕਾਰ ਕਰਦੇ ਹਨ। ਹਕੀਕਤ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਖ਼ੁਦ 2021 ਵਿੱਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ ਪਰ ਬਾਅਦ ਵਿੱਚ ਕੁਝ ਵੀ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ਦੁਬਾਰਾ ਮੋਰਚਾ ਲਾਉਣਾ ਪਿਆ। ਪਹਿਲੇ ਮੋਰਚੇ ਦੌਰਾਨ ਤਕਰੀਬਨ 700 ਤੋਂ ਵੱਧ ਅਤੇ ਦੂਜੇ ਮੋਰਚੇ ਦੌਰਾਨ 15 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਕਿਸਾਨਾਂ ਨੂੰ ਆਪਣਾ ਭਰਾ ਮੰਨਣ ਵਾਲੀ ਭਾਜਪਾ ਦੇ ਕਿਸੇ ਵੀ ਨੇਤਾ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਨਹੀਂ ਮਾਰਿਆ। ਹੁਣ ਕਿਸਾਨਾਂ ਵੱਲੋਂ ਪੁੱਛੇ ਜਾ ਰਹੇ ਸਵਾਲ ਦਾ ਜਵਾਬ ਭਾਜਪਾ ਨੂੰ ਦਲੀਲ ਨਾਲ ਦੇਣਾ ਬਣਦਾ ਹੈ।
ਅਵਤਾਰ ਸਿੰਘ, ਮੋਗਾ

Advertisement
Author Image

joginder kumar

View all posts

Advertisement
Advertisement
×