For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:20 AM Apr 20, 2024 IST
ਪਾਠਕਾਂ ਦੇ ਖ਼ਤ
Advertisement

ਭਾਰਤ ਦੀ ਆਜ਼ਾਦੀ

16 ਅਪਰੈਲ ਦੇ ਅੰਕ ਵਿੱਚ ਰਾਹੁਲ ਗਾਂਧੀ ਨੇ ਵਾਇਨਾਡ ਦੇ ਪ੍ਰਚਾਰ ਦੌਰਾਨ ਠੀਕ ਆਖਿਆ ਹੈ ਕਿ ਭਾਰਤ ਨੂੰ ਆਜ਼ਾਦੀ ਇਸ ਲਈ ਨਹੀਂ ਮਿਲੀ ਕਿ ਇੱਥੇ ਸੰਘ ਦੀ ਵਿਚਾਰਧਾਰਾ ਦੀ ਬਸਤੀ ਕਾਇਮ ਕਰ ਦਿੱਤੀ ਜਾਵੇ। ਇਸ ਤੋਂ ਕੰਗਨਾ ਰਣੌਤ ਦੀ ਉਹ ਹਾਸੋਹੀਣੀ ਗੱਲ ਚੇਤੇ ਆ ਗਈ ਜੋ ਇਸ ਅਦਾਕਾਰਾ ਨੇ ਕਾਫ਼ੀ ਸਮਾਂ ਪਹਿਲਾਂ ਕਿਸੇ ਇਕੱਤਰਤਾ ਵਿੱਚ ਆਖੀ ਸੀ ਕਿ ਭਾਰਤ ਨੂੰ ਆਜ਼ਾਦੀ 2014 ਵਿੱਚ ਨਰਿੰਦਰ ਮੋਦੀ ਦੇ ਆਉਣ ’ਤੇ ਮਿਲੀ। ਕਿਸੇ ਨੇ 1947 ਬਾਰੇ ਪੁੱਛਿਆ ਤਾਂ ਉਸ ਦਾ ਕਹਿਣਾ ਸੀ ਕਿ ਉਹ ਤਾਂ ਭੀਖ ਵਿੱਚ ਮਿਲੀ ਆਜ਼ਾਦੀ ਸੀ। ਕੰਗਨਾ ਰਣੌਤ ਨੇ ਇਹ ਕਹਿ ਕੇ ਸਾਡੇ ਆਜ਼ਾਦੀ ਦੇ ਇਤਿਹਾਸ ਅਤੇ ਆਜ਼ਾਦੀ ਦੇ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਘੋਰ ਅਪਮਾਨ ਕੀਤਾ ਸੀ।
ਸ਼ੋਭਨਾ ਵਿਜ, ਪਟਿਆਲਾ

Advertisement


ਕਣਕ ਦਾ ਮੰਡੀਕਰਨ

15 ਅਪਰੈਲ ਨੂੰ ਡਾ. ਮਨਮੀਤ ਮਾਨਵ ਦਾ ਲੇਖ ‘ਕਣਕ ਦੇ ਸੁਚੱਜੇ ਮੰਡੀਕਰਨ ਦੇ ਨੁਕਤੇ’ ਪੜ੍ਹਿਆ। ਲੇਖਕ ਨੇ ਬੜੀਆਂ ਖੋਜ ਭਰਪੂਰ ਤੱਥਾਂ ਦੀ ਵਿਆਖਿਆ ਕੀਤੀ ਹੈ। ਕੁਝ ਨੁਕਤੇ ਜਿਹੜੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਹਨ, ਵਡਮੁੱਲੇ ਹਨ।
ਰੋਸ਼ਨਜੀਤ ਪਨਾਮ, ਈਮੇਲ


ਨਿੱਤ ਦਿਸਦੇ ਦ੍ਰਿਸ਼

12 ਅਪਰੈਲ ਦੇ ਮਿਡਲ ‘ਸਮਝਾਂ ਕੀ ਸਮਝਾਵਾਂ ਕਿਵੇਂ’ ਵਿੱਚ ਲੇਖਕ ਕਰਨੈਲ ਸਿੰਘ ਸੋਮਲ ਨੇ ਕੁੱਤਿਆਂ ਦੀ ਦਹਿਸ਼ਤ ਬਾਰੇ ਬੜੇ ਸਹਿਜ ਨਾਲ ਖੁਲਾਸਾ ਕੀਤਾ ਹੈ। ਜੋ ਘਟਨਾ ਇਸ ਲਿਖਤ ਵਿੱਚ ਦਰਜ ਕੀਤੀ ਗਈ ਹੈ, ਅਜਿਹੇ ਦ੍ਰਿਸ਼ ਅਕਸਰ ਦਿਖਾਈ ਦੇ ਜਾਂਦੇ ਹਨ। ਇੱਕ ਗੱਲ ਹੋਰ, ਅਜਿਹੀ ਘਟਨਾ ਜਿਸ ਦੇ ਨਾਲ ਵਾਪਰੀ ਹੋਵੇ, ਉਸ ਨੂੰ ਹੀ ਪਤਾ ਹੁੰਦਾ ਹੈ ਕਿ ਬੰਦੇ ਦਾ ਕੀ ਹਾਲ ਹੁੰਦਾ ਹੈ। ਉਹ ਵਕਤ ਬਹੁਤ ਔਖਾ ਹੁੰਦਾ ਹੈ।
ਗੁਰਪਿਆਰ ਸਿੰਘ, ਜਲੰਧਰ


ਲੱਦਾਖ਼ ਦਾ ਮਸਲਾ

ਲੇਹ-ਲੱਦਾਖ ਤਾਂ ਸਿੱਖ ਰਾਜ ਤੋਂ ਬਾਜੂ-ਏ-ਸ਼ਮਸ਼ੀਰ ਦਾਖਲਾ ਦਰਜ ਹੁੰਦਾ ਆਇਆ ਹੈ ਅਤੇ ਅਗਾਂਹ ਵੀ ਇੰਝ ਹੀ ਹੋਵੇਗਾ (ਸੰਪਾਦਕੀ ‘ਅਸਲ ਕੰਟਰੋਲ ਰੇਖਾ ਵਿਵਾਦ’, 8 ਅਪਰੈਲ)। ਹੁਣ ਹਕੀਕਤ ਇਹ ਹੈ ਕਿ ਖ਼ਿੱਤੇ ਨਾਲ ਕੁਦਰਤ ਨਾਖੁਸ਼ਗਵਾਰ ਹੈ। ਆਕਸੀਜਨ, ਪਾਣੀ ਦੀ ਕਿੱਲਤ ਹੈ। ਉੱਚੀ ਨੀਵੀਂ ਭੋਇੰ ’ਤੇ ਵਿਸ਼ਾਲ ਤਿੱਬਤੀ ਪਠਾਰ ਦਾ ਪਰਛਾਵਾਂ ਹੈ। ਖੁਸ਼ਕ ਪਹਾੜ ਨੇ। ਸਿੰਧ ਦਰਿਆ ਹੈ ਜੋ ਕਾਰਗਿਲ ਹੁੰਦਾ ਹੋਇਆ ਪਾਕਿਸਤਾਨ ਨੂੰ ਰੁੜ੍ਹ ਜਾਂਦਾ ਹੈ। ਉਪਜੀਵਕਾ ਦਾ ਸਾਧਨ ਭੇਡ ਬੱਕਰੀਆਂ ਨੇ, ਸੈਲਾਨੀ ਜਾਂ ਹਿੰਦੋਸਤਾਨ ਦੇ ਫ਼ੌਜੀ ਜਵਾਨ ਹਨ। ਬਹੁਤੀ ਲੋਕਲ ਵਸੋਂ ਬੁੱਧ ਧਰਮ ਦੇ ਪ੍ਰਭਾਵ ਹੇਠ ਹੈ। ਬਾਜ਼ਾਰ ਵਿਚ ਜਪਾਨੀ ਅਤੇ ਚੀਨੀ ਵਸਤੂਆਂ ਦੀ ਭਰਮਾਰ ਹੈ। ਖੁੱਲ੍ਹੀ ਵੇਚ-ਵੱਟ ਹੈ। ਸਿਰਫ਼ ਆਰਥਿਕਤਾ ਦੀ ਚੜ੍ਹਤ ਦਾ ਢੰਡੋਰਾ ਪਿੱਟ ਰਹੀਆਂ ਸਰਕਾਰਾਂ ਅੱਗੇ ਭੋਇੰ ਦਬਾਉਣ ਤੋਂ ਵੀ ਵੱਧ ਸਵੈ ਸਮਾਨ ਵਿਕਣ ਦਾ ਮਸਲਾ ਹੈ। ਮਿਆਰੀ ਸਿੱਖਿਆ ਮਜ਼੍ਹਬੀ ਨਹੀਂ ਹੈ (ਸੰਪਾਦਕੀ ‘ਮਦਰੱਸਿਆਂ ਬਾਰੇ ਅਹਿਮ ਫ਼ੈਸਲਾ’)। ਮੰਤਵ ਬਹੁਪੱਖੀ ਵਿਕਾਸ ਹੈ। ਮੁੱਢਲੇ ਸਾਇੰਸਦਾਨ ਪਾਦਰੀਆਂ ਦੇ ਪੁੱਤਰ ਸਨ ਜਿਨ੍ਹਾਂ ਦੀ ਮੁੱਢਲੀ ਸਿੱਖਿਆ ਚਰਚ ਵਿੱਚ ਹੋਈ ਸੀ ਪਰ ਉਨ੍ਹਾਂ ਦੀਆਂ ਲਿਖਤਾਂ ਚਰਚ ਦੇ ਬਰਖਿਲਾਫ਼ ਸਨ। ਗੁਲਾਮ ਹਿੰਦੁਸਤਾਨ ਵਿੱਚ ਵੀ ਅੰਗਰੇਜ਼ ਆਧੁਨਿਕ ਸਿੱਖਿਆ ਵਿਭਾਗ ਰੀੜ੍ਹਹੀਣ ਪੁਰਖ ਪੈਦਾ ਕਰਨ ਲਈ ਲੈ ਕੇ ਆਏ ਸਨ ਪਰ ਸਿੱਖਿਆ ਨੇ ਆਜ਼ਾਦੀ ਦੇ ਪ੍ਰਵਾਨੇ ਪੈਦਾ ਕੀਤੇ ਸਨ। ਦੇਸ਼ ਦੇ ਮੁੱਢਲੇ ਸਿੱਖਿਆ ਸਰੋਤ ਧਾਰਮਿਕ ਸਥਾਨ ਸਨ/ਹਨ ਪਰ ਸੰਵਿਧਾਨ ਲਾਗੂ ਹੋਣ ਪਿੱਛੇ ਜੋ ਉਦਾਸੀਨ, ਅਣਗੌਲੇ ਸਨ ਪਰ ਜਦੋਂ ਤੋਂ ਦੇਸ਼ ਦੀ ਰਾਜਨੀਤੀ ਧਰਮ ਨਾਲ ਰਲਗੱਡ ਹੋਈ ਹੈ, ‘ਵਿਸ਼ੇਸ਼’ ਸਿੱਖਿਆ ਅਦਾਰੇ ਉਲਾਰ ਸਰਕਾਰ ਨੂੰ ਕੋੜਕੂ ਵਾਂਗ ਰੜਕਦੇ ਹਨ। ਹਿੰਦੋਸਤਾਨ ਦੇ ਸਿੱਖਿਆ ਅਦਾਰਿਆਂ ਨੂੰ ਧਰਮ ਤੋਂ ਨਿਖੇੜਨਾ ਅਜੋਕੇ ਸਮੇਂ ਦੀ ਪਹਿਲੀ ਅਤ ਅਹਿਮ ਸਮਾਜਿਕ ਲੋੜ ਹੈ। ਤਾਇਵਾਨ ਭੂਚਾਲ ਸੰਸਾਰ ਭਰ ਲਈ ਕੁਦਰਤ ਦੀ ਕੰਧ ’ਤੇ ਲਿਖੀ ਇਬਾਰਤ ਹੈ (ਸੰਪਾਦਕੀ ‘ਤਾਇਵਾਨ ਭੂਚਾਲ ਦੇ ਸਬਕ’ 5 ਅਪਰੈਲ); ਕਾਰਨ, ਕੁਦਰਤ ਦੀ ਕਠੋਰਤਾ ਅਤੇ ਮਨੁੱਖ ਦੀ ਵੱਧ ਮੁਨਾਫ਼ੇ ਵਾਲੀ ਮਾਨਸਿਕਤਾ ਹਨ। ਖੁਦ ਸੋਚੋ, ਧਰਤ ’ਤੇ 8 ਅਰਬ ਤੋਂ ਉੱਪਰ ਜਨ ਜੀਵਨ ਹੈ ਜੋ ਕੁਦਰਤ ਦੇ ਅਨਮੋਲ ਖਜ਼ਾਨੇ ਨੂੰ ਗ਼ਲਤ ਤਰੀਕੇ ਰਾਹੀਂ ਹਰ ਰੋਜ਼ ਡਕਾਰ ਰਿਹਾ ਹੈ। ਬਿਨਾ ਸੋਚ ਸਮਝ ਦੇ ਕੁਦਰਤ ਦੀ ਹਰਿਆਵਲ ਤਬਾਹ ਕਰ ਕੇ ਗਗਨਚੁੰਬੀ ਕੰਕਰੀਟ ਇਮਾਰਤਾਂ ਉਸਾਰੀਆਂ ਜਾ ਰਹੀਆਂ ਹਨ। ਕੁਦਰਤ ਕਿੰਨਾ ਚਿਰ ਇਹ ਨਾਫਰਮਾਨੀ, ਬੇਹੂਦਗੀ ਹੋਰ ਬਰਦਾਸ਼ਤ ਕਰੇਗੀ? ਚਿੱਤ ’ਚ ਰਹੇ; ਕੁਦਰਤ ਕੁਰੱਖਤ ਹੈ, ਕਠੋਰ ਹੈ, ਇਕਪਾਸੜ ਹੈ; ਲੋਕਤੰਤਰੀ ਬਿਲਕੁਲ ਵੀ ਨਹੀਂ! ਚੋਣਾਂ ਸਿਰ ’ਤੇ ਹਨ, ਚੋਣ ਮੈਨੀਫੈਸਟੋ ਹੱਥ ਵਿੱਚ ਹਨ, ਕੀ ਕਿਸੇ ਨੇਤਾ ਜਾਂ ਧਿਰ ਨੇ ਵਾਤਾਵਰਨ ਵਿੱਚ ਸੁਧਾਰ ਦੀ ਗੱਲ ਕੀਤੀ ਹੈ? ਫਿਰ ਤਖ਼ਤ ਉੱਤੇ ਬੈਠ ਕੇ ਕਿੰਝ ਕਰਨਗੇ?
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ


ਆਲਮੀ ਤਪਸ਼

ਗੁਰਚਰਨ ਸਿੰਘ ਨੂਰਪੁਰ ਦਾ ਆਲਮੀ ਤਪਸ਼ ਬਾਰੇ ਲੇਖ (4 ਅਪਰੈਲ) ਵਧੀਆ ਸੀ। ਸਾਡੇ ਦੇਸ਼ ਦੀਆਂ ਹਕੂਮਤਾਂ ਪਹਿਲਾਂ ਤਾਂ ਅਜਿਹੀਆਂ ਸਮੱਸਿਆਵਾਂ ਨੂੰ ਅੱਡੀਆਂ ਚੁੱਕ ਕੇ ਦੇਖਦੀਆਂ ਰਹਿੰਦੀਆਂ ਹਨ ਕਿ ਅਜੇ ਭਾਰਤ ਲਈ ਕੋਈ ਖ਼ਤਰਾ ਨਹੀਂ ਪਰ ਜਦੋਂ ਸਮੱਸਿਆ ਗਰਦਨ ਤੱਕ ਪਹੁੰਚ ਜਾਂਦੀ ਹੈ, ਫਿਰ ਉਸ ਨੂੰ ਰੋਕਣ ਦੇ ਯਤਨ ਸ਼ੁਰੂ ਕੀਤੇ ਜਾਂਦੇ ਹਨ। ਇਸ ਬੇਵਕਤੀ ਕੋਸ਼ਿਸ਼ ਦੌਰਾਨ ਕਾਫ਼ੀ ਸਮਾਂ ਲੰਘ ਜਾਂਦਾ ਹੈ। ਇਸ ਲਈ ਇਸ ਤੋਂ ਪਹਿਲਾਂ ਕਿ ਆਲਮੀ ਤਪਸ਼ ਹੋਰ ਗੰਭੀਰ ਰੂਪ ਅਖ਼ਤਿਆਰ ਕਰੇ, ਇਸ ਨੂੰ ਘਟਾਉਣ ਲਈ ਰਾਜਨੀਤੀ ਤੋਂ ਉੱਪਰ ਉੱਠ ਕੇ ਸੁਹਿਰਦਤਾ ਨਾਲ ਯਤਨ ਕੀਤੇ ਜਾਣੇ ਚਾਹੀਦੇ ਹਨ।
ਸ਼ੰਮੀ ਸ਼ਰਮਾ, ਪਟਿਆਲਾ


ਕੁੱਤਿਆਂ ਦੀ ਦਹਿਸ਼ਤ

ਹਰ ਰੋਜ਼ ਕੁੱਤਿਆਂ ਦੇ ਵੱਢਣ ਦੀਆਂ ਖ਼ਬਰਾਂ ਆਉਂਦੀਆਂ ਹਨ। ਇਨ੍ਹਾਂ ਦੇ ਸ਼ਿਕਾਰ ਅਮੂਮਨ ਬੱਚੇ ਅਤੇ ਬਜ਼ੁਰਗ ਹੁੰਦੇ ਹਨ। ਅਜਿਹੇ ਹਮਲਿਆਂ ਦੀ ਗਿਣਤੀ ਕਰਨੀ ਸ਼ਾਇਦ ਅਸੰਭਵ ਹੈ ਕਿਉਂਕਿ ਸਾਰੇ ਜ਼ਖ਼ਮੀ ਹਸਪਤਾਲਾਂ ਵਿੱਚ ਦਾਖ਼ਲ ਨਹੀਂ ਹੁੰਦੇ। ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਿੱਟਬੁਲ ਅਤੇ ਕਈ ਹੋਰ ਖ਼ਤਰਨਾਕ ਨਸਲਾਂ ਤੋਂ ਹਰ ਕੋਈ ਡਰਦਾ ਹੈ। ਅਵਾਰਾ ਕੁੱਤੇ ਹਰ ਵਾਹਨ ਮਗਰ ਦੌੜਦੇ ਨੇ; ਇਨ੍ਹਾਂ ਤੋਂ ਬਚਣ ਲਈ ਜਾਂ ਇਨ੍ਹਾਂ ਨੂੰ ਬਚਾਉਂਦੇ ਹੋਏ ਕਈ ਵਾਰ ਚਾਲਕ ਆਪਣਾ ਸੰਤੁਲਨ ਗੁਆ ਬੈਠਦਾ ਹੈ ਅਤੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਸਰਕਾਰ ਨੂੰ ਇਸ ਸਮੱਸਿਆ ਦਾ ਕੋਈ ਸਾਰਥਕ ਹੱਲ ਕੱਢਣਾ ਚਾਹੀਦਾ ਹੈ।
ਕੰਵਰਦੀਪ ਸਿੰਘ ਭੱਲਾ, ਪਿੱਪਲਾਂਵਾਲਾ (ਹੁਸ਼ਿਆਰਪੁਰ)


ਲੋਕਤੰਤਰ ਦੀ ਤ੍ਰਾਸਦੀ

12 ਅਪਰੈਲ ਨੂੰ ਨਜ਼ਰੀਆ ਪੰਨੇ ਉੱਤੇ ਸੁੱਚਾ ਸਿੰਘ ਖੱਟੜਾ ਦਾ ਲੇਖ ‘ਲੋਕਰਾਜ ਦੇ ਵਿਗਾੜ ਅਤੇ ਇਸ ਦਾ ਇਲਾਜ’ ਪੜ੍ਹਿਆ। ਲੇਖ ਵਿੱਚ ਇਹ ਸਤਰ ਕਮਾਲ ਹੈ ਕਿ ‘ਅੱਜ ਦੇ ਲੋਕਤੰਤਰ ਵਿੱਚ ਸਰਕਾਰ ਵੋਟ ਦੇਣ ਵਾਲਿਆਂ ਦੀ ਨਹੀਂ, ਵੋਟ ਲੈਣ ਵਾਲਿਆਂ ਦੀ ਬਣਦੀ ਹੈ।’ ਇਹ ਜੁਮਲਾ ਤਾਂ ਹੁਣ ਬਹੁਤ ਘਸ ਚੁੱਕਾ ਹੈ ਕਿ ਇੱਕ ਵਾਰ ਵੋਟ ਲੈ ਕੇ ਲੀਡਰ ਫਿਰ ਪੰਜ ਸਾਲ ਟੱਕਰਦੇ ਨਹੀਂ। ਇਹੀ ਅਸਲ ਵਿੱਚ ਲੋਕਤੰਤਰ ਦੀ ਤ੍ਰਾਸਦੀ ਹੈ। ਇਸ ਤ੍ਰਾਸਦੀ ਕਰ ਕੇ ਹੀ ਅੱਜ ਭਾਜਪਾ ਵਰਗੀ ਸਿਆਸੀ ਜਮਾਤ ਮੁਲਕ ਦੀ ਮਾਲਕ ਹੋਣ ਦੇ ਦਾਅਵੇ ਠੋਕ ਰਹੀ ਹੈ।
ਅਮਰਜੀਤ ਸਿੰਘ, ਪਟਿਆਲਾ

Advertisement
Author Image

sukhwinder singh

View all posts

Advertisement
Advertisement
×