ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਖ਼ਤ

08:21 AM Apr 05, 2024 IST

ਹਵਾ ਪ੍ਰਦੂਸ਼ਣ

3 ਅਪਰੈਲ ਦੇ ਨਜ਼ਰੀਆ ਪੰਨੇ ਉੱਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਭਾਰਤ ਹਵਾ ਦੇ ਪ੍ਰਦੂਸ਼ਣ ਨਾਲ ਕਿਵੇਂ ਨਜਿੱਠੇ?’ ਪੜ੍ਹਿਆ। ਉਦਯੋਗਿਕ ਤਰੱਕੀ ਕਰ ਚੁੱਕੇ ਕਿਸੇ ਪੱਛਮੀ ਦੇਸ਼ ਦੀ ਖੋਜੀ ਸੰਸਥਾ ਜਦੋਂ ਪ੍ਰਦੂਸ਼ਣ ਰਿਪੋਰਟ ਵਿੱਚ ਸੰਸਾਰ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ਾਂ ਜਾਂ ਸ਼ਹਿਰਾਂ ਵਿਚ ਭਾਰਤ ਜਾਂ ਉਸ ਦੇ ਕਿਸੇ ਗੁਆਂਢੀ ਵਿਕਾਸਸ਼ੀਲ ਮੁਲਕ ਦਾ ਨਾ ਮੂਹਰਲੀ ਕਤਾਰ ਵਿੱਚ ਸ਼ਾਮਿਲ ਕਰਦੀ ਹੈ ਤਾਂ ਥੋੜ੍ਹੀ ਹੈਰਾਨੀ ਹੁੰਦੀ ਹੈ। ਹਵਾ ਦੇ ਪ੍ਰਦੂਸ਼ਣ ਦੇ ਮੁੱਖ ਮਨੁੱਖੀ ਕਾਰਕਾਂ ਵਿੱਚੋਂ ਜ਼ਿਆਦਾਤਰ ਦਾ ਸਬੰਧ ਉਦਯੋਗਾਂ ਤੇ ਸ਼ਹਿਰਾਂ ਨਾਲ ਹੁੰਦਾ ਹੈ; ਜੋ ਦੇਸ਼ ਅਜੇ ਸ਼ਹਿਰੀਕਰਨ ਅਤੇ ਉਦਯੋਗੀਕਰਨ ਵਿੱਚ ਬਾਕੀ ਵਿਕਸਿਤ ਦੇਸ਼ਾਂ ਤੋਂ ਕਾਫ਼ੀ ਪਿੱਛੇ ਹੋਣ, ਉਹ ਪ੍ਰਦੂਸ਼ਣ ਵਿੱਚ ਕਿਵੇਂ ਸਭ ਤੋਂ ਉੱਪਰ ਹੋ ਸਕਦੇ ਹਨ? ਹਾਲਾਂਕਿ ਇਹ ਗੱਲ ਜੱਗ-ਜ਼ਾਹਿਰ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿੱਚ ਪ੍ਰਦੂਸ਼ਣ ਦੇ ਮਾਣਕ ਅਤੇ ਨਿਯਮਾਂ ਦੀ ਪਾਲਣਾ ਵਿੱਚ ਵੱਡੇ ਪੱਧਰ ’ਤੇ ਊਣਤਾਈਆਂ ਹਨ। ਸੰਸਾਰ ਭਰ ਵਿੱਚ ਆਕਾਰ ਵਜੋਂ ਸੱਤਵੇਂ ਵੱਡੇ ਦੇਸ਼ ਭਾਰਤ ਵਿੱਚ ਹੁਣ ਤਕ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੇਵਲ ਚਾਰ ਕੁ ਸੌ ਦੇ ਕਰੀਬ ਵੱਡੇ ਸ਼ਹਿਰਾਂ ਜਾਂ ਉਦਯੋਗਿਕ ਕਸਬਿਆਂ ਵਿੱਚ ਇੱਕ ਹਜ਼ਾਰ ਦੇ ਕਰੀਬ ਹੀ ਹਵਾ ਦੀ ਗੁਣਵੱਤਾ ਮਾਪਣ ਵਾਲੇ ਯੰਤਰ ਲਗਾਏ ਜਾ ਸਕੇ ਹਨ।
ਪ੍ਰੋ. ਨਵਜੋਤ ਸਿੰਘ, ਪਟਿਆਲਾ

Advertisement


ਹੈਰਾਨੀ ਹੋਈ

3 ਅਪਰੈਲ ਦੇ ਅੰਕ ’ਚ ਸਫ਼ਾ ਤਿੰਨ ’ਤੇ ‘ਸ਼੍ਰੋਮਣੀ ਅਕਾਲੀ ਦਲ ਵੱਲੋਂ ਲਾਲਪੁਰਾ ਵਿਰੁੱਧ ਚੋਣ ਕਮਿਸ਼ਨ ਕੋਲ ਸ਼ਿਕਾਇਤ’ ਖ਼ਬਰ ਪੜ੍ਹ ਕੇ ਹੈਰਾਨੀ ਹੋਈ। ਅਕਾਲੀ ਦਲ ਦੀ ਇਹ ਸ਼ਿਕਾਇਤ ਬਿਲਕੁੱਲ ਵਾਜਬਿ ਹੈ ਕਿ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਭਾਜਪਾ ਦੀਆਂ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਮੇਤ ਹੁਣ ਤੱਕ ਦੇ ਸਾਰੇ ਪ੍ਰਧਾਨ ਅਤੇ ਦੂਜੇ ਅਹੁਦੇਦਾਰ ਅਕਾਲੀ ਦਲ ਦੀਆਂ ਸਿਆਸੀ ਰੈਲੀਆਂ ਵਿਚ ਸ਼ਰੇਆਮ ਸ਼ਾਮਿਲ ਹੁੰਦੇ ਰਹੇ ਹਨ ਜੋ ਧਰਮ ਦੀ ਰਾਜਨੀਤੀ ਲਈ ਸਿੱਧੀ ਦੁਰਵਰਤੋਂ ਹੈ ਅਤੇ ਅਜਿਹਾ ਕਰਨਾ ਗ਼ੈਰ-ਸੰਵਿਧਾਨਕ ਹੈ। ਸਿਰਫ਼ ਇਹੀ ਨਹੀਂ, ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਭਾਜਪਾ ਦੀਆਂ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਨਾ ਵੀ ਗ਼ੈਰ-ਸੰਵਿਧਾਨਕ ਅਤੇ ਅਨੈਤਿਕ ਹੈ ਕਿਉਂਕਿ ਪ੍ਰਧਾਨ ਮੰਤਰੀ ਦੇਸ਼ ਦੇ ਸਮੂਹ ਨਾਗਰਿਕਾਂ ਵੱਲੋਂ ਚੁਣੇ ਗਏ ਹਨ, ਸਿਰਫ਼ ਭਾਜਪਾ ਦੇ ਵੋਟਰਾਂ ਵੱਲੋਂ ਨਹੀਂ। ਅਜਿਹਾ ਕਰ ਕੇ ਉਹ ਸਰਕਾਰੀ ਢਾਂਚੇ ਅਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਵੋਟਰਾਂ ਨੂੰ ਗ਼ਲਤ ਢੰਗ ਨਾਲ ਪ੍ਰਭਾਵਿਤ ਕਰ ਰਹੇ ਹਨ।
ਦਮਨਜੀਤ ਕੌਰ, ਧੂਰੀ (ਸੰਗਰੂਰ)


ਅੰਨ ਦੇ ਮਸਲੇ

29 ਮਾਰਚ ਦਾ ਸੰਪਾਦਕੀ ‘ਖੁਰਾਕ ਦੀ ਬਰਬਾਦੀ’ ਪੜ੍ਹਿਆ। ਇਸ ਵਿੱਚ ਪੇਟ ਦੇ ਮਸਲੇ ਬਾਰੇ ਚੰਗੀ ਚਰਚਾ ਹੈ। ਉਂਝ, ਇਹ ਹਕੀਕਤ ਹੈ ਕਿ ਹੋਮੋਸੇਪੀਅਨ ਨਸਲ ਨੂੰ ਜੋ ਵੀ ਸੁਵੱਲਾ ਹਾਸਿਲ ਹੁੰਦਾ ਹੈ, ਉਸ ਜਿਣਸ ਦੀ ਦੁਰਵਰਤੋਂ ਕਰਦੀ ਹੈ। ਅੰਨ ਜਦੋਂ ਘੱਟ ਸੀ, ਵਰਤੋਂ ਵਿਚ ਕਿਰਸ ਸੀ ਤੇ ਨਿੱਜੀ ਗਰਜ ਲਈ ਹਰ ਇਕ ਸਾਂਭ ਸੰਭਾਲ ਕਰਦਾ ਸੀ। ਅਨਾਜ ਸੰਭਾਲਣ ਲਈ ਨਵੀਨਤਮ ਤਕਨੀਕਾਂ ਬਹੁਤ ਮਹਿੰਗੀਆਂ ਨੇ; ਅਰਥਾਤ, ਅਨਾਜ ਦੀ ਕੀਮਤ ਗ਼ਰੀਬ ਦੀ ਖਰੀਦ ਸ਼ਕਤੀ ਤੋਂ ਵੱਧ ਹੈ। ਸਿੱਟਾ, ਗ਼ਰੀਬ ਖਾਲੀ ਪੇਟ ਸੌਂਦਾ ਹੈ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ

Advertisement


ਭਾਵਪੂਰਤ ਜਾਣਕਾਰੀ

29 ਮਾਰਚ ਦੇ ‘ਸਾਹਿਤ ਸੰਸਾਰ’ ਪੰਨਾ ਨੰਬਰ 7 ਉੱਤੇ ਜਿੰਦਰ ਦੇ ਕਹਾਣੀ ਸੰਗ੍ਰਹਿ ‘ਸੇਫ਼ਟੀ ਕਿੱਟ’ ਬਾਰੇ ਕੇਐੱਲ ਗਰਗ ਦੇ ਵਿਚਾਰ ਪੜ੍ਹੇ। ਗਰਗ ਜੀ ਨੇ ਜਿੰਦਰ ਦੀਆਂ ਦਸ ਕਹਾਣੀਆਂ ਬਾਰੇ ਭਾਵਪੂਰਤ ਜਾਣਕਾਰੀ ਸਾਂਝੀ ਕੀਤੀ ਹੈ। ਪਾਠਕ ਨੂੰ ਚਾਨਣ ਹੋ ਜਾਂਦਾ ਹੈ ਕਿ ਸੰਗ੍ਰਹਿ ਦੀਆਂ ਕਹਾਣੀਆਂ ਮਨੋਵਿਸ਼ਲੇਸ਼ਣ ਨੂੰ ਆਧਾਰ ਬਣਾ ਕੇ ਸਿਰਜੀਆਂ ਗਈਆਂ ਹਨ। ਕਹਾਣੀ ‘ਮੇਰਾ ਕੋਈ ਕਸੂਰ ਨਹੀਂ’ ਅੱਜ ਦੇ ਸਮੇਂ ਦੀ ਹਕੀਕਤ ਚਿੱਤਰਦੀ ਜਾਪਦੀ ਹੈ। ਇਸ ਕਹਾਣੀ ਰਾਹੀਂ ਮਾਪਿਆਂ ਨੂੰ ਚੰਗਾ ਸੁਨੇਹਾ ਦਿੱਤਾ ਗਿਆ ਹੈ। ‘ਦੂਰੀਆਂ’ ਕਹਾਣੀ ਰਾਹੀਂ ਕਹਾਣੀਕਾਰ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਇਹ ਸੁਨੇਹਾ ਦਿੰਦਾ ਹੈ ਕਿ ਕੇਵਲ ਸਵਾਰਥੀ ਪ੍ਰਵਿਰਤੀ ਨਾਲ ਹੀ ਜ਼ਿੰਦਗੀ ਨੂੰ ਵਧੀਆ ਢੰਗ ਨਾਲ ਨਹੀਂ ਜੀਵਿਆ ਜਾ ਸਕਦਾ, ਰਿਸ਼ਤਿਆਂ ਵਿਚਲਾ ਨਿੱਘ ਆਪਸ ਵਿੱਚ ਵਰਤ ਵਰਤਾਰੇ ਰਾਹੀਂ ਹੀ ਮਾਣਿਆ ਜਾ ਸਕਦਾ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ


ਸੁੱਚਾ ਸੁਨੇਹਾ

28 ਮਾਰਚ ਨੂੰ ਹਰਜਿੰਦਰ ਸਿੰਘ ਗੁੱਲਪੁਰ ਦਾ ਮਿਡਲ ‘ਜਿੱਥੇ ਇਤਰਾਂ ਦੇ ਵਗਦੇ ਨੇ ਚੋਅ…’ ਪੜ੍ਹਿਆ। ਇਹ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਵਿਆਖਿਆ ਨਹੀਂ ਸਗੋਂ ਮਨੁੱਖਤਾ ਲਈ ਸੁਨੇਹਾ ਹੈ। ਸੁਨੇਹੇ ਵਿਚ ਕਿਹਾ ਗਿਆ ਹੈ ਕਿ ਵਿਕਾਸ ਦੇ ਨਾਂ ’ਤੇ ਅਸੀਂ ਕੁਦਰਤੀ ਸੋਮਿਆਂ ਨਾਲ ਜੋ ਛੇੜਛਾੜ ਕਰ ਰਹੇ ਹਾਂ, ਉਹੀ ਵਿਕਾਸ ਇੱਕ ਦਿਨ ਸਾਡੇ ਵਿਨਾਸ਼ ਦਾ ਕਾਰਨ ਬਣ ਜਾਵੇਗਾ। ਸਾਡਾ ਜਿੰਨਾ ਵੀ ਵਿਕਾਸ ਹੈ, ਉਹ ਸਾਰਾ ਕੁਦਰਤ ਵਿਰੋਧੀ ਹੈ। ਜਲ ਦੀ ਗੱਲ ਹੀ ਲੈ ਲਓ, ਸਾਡੇ ਦੇਸ਼ ਦੇ ਕਈ ਹਿੱਸਿਆਂ ਤੋਂ ਧਰਤੀ ਹੇਠਲੇ ਪਾਣੀ ਦੇ ਖ਼ਤਮ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਵੱਡੇ ਵੱਡੇ ਮਾਲਾਂ, ਮੈਰਿਜ ਪੈਲੇਸਾਂ, ਸਿਨੇਮਾਘਰਾਂ ਆਦਿ ਨੇ ਵਾਹੀਯੋਗ ਜ਼ਮੀਨ ਦਾ ਵੱਡਾ ਹਿੱਸਾ ਨਿਗਲ ਲਿਆ ਹੈ। ਜੰਗਲਾਂ ਦੀ ਬੇਵਜ੍ਹਾ ਕਟਾਈ ਨੇ ਵਾਤਾਵਰਨ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਸਮਾਂ ਆ ਗਿਆ ਹੈ ਕਿ ਜਲ, ਜੰਗਲ ਤੇ ਜ਼ਮੀਨ ਦਾ ਹੋਰ ਵਿਨਾਸ਼ ਰੋਕ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤ ਦੀ ਗੋਦ ਵਿੱਚ ਸੁਖੀ ਜੀਵਨ ਜਿਊਣ ਦਾ ਮੌਕਾ ਮੁਹੱਈਆ ਕਰੀਏ। 27 ਮਾਰਚ ਨੂੰ ਅਵਾਰਾ ਕੁੱਤਿਆਂ ਬਾਰੇ ਖ਼ਬਰ ਹੈ ਜਿਨ੍ਹਾਂ ਭੇਡਾਂ ਮਾਰ ਸੁੱਟੀਆਂ। ਇਸ ਤੋਂ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਸਰਕਾਰ ਦੀ ਲਾਪ੍ਰਵਾਹੀ ਝਲਕਦੀ ਹੈ। ਆਏ ਦਿਨ ਕੁੱਤਿਆਂ ਦੇ ਕਹਿਰ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਪਿਛਲੇ ਦਿਨੀਂ ਤਰਨ ਤਾਰਨ ਵਿੱਚ 80 ਸਾਲਾ ਬਜ਼ੁਰਗ ਨੂੰ ਕੁੱਤਿਆ ਨੇ ਆਪਣਾ ਸ਼ਿਕਾਰ ਬਣਾਇਆ। ਕਈ ਵਾਰ ਭੋਲੇ ਭਾਲੇ ਬੱਚੇ ਕੁੱਤਿਆਂ ਦੇ ਕਹਿਰ ਦਾ ਸ਼ਿਕਾਰ ਬਣ ਜਾਂਦੇ ਹਨ। ਇੰਨਾ ਕੁਝ ਹੋਣ ਦੇ ਬਾਵਜੂਦ ਸਰਕਾਰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਹੀ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਕਰਜ਼ੇ ਦਾ ਜਾਲ

21 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਛਪੇ ਲੇਖ ‘ਕਰਜ਼ੇ ਦਾ ਮੱਕੜਜਾਲ: ਕੁਝ ਖ਼ਾਸ ਪਹਿਲੂ’ ਵਿੱਚ ਡਾ. ਕੇਸਰ ਸਿੰਘ ਭੰਗੂ ਨੇ ਦੇਸ਼ ਅਤੇ ਸੂਬਿਆਂ ਦੇ ਖਰਚੇ ਅਤੇ ਕਰਜ਼ੇ ਨੂੰ ਲੈ ਕੇ ਜੋ ਅੰਕੜੇ ਦਿੱਤੇ ਹਨ, ਉਹ ਚਿੰਤਾ ਵਧਾਉਣ ਵਾਲੇ ਹਨ। ਪੰਜਾਬ ਦੇ ਕਰਜ਼ੇ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ ਹੈ। ਇਸੇ ਤਰ੍ਹਾਂ ‘ਵਿਦਿਆ ਵੀਚਾਰੀ...’ ਮਿਡਲ ਵਿਚ ਹਰਦੀਪ ਚਿੱਤਰਕਾਰ ਨੇ ਜਿੱਥੇ ਵਿਦਿਆ ਦੇ ਮਾਇਨੇ ਸਮਝਾਉਣ ਦਾ ਯਤਨ ਕੀਤਾ ਹੈ, ਉੱਥੇ ਪਾਠਕਾਂ ਨੂੰ ਸਮਾਜ ਨਾਲ ਜੁੜਨ ਦਾ ਸੱਦਾ ਵੀ ਦਿੱਤਾ ਹੈ। ਸੰਪਾਦਕੀ ‘ਪਤੰਜਲੀ ਦੀ ਜਵਾਬਦੇਹੀ’ ਵਿੱਚ ਸੁਪਰੀਮ ਕੋਰਟ ਅਤੇ ਪਤੰਜਲੀ ਆਯੁਰਵੈਦ ਕੰਪਨੀ ਵਿਚਾਲੇ ਚੱਲ ਰਹੀ ਕਸ਼ਮਕਸ਼ ਬਾਰੇ ਜ਼ਿਕਰ ਹੈ। ਦੂਜੀ ਸੰਪਾਦਕੀ ‘ਹਵਾ ਦੀ ਗੁਣਵੱਤਾ’ ਵਿੱਚ ਵਾਤਾਵਰਨ ਖ਼ਾਸ ਕਰ ਕੇ ਹਵਾ ਦੀ ਸ਼ੁੱਧਤਾ ਬਾਰੇ ਵਿਚਾਰ-ਚਰਚਾ ਕੀਤੀ ਗਈ ਹੈ।
ਮਨਮੋਹਣ ਸਿੰਘ, ਨਾਭਾ


ਰਿਸ਼ਤਿਆਂ ਦੀ ਕਹਾਣੀ

28 ਮਾਰਚ ਨੂੰ ਇੰਟਰਨੈੱਟ ਸਫ਼ੇ ‘ਅਦਬੀ ਰੰਗ’ ਵਿੱਚ ਇਕਬਾਲ ਸਿੰਘ ਸਕਰੌਦੀ ਦੀ ਰਚਨਾ ‘ਸਫ਼ੇਦ ਖ਼ੂਨ’ ਪੜ੍ਹੀ। ਲੇਖਕ ਨੇ ਰਿਸ਼ਤੇ ਨਾਤਿਆਂ ਵਿੱਚ ਆ ਰਹੇ ਨਿਘਾਰ ਦੀ ਸਥਿਤੀ ਬਿਆਨ ਕੀਤੀ ਹੈ। ਕਹਾਣੀ ਵਿਚਲਾ ਬਿਰਤਾਂਤ ਅੱਜ ਦੇ ਦੌਰ ਵਿਚ ਰਿਸ਼ਤਿਆਂ ਵਿੱਚ ਪੈ ਚੁੱਕੀ ਫਿੱਕ ਨੂੰ ਯਥਾਰਥਵਾਦੀ ਢੰਗ ਨਾਲ ਪੇਸ਼ ਕਰਦਾ ਹੈ। ਕਹਾਣੀਕਾਰ ਇਹ ਸੁਨੇਹਾ ਵੀ ਦਿੰਦਾ ਹੈ ਕਿ ਜੇਕਰ ਅਸੀਂ ਸੁੱਖ ਸ਼ਾਂਤੀ ਅਤੇ ਸਹਿਜ ਭਰਿਆ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਸੀ ਸਦਭਾਵਨਾ, ਭਾਈਚਾਰਕ ਸਾਂਝ ਅਤੇ ਹਿੰਦੂ ਸਿੱਖ ਮੁਸਲਮਾਨ ਏਕਤਾ ਨੂੰ ਹਰ ਹੀਲੇ ਕਾਇਮ ਰੱਖਣਾ ਪੈਣਾ ਹੈ।
ਹਰਜੋਤ ਸਿੰਘ, ਕੈਲਗਰੀ (ਕੈਨੇਡਾ)


ਦਵਾਈਆਂ ਬਨਾਮ ਮੁਨਾਫ਼ਾ

3 ਅਪਰੈਲ ਦੇ ਅੰਕ ਵਿੱਚ ਡਾ. ਅਰੁਣ ਮਿੱਤਰਾ ਨੇ ਦਵਾਈ ਕੰਪਨੀਆਂ ਦੀ ਅਥਾਹ ਮੁਨਾਫ਼ਾਖੋਰੀ ਬਾਰੇ ਸਵਾਲ ਚੁੱਕੇ ਹਨ। ਇਹ ਹਰ ਇਨਸਾਨ ਅਤੇ ਸਰਕਾਰਾਂ ਦੇ ਧਿਆਨ ਦੇਣਯੋਗ ਮੁੱਦਾ ਹੈ। ਪੜ੍ਹ-ਸੁਣ ਕੇ ਬੇਹੱਦ ਹੈਰਾਨੀ ਹੁੰਦੀ ਹੈ ਕਿ ਕਈ ਦਵਾਈਆਂ ’ਤੇ 2000 ਤੋਂ 5000 ਫ਼ੀਸਦੀ ਤੱਕ ਮੁਨਾਫ਼ਾ ਕਮਾਇਆ ਜਾਂਦਾ ਹੈ। ਸਰਕਾਰ ਦੁਆਰਾ ਇਸ ਨੂੰ ਰੋਕਣ ਲਈ ਭਾਵੇਂ ਕੁਝ ਨਿਯਮ ਕੋਡ ਲਾਗੂ ਕੀਤੇ ਗਏ ਹਨ ਪਰ ਕੰਪਨੀਆਂ ਇਨ੍ਹਾਂ ਵੱਲ ਘੱਟ ਹੀ ਧਿਆਨ ਦਿੰਦੀਆਂ ਹਨ। ਦਵਾਈਆਂ ਦੀਆਂ ਕੀਮਤਾਂ ਨੂੰ ਆਮ ਲੋਕਾਂ ਦੀ ਪਹੁੰਚ ਵਿੱਚ ਰੱਖਣ ਲਈ ਸਰਕਾਰੀ ਕੰਟਰੋਲ ਦੀ ਜ਼ਰੂਰਤ ਹੈ।
ਅਮਰਜੀਤ ਸਿੰਘ ਜੰਜੂਆ, ਪਿੰਡ ਮਾਜਰਾ ਮੰਨਾ ਸਿੰਘ ਵਾਲਾ (ਫ਼ਤਹਿਗੜ੍ਹ ਸਾਹਿਬ)

Advertisement