ਪਾਠਕਾਂ ਦੇ ਖ਼ਤ
ਸਿਆਸੀ ਦਖ਼ਲ
3 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਗੁਰਿੰਦਰ ਕੌਰ ਦਾ ਪ੍ਰਦੂਸ਼ਣ ਬਾਰੇ ਲੇਖ ‘ਭਾਰਤ ਹਵਾ ਪ੍ਰਦੂਸ਼ਣ ਨਾਲ ਕਿਵੇਂ ਨਜਿੱਠੇ?’ ਵਧੀਆ ਸੀ। ਸਖ਼ਤ ਨਿਯਮਾਂ ਦੀ ਪਾਲਣਾ ਨਾ ਹੋਣਾ ਅਤੇ ਰਾਜਨੀਤਕ ਦਖ਼ਲ ਅੰਦਾਜ਼ੀ ਇਸ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ। ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਸ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ।
ਸ਼ੰਮੀ ਸ਼ਰਮਾ, ਪਟਿਆਲਾ
ਪ੍ਰਦੂਸ਼ਣ ਦੀ ਮਾਰ
3 ਅਪਰੈਲ ਦੇ ਨਜ਼ਰੀਆ ਪੰਨੇ ’ਤੇ ਡਾ. ਗੁਰਿੰਦਰ ਕੌਰ ਦਾ ਲੇਖ ‘ਭਾਰਤ ਹਵਾ ਦੇ ਪ੍ਰਦੂਸ਼ਣ ਨਾਲ ਕਿਵੇਂ ਨਜਿੱਠੇ’ ਪੜ੍ਹਿਆ। ਵਰਲਡ ਏਅਰ ਕੁਆਲਿਟੀ ਰਿਪੋਰਟ-2023 ਅਨੁਸਾਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਦੂਸ਼ਿਤ ਦੇਸ਼ ਅਤੇ ਦਿੱਲੀ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਹੈ। ਹਵਾ ਪ੍ਰਦੂਸ਼ਣ ਕਾਰਨ ਮਨੁੱਖੀ ਸਿਹਤ ਤੇ ਹਾਨੀਕਾਰਕ ਪ੍ਰਭਾਵ ਪੈ ਰਹੇ ਹਨ ਤੇ ਔਸਤ ਉਮਰ ਘਟ ਰਹੀ ਹੈ। ਸਰਕਾਰਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। 23 ਮਾਰਚ ਨੂੰ ਡਾ. ਰਘਬੀਰ ਕੌਰ ਦਾ ਲੇਖ ‘ਆਜ਼ਾਦੀ ਸੰਘਰਸ਼ ਦੀਆਂ ਗੁੰਮਨਾਮ ਵੀਰਾਂਗਣਾਂ’ ਅਤੇ ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਸ਼ਹੀਦ ਭਗਤ ਸਿੰਘ ਦਾ ਪੁਸਤਕ ਪ੍ਰੇਮ’ ਗਿਆਨ ਵਿਚ ਵਾਧਾ ਕਰਨ ਵਾਲੇ ਹਨ। ਇਸ ਤੋਂ ਪਹਿਲਾਂ 20 ਮਾਰਚ ਨੂੰ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਸਰਕਾਰ ਦੀ ਸਿੱਖਿਆ ਪ੍ਰਤੀ ਫ਼ਿਕਰਮੰਦੀ ਅਤੇ ਜ਼ਮੀਨੀ ਹਕੀਕਤ’ ਪੜ੍ਹਿਆ। ਇਹ ਲੇਖ ਵੀ ਵਿਚਾਰ ਉਤੇਜਕ ਹੈ। 15 ਮਾਰਚ ਦੇ ਨਜ਼ਰੀਆ ਪੰਨੇ ’ਤੇ ਪ੍ਰੇਮ ਚੌਧਰੀ ਦਾ ਲੇਖ ‘ਔਰਤਾਂ ਦੀ ਤਰੱਕੀ ਲਈ ਨਿਵੇਸ਼ ਦੀ ਲੋੜ’ ਆਲਮੀ ਪੱਧਰ ’ਤੇ ਔਰਤਾਂ ਨਾਲ ਹੁੰਦੇ ਲਿੰਗਕ ਵਖਰੇਵਿਆਂ ਨੂੰ ਨੁਕਤਾਚੀਨੀ ਹੇਠ ਲਿਆਂਦਾ ਹੈ। 14 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਪ੍ਰਵੀਨ ਬੇਗਮ ਦਾ ਮਿਡਲ ‘ਪਵਨ ਦਿਸ ਪਈ’ ਜਿੱਥੇ ਲੇਖਕਾ ਦੇ ਪੜ੍ਹਨ ਸਮੇਂ ਦੀਆਂ ਔਕੜਾਂ ਦੀ ਨਿਸ਼ਾਨਦੇਹੀ ਕਰਦਿਆਂ ਕਦੇ ਵੀ ਹਾਰ ਨਾ ਮੰਨਣ ਦੀ ਦੱਸ ਪਾਉਂਦਾ ਹੈ, ਉੱਥੇ ਵਿਗਿਆਨ ਤੇ ਤਕਨੀਕ ਦੇ ਅਜੋਕੇ ਯੁੱਗ ਵਿਚ ਵੀ ਲੋਕਾਂ ਦੀ ਰੂੜੀਵਾਦੀ ਸੋਚ ਅਤੇ ਮਾਨਸਿਕਤਾ ਨੂੰ ਉਜਾਗਰ ਕਰਦਾ ਹੈ।
ਤਰਸੇਮ ਸਿੰਘ, ਪਿੰਡ ਤੇ ਡਾਕਖਾਨਾ (ਪਟਿਆਲਾ)
ਭੁੱਖ ਬੁਰੀ…
ਪਹਿਲੀ ਅਪਰੈਲ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਆਪਬੀਤੀ ‘ਮੌਤੋਂ ਭੁੱਖ ਬੁਰੀ’ ਝੰਜੋੜਨ ਵਾਲੀ ਸੀ। ਸੱਚਮੁੱਚ ਗ਼ਰੀਬੀ ਸਮੇਂ ਬੰਦੇ ਦਾ ਕੋਈ ਸਾਥ ਨਹੀਂ ਦਿੰਦਾ, ਇਸੇ ਲਈ ਕਿਹਾ ਜਾਂਦਾ ਹੈ: ‘ਪੈਸੇ ਦੀ ਤੰਗੀ ਜੇਲ੍ਹ ਦੀ ਤੰਗੀ ਨਾਲੋਂ ਵੀ ਜ਼ਿਆਦਾ ਭੈੜੀ ਹੁੰਦੀ ਹੈ।’ ਫ਼ੋਕੀ ਹਮਦਰਦੀ ਤਾਂ ਬਥੇਰੇ ਦਿਖਾ ਦਿੰਦੇ ਹਨ ਪਰ ਲੋੜ ਪੈਣ ’ਤੇ ਮਦਦ ਕੋਈ ਵਿਰਲਾ ਹੀ ਕਰਦਾ ਹੈ। ਇਸ ਲਿਖਤ ਦੀਆਂ ਆਖ਼ਰੀ ਸਤਰਾਂ ਮਨ ਅੰਦਰ ਅੰਤਾਂ ਦੀ ਚੀਸ ਪੈਦਾ ਕਰਦੀਆਂ ਹਨ।
ਬਿਕਰਮਜੀਤ ਸਿੰਘ, ਭਾਦਸੋਂ (ਪਟਿਆਲਾ)
(2)
ਪਹਿਲੀ ਅਪਰੈਲ ਨੂੰ ਮੋਹਨ ਸ਼ਰਮਾ ਦਾ ਮਿਡਲ ‘ਮੌਤੋਂ ਭੁੱਖ ਬੁਰੀ’ ਪੜ੍ਹ ਕੇ ਮਨ ਵਲੂੰਧਿਰਆ ਗਿਆ। ਲੇਖਕ ਨੇ ਆਪਣਾ ਬਚਪਨ ਦਾ ਸੰਘਰਸ਼ ਪਾਠਕਾਂ ਦੇ ਸਨਮੁੱਖ ਰੱਖ ਕੇ ਰੌਂਗਟੇ ਖੜ੍ਹੇ ਕਰ ਦਿੱਤੇ। ਇਹ ਪੜ੍ਹਦਿਆਂ ਮਨ ਹੋਰ ਵੀ ਪਸੀਜ ਗਿਆ ਜਦੋਂ ਲੇਖਕ ਲਿਖਦਾ ਹੈ ਕਿ ਗਰਮ ਗਰਮ ਰੋਟੀ ਖਾਂਦਿਆਂ ਮੇਰਾ ਬਾਲ ਮਨ ਮੈਨੂੰ ਹੀ ਮੁਖ਼ਾਤਬਿ ਸੀ- ‘ਇਹ ਮੈਨੂੰ ਵਧੀਆ ਰੋਟੀ ਇਸ ਕਰ ਕੇ ਖੁਆ ਰਹੀ ਐ, ਬਈ ਮੇਰਾ ਭਰਾ ਮਰ ਗਿਆ।’ ਅਗਲੀਆਂ ਸਤਰਾਂ ਰੁਆਉਣ ਵਾਲੀਆਂ ਹਨ।
ਸ ਸ ਰਮਲਾ, ਸੰਗਰੂਰ
ਦਾਅ ’ਤੇ ਭਰੋਸੇਯੋਗਤਾ
30 ਮਾਰਚ ਦਾ ਸੰਪਾਦਕੀ ‘ਦਾਅ ’ਤੇ ਲੱਗੀ ਭਰੋਸੇਯੋਗਤਾ’ ਪੜ੍ਹ ਕੇ ਇਹ ਅਹਿਸਾਸ ਹੁਣ ਪੱਕਾ ਹੋ ਗਿਆ ਹੈ ਕਿ ਉਹ ਸਮਾਂ ਹੁਣ ਦੂਰ ਨਹੀਂ ਜਦੋਂ ਨੈਤਿਕਤਾ ਪੜ੍ਹਾਉਣ ਵੇਲੇ ਕਿਹਾ ਜਾਵੇਗਾ ਕਿ ਨੈਤਿਕਤਾ ਦੋ ਕਿਸਮ ਦੀ ਹੁੰਦੀ ਹੈ: ਇਕ, ਸੋਹਣੀ ਜ਼ਿੰਦਗੀ ਜਿਊਣ ਲਈ; ਦੂਜੀ, ਰਾਜਨੀਤਕ ਨੈਤਿਕਤਾ। ਮੌਜੂਦਾ ਕੇਂਦਰੀ ਸਰਕਾਰ ਨੇ ਜਿਵੇਂ ਭਾਰਤੀ ਸੰਸਥਾਵਾਂ ਦਾ ਰਾਜਨੀਤੀਕਰਨ ਕਰ ਦਿੱਤਾ ਹੈ, ਉਹ ਸ਼ਾਇਦ ਹੁਣ ਟੀਸੀ ’ਤੇ ਪਹੁੰਚ ਗਿਆ ਹੈ। ਅਕਸਰ ਲੋਕ ਕਹਿੰਦੇ ਸੁਣੇ ਜਾਂਦੇ ਹਨ- ਵਿਰੋਧੀ ਹੋ ਤਾਂ ਭ੍ਰਿਸ਼ਟ ਪਰ ਜੇ ਸਰਕਾਰ ਨਾਲ ਜਾਵੋ, ਫਿਰ ਮਸ਼ੀਨ ਵਿਚ ਧੋਤੇ ਜਾਉਗੇ ਤੇ ਹੋ ਜਾਉਗੇ ਨਿਰਮਲ। ਜਿਵੇਂ ਚੋਣ ਬਾਂਡਾਂ ਦਾ ਭਾਂਡਾ ਫੁੱਟਿਆ ਹੈ, ਉਸ ਤੋਂ ਸਰਕਾਰ ਦਾ ਮਨਸ਼ਾ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਰੂਪ ਦੇਣਾ ਹੀ ਸੀ। ਪੰਜ ਸਾਲਾਂ ਵਿਚ ਆਪਣਾ ਉੱਲੂ ਸਿੱਧਾ ਕਰਨ ਲਈ ਕੰਪਨੀਆਂ ਅਤੇ ਲੋਕਾਂ ਤੋਂ ਪੈਸਾ ਲਿਆ ਗਿਆ। ਦੇਸ਼ ਦੇ ਲੋਕਾਂ ਦਾ ਜੀਵਨ ਹੁਣ ਉੱਚ ਕਦਰਾਂ-ਕੀਮਤਾਂ ਵਾਲਾ ਨਾ ਹੋ ਕੇ ਬੱਸ ਰਾਜਨੀਤਕ ਸੱਤਾ ਹਾਸਲ ਕਰਨ ਦੇ ਢੰਗ ਤਰੀਕਿਆਂ ਤਕ ਸਿਮਟ ਗਿਆ ਹੈ, ਹੋਰ ਸਿਮਟ ਜਾਵੇਗਾ। ਨਿਰਾਸ਼ਾਵਾਦੀ ਨਹੀਂ ਹਾਂ ਪਰ ਸੱਚ ਤੋਂ ਅੱਖਾਂ ਕਿਵੇਂ ਮੀਟੀਏ?
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ
ਇਤਰਾਂ ਦੇ ਚੋਅ
28 ਮਾਰਚ ਨੂੰ ਹਰਜਿੰਦਰ ਸਿੰਘ ਗੁਲਪੁਰ ਦਾ ਲੇਖ ‘ਜਿੱਥੇ ਇਤਰਾਂ ਦੇ ਵਗਦੇ ਨੇ ਚੋਅ…’ ਪੜ੍ਹਿਆ। ਮਨ ਨੂੰ ਸਕੂਨ ਮਿਲਿਆ ਕਿ ਕਿਸੇ ਨੇ ਤਾਂ ਸੱਚ ਬੋਲਣ ਦੀ ਜੁਰਅਤ ਦਿਖਾਈ। ਲੇਖਕ ਨੇ ਜਿੱਥੇ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੇ ਪੰਜਾਬ ਦੀ ਪੇਂਡੂ ਸਭਿਅਤਾ ਦੀ ਪੇਸ਼ਕਾਰੀ ਕੀਤੀ, ਉੱਥੇ ਉਸ ਨੇ ਰਾਜਨੀਤੀਵਾਨਾਂ ਦਾ ਵਰਨਣ ਵਧੀਆ ਢੰਗ ਨਾਲ ਕੀਤਾ ਹੈ। ਜਿੱਥੋਂ ਤਕ ਪੰਜਾਬ ਦੇ ਮੁੱਢਲੇ ਵਿਦਿਅਕ ਢਾਂਚੇ ਦਾ ਵਰਨਣ ਲੇਖਕ ਨੇ ਕੀਤਾ ਹੈ- ਸਕੂਲ ਜਾਣਾ, ਖੱਡਾਂ ਦਾ ਆਉਣਾ, ਵਾੜ ਕਰੇਲੇ ਤੋੜਨਾ, ਆਦਿ ਪਿਆਰਾ ਚਿਤਰਨ ਹੈ। ਸਕਰਾਰਾਂ ਦੀ ਵਿਕਾਸ ਨੀਤੀ ਕਿਸ ਤਰ੍ਹਾਂ ਵਿਨਾਸ਼ ਵੱਲ ਵਧ ਜਾਂਦੀ ਹੈ, ਉਹ ਵੀ ਲੇਖਕ ਨੇ ਵਧੀਆ ਉਦਾਹਰਨ ਦੇ ਕੇ ਦੱਸਿਆ ਹੈ। ਜਿਹੜੀ ਗੱਲ ਲੇਖਕ ਨੇ ਨਿਚੋੜ ਕੱਢ ਕੇ ਲਿਖੀ ਹੈ, ਉਹ ਇਹ ਹੈ ਕਿ ਜਲ, ਜੰਗਲ ਅਤੇ ਜ਼ਮੀਨ ਦੀ ਸਾਂਭ ਸੰਭਾਲ ਕਰੀਏ।
ਰੋਸ਼ਨਜੀਤ ਪਨਾਮ, ਈਮੇਲ
ਕੇਜਰੀਵਾਲ ਦਾ ਏਜੰਡਾ
ਨਜ਼ਰੀਆ ਪੰਨੇ ਉੱਤੇ ਛਪੇ ਲੇਖ ‘ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਮਸਲਾ’ (21 ਮਾਰਚ) ਵਿਚ ਰਾਜੇਸ਼ ਰਾਮਚੰਦਰਨ ਦਾ ਕਹਿਣਾ ਸਹੀ ਹੈ ਕਿ ਅਰਵਿੰਦ ਕੇਜਰੀਵਾਲ ਦਾ ਸਮਾਜਿਕ ਏਜੰਡਾ ਹਮੇਸ਼ਾ ਹਿੰਦੂਤਵ ਪ੍ਰਤੀ ਉਲਾਰ ਰਿਹਾ ਹੈ। ਇਹ ਗੱਲ ਠੀਕ ਵੀ ਹੈ ਕਿਉਂਕਿ ਕੇਜਰੀਵਾਲ ਨੇ ਭਾਜਪਾ ਦੀਆਂ ਮੁਸਲਮਾਨ ਵਿਰੋਧੀ ਨੀਤੀਆਂ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। ਸਾਲ 2020 ਵਿਚ ਦਿੱਲੀ ਵਿੱਚ ਜੋ ਦਰਦਨਾਕ ਹਾਲਾਤ ਬਣੇ, ਉਨ੍ਹਾਂ ਦੇ ਮੱਦੇਨਜ਼ਰ ਲੋਕਾਂ ਦੇ ਮਨਾਂ ’ਚ ਪੈਦਾ ਹੋਈਆਂ ਕੁਝ ਸ਼ੰਕਾਵਾਂ ਬੜੀਆਂ ਸੁਭਾਵਿਕ ਅਤੇ ਸੰਕੇਤਕ ਹਨ। ਕੇਂਦਰ ਸਰਕਾਰ ਦੁਆਰਾ ਲਿਆਂਦੇ ਸੀਏਏ ਕਾਰਨ ਭਖਦਾ ਮਾਹੌਲ, ਸ਼ਾਹੀਨ ਬਾਗ਼ ਦਾ ਅੰਦੋਲਨ, ਦੰਗਿਆਂ ਵਿਚ ਇਕ ਮਜ਼ਹਬ ਦੇ ਲੋਕਾਂ ਤੇ ਟੁੱਟਿਆ ਕਹਿਰ…ਇਨ੍ਹਾਂ ਸਾਰੀਆਂ ਘਟਨਾਵਾਂ ਸਮੇਂ ਕੇਜਰੀਵਾਲ ਦੀ ਚੁੱਪ ਹੈਰਾਨ ਕਰਨ ਵਾਲੀ ਸੀ। ਜਾਮੀਆ ਮਿਲੀਆ ਅਤੇ ਜੇਐੱਨਯੂ ਦੇ ਅੰਦਰ ਪੁਲੀਸ ਅਤੇ ਏਬੀਵੀਪੀ ਦੀ ਵਧੀਕੀ ਕਾਰਨ ਵਿਦਿਆਰਥੀਆਂ ਨਾਲ ਉੱਥੇ ਜੋ ਵਾਪਰਿਆ, ਉਹ ਝੰਜੋੜਨ ਵਾਲਾ ਸੀ ਲੇਕਿਨ ਉਸ ਸਮੇਂ ਕੇਜਰੀਵਾਲ ਦੇ ਹਮਦਰਦੀ ਦੇ ਦੋ ਬੋਲ ਵੀ ਸੁਣਨ ਨੂੰ ਨਹੀਂ ਮਿਲੇ। ਉਸ ਤੋਂ ਬਾਅਦ ਕਿਸਾਨਾਂ ਦੇ ਸਾਲ ਭਰ ਚੱਲੇ ਅੰਦੋਲਨ ਦਾ ਵੀ ਕੀ ਕੇਜਰਵਾਲ ’ਤੇ ਕੋਈ ਅਸਰ ਦਿਖਾਈ ਦਿੱਤਾ? ਇਹ ਸਾਰੇ ਹਾਲਾਤ ਦਿੱਲੀ ਵਿਚ ਕੇਜਰੀਵਾਲ ਦੇ ਮੁੱਖ ਮੰਤਰੀ ਹੋਣ ਸਮੇਂ ਦੇ ਹਨ। ਪਤਾ ਨਹੀਂ ਭਗਵੰਤ ਮਾਨ ਦਾ ਕਦੇ ਇਨ੍ਹਾਂ ਗੱਲਾਂ ਵੱਲ ਧਿਆਨ ਗਿਆ ਜਾਂ ਨਹੀਂ।
ਸ਼ੋਭਨਾ ਵਿਜ, ਪਟਿਆਲਾ
ਚੁਣਾਵੀ ਬਾਂਡ ਵਾਲੀ ਸਿਆਸਤ
29 ਮਾਰਚ ਦੇ ਅੰਕ ਵਿਚ ਔਨੰਦਿਓ ਚੱਕਰਵਰਤੀ ਦਾ ਲੇਖ ‘ਚੁਣਾਵੀ ਬਾਂਡ ਅਤੇ ਕਾਲਾ ਧਨ’ ਪੜ੍ਹਿਆ। ਉਸ ਦਾਨੀ ਕੰਪਨੀ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ ਜਿਸ ਨੇ ਆਪਣੀ ਆਮਦਨ ਤੋਂ ਵੀ ਵੱਧ ਪੈਸਾ ਦਿੱਤਾ ਹੈ। ਅਜਿਹੀ ਕੰਪਨੀ ਕਿਸੇ ਅਜਿਹੇ ਟੋਲੇ ਦੀ ਹੀ ਹੋ ਸਕਦੀ ਹੈ ਜਿਸ ਕੋਲ ਕਾਲੇ ਧਨ ਦੇ ਢੇਰ ਹੋਣਗੇ। ਉਨ੍ਹਾਂ ਕੰਪਨੀਆਂ ਦੇ ਵੀ ਅਸ਼ਕੇ ਜਾਈਏ ਜਿਨ੍ਹਾਂ ਨੇ ਈਡੀ ਦੇ ਛਾਪਿਆਂ ਤੋਂ ਬਾਅਦ ਦੂਸਰਿਆਂ ਨਾਲੋਂ ਜ਼ਿਆਦਾ ਪੈਸੇ ਦਿੱਤੇ। ਜੇਕਰ ਈਡੀ ਕਾਨੂੰਨ ਮੁਤਾਬਿਕ ਇਨ੍ਹਾਂ ਤੋਂ ਉਗਰਾਹੀ ਕਰਦੀ ਹੈ, ਤਦ ਇਹ ਪੈਸਾ ਸਰਕਾਰ ਦੇ ਖਜ਼ਾਨੇ ਜਾਣਾ ਸੀ ਅਤੇ ਦੇਸ਼ ਹਿੱਤ ਲਈ ਵਰਤਿਆ ਜਾਂਦਾ ਪਰ ਬਾਂਡ ਖਰੀਦਣ ਲਈ ਵਰਤਿਆ ਪੈਸਾ ਕਿਸੇ ਸਿਆਸੀ ਪਾਰਟੀ ਨੂੰ ਜਾਵੇਗਾ। ਅਜਿਹੇ ਕੇਸਾਂ ਵਿਚ ਤਾਂ ਇਹ ਸੱਤਾਧਾਰੀ ਪਾਰਟੀ ਨੂੰ ਹੀ ਜਾ ਸਕਦਾ ਹੈ ਕਿਉਂਕਿ ਈਡੀ ਦਾ ਮਾਮਲਾ ਵੀ ਨਾਲ ਹੀ ਨਜਿੱਠਿਆ ਜਾਂਦਾ ਹੈ। ਦੇਸ਼ ਦੇ ਵਪਾਰੀ ਅਤੇ ਸਿਆਸੀ ਵਰਗ ਦੀ ਅਜਿਹੀ ਨੈਤਿਕਤਾ ਇਸ ਮਾਨਸਿਕਤਾ ਤੋਂ ਉਪਜੀ ਹੈ ਕਿ ਇਨ੍ਹਾਂ ਨੂੰ ਆਪਣੇ ਨਿੱਜੀ ਹਿੱਤ ਹੀ ਪਿਆਰੇ ਹਨ, ਦੇਸ਼ ਹਿੱਤ ਨਾਲ ਇਨ੍ਹਾਂ ਨੂੰ ਕੋਈ ਸਰੋਕਾਰ ਨਹੀਂ। ਇਹ ਸਾਡੇ ਦੇਸ਼ ਦੀ ਤ੍ਰਾਸਦੀ ਹੈ ਕਿ ਸਾਡੇ ਸਿਆਸੀ ਆਗੂ ਬਿਰਤਾਂਤ ਹੀ ਅਜਿਹਾ ਸਿਰਜਦੇ ਹਨ ਜਿਹੜਾ ਆਮ ਆਦਮੀ ਨੂੰ ਜਚਾ ਦਿੰਦਾ ਹੈ ਕਿ ਇਹ ਆਗੂ ਸੱਤਾ ਵਿਚ ਆਉਂਦੇ ਹੀ ਦੇਸ਼ ਦੀ ਨੁਹਾਰ ਬਦਲ ਦੇਣਗੇ।
ਜਗਰੂਪ ਸਿੰਘ, ਲੁਧਿਆਣਾ