ਪਾਠਕਾਂ ਦੇ ਖ਼ਤ
ਕਰਜ਼ੇ ਦੀ ਪੰਡ
21 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਕਰਜ਼ੇ ਦਾ ਮੱਕੜਜਾਲ: ਕੁਝ ਖ਼ਾਸ ਪਹਿਲੂ’ ਪੜ੍ਹਿਆ। ਉਨ੍ਹਾਂ ਪੰਜਾਬ ਦੇ ਦਿਨੋ-ਦਿਨ ਵਧ ਰਹੇ ਕਰਜ਼ੇ ਸਬੰਧੀ ਤੱਥਾਂ ਸਹਿਤ ਜਾਣਕਾਰੀ ਸਾਹਮਣੇ ਲਿਆਂਦੀ ਹੈ। 80ਵਿਆਂ ਤੋਂ ਸ਼ੁਰੂ ਹੋਇਆ ਕਰਜ਼ੇ ਦਾ ਇਹ ਸਿਲਸਿਲਾ ਟੁੱਟਣ ਦਾ ਨਾਮ ਨਹੀਂ ਲੈ ਰਿਹਾ। ਪੰਜਾਬ ਸਿਰ ਕਰਜ਼ੇ ਦੀ ਪੰਡ ਦਿਨੋ-ਦਿਨ ਭਾਰੀ ਹੋ ਰਹੀ ਹੈ। ਕਰਜ਼ੇ ਦੇ ਇਸ ਮੱਕੜਜਾਲ ਵਿਚੋਂ ਤੁਰੰਤ ਨਿਕਲਣ ਦਾ ਕੋਈ ਰਸਤਾ ਫਿਲਹਾਲ ਨਜ਼ਰ ਨਹੀਂ ਆਉਂਦਾ। ਜੇਕਰ ਸਰਕਾਰ ਨੇ ਲੋਕਾਂ ਨੂੰ ਮਿਲਣ ਵਾਲੀਆਂ ਸਬਸਿਡੀਆਂ ਅਤੇ ਮੁਫ਼ਤ ਸਹੂਲਤਾਂ ’ਤੇ ਨਜ਼ਰਸਾਨੀ ਨਾ ਕੀਤੀ ਤਾਂ ਹਾਲਾਤ ਹੋਰ ਬਦਤਰ ਹੋਣਗੇ। ਅੱਜ ਦੇ ਅਖ਼ਬਾਰ ਦੇ ਮੁੱਖ ਪੰਨੇ ’ਤੇ ਖ਼ਬਰ ਛਪੀ ਹੈ ਕਿ ਭਾਰਤ ਦੇ ਇਕ ਫ਼ੀਸਦੀ ਧਨਾਢਾਂ ਕੋਲ ਮੁਲਕ ਦੀ 40 ਫ਼ੀਸਦੀ ਦੌਲਤ ਹੈ। ਭਾਰਤ ਵਿਚ ਵਧਦੀ ਨਾ-ਬਰਾਬਰੀ ਤੇ ਪ੍ਰਾਂਤਾਂ ਦਾ ਕਰਜ਼ਾ ਬਿਨਾ ਸ਼ੱਕ ਆਮ ਲੋਕਾਂ ਲਈ ਚੰਗਾ ਸੰਕੇਤ ਨਹੀਂ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਰਬਪਤੀਆਂ ’ਤੇ ਟੈਕਸ ਲਾ ਕੇ ਉਨ੍ਹਾਂ ਨੂੰ ਮਿਲਦੇ ਵੱਡੇ ਆਰਥਿਕ ਪੈਕੇਜਾਂ ’ਤੇ ਰੋਕ ਲਾਵੇ। ਆਮ ਜਨਤਾ ਵਿਚ ਲੋੜਵੰਦਾਂ ਨੂੰ ਹੀ ਆਰਥਿਕ ਸਹੂਲਤਾਂ ਦਿੱਤੀਆਂ ਜਾਣ।
ਗੁਰਦੀਪ ਸਿੰਘ ਲੈਕਚਰਾਰ, ਰਾਮਪੁਰਾ ਫੂਲ
(2)
21 ਮਾਰਚ ਨੂੰ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਕਰਜ਼ੇ ਦਾ ਮੱਕੜਜਾਲ’ ਅੱਖਾਂ ਖੋਲ੍ਹਣ ਵਾਲਾ ਹੈ। ਇਹ ਸਹੀ ਹੈ ਕਿ ਜਿੰਨਾ ਚਿਰ ਮੁਫ਼ਤ ਸਹੂਲਤਾਂ ਦੀ ਪੁਣਛਾਣ ਨਹੀਂ ਕੀਤੀ ਜਾਂਦੀ ਅਤੇ ਇਹ ਪਤਾ ਨਹੀਂ ਕੀਤਾ ਜਾਂਦਾ ਕਿ ਇਨ੍ਹਾਂ ਸਹੂਲਤਾਂ ਦੀ ਲੋੜ ਕਿਸ-ਕਿਸ ਨੂੰ ਹੈ, ਵਧਦੇ ਕਰਜ਼ੇ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ।
ਕੁਲਵੰਤ ਸਿੰਘ, ਬਠਿੰਡਾ
ਪਤੰਜਲੀ ਦੀ ਜਵਾਬਦੇਹੀ
21 ਮਾਰਚ ਦਾ ਸੰਪਾਦਕੀ ‘ਪਤੰਜਲੀ ਦੀ ਜਵਾਬਦੇਹੀ’ ਪੜ੍ਹਿਆ। ਯੋਗ ਗੁਰੂ ਰਾਮਦੇਵ ਅਤੇ ਉਸ ਦੀ ਕੰਪਨੀ ਪਤੰਜਲੀ ਆਯੁਰਵੇਦ ਮੌਜੂਦਾ ਸਰਕਾਰ ਦੀ ਸ਼ਹਿ ਉਤੇ ਹੀ ਅਦਾਲਤੀ ਹੁਕਮਾਂ ਅਤੇ ਹਦਾਇਤਾਂ ਦੀ ਉਲੰਘਣਾ ਕਰ ਰਹੇ ਹਨ। ਇਹ ਕੰਪਨੀ ਆਪਣੇ ਇਸ਼ਤਿਹਾਰਾਂ ਵਿਚ ਦੂਜੀਆਂ ਇਲਾਜ ਪ੍ਰਣਾਲੀਆਂ ਨੂੰ ਮਾਰ ਹੇਠ ਲਿਆਉਂਦੀਆਂ ਹਨ ਜੋ ਸਰਾਸਰ ਗ਼ਲਤ ਹੈ। ਇਹ ਸਾਰਾ ਕੁਝ ਆਪਣਾ ਸਮਾਨ ਵੇਚਣ ਲਈ ਕੀਤਾ ਜਾ ਰਿਹਾ ਹੈ।
ਕਸ਼ਮੀਰ ਸਿੰਘ ਸੇਖੋਂ, ਜਲੰਧਰ
ਵਿਦਿਆ ਦੀ ਭੂਮਿਕਾ
21 ਮਾਰਚ ਦੇ ਨਜ਼ਰੀਆ ਪੰਨੇ ’ਤੇ ਛਪਿਆ ਹਰਦੀਪ ਚਿੱਤਰਕਾਰ ਦਾ ਲੇਖ ‘ਵਿਦਿਆ ਵਿਚਾਰੀ…’ ਪੜ੍ਹ ਕੇ ਪਤਾ ਲੱਗਦਾ ਹੈ ਕਿ ਜੀਵਨ ਨੂੰ ਸਹੀ ਸੇਧ ਦੇਣ ਲਈ ਵਿਦਿਆ ਅਹਿਮ ਰੋਲ ਅਦਾ ਕਰਦੀ ਹੈ। ਸਿਆਣੇ ਕਹਿੰਦੇ ਹਨ ਕਿ ਵਿਦਿਆ ਮਨੁੱਖ ਦੀ ਤੀਜੀ ਅੱਖ ਹੈ ਜੋ ਅਜੋਕੇ ਯੁੱਗ ਵਿਚ ਹੋਰ ਵੀ ਠੀਕ ਢੁੱਕਦੀ ਹੈ। ਅੱਜ ਕੱਲ੍ਹ ਬਹੁਤ ਸਾਰੇ ਬੱਚੇ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਇਹ ਪੜ੍ਹਿਆ ਲਿਖਿਆ ਸ਼ਖ਼ਸ ਹੀ ਹੈ ਜਿਹੜਾ ਡਾਲਰਾਂ ਦੀ ਚਮਕ ਵਿਚ ਵੀ ਆਪਣੇ ਵਤਨ ਦੀ ਮਿੱਟੀ ਨੂੰ ਨਹੀਂ ਭੁੱਲਦਾ ਤੇ ਆਪਣੇ ਪਿੱਛੇ ਰਹਿ ਗਏ ਸਾਥੀਆਂ ਦੀ ਭਲਾਈ ਦੇ ਕੰਮਾਂ ਵਿਚ ਆਪਣਾ ਯੋਗਦਾਨ ਪਾਉਣ ਤੋਂ ਪਿੱਛੇ ਨਹੀਂ ਹਟਦਾ। 14 ਮਾਰਚ ਦੇ ਨਜ਼ਰੀਆ ਪੰਨੇ ’ਤੇ ਡਾ. ਪ੍ਰਵੀਨ ਬੇਗਮ ਦਾ ਲੇਖ ‘ਪਵਨ ਦਿਸ ਪਈ’ ਪੜ੍ਹਿਆ। ਇਹ ਔਰਤ ਦੇ ਆਪਣੇ ਆਪ ਨੂੰ ਸਿੱਖਿਅਤ ਕਰਨ ਲਈ ਸੰਘਰਸ਼ ਦੀ ਕਹਾਣੀ ਹੈ। ਲੇਖਕ ਅੱਗੇ ਵਧਣ ਲਈ ਰੂੜੀਵਾਦੀ ਸਮਾਜ ਨਾਲ ਟੱਕਰ ਲੈਣ ਤੋਂ ਘਬਰਾਈ ਨਹੀਂ। ਹੁਣ ਭਾਵੇਂ ਹਾਲਾਤ ਪਹਿਲਾਂ ਨਾਲੋਂ ਕਾਫੀ ਬਦਲ ਚੁੱਕੇ ਹਨ, ਫੇਰ ਵੀ ਕੁਝ ਪਰਿਵਾਰਾਂ, ਫ਼ਿਰਕਿਆਂ, ਧਰਮਾਂ ਵਿਚ ਅਜੇ ਵੀ ਔਰਤ ਦੇ ਅਗਾਂਹਵਧੂ ਹੋਣ ਨੂੰ ਬਰਦਾਸ਼ਤ ਨਹੀਂ ਕੀਤਾ ਜਾਂਦਾ। ਬਹਾਦਰੀ ਇਸੇ ਵਿਚ ਹੈ ਕਿ ਆਪਣੇ ਠੀਕ ਟੀਚੇ ਨੂੰ ਪ੍ਰਾਪਤ ਕਰਨ ਲਈ ਠੀਕ ਰਾਹ ਅਪਣਾਇਆ ਜਾਵੇ ਭਾਵੇਂ ਉਹ ਸਮਾਜਿਕ ਲੀਹਾਂ ਤੋਂ ਥੋੜ੍ਹਾ ਹਟ ਕੇ ਹੀ ਕਿਉਂ ਨਾ ਹੋਵੇ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਔਰਤਾਂ ਕੋਲ ਹਥਿਆਰ
21 ਮਾਰਚ ਦੇ ਪੰਨਾ ਨੰਬਰ 10 ਉੱਤੇ ਛਪੀ ਖ਼ਬਰ ‘ਸ਼ੌਕ ਬੰਦੂਕਾਂ ਦਾ’ ਵਿੱਚ ਔਰਤਾਂ ਕੋਲ ਦਿਨੋ-ਦਿਨ ਵਧ ਰਹੀ ਹਥਿਆਰਾਂ ਦੀ ਗਿਣਤੀ ਬਾਰੇ ਚਰਚਾ ਹੈ। ਇਹ ਔਰਤਾਂ ਦੀ ਸੁਰੱਖਿਆ ਦੇ ਨਾਲ-ਨਾਲ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਇਕ ਰਿਪੋਰਟ ਅਨੁਸਾਰ ਪੰਜਾਬ ਵਿੱਚ ਕੁੱਲ 2.38 ਲੱਖ ਲਾਇਸੈਂਸ ਤੇ 2.87 ਲੱਖ ਹਥਿਆਰ ਰਜਿਸਟਰਡ ਹਨ ਜਿਹਨਾਂ ਵਿੱਚੋਂ ਔਰਤਾਂ ਕੋਲ 3784 ਲਾਇਸੈਂਸ ਤੇ 4328 ਹਥਿਆਰ ਹਨ। ਔਰਤਾਂ ਵਿੱਚ ਹਥਿਆਰ ਰੱਖਣ ਦੀ ਬਿਰਤੀ ਨੂੰ ਜਿਥੇ ਔਰਤ ਦੀ ਸੁਰੱਖਿਆ ਲਈ ਜ਼ਰੂਰੀ ਦਰਸਾਇਆ ਗਿਆ ਹੈ ਉਥੇ ਮਨੋਵਿਗਿਆਨਕ ਮਾਹਿਰਾਂ ਅਤੇ ਸਮਾਜ ਵਿਗਿਆਨੀਆਂ ਅਨੁਸਾਰ ਹਥਿਆਰ ਰੱਖਣਾ ਹੁਣ ਸਟੇਟਸ ਵੀ ਬਣ ਚੁੱਕਿਆ ਹੈ। ਅੱਜ ਕੱਲ੍ਹ ਬਹੁਤੀ ਚੱਲ ਰਹੀ ਮਾੜੀ ਗਾਇਕੀ ਅਤੇ ਫਿਲਮਾਂ ਨੇ ਹਥਿਆਰ ਰੱਖਣ ਲਈ ਉਤਸ਼ਾਹਿਤ ਕੀਤਾ ਹੈ। ਨੌਜਵਾਨ ਹਥਿਆਰ ਚੁੱਕ ਕੇ ਸੋਸ਼ਲ ਮੀਡੀਆ ’ਤੇ ਰੀਲ ਬਣਾਉਂਦੇ ਅਤੇ ਫੋਟੋ ਪਾਉਂਦੇ ਹਨ। ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਹਥਿਆਰਾਂ ਦੀ ਵਧ ਰਹੀ ਗਿਣਤੀ ’ਤੇ ਲਗਾਮ ਲਗਾਉਣਾ ਬਹੁਤ ਜ਼ਰੂਰੀ ਅਤੇ ਸਮੇਂ ਦੀ ਲੋੜ ਹੈ। ਸਰਕਾਰ ਨੂੰ ਜਿੱਥੇ ਨਵੇਂ ਲਾਇਸੈਂਸ ਜਾਰੀ ਕਰਨ ’ਤੇ ਰੋਕ ਲਗਾਉਣੀ ਚਾਹੀਦੀ ਹੈ ਉਥੇ ਸਮਾਜਿਕ ਕਾਰਕੁਨਾਂ ਅਤੇ ਸੰਸਥਾਵਾਂ ਨੂੰ ਵੀ ਹਥਿਆਰਾਂ ਬਾਰੇ ਜਾਗਰੂਕਤਾ ਵਧਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਸ਼ਕਤੀ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।
ਰਜਵਿੰਦਰ ਪਾਲ ਸ਼ਰਮਾ, ਈਮੇਲ
ਜ਼ਿੰਦਗੀ ਦੀ ਕਿਤਾਬ
20 ਮਾਰਚ ਦੇ ਨਜ਼ਰੀਆ ਪੰਨੇ ’ਤੇ ਗੁਰਦੀਪ ਢੁੱਡੀ ਦੇ ਮਿਡਲ ‘ਗੁਣੀ ਗਿਆਨੀ’ ਵਿਚ ਉਨ੍ਹਾਂ ਮਨੁੱਖਾਂ ਦੀ ਗੱਲ ਕੀਤੀ ਹੈ ਜਿਹੜੇ ਜ਼ਿੰਦਗੀ ਦੀ ਕਿਤਾਬ ਵਾਂਗ ਖੁੱਲ੍ਹਦੇ ਹਨ, ਜਿਨ੍ਹਾਂ ਨੂੰ ਵਾਕਈ ਕਿਤਾਬ ਵਾਂਗ ਪੜ੍ਹਿਆ ਜਾ ਸਕਦਾ ਹੈ। ਅਜਿਹੇ ਲੋਕ ਭਾਵੇਂ ਬਹੁਤੇ ਪੜ੍ਹੇ-ਲਿਖੇ ਨਹੀਂ ਹੁੰਦੇ ਪਰ ਜ਼ਿੰਦਗੀ ਦੇ ਤਜਰਬੇ ਦੇ ਆਧਾਰ ਉੱਤੇ ਕਿਸੇ ਗੁਣੀ ਗਿਆਨੀ ਤੋਂ ਘੱਟ ਨਹੀਂ ਹੁੰਦੇ। ਅਜਿਹੇ ਲੋਕ ਹੀਰੇ ਹੁੰਦੇ ਹਨ ਅਤੇ ਲੋਕਾਂ ਦੇ ਕੰਮ ਵੀ ਬਹੁਤ ਆਉਂਦੇ ਹਨ।
ਰੇਸ਼ਮ ਸਿੰਘ, ਹੁਸ਼ਿਆਰਪੁਰ
ਪੜ੍ਹੇ ਬਿਨਾਂ
ਨਜ਼ਰੀਆ ਪੰਨੇ ’ਤੇ ਡਾ. ਪ੍ਰਵੀਨ ਬੇਗਮ ਦੀ ਰਚਨਾ ‘ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ’ (19 ਮਾਰਚ) ਪੜ੍ਹੀ। ਬੰਦਸ਼ਾਂ ਭਰੇ ਸਮਾਜ ਵਿਚ ਔਰਤ ਨੂੰ ਚੰਗਿਆੜੀ ਬਣ ਕੇ ਕੁਰੀਤੀਆਂ ਨੂੰ ਦੂਰ ਕਰ ਕੇ ਆਪਣੀ ਵੱਖਰੀ ਪਛਾਣ ਬਣਾਉਣੀ ਚਾਹੀਦੀ ਹੈ ਤਾਂ ਜੋ ਕੁੜੀਆਂ ਬਾਰੇ ਮਾੜੀ ਸੋਚ ਰੱਖਣ ਵਾਲਿਆਂ ਦੇ ਮੂੰਹ ਬੰਦ ਹੋ ਜਾਣ। ਸਾਰੀਆਂ ਭੈਣਾਂ ਨੂੰ ਮਿਲ ਕੇ ਹੀ ਆਪਣੇ ਲਈ ਅਹਿਮ ਫ਼ੈਸਲੇ ਕਰਨੇ ਚਾਹੀਦੇ ਹਨ ਤਾਂ ਕਿ ਜ਼ਿੰਦਗੀ ਵਿਚ ਆਪਣਾ ਰੁਤਬਾ ਕਾਇਮ ਹੋ ਸਕੇ।
ਨਵਜੀਤ ਕੌਰ, ਝੁਨੇਰ (ਮਾਲੇਰਕੋਟਲਾ)
(2)
19 ਮਾਰਚ ਦੇ ਅੰਕ ਵਿਚ ਛਪੇ ਫੀਚਰ ‘ਤੇਰਾ ਪੜ੍ਹੇ ਬਿਨਾਂ ਨਹੀਂ ਸਰਨਾ’ (ਡਾ. ਪ੍ਰਵੀਨ ਬੇਗ਼ਮ) ਵਿਚ ਜ਼ਿੰਦਗੀ ਵਿਚ ਕੁਝ ਕਰ ਦਿਖਾਉਣ ਦੇ ਜਜ਼ਬੇ ਬਾਰੇ ਦੱਸਿਆ ਗਿਆ ਹੈ। ਇਹ ਲਿਖਤ ਹਰ ਕਿਸੇ ਲਈ ਪ੍ਰੇਰਨਾ ਸਰੋਤ ਬਣ ਸਕਦੀ ਹੈ। ਕੋਈ ਵੀ ਇਨਸਾਨ ਸ਼ਕਲ ਸੂਰਤ ਤੋਂ ਨਹੀਂ ਪਛਾਣਿਆ ਜਾਂਦਾ, ਉਸ ਦੀ ਚੰਗੀ ਸ਼ਖ਼ਸੀਅਤ ਅਤੇ ਉਸ ਦੇ ਚੰਗੇ ਕੰਮਾਂ ਨਾਲ ਉਸ ਦੀ ਪਛਾਣ ਹੁੰਦੀ ਹੈ।
ਰਮਨਦੀਪ ਕੌਰ, ਪਿੰਡ ਦਸੌਂਧਾ ਸਿੰਘ ਵਾਲਾ (ਮਾਲੇਰਕੋਟਲਾ)
ਜੰਮੂ ਕਸ਼ਮੀਰ ਚੋਣਾਂ
ਐੱਸਕੇ ਖੋਸਲਾ, ਚੰਡੀਗੜ੍ਹ