ਪਾਠਕਾਂ ਦੇ ਖ਼ਤ
ਪਰਦੇਸ
‘ਨੱਚਦੀ ਹਵਾਈ ਅੱਡੇ ਜਾਵਾਂ’ (18 ਮਾਰਚ) ਮਿਡਲ ਰਾਹੀਂ ਗੀਤਕਾਰ ਬਚਨ ਬੇਦਿਲ ਨੇ ਬਹੁਤ ਥੋੜ੍ਹੇ ਸ਼ਬਦਾਂ ਵਿਚ ਵੱਡੇ ਵਿਸ਼ੇ ਨੂੰ ਹੱਥ ਪਾਇਆ ਹੈ ਜਿਸ ਬਾਰੇ ਪੰਜਾਬ ਦੇ ਹਰ ਵਸਨੀਕ ਨੂੰ ਚਿੰਤਨ ਕਰਨਾ ਚਾਹੀਦਾ ਹੈ। ਪੰਜਾਬ ਖਾਲੀ ਹੋ ਰਿਹਾ ਹੈ। ਸਾਡਾ ਸਰਮਾਇਆ ਹੀ ਨਹੀਂ, ਸਾਡੀ ਉਹ ਦੌਲਤ ਜਿਸ ਦੇ ਸਿਰ ’ਤੇ ਸਾਡੇ ਸਮਾਜ ਨੇ ਵਧਣਾ ਫੁੱਲਣਾ ਹੈ, ਪਰਦੇਸ ਜਾ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕਿਸੇ ਸਿਆਸੀ, ਸਮਾਜਿਕ ਸੰਸਥਾ ਨੇ ਇਸ ਵਰਤਾਰੇ ਦੀ ਗੰਭੀਰਤਾ ਨੂੰ ਸਮਝਣ ਦੀ ਖੇਚਲ ਨਹੀਂ ਕੀਤੀ। ਸਮਾਂ ਸਾਡੇ ਹੱਥੋਂ ਮੁੱਠੀ ਵਿਚਲੇ ਰੇਤ ਵਾਂਗ ਕਿਰ ਰਿਹਾ ਹੈ। ਉੱਜੜ ਰਹੇ ਪੰਜਾਬ ਦੀ ਗਤੀ ਨੂੰ ਦੇਖ ਕੇ ਜੋ ਤਸਵੀਰ ਆਉਣ ਵਾਲੇ ਸਮੇਂ ਦੀ ਬਣਦੀ ਹੈ, ਉਹ ਸਚਮੁੱਚ ਬਹੁਤ ਡਰਾਵਣੀ ਹੈ। ਆਓ, ਪਰਦੇਸ ਜਾਣ ਦੀ ਇਸ ਹਨੇਰੀ ਨੂੰ ਠੱਲ੍ਹ ਪਾਉਣ ਦਾ ਯਤਨ ਕਰੀਏ।
ਜੀਤ ਹਰਜੀਤ, ਸੰਗਰੂਰ
(2)
ਬਚਨ ਬੇਦਿਲ ਦਾ ਮਿਡਲ ‘ਨੱਚਦੀ ਹਵਾਈ ਅੱਡੇ ਜਾਵਾਂ’ (18 ਮਾਰਚ) ਦਿਲ ਨੂੰ ਉਦਾਸ ਕਰ ਦੇਣ ਵਾਲਾ ਹੈ। ਲੇਖਕ ਨੇ ਪਿੰਡ ਦੀ ਇਕ ਗੱਡੀ ਜੋ ਯਾਤਰੀਆਂ ਨੂੰ ਢੋਹਣ ਦਾ ਕੰਮ ਕਰਦੀ ਸੀ, ਦਾ ਜ਼ਿਕਰ ਕੀਤਾ ਹੈ ਪਰ ਅਫਸੋਸ ਅੱਜ ਪਿੰਡਾਂ ਸ਼ਹਿਰਾਂ ਵਿਚ ਹਜ਼ਾਰਾਂ ਹੀ ਗੱਡੀਆਂ ਹਵਾਈ ਅੱਡੇ ’ਤੇ ਜਾਂਦੀਆਂ ਹਨ। ਕੋਈ ਸਮਾਂ ਸੀ ਜਦੋਂ ਕਿਸੇ ਗੀਤਕਾਰ ਜਾਂ ਗਾਇਕ ਦੇ ਪਰਦੇਸਾਂ ਵਿਚ ਗਏ ਕਿਸੇ ਸ਼ਖ਼ਸ ਨੂੰ ਬਾਹਰਲੇ ਮੁਲਕਾਂ ਵਿਚ ਜਾਣ ਤੋਂ ਰੋਕਣ ਲਈ ਗੀਤਾਂ ਦੇ ਰੂਪ ਵਿਚ ਉਦਾਸੀ ਦਾ ਆਲਮ ਸਿਰਜਿਆ ਜਾਂਦਾ ਸੀ ਪਰ ਅਜੋਕੇ ਦੌਰ ਵਿਚ ਸਮਾਜ ਬੱਚਿਆਂ ਨੂੰ ਬਾਹਰਲੇ ਮੁਲਕਾਂ ਵਿਚ ਭੇਜਣਾ ਮਾਣ ਮਹਿਸੂਸ ਕਰਦਾ ਹੈ। ਇਹ ਫ਼ਿਕਰ ਵਾਲੀ ਗੱਲ ਹੈ। ਲੇਖਕ ਨੇ ਆਪਣੇ ਮਨ ਦੀ ਹੂਕ ਪਾਠਕਾਂ ਦੇ ਸਨਮੁੱਖ ਕਰ ਕੇ ਸਮਾਜ ਨੂੰ ਸੋਚਣ ਲਈ ਮਜਬੂਰ ਕੀਤਾ ਹੈ।
ਮਨਮੋਹਣ ਸਿੰਘ, ਨਾਭਾ
ਭ੍ਰਿਸ਼ਟਾਚਾਰ
15 ਮਾਰਚ ਦਾ ਸੰਪਾਦਕੀ ‘ਪੁਲੀਸ ਭਰਤੀ ’ਤੇ ਸਵਾਲ’ ਪੜ੍ਹਿਆ। ਸਾਡਾ ਸਿਸਟਮ ਕਿੰਨਾ ਗਰਕ ਚੁੱਕਿਆ ਹੈ; ਇਕ ਪਾਸੇ ਸਰਕਾਰਾਂ ਭ੍ਰਿਸ਼ਟਾਚਾਰ ਮੁਕਤ ਭਾਰਤ ਦੀਆਂ ਗੱਲਾਂ ਕਰਦੀਆਂ ਹਨ, ਦੂਜੇ ਪਾਸੇ ਇਹੋ ਜਿਹੇ ਭ੍ਰਿਸ਼ਟਾਚਾਰੀਆਂ ਨੂੰ ਖੁੱਲ੍ਹੇਆਮ ਲੋਕਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਲਈ ਤਿਆਰ ਕਰ ਰਹੀਆਂ ਹਨ। ਇਹ ਪੁਲੀਸ ਭਰਤੀ ਹੀ ਨਹੀਂ, ਹਰ ਮਹਿਕਮੇ ’ਚ ਭ੍ਰਿਸ਼ਟਾਚਾਰ ਜੜ੍ਹਾਂ ਮਜ਼ਬੂਤ ਕਰੀ ਬੈਠਾ ਹੈ ਜੋ ਨਿਕੰਮੇ ਤੇ ਭ੍ਰਿਸ਼ਟ ਤੰਤਰ ਨੂੰ ਹਵਾ ਦੇ ਰਿਹਾ ਹੈ। ਇਸ ਤੰਤਰ ਦੀ ਬਲੀ ਚੰਗੇ ਤੇ ਯੋਗ ਉਮੀਦਵਾਰ ਚੜ੍ਹ ਜਾਂਦੇ ਹਨ ਅਤੇ ਨਾਲਾਇਕ ਤੇ ਅਣਸਿੱਖਿਅਤ ਉਮੀਦਵਾਰ ਚੁਣ ਲਏ ਜਾਂਦੇ ਹਨ।
ਜਗਜੀਤ ਸਿੰਘ ਅਸੀਰ, ਡੱਬਵਾਲੀ (ਹਰਿਆਣਾ)
ਜਾਨਵਰਾਂ ਦੀਆਂ ਭਾਵਨਾਵਾਂ
15 ਮਾਰਚ ਨੂੰ ਨਜ਼ਰੀਆ ਪੰਨੇ ਉੱਤੇ ਸਤਪਾਲ ਸਿੰਘ ਦਿਓਲ ਦਾ ਲੇਖ ‘ਦਰਵੇਸ਼’ ਜਾਨਵਰਾਂ ਦੀਆਂ ਭਾਵਨਾਵਾਂ ਨੂੰ ਬਿਆਨ ਕਰਦਾ ਹੈ। ਮਨੁੱਖ ਆਪਣੇ ਸਵਾਰਥ ਲਈ ਮਤਲਬੀ ਹੋ ਸਕਦਾ ਹੈ ਪਰ ਜਾਨਵਰਾਂ ਅੰਦਰ ਇਹੋ ਜਿਹੀ ਭਾਵਨਾ ਕਦੇ ਵੀ ਨਹੀਂ ਆ ਸਕਦੀ। ਸੋ ਸਾਨੂੰ ਡਰਾਈਵਰੀ ਕਰਦੇ ਸਮੇਂ ਆਪਣਾ ਧਿਆਨ ਰੱਖਣ ਦੇ ਨਾਲ-ਨਾਲ ਜਾਨਵਰਾਂ ਦਾ ਵੀ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕੋਈ ਦੁਰਘਟਨਾ ਨਾ ਵਾਪਰੇ।
ਨਵਜੋਤ ਕੌਰ ਕੁਠਾਲਾ, ਈਮੇਲ
ਦੁਨੀਆ ਨੂੰ ਸਮਝਣ ਲਈ
13 ਮਾਰਚ ਨੂੰ ਅਰੁਣ ਮੈਰਾ ਦੀ ਲਿਖਤ ‘ਚੰਗੇਰੇ ਭਵਿੱਖ ਲਈ ਨਵੇਂ ਰਾਹਾਂ ਦੀ ਤਲਾਸ਼’ ਪੜ੍ਹਨ ਲਈ ਮਿਲਿਆ। ਮੌਜੂਦਾ ਸਮਾਜ ਅਤੇ ਦੁਨੀਆ ਨੂੰ ਸਮਝਣ ਲਈ ਇਹ ਚੰਗੀ ਲਿਖਤ ਹੈ। ਪੁਰਾਣੇ ਅਤੇ ਰਵਾਇਤੀ ਸਮਾਜ ਸ਼ਾਸਤਰਾਂ ਨੂੰ ਲਗਭਗ ਰੱਦ ਕਰ ਕੇ ਲੇਖ ਨਵੇਂ ਪ੍ਰਬੰਧ ਲਈ ਆਸ ਦੀ ਕਿਰਨ ਦਿਖਾਉਂਦਾ ਹੈ। ਵਿਗਿਆਨ ਦੀਆਂ ਅਨੇਕਾਂ ਗਿਆਨ ਸਾਖਾਵਾਂ ਸਮਾਂ ਵਿਹਾ ਚੁੱਕੀਆਂ ਪ੍ਰਤੀਤ ਹੁੰਦੀਆਂ ਹਨ। ਉਹ ਮਨੁੱਖ ਨੂੰ ਮਨੁੱਖ ਹੋਣ ਦਾ ਮਤਲਬ ਸਪਸ਼ਟ ਨਹੀਂ ਕਰਦੀਆਂ। ਮੌਜੂਦਾ ਕਾਰਪੋਰੇਟ ਪ੍ਰਬੰਧ ਜੀਡੀਪੀ ਵਿਚ ਵਾਧੇ ਨੂੰ ਹੀ ਉੱਤਮ ਦਰਜਾ ਸਮਝੀ ਬੈਠਾ ਹੈ ਅਤੇ ਵਿਕਾਸ ਦੇ ਚੱਲ ਰਹੇ ਮਾਡਲ ਨੂੰ ਹੀ ਸਮੇਂ ਦੇ ਹਾਣ ਦਾ ਮੰਨ ਬੈਠਾ ਹੈ। ਜੀਡੀਪੀ ਦੇ ਵਾਧੇ ਨੂੰ ਲੇਖਕ ਨੇ ਉਦਾਹਰਨ ਦੇ ਕੇ ਸਪਸ਼ਟ ਕੀਤਾ ਹੈ। ਲੇਖਕ ਇਹ ਸਮਝਾਉਣ ਵਿਚ ਕਾਮਯਾਬ ਰਿਹਾ ਹੈ ਕਿ ਉਹ ਪ੍ਰਬੰਧ ਹੀ ਵਧੀਆ ਹੋ ਸਕਦਾ ਹੈ ਜਿਹੜਾ ਇਕ ਪਾਸੇ ਮਨੁੱਖ ਨੂੰ ਬਿਹਤਰ ਮਨੁੱਖ ਬਣਨ ਵਿਚ ਮਦਦ ਕਰੇ; ਦੂਜੇ ਪਾਸੇ ਵਾਤਾਵਰਨ ਅਤੇ ਕੁਦਰਤੀ ਸੋਮਿਆਂ ਨੂੰ ਤੰਦਰੁਸਤੀ ਵੱਲ ਲੈ ਕੇ ਜਾਵੇ। ਮੌਜੂਦਾ ਪ੍ਰਬੰਧ ਤਾਂ ਪੂੰਜੀ ਵਿਚ ਵਾਧੇ ਨੂੰ ਹੀ ਆਪਣਾ ਆਦਰਸ਼ ਅਤੇ ਸਭ ਕੁਝ ਸਮਝੀ ਬੈਠਾ ਹੈ।
ਮਨਿੰਦਰ ਸਿੰਘ, ਪਿੰਡ ਜਵਾਹਰਕੇ (ਮਾਨਸਾ)
ਨਕਲ ਦੀ ਮਹਾਮਾਰੀ
11 ਮਾਰਚ ਦਾ ਸੰਪਾਦਕੀ ‘ਨਕਲ ਦਾ ਜਾਲ’ ਦੇਸ਼ ਵਿਚ ਵਧ ਰਹੀ ਮਹਾਮਾਰੀ ਵੱਲ ਧਿਆਨ ਖਿੱਚ ਰਿਹਾ ਹੈ ਜਿਸ ਵੱਲ ਸਰਕਾਰੀ ਧਿਆਨ ਅੱਖਾਂ ਵਿਚ ਘੱਟਾ ਪਾਉਣ ਬਰਾਬਰ ਹੀ ਹੈ। ਅਫ਼ਸੋਸ ਦੀ ਗੱਲ ਹੈ ਕਿ ਮੋਬਾਈਲ ਫੋਨ ਦੀ ਵਧਦੀ ਨਾਜਾਇਜ਼ ਵਰਤੋਂ ਨੂੰ ਸਾਰੇ ਅੱਖਾਂ ਬੰਦ ਕਰ ਕੇ ਦੇਖਦੇ ਰਹੇ, ਅੱਜ ਇਸ ਬਿਮਾਰੀ ਤੋਂ ਹਰ ਕੋਈ ਪੀੜਤ ਹੈ ਅਤੇ ਹੱਲ ਵੀ ਹਰ ਕੋਈ ਚਾਹੁੰਦਾ ਹੈ ਪਰ ਇਸ ਮੱਕੜਜਾਲ ਵਿਚੋਂ ਨਿਕਲਣਾ ਦਲਦਲ ਵਿਚੋਂ ਨਿਕਲਣ ਦੇ ਬਰਾਬਰ ਹੈ। ਇਸੇ ਤਰ੍ਹਾਂ ਨਕਲ ਦੀ ਮਹਾਮਾਰੀ ਅੱਜ ਦੀ ਘੜੀ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਵਧੀਆ ਹੋ ਸਕਦੀ ਹੈ ਪਰ ਇਸ ਦੇ ਨਤੀਜੇ ਆਉਣ ਵਾਲੇ ਸਮਾਜ ਲਈ ਬਹੁਤ ਭਿਆਨਕ ਹੋਣਗੇ। ਨਕਲ ਨਾਲ ਪਾਸ ਹੋਏ ਵਿਦਿਆਰਥੀ ਜਦੋਂ ਆਪਣੀਆਂ ਡਿਗਰੀਆਂ ਲੈ ਕੇ ਨੌਕਰੀਆਂ ਲੱਭਣਗੇ ਤਾਂ ਉਹ ਗਿਆਨ ਦੀ ਅਣਹੋਂਦ ਵਿਚ ਖ਼ਾਲੀ ਹੀ ਮੁੜਨਗੇ। ਇਸ ਮਹਾਮਾਰੀ ਉੱਤੇ ਜਿੰਨੀ ਛੇਤੀ ਕਾਬੂ ਪੈ ਸਕੇ, ਓਨਾ ਹੀ ਬਿਹਤਰ ਹੈ।
ਸ਼ੰਮੀ ਸ਼ਰਮਾ, ਪਟਿਆਲਾ
ਲੋਕਤੰਤਰ ਦਾ ਘਾਣ
7 ਮਾਰਚ ਦੇ ਨਜ਼ਰੀਏ ਪੰਨੇ ’ਤੇ ਜੀ ਪਾਰਥਾਸਾਰਥੀ ਦਾ ਲੇਖ ‘ਪਾਕਿਸਤਾਨ ’ਚ ਲੋਕਤੰਤਰ ਦਾ ਘਾਣ’ ਪਾਕਿਸਤਾਨ ਵਿਚ ਹੋਈਆਂ ਆਮ ਚੋਣਾਂ ਦੀਆਂ ਅੰਦਰਲੀਆਂ ਪਰਤਾਂ ਦੀ ਪੁਣਛਾਣ ਕਰਦਿਆਂ ਪਾਕਿਸਤਾਨੀ ਫ਼ੌਜ ਦੀ ਜਹਮੂਰੀਅਤ ਵਿਰੋਧੀ ਭੂਮਿਕਾ ਨੂੰ ਜੱਗ-ਜ਼ਾਹਿਰ ਕਰਦਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ 93 ਸੀਟਾਂ ਜਿੱਤ ਕੇ ਵੱਡੀ ਪਾਰਟੀ ਵਜੋਂ ਉੱਭਰੀ ਪਰ ਸਰਕਾਰ ਬਣਾਉਣ ਵਿਚ ਅਸਫ਼ਲ ਰਹੀ ਕਿਉਂਕਿ ਪਾਕਿਸਤਾਨ ਬਾਰੇ ਇਹ ਗੱਲ ਬਿਲਕੁੱਲ ਸਹੀ ਢੁੱਕਦੀ ਹੈ ਕਿ ‘ਹਰ ਦੇਸ਼ ਵਿਚ ਫ਼ੌਜ ਹੁੰਦੀ ਹੈ ਪਰ ਪਾਕਿਸਤਾਨ ਵਿਚ ਫ਼ੌਜ ਕੋਲ ਦੇਸ਼ ਹੈ।’ ਨਵਾਜ਼ ਸ਼ਰੀਫ਼ ਦੀ ਜਥੇਬੰਦੀ ਪੀਐੱਮਐੱਲ (ਐੱਨ) ਅਤੇ ਭੁੱਟੋ-ਜ਼ਰਦਾਰੀ ਖਾਨਦਾਨ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਨੇ ਕ੍ਰਮਵਾਰ 75 ਤੇ 54 ਸੀਟਾਂ ਜਿੱਤ ਕੇ ਗੱਠਜੋੜ ਸਰਕਾਰ ਬਣਾ ਲਈ ਹੈ। ਇਹ ਸਾਰਾ ਕਾਰਜ ਫ਼ੌਜ ਮੁਖੀ ਦੀ ਅਗਵਾਈ ਹੇਠ ਨੇਪਰੇ ਚਾੜ੍ਹਿਆ ਗਿਆ ਹੈ।
ਮਾਸਟਰ ਤਰਸੇਮ ਸਿੰਘ, ਪਿੰਡ ਡਕਾਲਾ (ਪਟਿਆਲਾ)
ਚਮਕਦਾ ਸਿਤਾਰਾ
2 ਮਾਰਚ ਨੂੰ ਸਤਰੰਗ ਪੰਨੇ ਉੱਤੇ ਸ ਸ ਰਮਲਾ ਦਾ ਅਮਰ ਸਿੰਘ ਚਮਕੀਲਾ ਬਾਬਤ ਲੇਖ ਪੜ੍ਹਿਆ। ਚਮਕੀਲੇ ਦਾ ਜਨਮ ਗ਼ਰੀਬ ਪਰਿਵਾਰ ਵਿਚ ਹੋਇਆ। ਬਚਪਨ ਤੰਗੀਆਂ ਤੁਰਸ਼ੀਆਂ ਵਿਚ ਬੀਤਿਆ, ਉਸ ਨੇ ਪਰ ਹਿੰਮਤ ਨਹੀਂ ਹਾਰੀ। ਫੈਕਟਰੀਆਂ ਵਿਚ ਮਜ਼ਦੂਰੀ ਕੀਤੀ। ਬਚਪਨ ਦੇ ਨਾਮ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣਿਆ। ਉਸ ਦਾ ਪਹਿਲਾ ਗੀਤ ਸੁਰਿੰਦਰ ਛਿੰਦਾ ਤੇ ਸੁਰਿੰਦਰ ਸੋਨੀਆ ਦੀ ਆਵਾਜ਼ ਵਿਚ ਰਿਕਾਰਡ ਹੋਇਆ ਤਾਂ ਉਹ ਰਾਤੋ-ਰਾਤ ਮੋਹਰੀ ਗੀਤਕਾਰਾਂ ਵਿਚ ਸ਼ਾਮਿਲ ਹੋ ਗਿਆ। ਚਮਕੀਲੇ ਦੇ ਗੀਤਾਂ ਵਿਚ ਪੇਂਡੂ ਸਭਿਆਚਾਰ ਦਾ ਝਲਕਾਰਾ ਪੈਂਦਾ ਹੈ।
ਗੋਵਿੰਦਰ ਜੱਸਲ, ਸੰਗਰੂਰ
ਖ਼ਪਤ ਅਤੇ ਖਰਚ ਦਾ ਪਾੜਾ
14 ਮਾਰਚ ਦੇ ਨਜ਼ਰੀਆ ਪੰਨੇ ਉੱਤੇ ਔਨੰਦਿਓ ਚੱਕਰਵਰਤੀ ਦਾ ਲੇਖ ‘ਖ਼ਪਤ ਤੇ ਖਰਚ ਦੇ ਅੰਕੜਿਆਂ ਵਿਚ ਖੱਪਾ’ ਪੜ੍ਹਿਆ। ਇਸ ਵਿਚ ਮੁਫ਼ਤਖ਼ੋਰੀ ਵਾਲੇ ਰਾਸ਼ਨ ਬਾਰੇ ਹਕੀਕਤ ਪੇਸ਼ ਕੀਤੀ ਗਈ ਹੈ। ਮੁਫ਼ਤਖੋਰੀ ਨਾਲ ਲੋਕ ਨਕਾਰੇ ਹੋ ਕੇ ਕੇਵਲ 5 ਕਿਲੋ ਅਨਾਜ ਤਕ ਹੀ ਸੋਚਣ ਲਈ ਮਜਬੂਰ ਹੋ ਜਾਣਗੇ। ਇਸੇ ਦਿਨ ਇੰਟਰਨੈੱਟ ਸਫ਼ੇ ‘ਅਦਬੀ ਰੰਗ’ ਵਿਚ ਜਗਦੀਸ਼ ਕੌਰ ਗਰੇਵਾਲ ਦੀ ਕਵਿਤਾ ‘ਅਬਲਾ ਨਾ ਸਮਝ ਬੈਠੀਂ ’ ਵਿਚ ਔਰਤਾਂ ਦੇ ਹੱਕ ਦੀ ਆਵਾਜ਼ ਬੁਲੰਦ ਕੀਤੀ ਗਈ ਹੈ। ਇਸ ਤੋਂ ਇਲਾਵਾ ਬਰਜਿੰਦਰ ਕੌਰ ਬਸਰਾਓ ਦੀ ਮਿੰਨੀ ਕਹਾਣੀ ‘ਕਰਮਾਂ ਵਾਲੀ ਕੋਠੀ’ ਵੀ ਅਜੋਕੇ ਹਾਲਾਤ ਤੋਂ ਪਰਦਾ ਚੁੱਕਣ ਵਾਲੀ ਹੈ ਕਿ ਕਿਵੇਂ ਲੋਕ ਨਵੀਆਂ ਕੋਠੀਆਂ ਪਾ ਕੇ ਆਪ ਬਾਹਰਲੇ ਮੁਲਕਾਂ ਵਿਚ ਦੌੜ ਰਹੇ ਹਨ। ਇਹ ਪੰਜਾਬ ਦੀ ਦੁਖਦੀ ਰਗ ’ਤੇ ਵਿਅੰਗ ਹੈ। ਹਰਮਿੰਦਰ ਸਿੰਘ ਕੋਹਾਰਵਾਲਾ ਦੀ ਗ਼ਜ਼ਲ ਨੇਤਾਵਾਂ ਦੀ ਪੋਲ ਖੋਲ੍ਹਦੀ ਹੈ। ਸਮਾਜ ਵਿਚ ਸਿੱਖਿਆ ਦਾ ਪਸਾਰ ਮੁਫਤ ਹੋਣਾ ਚਾਹੀਦਾ ਹੈ ਅਤੇ ਸਿੱਖਿਆ ਦਾ ਮਾਤਭਾਸ਼ਾ ਵਿਚ ਹੋਣਾ ਵੀ ਤਰੱਕੀ ਲਈ ਰਾਹ ਖੋਲ੍ਹਦਾ ਹੈ।
ਬਲਦੇਵ ਸਿੰਘ ਵਿਰਕ ਐੱਮਏ, ਪਿੰਡ ਝੁਰੜ ਖੇੜਾ (ਅਬੋਹਰ)