For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

07:56 AM Jan 19, 2024 IST
ਪਾਠਕਾਂ ਦੇ ਖ਼ਤ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਔਰਤਾਂ ਦੀ ਸਥਿਤੀ

18 ਜਨਵਰੀ ਨੂੰ ਸਤਪਾਲ ਸਿੰਘ ਦਿਓਲ ਦਾ ਮਿਡਲ ‘ਉਮੀਦ’ ਪੜ੍ਹ ਕੇ ਦੁੱਖ ਹੋਇਆ ਕਿ ਔਰਤਾਂ ਲਈ ਸਮਾਜਿਕ ਬਣਤਰ ਹਮੇਸ਼ਾ ਗੁੰਝਲਦਾਰ ਤੇ ਡਰਾਉਣੀ ਰਹੀ ਹੈ। ਲੇਖਕ ਦੱਸਦਾ ਹੈ ਕਿ ਔਰਤ ਤਿੰਨ ਬੰਦਿਆਂ ਨਾਲ ਵਿਆਹੀ ਜਾਣ ’ਤੇ ਵੀ ਦੁਖੀ ਹੈ, ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਪਹਿਲਾ ਪਤੀ ਉਸ ਨਾਲ ਕੁੱਟਮਾਰ ਕਰਦਾ ਹੈ, ਦੂਸਰਾ ਗਲ਼ ਫਾਹਾ ਲੈ ਕੇ ਮਰ ਜਾਂਦਾ ਹੈ ਅਤੇ ਤੀਸਰਾ ਚਿੱਟਾ ਪੀਣ ਦਾ ਆਦੀ ਹੈ। ਇੱਥੇ ਇਕ ਗੱਲ ਹੋਰ ਦੇਖਣ ਵਾਲੀ ਹੈ ਕਿ ਇਹ ਔਰਤ ਇਨਸਾਫ਼ ਦੀ ਉਮੀਦ ਵੀ ਇਕ ਮਰਦ ਕੋਲੋਂ ਹੀ ਕਰਦੀ ਹੈ, ਜੋ ਵਕੀਲ ਹੈ। ਅਸਲ ਵਿਚ ਔਰਤ ਦਾ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਆਪਣੇ ਪੈਰਾਂ ’ਤੇ ਖੜ੍ਹਨਾ ਵੀ ਜ਼ਰੂਰੀ ਹੈ। ਸਾਡੇ ਸਮਾਜ ਵਿਚ ਕੁੜੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਦੇ ਹਰ ਫ਼ੈਸਲੇ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਲੇਖਕ ਦੀ ਇਸ ਹੱਡਬੀਤੀ ਵਿਚ ਜਿੱਥੇ ਮਰਦ ਦੋਸ਼ੀ ਹਨ, ਨਾਲ ਨਾਲ ਰੂੜ੍ਹੀਵਾਦੀ ਵਿਚਾਰਧਾਰਾ ਵਾਲੇ ਮਾਪੇ ਵੀ ਜ਼ਿੰਮੇਵਾਰ ਹਨ।

Advertisement

ਦਲੀਪ ਮਾਨਵਾਲਾ, ਧੂਰੀ (ਸੰਗਰੂਰ)

Advertisement


(2)

ਐਡਵੋਕੇਟ ਸਤਪਾਲ ਸਿੰਘ ਦਿਓਲ ਦਾ ਮਿਡਲ ਪੜ੍ਹਿਆ ਤਾਂ ਮੈਂ ਕਿੰਨੀ ਦੇਰ ਸੋਚਦਾ ਰਿਹਾ ਕਿ ਸਾਡੇ ਸਿਸਟਮ ਨੇ ਸਾਨੂੰ ਕਿੱਥੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਚਾਹੁੰਦੇ ਹੋਏ ਵੀ ਅਸੀਂ ਕਿਸੇ ਲੋੜਵੰਦ ਦੀ ਸਹਾਇਤਾ ਨਹੀਂ ਕਰ ਸਕਦੇ। ਵਕੀਲ ਸਾਹਬ ਤਾਂ ਫਿਰ ਵੀ ਦਲੇਰੀ ਕਰ ਗਏ ਕਿ ਉਸ ਨੂੰ ਬਿਠਾ ਲਿਆ ਪਰ ਫਿਰ ਵੀ ਦਿਲ ਵਿਚ ਉੱਠਦੇ ਤਰ੍ਹਾਂ ਤਰ੍ਹਾਂ ਦੇ ਸਵਾਲਾਂ ਨਾਲ ਦੋ ਚਾਰ ਹੁੰਦੇ ਰਹੇ ਤੇ ਫਿਰ ਅਦਾਲਤ ਦੀ ਲੰਮੀ ਪ੍ਰਕਿਰਿਆ ਤੇ ਉਸ ਦੀ ਉਮੀਦ ਬਾਰੇ ਸੋਚਦੇ ਉਦਾਸ ਹੋ ਗਏ।
ਗੁਰਭਜਨ ਸਿੰਘ ਲਾਸਾਨੀ (ਈਮੇਲ)


ਗਾਜ਼ਾ ਜੰਗ ਦੀ ਭਿਆਨਕਤਾ

16 ਜਨਵਰੀ ਲੋਕ ਸੰਵਾਦ ਪੰਨੇ ’ਤੇ ਸੁਖਦੇਵ ਸਿੰਘ ਦਾ ਲੇਖ ‘ਫ਼ਲਸਤੀਨ ਯੁੱਧ ਖ਼ਤਮ ਹੋਵੇ’ ਬਿਲਕੁਲ ਸਹੀ ਅਤੇ ਅਵਾਮ ਦੀ ਅਵਾਜ਼ ਹੈ। ਲੋਕ ਰੋਹ ਦੇ ਸਾਹਮਣੇ ਸਾਰੀਆਂ ਸ਼ਕਤੀਆਂ ਕਮਜ਼ੋਰ ਹੋ ਜਾਂਦੀਆਂ ਹਨ। ਅਸਲੀ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਫ਼ਲਸਤੀਨੀਆਂ ਦਾ ਕਤਲੇਆਮ ਹੋ ਰਿਹਾ ਹੈ, ਇਨਸਾਨ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਕੀ ਪੂਰਾ ਫ਼ਲਸਤੀਨ ਮੁਲਕ ਹੀ ਕਸੂਰਵਾਰ ਹੈ। ਜੇ ਨਹੀਂ ਤਾਂ ਨਿੱਕੇ ਨਿੱਕੇ ਬੱਚੇ, ਔਰਤਾਂ ਅਤੇ ਆਮ ਨਿਰਦੋਸ਼ ਨਾਗਰਿਕਾਂ ਨੂੰ ਇਹ ਸਜ਼ਾ ਕਿਉਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਘਰੋਂ ਬੇਘਰ ਕਿਉਂ ਕੀਤਾ ਜਾ ਰਿਹਾ ਹੈ?
ਡਾ. ਤਰਲੋਚਨ ਕੌਰ, ਪਟਿਆਲਾ


ਜਿਗਰੀ ਯਾਰ

8 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਰਿਟਾਇਰਡ ਪ੍ਰਿੰਸੀਪਲ ਨਰਿੰਦਰ ਸਿੰਘ ਦਾ ਲੇਖ ‘ਟੌਹਰ ਬਣਾਉਣ ਵਾਲੇ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਸੇ ਵਿਅਕਤੀ ਦੇ ਯਾਰ ਤਾਂ ਬਹੁਤ ਹੋ ਸਕਦੇ ਹਨ ਪਰ ਜਿਗਰੀ ਯਾਰ ਇਕ ਦੋ ਹੀ ਹੁੰਦੇ ਹਨ। ਜਿਗਰੀ ਯਾਰ ਆਪਣੇ ਯਾਰ ਦੇ ਹਰ ਦੁੱਖ ਸੁੱਖ ਵਿਚ ਭਾਈਵਾਲ ਹੁੰਦੇ ਹਨ ਪਰ ਬਹੁਤੇ ਉਨ੍ਹਾਂ ਪਿਆਲੀ ਦੇ ਯਾਰਾਂ ਵਰਗੇ ਹੁੰਦੇ ਹਨ ਜਿਹੜੇ ਸ਼ਰਾਬ ਪੀਂਦਿਆਂ ਪੀਂਦਿਆਂ ਜਦੋਂ ਥੋੜ੍ਹੇ ਜਿਹੇ ਸਰੂਰ ਵਿਚ ਆ ਜਾਂਦੇ ਹਨ ਤਾਂ ਇਕ ਦੂਜੇ ਨੂੰ ਘੁੱਟ ਘੁੱਟ ਜੱਫੀਆਂ ਪਾਉਂਦੇ ਹਨ ਤੇ ਇਕ ਦੂਜੇ ਨੂੰ ਭਰਾ ਭਰਾ ਕਹਿੰਦੇ ਨਹੀਂ ਥੱਕਦੇ ਪਰ ਨਸ਼ਾ ਉਤਰਦਿਆਂ ਹੀ ਸਭ ਕੁਝ ਭੁੱਲ ਜਾਂਦੇ ਹਨ। ਜਦੋਂ ਭੀੜ ਪੈਣ ’ਤੇ ਆਪਣੇ ਖ਼ੂਨ ਦੇ ਰਿਸ਼ਤੇ ਵੀ ਸਾਥ ਛੱਡ ਜਾਂਦੇ ਹਨ ਉਦੋਂ ਜਿਗਰੀ ਯਾਰ ਕੰਧ ਵਾਂਗ ਆਪਣੇ ਯਾਰ ਦੇ ਨਾਲ ਖਲੋਤੇ ਰਹਿੰਦੇ ਹਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਵਿਦਿਅਕ ਢਾਂਚੇ ਬਾਰੇ ਵਿਸ਼ਲੇਸ਼ਣ

ਪੰਜ ਜਨਵਰੀ ਦੀ ਸੰਪਾਦਕੀ ‘ਸਕੂਲੀ ਸਿੱਖਿਆ ਦਾ ਸੰਕਟ’ ਵਿਚ ਪੰਜਾਬ ਦੀ ਸਮਕਾਲੀ ਸਿੱਖਿਆ ਸਥਿਤੀ ਬਾਰੇ ਟਿੱਪਣੀਆਂ ਹਨ। ਸਿੱਖਿਆ ਦੀ ਜੋ ਤਸਵੀਰ ਸੰਪਾਦਕੀ ਪੇਸ਼ ਕਰਦੀ ਹੈ, ਉਸ ਵਿਚ ਕੁਝ ਗੱਲਾਂ ਸ਼ਾਮਿਲ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਮਿਸ਼ਨ ਸਮਰੱਥ ਦੀ ਗੱਲ ਹੋਈ ਹੈ, ਇਹ ਦਸੰਬਰ ਨਹੀਂ, ਸਤੰਬਰ ਤੋਂ ਬਾਅਦ ਸ਼ੁਰੂ ਹੋਇਆ ਸੀ। ਦਸੰਬਰ ਤਕ ਚੱਲਣ ਬਾਰੇ ਕਿਹਾ ਗਿਆ ਸੀ, ਹੁਣ ਪੂਰੇ ਸੈਸ਼ਨ ਤਕ ਚੱਲੇਗਾ। ਜੇ ਮਿਸ਼ਨ ਕਰੋਨਾ ਸੰਕਟ ਤੋਂ ਬਾਅਦ ਸ਼ੁਰੂ ਹੁੰਦਾ ਤਾਂ ਇਸ ਨੇ ਕਾਫ਼ੀ ਮਹੱਤਵਪੂਰਨ ਸਾਬਤ ਹੋਣਾ ਸੀ। ਦੂਸਰੀ ਗੱਲ, ਜੋ ਅੰਕੜੇ ਦਿੱਤੇ ਹਨ, ਸਚਮੁੱਚ ਇਹ ਫ਼ਿਕਰ ਵਾਲੀ ਗੱਲ ਹੈ ਕਿ ਸਹੂਲਤਾਂ ਦੇ ਬਾਵਜੂਦ ਬੱਚੇ ਮੁੱਢਲਾ ਗਿਆਨ ਕਿਉਂ ਨਹੀਂ ਪ੍ਰਾਪਤ ਕਰ ਸਕਦੇ। ਸਾਲ 2020-21 ਵਿਚ ਕਰੋਨਾ ਸੰਕਟ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਇਆ। ਜਿਹੜੇ ਬੱਚੇ ਪਹਿਲੀ ’ਚ ਦਾਖ਼ਲ ਹੋਏ, ਕਰੋਨਾ ਸੰਕਟ ਤੋਂ ਬਾਅਦ ਉਹ ਤੀਜੀ, ਚੌਥੀ ਜਮਾਤ ’ਚ ਚਲੇ ਗਏ। ਤਦ ਉਨ੍ਹਾਂ ਨੂੰ ਲਗਭੱਗ ਦੋ ਸਾਲਾਂ ਦਾ ਕਾਰਜ ਕਰਾਉਣਾ ਬਹੁਤ ਮੁਸ਼ਕਿਲ ਸੀ ਜਿਸ ਨੂੰ ਅਧਿਆਪਕਾਂ ਨੇ ਮਿਹਨਤ ਨਾਲ ਕਰਵਾਉਣ ਦੀ ਕੋਸ਼ਿਸ਼ ਕੀਤੀ। ਵਿਦਿਆਰਥੀ ਡੇਢ ਦੋ ਸਾਲ ਨਹੀਂ ਪੜ੍ਹ ਸਕੇ। ਅਸੀਂ 1950-70 ਦੀ ਪੜ੍ਹਾਈ ਗੁਣਵੱਤਾ ਦੀ ਗੱਲ ਕੀਤੀ ਹੈ। ਉਸ ਸਮੇਂ ਦਾ ਅਤੇ ਮੌਜੂਦਾ ਸਮੇਂ ਨਾਲ ਗੰਭੀਰ ਵਿਸ਼ਲੇਸ਼ਣ ਲਾਜ਼ਮੀ ਹੈ। ਇਹ ਵਿਸ਼ਲੇਸ਼ਣ ਹਰ ਅਦਾਰੇ ਦਾ ਹੋਣਾ ਚਾਹੀਦਾ ਹੈ। ਸਹੂਲਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਪਰ ਸਭ ਤੋਂ ਵੱਡੀ ਗੱਲ ਅਧਿਆਪਕਾਂ ਦੀ ਜਮਾਤ ਵਿਚ ਉਪਲਬਧਤਾ ਹੈ, ਜਿਸ ਦੀ ਵੱਡੀ ਘਾਟ ਹੈ। ਜਦੋਂ ਸਿੱਖਿਆ ਕਾਰਜ ਜ਼ਿਆਦਾਤਰ ਆਨਲਾਈਨ ਹੋ ਗਏ ਹਨ, ਇਸ ਨੇ ਵੱਡੇ ਸੰਕਟ ਖੜ੍ਹੇ ਕੀਤੇ ਹਨ। ਅਧਿਆਪਕਾਂ ਨੂੰ ਬਹੁਤ ਸਾਰਾ ਕੰਮ ਮੋਬਾਈਲ ਫੋਨ ਅਤੇ ਕੰਪਿਊਟਰ ’ਤੇ ਕਰਨਾ ਪੈਂਦਾ ਹੈ। ਬਹੁਤ ਸਾਰੇ ਅੰਕੜੇ ਮੰਗੇ ਜਾਂਦੇ ਹਨ। ਪ੍ਰਾਜੈਕਟਾਂ ਦੇ ਨਾਂ ’ਤੇ ਬਹੁਤ ਸਾਰੀਆਂ ਆਨ ਲਾਈਨ-ਆਫ਼ ਲਾਈਨ ਮੀਟਿੰਗਾਂ, ਬੇਲੋੜੇ ਅੰਕੜੇ, ਚੈਕਿੰਗਾਂ ਆਦਿ ਕਿੰਨਾ ਕੁਝ ਹੈ ਜਿਸ ਬਾਰੇ ਪੜਚੋਲ ਦੀ ਜ਼ਰੂਰਤ ਹੈ। ਪ੍ਰਾਇਮਰੀ ਸਕੂਲਾਂ ਵਿਚ ਕੋਈ ਕਲਰਕ ਨਹੀਂ। ਸਾਰਾ ਕੰਮ ਅਧਿਆਪਕ ਨੂੰ ਕਰਨਾ ਪੈਂਦਾ ਹੈ। ਚੌਕੀਦਾਰਾਂ ਦਾ ਕੰਮ ਵੀ ਅਧਿਆਪਕ ਲਈ ਬੋਝ ਹੈ। ਸਫਾਈ ਸੇਵਕਾਂ ਦਾ ਕੰਮ ਅਧਿਆਪਕ ’ਤੇ ਹੈ। ਗਰਾਂਟਾਂ ਵਰਤਣ ਲਈ ਸਮਾਂ ਬਹੁਤ ਖਰਚ ਹੁੰਦਾ ਹੈ। ਅਧਿਆਪਕਾਂ ਨੂੰ ਬਹੁਤ ਸਾਰੇ ਕਾਰਜਾਂ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣੇ ਪੈਂਦੇ ਹਨ। ਪੁਰਾਣੇ ਸਮੇਂ ਵਿਚ ਪੰਜਾਬੀ, ਗਣਿਤ, ਸਮਾਜਿਕ ਸਿੱਖਿਆ ਅਤੇ ਬਾਅਦ ’ਚ ਹਿੰਦੀ ਆਉਂਦੀ ਸੀ। ਅੰਗਰੇਜ਼ੀ ਛੇਵੀਂ ਤੋਂ ਸ਼ੁਰੂ ਹੁੰਦੀ ਸੀ। ਅੱਜ ਅਸੀਂ ਬੱਚਿਆਂ ਦੇ ਬਸਤੇ ਭਰਨ ਲੱਗੇ ਹੋਏ ਹਾਂ। ਉੱਪਰਲੇ ਚਾਰ ਵਿਸ਼ਿਆਂ ਤੋਂ ਬਿਨਾਂ ਵਾਤਾਵਰਨ ਬਾਰੇ ਪੁਸਤਕ ਲੱਗੀ ਹੋਈ ਹੈ। ਬਹੁਤ ਸਾਰੀਆਂ ਹੋਰ ਸਹਾਇਕ ਪੁਸਤਕਾਂ ਵੀ ਹਨ। ਅਧਿਆਪਕ ’ਤੇ ਦਬਾਅ ਰਹਿੰਦਾ ਹੈ ਕਿ ਉਹ ਕੀ ਪੜ੍ਹਾਏ। ਇਨ੍ਹਾਂ ਗੱਲਾਂ ਦੇ ਬਾਵਜੂਦ ਅੰਕੜੇ ਫਿਕਰ ਵਾਲੇ ਹਨ। ਅਧਿਆਪਕਾਂ ਨੂੰ ਆਪਣੀ ਜ਼ਿੰਮੇਵਾਰੀ ਪਛਾਣਨੀ ਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਜੇਕਰ ਅਧਿਆਪਕ ਨੂੰ ਮਰਜ਼ੀ ਨਾਲ ਬੱਚਿਆਂ ਨੂੰ ਪੜ੍ਹਾਉਣ ਦਿੱਤਾ ਜਾਵੇ, ਉਹ ਸਾਰਾ ਸਮਾਂ ਜਮਾਤ ਵਿਚ ਬਿਤਾਏ ਤਾਂ ਨਤੀਜੇ ਵਧੀਆ ਆ ਸਕਣਗੇ। ਸਰਕਾਰ ਅਜੇ ਤਕ ਅਧਿਆਪਕਾਂ ਦੀਆਂ ਬਾਹਰੀ/ਗ਼ੈਰਵਿੱਦਿਅਕ ਡਿਊਟੀਆਂ ਵੀ ਨਹੀਂ ਰੋਕ ਸਕੀ।
ਸਤਪਾਲ ਭੀਖੀ, ਪਟਿਆਲਾ


ਬੇਬੇ ਦੀ ਪੇਟੀ ਦੀਆਂ ਅਭੁੱਲ ਯਾਦਾਂ

17 ਜਨਵਰੀ ਦੇ ਨਜ਼ਰੀਆ ਪੰਨੇ ’ਤੇ ‘ਪੇਟੀ ਵਾਲੀ ਵਾਸ਼ਨਾ’ ਸਿਰਲੇਖ ਤਹਿਤ ਇਕਬਾਲ ਸਿੰਘ ਦਾ ਮਿਡਲ ਪੜ੍ਹ ਕੇ ਅਹਿਸਾਸ ਹੋਇਆ ਕਿ ਵਾਕਿਆ ਹੀ ਹੱਥੀਂ ਕੀਤੀ ਦਸਤਕਾਰੀ ਕਿਸੇ ਇਤਿਹਾਸਕ ਦਸਤਾਵੇਜ਼ ਤੋਂ ਘੱਟ ਨਹੀਂ ਹੁੰਦੀ ਸੀ। ਭਲੇ ਵੇਲਿਆਂ ਦੀਆਂ ਮਾਵਾਂ ਉਸ ਨੂੰ ਸਾਂਭ-ਸੰਭਾਲ ਕੇ ਰੱਖਦੀਆਂ ਸਨ। ਲੇਖ ਪੜ੍ਹਦਿਆਂ ਮੈਨੂੰ ਮੇਰੀ ਬੇਬੇ ਦੀ ਪੇਟੀ ਦੀ ਯਾਦ ਭਾਵੁਕ ਕਰ ਗਈ ਜਿਸ ਵਿਚ ਇਹੋ ਜਿਹੇ ਨਿੱਕ ਸੁੱਕ ਤੋਂ ਇਲਾਵਾ ਯਾਦਗਾਰੀ ਤਸਵੀਰਾਂ ਅਤੇ ਬਾਪੂ ਜੀ ਦੀਆਂ ਯਾਦਗਾਰੀ ਮੌਲਿਕ ਲਿਖਤਾਂ ਵੀ ਸਾਂਭੀਆਂ ਹੋਈਆਂ ਸਨ। ਪਰ ਇਤਿਹਾਸ ਤੋਂ ਕੋਰੇ ਪੜ੍ਹੇ ਲਿਖੇ ਮੇਰੇ ਭਾਈਬੰਦ ਨੇ ਸਮੇਤ ਪੇਟੀ ਹੀ ਖੁਰਦ-ਬੁਰਦ ਕਰ ਦਿੱਤੀਆਂ ਹਨ। ਮੇਰੇ ਘਰੋਂ ਬਾਹਰ ਰਹਿਣ ਕਾਰਨ ਲੱਕੜ ਦੀ ਪੇਟੀ ਤਾਂ ਚੁੱਲ੍ਹੇ ਦਾ ਬਾਲਣ ਬਣ ਗਈ, ਪੇਟੀ ਵਿਚਲਾ ਲਿਖਣ ਪੜ੍ਹਨ ਵਾਲਾ ਬੇਸ਼ਕੀਮਤੀ ਸਮਾਨ ਰੱਦੀ ਦੇ ਭਾਅ ਵਿਕ ਗਿਆ।
ਸਨੇਹਇੰਦਰ ਸਿੰਘ ਮੀਲੂ (ਫਰੌਰ)

Advertisement
Author Image

sukhwinder singh

View all posts

Advertisement