For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:18 AM Jan 18, 2024 IST
ਪਾਠਕਾਂ ਦੇ ਖ਼ਤ
Advertisement

ਖ਼ਤਰੇ ਤੋਂ ਖ਼ਬਰਦਾਰ
10 ਅਤੇ 11 ਜਨਵਰੀ ਦੇ ਅੰਕਾਂ ਵਿਚ ਪਾਣੀ ਦੀਆਂ ਬੰਦ ਬੋਤਲਾਂ ਵਿਚ ਖ਼ਤਰਨਾਕ ਰਸਾਇਣਕ ਤੱਤਾਂ ਬਾਰੇ ਜਾਣਕਾਰੀ ਦੇ ਕੇ ਸਮਾਜ ਨੂੰ ਖ਼ਤਰੇ ਤੋਂ ਸਾਵਧਾਨ ਕੀਤਾ ਗਿਆ ਹੈ। ਕੁਝ ਸਮਾਜਿਕ ਜਥੇਬੰਦੀਆਂ ਨੇ ਵੀ ਸਾਡੇ ਸਰੀਰ ਵਿਚ ਪਾਣੀ ਰਾਹੀਂ ਜਾਣ ਵਾਲੇ ਖ਼ਤਰਨਾਕ ਤੱਤਾਂ ਬਾਰੇ ਜਾਗਰੂਕ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇੱਥੇ ਇਹ ਲਿਖਣਾ ਗ਼ੈਰ-ਪ੍ਰਸੰਗਕ ਨਹੀਂ ਕਿ ਪਾਣੀ ਤੋਂ ਇਲਾਵਾ ਵੀ ਕਈ ਤਰੀਕਿਆਂ ਨਾਲ ਜ਼ਹਿਰੀ ਤੱਤ ਸਾਡੇ ਸਰੀਰ ਵਿਚ ਜਾ ਰਹੇ ਹਨ।
ਇੰਦਰਜੀਤ ਸਿੰਘ ਜੋਸ਼, ਸੁਨਾਮ

Advertisement

ਨਾਨੀਆਂ ਦਾਦੀਆਂ ਦਾ ਹੁਨਰ

ਇਕਬਾਲ ਸਿੰਘ ਦਾ 17 ਜਨਵਰੀ ਦਾ ਮਿਡਲ ‘ਪੇਟੀ ਦੀ ਵਾਸ਼ਨਾ’ 70ਵਿਆਂ ਤੇ 80ਵਿਆਂ ਵਿਚ ਹਰ ਪੰਜਾਬੀ ਘਰ ਦੀ ਕਹਾਣੀ ਬਿਆਨ ਕਰਦਾ ਹੈ। ਇਹ ਪੇਟੀਆਂ ਸਾਡੀਆਂ ਨਾਨੀਆਂ ਦਾਦੀਆਂ ਦੇ ਉਸ ਹੁਨਰ ਨੂੰ ਸੰਭਾਲੀ ਬੈਠੀਆਂ ਸੀ ਜੋ ਹੁਣ ਆਧੁਨਿਕ ਜ਼ਿੰਦਗੀ ਜੀਣ ਦੀ ਚਿਣਗ ਨੇ ਕਿਤੇ ਬਹੁਤ ਪਿੱਛੇ ਵਿਸਾਰ ਦਿੱਤਾ ਹੈ। ਇਨ੍ਹਾਂ ਵਿਰਾਸਤਾਂ ਨਾਲ ਜਿਨ੍ਹਾਂ ਨੇ ਸਮਾਂ ਹੰਢਾਇਆ ਹੈ, ਉਹੀ ਇਸ ਕਥਾ ਦੇ ਨਿੱਘ ਨੂੰ ਮਹਿਸੂਸ ਕਰ ਸਕਦਾ ਹੈ। ਇਹ ਸਭ ਚੀਜ਼ਾਂ ਸਾਡਾ ਵਿਰਾਸਾਤੀ ਸਰਮਾਇਆ ਸੀ ਜੋ ਹੁਣ ਲਗਭਗ ਖਤਮ ਹੋਣ ਦੀ ਕਗਾਰ ’ਤੇ ਹੈ। ਆਪਣੀ ਨਵੀਂ ਪਨੀਰੀ ਨੂੰ ਇਸ ਬਾਰੇ ਜਾਣੂ ਕਰਵਾ ਕੇ ਅਸੀਂ ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜ ਸਕਦੇ ਹਾਂ।
ਵਿਕਾਸ ਕਪਿਲਾ, ਖੰਨਾ

Advertisement

ਆਪਣੇ ਫ਼ੈਸਲੇ

15 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਨਸ਼ਿਆਂ ਦੀ ਸਮੱਸਿਆ ਨੂੰ ਸਮਝਣ ਦਾ ਸੰਕਟ’ ਪੜ੍ਹਿਆ। ਲੇਖਕ ਨੇ ਨਸ਼ਿਆਂ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖਾਂ ਦੇ ਨਾਲ ਨਾਲ ਸਿਆਸੀ ਪੱਖ ਤੋਂ ਵੀ ਪੜਚੋਲ ਕੀਤੀ ਹੈ। ਅਸਲ ਵਿਚ ਜਦੋਂ ਤਕ ਅਸੀਂ ਆਪਣੇ ਫ਼ੈਸਲਿਆਂ ਲਈ ਦੂਜਿਆਂ ਨੂੰ ਦੋਸ਼ ਦੇਣਾ ਛੱਡ ਕੇ ਆਪਣੀ ਜ਼ਿੰਮੇਵਾਰੀ ਤੈਅ ਨਹੀਂ ਕਰਦੇ, ਉਦੋਂ ਤਕ ਸਰਕਾਰਾਂ, ਪੁਲੀਸ ਅਤੇ ਸਮਾਜ ’ਤੇ ਦੋਸ਼ ਮੜ੍ਹਦੇ ਰਹਾਂਗੇ। ਜਿਨ੍ਹਾਂ ਨੌਜਵਾਨਾਂ ਦੇ ਰੋਲ ਮਾਡਲ ਸਮਾਜ ਵਿਚ ਆਪਣੀ ਮਿਹਨਤ ਨਾਲ ਤਰੱਕੀ ਕਰਨ ਵਾਲੇ ਲੋਕ ਹੁੰਦੇ ਹਨ, ਉਨ੍ਹਾਂ ਲਈ ਭਵਿੱਖ ਹਮੇਸ਼ਾ ਸੁਨਹਿਰਾ ਹੁੰਦਾ ਹੈ।
ਪ੍ਰੋ. ਨਵਜੋਤ ਸਿੰਘ, ਪਟਿਆਲਾ

ਸਫ਼ਰੀ ਦਾ ਜੀਵਨ ਸਫ਼ਰ

15 ਜਨਵਰੀ ਨੂੰ ਜਸਦੇਵ ਸਿੰਘ ਲਲਤੋਂ ਦਾ ਲੇਖ ‘ਗ਼ਦਰੀ ਤੇਜਾ ਸਿੰਘ ਸਫ਼ਰੀ ਸਰਾਭਾ’ ਪੜ੍ਹਿਆ। ਲੇਖਕ ਨੇ ਤੇਜਾ ਸਿੰਘ ਸਫ਼ਰੀ ਸਰਾਭਾ ਦੇ ਜਨਮ, ਜੀਵਨ ਅਤੇ ਆਜ਼ਾਦੀ ਦੇ ਸੰਘਰਸ਼ ਬਾਰੇ ਤਾਂ ਚਾਨਣਾ ਪਾਇਆ ਹੀ ਹੈ, ਨਾਲ ਉਨ੍ਹਾਂ ਦੀ ਕਰਤਾਰ ਸਿੰਘ ਸਰਾਭਾ ਨਾਲ ਨੇੜਤਾ ਬਾਰੇ ਵੀ ਦੱਸਿਆ ਹੈ। ਲੇਖਕ ਦੁਆਰਾ ਤੇਜਾ ਸਿੰਘ ਸਫ਼ਰੀ ਦੇ ਦ੍ਰਿੜ ਇਰਾਦੇ, ਸਰਕਾਰ ਅੱਗੇ ਨਾ ਝੁਕਣ ਦੇ ਸੁਭਾਅ ਅਤੇ ਆਜ਼ਾਦੀ ਦੇ ਯੋਗਦਾਨ ਬਾਰੇ ਭਰਪੂਰ ਚਰਚਾ ਕੀਤੀ ਹੈ।
ਹਰਿੰਦਰ ਜੀਤ ਸਿੰਘ, ਪਿੰਡ ਬਿਜਲਪੁਰ (ਪਟਿਆਲਾ)

ਆਪਣੀ ਮਿੱਟੀ

13 ਜਨਵਰੀ ਨੂੰ ਦਰਸ਼ਨ ਸਿੰਘ ਦਾ ਮਿਡਲ ‘ਸਾਂਝ ਤੇ ਸਿਰਨਾਵੇਂ’ ਪੜ੍ਹ ਕੇ ਮਹਿਸੂਸ ਹੋਇਆ ਕਿ ਪਰਦੇਸੀ ਹੋਏ ਨੌਜਵਾਨ ਜਦੋਂ ਬਜ਼ੁਰਗ ਮਾਪਿਆਂ ਨੂੰ ਆਪਣੇ ਕੋਲ ਬੁਲਾ ਲੈਂਦੇ ਹਨ, ਬਹੁਤਿਆਂ ਦਾ ਓਪਰੀ ਥਾਂ ਜਾਂ ਬੇਗਾਨੇ ਮੁਲਕ ਵਿਚ ਚਿੱਤ ਨਹੀਂ ਲੱਗਦਾ। ਉਨ੍ਹਾਂ ਦਾ ਮਨ ਪਿੰਡ ਉੱਡ ਆਉਣ ਨੂੰ ਕਰਦਾ ਹੈ ਪਰ ਉਹ ਚਾਹੁੰਦੇ ਹੋਏ ਵੀ ਝੋਲੇ ਵਿਚ ਕੱਪੜੇ ਪਾ ਕੇ ਪਿੰਡ ਵਾਲੀ ਬੱਸ ਨਹੀਂ ਚੜ੍ਹ ਸਕਦੇ। ਕਿੰਨੇ ਹੀ ਬਜ਼ੁਰਗ ਆਪਣੀ ਮਿੱਟੀ ਨਾਲੋਂ ਟੁੱਟਣ ਦੀ ਪੀੜ ਹੰਢਾਅ ਰਹੇ ਹਨ। ਇਸੇ ਦਿਨ ਸਤਰੰਗ ਪੰਨੇ ਉੱਤੇ ਕਮਲਜੀਤ ਕੌਰ ਗੁੰਮਟੀ ਦਾ ਲੇਖ ‘ਸੁਣਨਾ ਵੀ ਇਕ ਹੁਨਰ ਹੈ’ ਜਾਣਕਾਰੀ ਭਰਪੂਰ ਸੀ ਪਰ ਅੱਜ ਲੋਕ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ, ਹਰ ਕੋਈ ਆਪਣੀ ਹੀ ਸੁਣਾਉਂਦਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)

ਪਿਛਲ-ਮੋੜਾ

12 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਨੀਰਾ ਚੰਡੋਕ ਦਾ ਲੇਖ ‘ਧਾਰਮਿਕ ਪ੍ਰਤੀਕਵਾਦ ਅਤੇ ਚੰਗੀ ਸਿਆਸਤ’ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਹੋਈ ਸਿਆਸਤ ਅਤੇ ਆਜ਼ਾਦੀ ਦੇ 75 ਸਾਲਾਂ ਤੋਂ ਅਜੋਕੇ ਮੁਕਾਮ ਤਕ ਪਹੁੰਚੀ ਸਿਆਸਤ ਬਾਰੇ ਵਿਸ਼ਲੇਸ਼ਣ ਹੈ। ਇਹ ਤਾਂ ਸਹੀ ਲਿਖਿਆ ਹੈ ਕਿ ਸਮਾਜ ਇੰਨੀ ਜਲਦੀ ਨਹੀਂ ਬਦਲਦੇ ਹੁੰਦੇ ਪਰ ਇਸ ਦੇ ਪਿਛਲ-ਮੋੜ ਲੈਣ ਦੀ ਹੈਰਾਨੀ ਸਿਰਫ਼ ਉਨ੍ਹਾਂ ਨੂੰ ਹੀ ਹੋ ਰਹੀ ਹੈ ਜੋ ਆਜ਼ਾਦੀ ਤੋਂ ਬਾਅਦ ਸਮਾਜਿਕ ਢਾਂਚੇ ਵਿਚ ਤਬਦੀਲੀ ਦੀ ਉਮੀਦ ਦੇ ਚਾਹਵਾਨ ਸਨ, ਜਿਵੇਂ ਲੇਖ ਵਿਚਲੇ ਨਹਿਰੂ ਦੇ ਹਵਾਲਿਆਂ ਤੋਂ ਸੰਕੇਤ ਮਿਲਦਾ ਹੈ। ਇਸ ਪਿਛਲ-ਮੋੜ ਦੇ ਬੀਜ ਤਾਂ ਗਾਂਧੀ ਜੀ ਦੀ ਸਿਆਸਤ ਵਿਚ ਹੀ ਪਨਪ ਰਹੇ ਸਨ। ਡਾ. ਬੀਆਰ ਅੰਬੇਡਕਰ ਅਤੇ ਗਾਂਧੀ ਜੀ ਦਾ ਤਕਰਾਰ ਇਸੇ ਗੱਲ ’ਤੇ ਸੀ। ਕਾਸ਼ ! ਸਾਡੀ ਅਜੋਕੀ ਸਿਆਸਤ ਧਾਰਮਿਕ ਪ੍ਰਤੀਕ ਵਰਤ ਕੇ ਚੰਗੀ ਸਿਆਸਤ ਵੀ ਕਰ ਸਕੇ!
ਜਗਰੂਪ ਸਿੰਘ, ਲੁਧਿਆਣਾ

ਸਿਰ ਝੁਕਦਾ ਹੈ…

12 ਜਨਵਰੀ ਦੇ ਨਜ਼ਰੀਆ ਪੰਨੇ ਉੱਤੇ ਰੇਖਾ ਸ਼ਰਮਾ ਦਾ ਲੇਖ ‘ਬਿਲਕੀਸ ਬਾਨੋ ਕੇਸ ਦਾ ਹਾਲੀਆ ਫ਼ੈਸਲਾ ਅਤੇ ਇਨਸਾਫ਼ ਦੀ ਮੰਗ’ ਪੜ੍ਹਿਆ। ਲੇਖ ਪੜ੍ਹ ਕੇ ਜਿੱਥੇ ਲੇਖਕ ਲਈ ਸਤਿਕਾਰ ਵਜੋਂ ਸਿਰ ਝੁਕਦਾ ਹੈ, ਉੱਥੇ ਸਾਡੇ ਦੇਸ਼ ਦੇ ਰਾਜਸੀ ਲੀਡਰਾਂ ਦੀ ਸ਼ਹਿ ਉੱਤੇ ਕੀਤੇ ਜਾ ਰਹੇ ਅਨਿਆਂ ਕਾਰਨ ਸ਼ਰਮ ਨਾਲ ਵੀ ਸੀਸ ਝੁਕਦਾ ਹੈ ਕਿ ਅਸੀਂ ਵੀ ਇਸ ਮਹਾਨ ਦੇਸ਼ ਭਾਰਤ ਦੇ ਨਾਗਰਿਕ ਹਾਂ। ਹਰ ਇਕ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।
ਡਾ. ਇਕਬਾਲ ਸਿੰਘ ਸਕਰੌਦੀ, ਸੰਗਰੂਰ

(2)

12 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਦਿੱਲੀ ਹਾਈ ਕੋਰਟ ਦੀ ਸਾਬਕਾ ਜੱਜ ‘ਰੇਖਾ ਸ਼ਰਮਾ’ ਦਾ ਲੇਖ ‘ਬਿਲਕੀਸ ਬਾਨੋ ਕੇਸ ਦਾ ਹਾਲੀਆ ਫ਼ੈਸਲਾ ਤੇ ਇਨਸਾਫ਼ ਦੀ ਆਸ’ ਪੜ੍ਹਿਆ। ਲੇਖਕ ਨੇ ਬਿਲਕੀਸ ਬਾਨੋ ਕੇਸ ਬਾਰੇ ਜਾਣਕਾਰੀ ਵਿਸਥਾਰ ਸਹਿਤ ਸਾਂਝੀ ਕੀਤੀ ਹੈ। ਸੱਚਮੁੱਚ ਸੁਪਰੀਮ ਕੋਰਟ ਨੇ ਇਸ ਕੇਸ ਦੇ 11 ਦੋਸ਼ੀਆਂ ਦੀ ਸਜ਼ਾ ਮੁਆਫ਼ੀ ਰੱਦ ਕਰ ਕੇ ਆਮ ਲੋਕਾਂ ਦਾ ਨਿਆਂਪਾਲਿਕਾ ’ਤੇ ਭਰੋਸਾ ਬਹਾਲ ਕੀਤਾ ਹੈ।
ਤਰਸੇਮ ਸਿੰਘ, ਪਿੰਡ ਤੇ ਡਾਕਖਾਨਾ ਡਕਾਲਾ (ਪਟਿਆਲਾ)

ਖੇਡ ਮੈਦਾਨਾਂ ਦੀ ਹੱਲਾਸ਼ੇਰੀ

‘ਮਾਕਾ ਟਰਾਫੀ’ (11 ਜਨਵਰੀ) ਲੇਖ ਵਿਚ ਪ੍ਰਿੰ. ਸਰਵਣ ਸਿੰਘ ਨੇ ਪੰਜਾਬ ਦੀ ਜਵਾਨੀ ਬਾਰੇ ਹਾਂਦਰੂ ਗੱਲ ਤੋਰੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ 25ਵੀਂ ਜਿੱਤ ’ਤੇ ਪੂਰੇ ਪੰਜਾਬ ਨੂੰ ਮਾਣ ਹੈ। ਯੂਨੀਵਰਸਿਟੀਆਂ ਦਾ ਇਹ ਯੋਗਦਾਨ ਉਨ੍ਹਾਂ ਸਰਕਾਰਾਂ ਲਈ ਸਬਕ ਹੈ ਜਿਹੜੀਆਂ ਨੌਜਵਾਨਾਂ ਨੂੰ ਪਰਦੇਸ ਉਡਾਰੀ ਮਾਰਨ ਤੋਂ ਰੋਕਣ ਵਿਚ ਬੁਰੀ ਤਰ੍ਹਾਂ ਨਾਕਾਮਯਾਬ ਸਾਬਤ ਹੋਈਆਂ ਹਨ। ਇਕ ਸਬਕ ਨਵੇਂ ਜ਼ਮਾਨੇ ਦੇ ਮਾਪਿਆਂ ਲਈ ਵੀ ਹੈ ਕਿ ਉਹ ਬੱਚਿਆਂ ਦੇ ਹੱਥਾਂ ਵਿਚ ਮੋਬਾਈਲ ਫੜਾਉਣ ਦੀ ਬਜਾਇ ਉਨ੍ਹਾਂ ਨੂੰ ਖੇਡ ਮੈਦਾਨਾਂ ਵੱਲ ਜਾਣ ਲਈ ਹੱਲਾਸ਼ੇਰੀ ਦੇਣ।
ਸ਼ੋਭਨਾ ਵਿਜ, ਪਟਿਆਲਾ

ਛੋਟੀ ਕਿਸਾਨੀ ਤੋਂ ਆਸਾਂ

5 ਜਨਵਰੀ ਲੇਖ ‘ਛੋਟੀ ਕਿਸਾਨੀ ਤੋਂ ਵੱਡੀਆਂ ਆਸਾਂ’ (ਦਵਿੰਦਰ ਸ਼ਰਮਾ) ਬਹੁਤ ਜਚਿਆ। ਸੰਘਣੀ ਖੇਤੀ ਨੇ ਹਵਾ, ਜਲ ਅਤੇ ਜ਼ਮੀਨ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਇਸ ਨੇ ਬਹੁਕੌਮੀ ਕਾਰਪੋਰੇਸ਼ਨਾਂ ਦੇ ਤਾਂ ਘਰ ਭਰ ਦਿੱਤੇ ਪਰ ਦੂਸ਼ਿਤ ਭੋਜਨ-ਲੜੀ ਨੇ ਲੋਕਾਈ ਨੂੰ ਸੂਲ਼ੀ ’ਤੇ ਟੰਗ ਦਿੱਤਾ। ਸਲਾਮ ਹੈ ਆਂਧਰਾ ਪ੍ਰਦੇਸ਼ ਦੇ ਪਿੰਡਾਂ ਦੇ ਉਨ੍ਹਾਂ ਛੋਟੇ ਕਿਸਾਨਾਂ ਨੂੰ ਜਿਨ੍ਹਾਂ ਨੇ ਆਪਣੀ ਖੇਤੀ ਦੀ ਮੁਹਾਰ ਕੁਦਰਤੀ ਖੇਤੀ ਵੱਲ ਮੋੜੀ ਹੈ।
ਮਲਕੀਤ ਸਿੰਘ, ਅਖਾੜਾ (ਲੁਧਿਆਣਾ)

ਕਾਕੋਰੀ ਕਾਂਡ ਤੇ ਸ਼ਹੀਦ ਭਗਤ ਸਿੰਘ

19 ਦਸੰਬਰ ਨੂੰ ਡਾ. ਚਰਨਜੀਤ ਸਿੰਘ ਗੁਮਟਾਲਾ ਦਾ ਲੇਖ ‘ਕੋਕਾਰੀ ਕਾਂਡ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ’ ਜਾਣਕਾਰੀ ਭਰਪੂਰ ਸੀ। ਕ੍ਰਾਂਤੀਕਾਰੀਆਂ ਦੀ
ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਛੁਡਾਉਣ ਦੀ ਯੋਜਨਾ ਵੀ ਬਣੀ ਸੀ। ਇਸ ਵਿਉਂਤਬੰਦੀ ਵਿਚ ਭਗਤ ਸਿੰਘ ਵੀ ਸ਼ਾਮਿਲ ਸੀ। ਯੋਜਨਾ ਕਿਸੇ ਕਾਰਨ ਸਿਰੇ ਨਹੀਂ ਚੜ੍ਹ ਸਕੀ। ਮਗਰੋਂ ਮਈ 1927 ਨੂੰ ਭਗਤ ਸਿੰਘ ਨੂੰ ਲਾਹੌਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਇਸ ਕੇਸ ਵਿਚ ਭਗਤ ਸਿੰਘ ਦਾ ਨਾਂ ਜੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਕੋਈ ਲਾਭ ਨਹੀਂ ਹੋਇਆ। ਮੰਜੇ ਉੱਤੇ ਬੈਠੇ ਭਗਤ ਸਿੰਘ ਦੀ ਤਸਵੀਰ ਇਸ ਗ੍ਰਿਫ਼ਤਾਰੀ ਦੌਰਾਨ ਹੀ ਖਿੱਚੀ ਗਈ ਸੀ।
ਕਾਮਰੇਡ ਗੁਰਨਾਮ ਸਿੰਘ, ਰੂਪਨਗਰ

Advertisement
Author Image

joginder kumar

View all posts

Advertisement