For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

06:08 AM Nov 24, 2023 IST
ਪਾਠਕਾਂ ਦੇ ਖ਼ਤ
Advertisement

ਚੁੱਪ ਦੀ ਸਾਜ਼ਿਸ਼

23 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਰਾਜੇਸ਼ ਰਾਮਚੰਦਰਨ ਦਾ ਜੀਂਦ ਕਾਂਡ ਬਾਰੇ ਲੇਖ ਨਿਡਰ ਕਲਮ ਦੀ ਕਰਾਮਾਤ ਹੈ। ਇਹ ਕਾਂਡ ਸਮਾਜ ਦੇ ਕਮਜ਼ੋਰ ਵਰਗ ਦੀਆਂ ਵਿਦਿਆਰਥਣਾਂ ਨਾਲ ਵਾਪਰਿਆ। ਕਿੱਡਾ ਕਰੂਰ ਸੱਚ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੇ ਹੀ ਲਗਭੱਗ 50 ਬੱਚੀਆਂ ਨਾਲ ਇਹ ਕਾਰਾ ਕੀਤਾ। ਇਕ ਵਿਦਿਆਰਥਣ ਨੇ ਭਾਵੇਂ ਸ਼ਿਕਾਇਤ ਦਰਜ ਕਰਾ ਦਿੱਤੀ ਸੀ ਪਰ ਪੁਲੀਸ ਤੇ ਪ੍ਰਬੰਧਕਾਂ ਨੇ ਮਾਮਲਾ ਰਫ਼ਾ ਦਫ਼ਾ ਕਰ ਦਿੱਤਾ। ਹੁਣ ਅਖ਼ਬਾਰ ਨੇ ਚੁੱਪ ਦੀ ਇਸ ਸਾਜ਼ਿਸ਼ ਖਿਲਾਫ਼ ਆਵਾਜ਼ ਬੁਲੰਦ ਕੀਤੀ ਹੈ।
ਸਾਗਰ ਸਿੰਘ ਸਾਗਰ, ਬਰਨਾਲਾ

Advertisement

ਵਿਦਿਆਰਥੀਆਂ ਦਾ ਸਕੂਲੀ ਸਫ਼ਰ

21 ਨਵੰਬਰ ਦੇ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ ਦਾ ਲੇਖ ‘ਵਿਦਿਆਰਥੀਆਂ ਦੇ ਸਕੂਲ ਸਫ਼ਰ ਨੂੰ ਸਮਝਦਿਆਂ’ ਪੜ੍ਹ ਕੇ ਇਹ ਰਾਜ਼ ਸਾਹਮਣੇ ਆਉਂਦਾ ਹੈ ਕਿ ਸਾਡੇ ਬੱਚਿਆਂ ਦਾ ਸਕੂਲੀ ਸਫ਼ਰ ਉਨ੍ਹਾਂ ਨੂੰ ਕਿਸ ਸਾਂਚੇ ਵਿਚ ਢਾਲਦਾ ਹੈ; ਜੀਵਨ-ਜਾਚ ਸਿਖਾਉਣ ਦੀ ਬਜਾਇ ਮੁਕਾਬਲੇ ਦੀ ਦੌੜ ਲਾਉਣ ਦੇ ਗੁਰ ਸਿਖਾ ਕੇ ਕਿਵੇਂ ਨੀਰਸ ਚੱਲਣ ਵਾਲੀ ਮਸ਼ੀਨ ਬਣਾਉਂਦਾ ਹੈ। ਫਲਸਫ਼ੇ ਪੜ੍ਹਾਉਣ ਨਾਲ ਹੀ ਸਾਇੰਸਦਾਨ, ਸਿਆਸਤਦਾਨ, ਅਰਥ ਸ਼ਾਸਤਰੀ ਜਾਂ ਸਮਾਜ ਸ਼ਾਸਤਰੀ ਨਹੀਂ ਬਣਦੇ ਬਲਕਿ ਫਲਸਫ਼ਾ ਤਾਂ ਤਜਰਬੇ ਦੀ ਦੇਣ ਹੈ। ਤਜਰਬਾਤੀ ਹੁਨਰ ਜਾਂ ਤਜਰਬੇ ਤੋਂ ਉਪਜੇ ਗਿਆਨ ਨੂੰ ਤਾਂ ਅਸੀਂ ਨਫ਼ਰਤ ਕਰਦੇ ਹਾਂ। ਹਰ ਬੱਚਾ ਕੱਚਾ ਹੀਰਾ ਹੈ, ਇਹ ਘੜਨ ਵਾਲੇ ਕਾਰੀਗਰ ’ਤੇ ਨਿਰਭਰ ਹੈ ਕਿ ਉਹ ਉਸ ਦੀ ਮੌਲਿਕਤਾ ਦਾ ਕਿਹੜਾ ਪਾਸਾ ਚਮਕਾਉਂਦਾ ਹੈ। ਬਿਆਨ ਕੀਤਾ ਸਕੂਲੀ ਸਫ਼ਰ ਸਾਡੇ ਵਿਦਿਅਕ ਨੀਤੀ ਘਾੜਿਆਂ ਲਈ ਰਾਹ ਦਸੇਰਾ ਹੈ। 21 ਨਵੰਬਰ ਦੇ ਅੰਕ ਵਿਚ ਪ੍ਰਿੰਸੀਪਲ ਵਿਜੈ ਕੁਮਾਰ ਦਾ ਲੇਖ ‘ਬੱਚਿਆਂ ਨੂੰ ਮੈਰਿਟਾਂ ਤਕ ਸੀਮਤ ਕਰ ਰਹੀ ਹੈ ਸਿੱਖਿਆ ਪ੍ਰਣਾਲੀ’ ਸਾਡੀ ਸਿੱਖਿਆ ਪ੍ਰਣਾਲੀ ’ਚੋਂ ਪੈਦਾ ਹੋ ਰਹੇ ਸਿਖਿਆਰਥੀਆਂ ਬਾਰੇ ਸਹੀ ਤਸਵੀਰ ਪੇਸ਼ ਕਰਦੀ ਹੈ।
ਜਗਰੂਪ ਸਿੰਘ, ਲੁਧਿਆਣਾ

Advertisement

ਸਿੱਖਿਆ ਦੇ ਪੱਖ

21 ਨਵੰਬਰ ਨੂੰ ਨਜ਼ਰੀਆ ਪੰਨੇ ’ਤੇ ਅਵਿਜੀਤ ਪਾਠਕ, ਡਾ. ਰਵਿੰਦਰ ਸਿੰਘ ਅਤੇ ਪ੍ਰਿੰਸੀਪਲ ਵਿਜੈ ਕੁਮਾਰ ਦੇ ਲੇਖ ਪੜ੍ਹੇ। ਤਿੰਨਾਂ ਲੇਖਾਂ ਵਿਚ ਸਿੱਖਿਆ ਬਾਰੇ ਵੱਖ ਵੱਖ ਪੱਖਾਂ ਬਾਰੇ ਚਰਚਾ ਕੀਤੀ ਗਈ ਹੈ। ਤਿੰਨਾਂ ਹੀ ਲੇਖਾਂ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਸਿੱਖਿਆ ਦੇ ਖੇਤਰ ਨੂੰ ਕਿਸ ਤਰ੍ਹਾਂ ਅਣਗੌਲਿਆ ਕੀਤਾ ਜਾ ਰਿਹਾ ਹੈ।
ਜਸਵੰਤ ਕੌਰ, ਹੁਸ਼ਿਆਰਪੁਰ

ਸਿਆਸੀ ਫ਼ੈਸਲਾ

21 ਨਵੰਬਰ ਦੇ ਮੁੱਖ ਸਫ਼ੇ ’ਤੇ ਖ਼ਬਰ ਪੜ੍ਹ ਕੇ ਅਫ਼ਸੋਸ ਹੋਇਆ ਕਿ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਹੇਠ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਦੇ ਮੁਖੀ ਨੂੰ ਹਰਿਆਣਾ ਸਰਕਾਰ ਨੇ ਇਕ ਵਾਰ ਫਿਰ 21 ਦਿਨ ਦੀ ਪੈਰੋਲ ਦਿੱਤੀ ਹੈ। ਪਿਛਲੇ 30 ਮਹੀਨਿਆਂ ਵਿਚ 8ਵੀਂ ਵਾਰ ਪੈਰੋਲ ’ਤੇ ਰਿਹਾਅ ਕੀਤਾ ਗਿਆ ਹੈ। ਜ਼ਾਹਿਰ ਹੈ ਕਿ ਇਹ ਫ਼ੈਸਲਾ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਡੇਰੇ ਦੇ ਪੈਰੋਕਾਰਾਂ ਦੀਆਂ ਵੋਟਾਂ ਭਾਜਪਾ ਦੇ ਹੱਕ ਵਿਚ ਭੁਗਤਾਉਣ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਥੇ ਮੁੱਖ ਇਤਰਾਜ਼ ਇਹ ਵੀ ਹੈ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਢੇ ਪੰਜ ਸਾਲਾਂ ਤੋਂ ਭੀਮਾ ਕੋਰੇਗਾਓਂ ਦੇ ਕਥਿਤ ਕੇਸ ਵਿਚ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਕਿਸੇ ਦੋਸ਼, ਸਬੂਤ ਅਤੇ ਸੁਣਵਾਈ ਦੇ ਜੇਲ੍ਹਾਂ ਵਿਚ ਕੈਦ ਕੀਤਾ ਹੋਇਆ ਹੈ; ਅਦਾਲਤਾਂ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਵੀ ਵਾਰ ਵਾਰ ਰੱਦ ਕਰ ਰਹੀਆਂ ਹਨ। ਇਸ ਦੇ ਇਲਾਵਾ ਸਰੀਰਕ ਤੌਰ ’ਤੇ ਨੱਬੇ ਫੀਸਦੀ ਅਪਾਹਜ ਅਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਪ੍ਰੋ. ਜੀਐਨ ਸਾਈਬਾਬਾ ਜੋ ਇਕ ਝੂਠੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਹਨ, ਨੂੰ ਪੈਰੋਲ ਜਾਂ ਜ਼ਮਾਨਤ ਉੱਤੇ ਵੀ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹ ਸਰਾਸਰ ਨਾ-ਬਰਾਬਰੀ ਅਤੇ ਬੇਇਨਸਾਫੀ ’ਤੇ ਆਧਾਿਰਤ ਗ਼ਲਤ ਅਤੇ ਨਿਰੋਲ ਸਿਆਸੀ ਫ਼ੈਸਲਾ ਹੈ ਜਿਸ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਹੈ।
ਸੁਮੀਤ ਸਿੰਘ, ਅੰਮ੍ਰਿਤਸਰ

ਬੱਚਿਆਂ ਦੀ ਪੜ੍ਹਾਈ

21 ਨਵੰਬਰ ਨੂੰ ਡਾ. ਰਵਿੰਦਰ ਸਿੰਘ ਦੇ ਮਿਡਲ ‘ਐਵੇਂ ਭਾਵੁਕ ਹੋ ਗਏ’ ਵਿਚ ਲਿਖਿਆ ਹੈ: ‘ਵਿਦਿਆਰਥੀ ਪੜ੍ਹ ਕੇ ਰਾਜ਼ੀ ਨਹੀਂ, ਮਾਪੇ ਪੜ੍ਹਾ ਕੇ ਰਾਜ਼ੀ ਨਹੀਂ’। ਇਹ ਸਹੀ ਨਹੀਂ। ਪੰਜ ਕੁ ਪ੍ਰਤੀਸ਼ਤ ਅਮੀਰਾਂ ਦੇ ਬੱਚੇ ਹੋਣਗੇ ਜੋ ਪੜ੍ਹ ਕੇ ਰਾਜ਼ੀ ਨਹੀਂ ਲੇਕਿਨ ਮਾਪੇ ਤਾਂ ਆਪ ਭੁੱਖੇ ਅਤੇ ਤੰਗ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਰਾਜ਼ੀ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

ਇਹ ਕੈਸੇ ਦਿਨ ਆਏ?

‘ਪਛਤਾਵੇ ਦਾ ਦਿਨ’ ਲਿਖਤੁਮ ਸਵਰਨ ਸਿੰਘ ਭੰਗੂ (17 ਨਵੰਬਰ) ਨਾਲ ਬਹੁਤ ਸਾਰੀਆਂ ਕੁਸੈਲੀਆਂ ਯਾਦਾਂ ਤਾਜ਼ਾ ਹੋ ਗਈਆਂ। ਤ੍ਰਾਸਦੀ ਇਹ ਹੈ ਕਿ ਇਹੋ ਜਿਹੇ ਮਾੜੇ ਵਰਤਾਰਿਆਂ ਬਾਰੇ ਕੋਈ ਗੱਲ ਕਰਨੀ ਵੀ ਪਸੰਦ ਨਹੀਂ ਕਰਦਾ। ਸ਼ਹੀਦੀ ਜੋੜ ਮੇਲਾ, ਹੋੋਲਾ ਮਹੱਲਾ ਤੇ ਹੋਰ ਵਿਰਾਸਤੀ ਮੇਲਿਆਂ ਵਿਚ ਵੀ ਮਾਪੇ ਕੁੜੀਆਂ ਨੂੰ ਲੈ ਕੇ ਜਾਣ ਤੋਂ ਡਰਨ ਲੱਗੇ ਹਨ। ਅੱਥਰੀ ਭੀੜ, ਹੁੱਲੜਬਾਜ਼ੀ, ਤਰ੍ਹਾਂ ਤਰ੍ਹਾਂ ਦੇ ਭੋਜਨ ਪਦਾਰਥ, ਉੱਚੀ ਆਵਾਜ਼ ’ਚ ਵੱਜ ਰਹੇ ਚਕਵੇਂ ਗੀਤ ਦੇਖ-ਸੁਣ ਕੇ ਮਨ ਉਦਾਸ ਹੋ ਜਾਂਦਾ ਹੈ। ਪਿਛਲੇ ਦਿਨੀਂ ਲੁਧਿਆਣਾ ਵਿਖੇ ਇਕ ਸ਼ਹੀਦ ਦੀ ਯਾਦ ਵਿਚ ਕਰਵਾਏ ਰਾਜ ਪੱਧਰੀ ਸਮਾਗਮ ਵਿਚ ਇਕ ਖ਼ਾਸ ਗੀਤ ਦੀ ਧੁਨ ’ਤੇ ਵਿਦਿਆਰਥੀ ਭੰਗੜੇ ਪਾ ਰਹੇ ਸਨ। ਇਹ ਕਿਹੋ ਜਿਹੀ ਸ਼ਰਧਾਂਜਲੀ ਹੈ? ਕੀ ਅਸੀਂ ਆਪਣੇ ਕਿਸੇ ਸਨੇਹੀ ਦੀ ਮੌਤ ਦੀ ਯਾਦ ਵਿਚ ਅਜਿਹਾ ਕਰਦੇ ਹਾਂ?
ਮਨਦੀਪ ਕੌਰ, ਲੁਧਿਆਣਾ

Advertisement
Author Image

joginder kumar

View all posts

Advertisement