For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:19 AM Sep 29, 2023 IST
ਪਾਠਕਾਂ ਦੇ ਖ਼ਤ
Advertisement

ਅਣਥੱਕ ਮੁਸਾਫ਼ਿਰ

27 ਸਤੰਬਰ ਨੂੰ ਕੰਵਲਜੀਤ ਖੰਨਾ ਦਾ ਮਿਡਲ ‘ਲੰਮੀਆਂ ਵਾਟਾਂ ਦਾ ਅਣਥੱਕ ਮੁਸਾਫ਼ਿਰ ਭਾਅ ਜੀ ਗੁਰਸ਼ਰਨ ਸਿੰਘ’ ਪੜ੍ਹ ਕੇ ਭਾਵੁਕ ਹੋ ਗਿਆ ਤੇ ਉਨ੍ਹਾਂ ਦੀਆਂ ਯਾਦਾਂ ਵਿਚ ਗੁਆਚਾ ਰਿਹਾ। ਮਰਹੂਮ ਮਿੱਤਰ ਹਰਬੰਸ ਰਾਮਪੁਰੀ ਦੀਆਂ ਕਹਾਣੀਆਂ ਇਕੱਠੀਆਂ ਕਰ ਕੇ ਭਾਅ ਜੀ ਨੂੰ ਕਹਾਣੀ ਸੰਗ੍ਰਹਿ ਛਪਵਾਉਣ ਲਈ ਭੇਜਿਆ ਜੋ ਉਨ੍ਹਾਂ ਬਲਰਾਜ ਸਾਹਨੀ ਯਾਦਗਾਰੀ ਪੁਸਤਕ ਮਾਲ਼ਾ ਵਲੋਂ ਛਾਪਿਆ ਤੇ ਮੈਥੋਂ ਜਿਲਦ ਅਤੇ ਟਾਈਪਿੰਗ ਖ਼ਰਚੇ ਦੀ ਰਸੀਦ ਭੇਜ ਕੇ ਕੇਵਲ ਚਾਰ ਸੌ ਰੁਪਏ ਲਏ। ਫਿਰ ਚਾਰ ਸੌ ਰੁਪਏ ਦੇ ਬਰਾਬਰ ਮੁੱਲ ਦੀਆਂ ਕਿਤਾਬਾਂ ਭੇਜ ਦਿੱਤੀਆਂ। ਉਨ੍ਹਾਂ ਮੇਰੀ ਕਹਾਣੀ ‘ਤੌਲੀਆ’ ’ਤੇ ਆਧਾਰਿਤ ਨਾਟਕ ਲਿਖਿਆ ਅਤੇ ਕਈ ਥਾਵਾਂ ’ਤੇ ਖੇਡਿਆ। ‘ਸਰਦਲ’ ਵਿਚ ਮੇਰੀਆਂ ਕਹਾਣੀਆਂ ਅਤੇ ਵਿਅੰਗ ਛਾਪੇ। ਮੈਨੂੰ ਖੁੱਲ੍ਹੀ ਛੁੱਟੀ ਦਿੱਤੀ ਕਿ ਮੈਂ ਕਿਸੇ ਵੀ ਪਿੰਡ ਵਿਚ ਨਾਟਕ ਮੇਲਾ ਕਰਵਾਵਾਂ, ਉਹ ਸਾਰਾ ਖ਼ਰਚਾ ਚੰਡੀਗੜ੍ਹ ਅਕੈਡਮੀ ਵੱਲੋਂ ਦੇ ਦੇਣਗੇ। ਮੇਰਾ ਕਹਾਣੀ ਸੰਗ੍ਰਹਿ ‘ਅੰਨ੍ਹੀ ਗਲ਼ੀ ਦਾ ਮੋੜ’ ਭਾਅ ਜੀ ਨੇ ਲੋਕ ਅਰਪਣ ਕੀਤਾ ਸੀ। ਉਨ੍ਹਾਂ ਅਨੁਵਾਦਿਤ ਕਹਾਣੀ ਸੰਗ੍ਰਹਿ ‘ਹਿਮਾਇਤੀ’ ਵਿਚ ਮੇਰੀਆਂ ਅਨੁਵਾਦ ਕੀਤੀਆਂ ਤਿੰਨ ਕਹਾਣੀਆਂ ਸ਼ਾਮਿਲ ਕੀਤੀਆਂ, ਨਾਲ ਹੀ ਕਿਹਾ ਕਿ ਵੀਹ ਕੁ ਅਗਾਂਹਵਧੂ ਅਨੁਵਾਦਿਤ ਕਹਾਣੀਆਂ ਦਾ ਖਰੜਾ ਤਿਆਰ ਕਰ ਕੇ ਭੇਜ ਦਿਆਂ। ਉਹ ਖਰੜਾ ਭਾਅ ਜੀ ਨੂੰ ਦੇਣ ਲਈ ਮੇਰੇ ਕੋਲੋਂ ਮੇਰਾ ਮਿੱਤਰ ਤਰਲੋਚਨ ਸਿੰਘ ਨਾਟਕਕਾਰ ਲੈ ਗਿਆ ਤੇ ਕਿਤੇ ਰੱਖ ਕੇ ਭੁੱਲ ਗਿਆ। ਹੁਣ ਕਈ ਦਹਾਕਿਆਂ ਮਗਰੋਂ ਆਪਣੀ ਦਰਦਨਾਕ ਮੌਤ ਤੋਂ ਤਿੰਨ ਕੁ ਹਫ਼ਤੇ ਪਹਿਲਾਂ ਤਰਲੋਚਨ ਨੂੰ ਉਹ ਖਰੜਾ ਲੱਭ ਗਿਆ ਤੇ ਉਸ ਨੇ ਮੈਨੂੰ ਭੇਜ ਦਿੱਤਾ। ਉਸ ਸੰਗ੍ਰਹਿ ਦਾ ਨਾਂ ‘ਪਾਪਾ ਮੈਂ ਹਿੰਦੋਸਤਾਨ ਲਊਂਗਾ’ ਹੈ, ਇਸ ਵਿਚ ਮੇਰੀਆਂ ਅਨੁਵਾਦ ਕੀਤੀਆਂ 26 ਕਹਾਣੀਆਂ ਸ਼ਾਮਿਲ ਹਨ। ਜੇ ਭਾਅ ਜੀ ਹੁੰਦੇ, ਉਨ੍ਹਾਂ ਕਹਿਣਾ ਸੀ–ਭੇਜ ਦੇ। ਮੈਂ ਭਰੀਆਂ ਅੱਖਾਂ ਨਾਲ ਗੁਰਸ਼ਰਨ ਭਾਅ ਜੀ ਦੀ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਨੂੰ ਦੇਣ ਅੱਗੇ ਸਿਰ ਝੁਕਾਉਂਦਾ ਹਾਂ।
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)

Advertisement


ਕੈਦੀਆਂ ਦੀ ਰਿਹਾਈ
22 ਸਤੰਬਰ ਦੇ ਸੰਪਾਦਕੀ ‘ਕੈਦੀਆਂ ਦੀ ਰਿਹਾਈ ਲਈ ਮੁਹਿੰਮ’ ਵਿਚ ਕੁਝ ਖ਼ਾਸ ਕੈਦੀਆਂ ਨੂੰ ਰਿਹਾਅ ਕਰਨ ਬਾਰੇ ਚਰਚਾ ਕੀਤੀ ਗਈ ਹੈ। ਇਹ ਹਕੀਕਤ ਹੈ ਕਿ ਅਮੀਰ ਲੋਕ ਪੈਸੇ ਦੇ ਦਮ ’ਤੇ ਜ਼ਮਾਨਤਾਂ ਅਤੇ ਨਿਆਂ ਪ੍ਰਾਪਤ ਕਰ ਲੈਂਦੇ ਹਨ ਪਰ ਆਰਥਿਕ ਪੱਖ ਤੋਂ ਕਮਜ਼ੋਰ ਲੋਕ ਜੇਲ੍ਹਾਂ ਵਿਚ ਬਿਨਾ ਕਿਸੇ ਦੋਸ਼ ਜਾਂ ਛੋਟੇ ਜੁਰਮ ਦੀ ਲੰਮੀ ਸਜ਼ਾ ਭੁਗਤਦੇ ਹਨ। ਇਸ ਮੁਹਿੰਮ ਨਾਲ ਨਾ ਸਿਰਫ਼ ਅਜਿਹੇ ਕੈਦੀ ਹੀ ਰਿਹਾਅ ਹੋਣਗੇ ਸਗੋਂ ਪੁਲੀਸ, ਵਕੀਲ, ਜੇਲ੍ਹ ਪ੍ਰਸ਼ਾਸਨ ਅਤੇ ਨਿਆਂ ਪ੍ਰਣਾਲੀ ਨਾਲ ਸਬੰਧਿਤ ਅਧਿਕਾਰੀਆਂ ਵਿਚ ਜਾਗਰੂਕਤਾ ਵੀ ਆਏਗੀ।
ਰਚਮਨਦੀਪ ਕੌਰ, ਪਿੰਡ ਛਾਪਾ


ਸੰਵਿਧਾਨ ਬਾਰੇ ਨਜ਼ਰੀਆ
22 ਸਤੰਬਰ ਨੂੰ ਹਰਚਰਨ ਸਿੰਘ ਚਹਿਲ ਦਾ ਲੇਖ ‘ਕੀ ਸੰਵਿਧਾਨ ਬਦਲਣ ਦੀ ਲੋੜ ਹੈ?’ ਪੜ੍ਹ ਕੇ ਸਮੇਂ ਦੀਆਂ ਸਰਕਾਰਾਂ ਦੇ ਚਿਹਰੇ ਤੋਂ ਸੰਵਿਧਾਨ ਬਾਰੇ ਨਜ਼ਰੀਏ ਤੋਂ ਨਕਾਬ ਉਤਰ ਗਿਆ। ਹੁਣ ਸੰਸਦ ਦੀ ਇਮਾਰਤ ਬਦਲ ਦਿੱਤੀ ਗਈ ਹੈ ਪਰ ਨਾਲ ਹੀ ਸੰਵਿਧਾਨ ਨੂੰ ਨਵੇਂ ਸਿਰੇ ਤੋਂ ਬਣਾਉਣ ਦੀਆਂ ਗੱਲਾਂ ਕਰ ਕੇ ਫ਼ਿਰਕੂ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਭਾਰਤ ਅਤੇ ਇੰਡੀਆ ਬਾਰੇ ਭੁਲੇਖੇ ਪਾ ਕੇ ਭਾਰਤੀ ਸਮਾਜ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਮਨਮੋਹਨ ਸਿੰਘ, ਨਾਭਾ


ਸਰਕਾਰ ਦੀ ਸੰਜੀਦਗੀ
20 ਸਤੰਬਰ ਦੇ ਸੰਪਾਦਕੀ ‘ਔਰਤਾਂ ਲਈ 33 ਫ਼ੀਸਦੀ ਕੋਟਾਂ’ ਵਿਚ ਚਿਰਾਂ ਤੋਂ ਲਟਕ ਰਹੇ ਮਹਿਲਾ ਰਾਖਵਾਂਕਰਨ ਬਿਲ ਬਾਰੇ ਜ਼ਿਕਰ ਹੈ ਪਰ ਜੇ ਸਰਕਾਰ ਮਹਿਲਾ ਬਿੱਲ ਪਾਸ ਕਰਵਾਉਣ ਲਈ ਸੱਚਮੁੱਚ ਸੰਜੀਦਾ ਸੀ ਤਾਂ ਪਹਿਲਾਂ ਜਨਗਣਨਾ ਅਤੇ ਹੱਦਬੰਦੀ ਹੋ ਜਾਣੀ ਲਾਜ਼ਮੀ ਸੀ ਤਾਂ ਜੋ ਇਹ ਬਿੱਲ ਪਾਸ ਹੋਣ ਦੇ ਤੁਰੰਤ ਬਾਅਦ ਅਮਲ ਵਿਚ ਲਿਆਂਦਾ ਜਾ ਸਕਦਾ। ਪੰਚਾਇਤੀ ਰਾਜ ਸੰਸਥਾਵਾਂ ’ਚ ਰਾਖਵੇਂਕਰਨ ਨਾਲ ਅੱਗੇ ਆਈਆਂ ਔਰਤਾਂ ਦੀਆਂ ਸ਼ਕਤੀਆਂ ਦੀ ਵਰਤੋਂ ਪਰਿਵਾਰ ਦੇ ਮਰਦ ਮੈਂਬਰ ਹੀ ਕਰਦੇ ਹਨ। 33 ਫ਼ੀਸਦੀ ਰਾਖਵਾਂਕਰਨ ਵਿਚ ਸਿਰਫ਼ ਪੜ੍ਹੀਆਂ-ਲਿਖੀਆਂ ਜ਼ਹੀਨ ਔਰਤਾਂ ਹੀ ਅੱਗੇ ਆਉਣ ਜੋ ਸਮਾਜਿਕ ਅਤੇ ਸਿਆਸੀ ਮੁੱਦਿਆਂ ਦੀ ਚੰਗੀ ਪਕੜ ਰੱਖਦੀਆਂ ਹੋਣ। ਇਸ ਸੂਰਤ ਵਿਚ ਹੀ ਰਾਖਵਾਂਕਰਨ ਦਾ ਸਾਰਥਿਕ ਮੁੱਲ ਪਵੇਗਾ।
ਸੁਖਪਾਲ ਕੌਰ, ਚੰਡੀਗੜ੍ਹ


(2)
20 ਸਤੰਬਰ ਦਾ ਸੰਪਾਦਕੀ ‘ਔਰਤਾਂ ਲਈ 33 ਫ਼ੀਸਦੀ ਕੋਟਾ’ ਪੜ੍ਹਿਆ। ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰਵਾਉਣ ਪਿੱਛੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦਾ ਇਕੋ-ਇਕ ਮਨਸ਼ਾ ਵੋਟਾਂ ਹਾਸਿਲ ਕਰਨਾ ਹੀ ਹੋ ਸਕਦਾ ਹੈ। ਅਸਲ ਵਿਚ ਨਾਰੀ ਤਦ ਹੀ ਸ਼ਕਤੀਸ਼ਾਲੀ ਹੋਵੇਗੀ ਜੇ ਉਸ ਨੂੰ ਅੱਖਰ ਗਿਆਨ ਮਿਲੇਗਾ। ਇਉਂ ਔਰਤ ਆਪਣੇ ਪੈਰਾਂ ਉੱਤੇ ਆਪ ਖੜ੍ਹੀ ਹੋਵੇਗੀ ਅਤੇ ਆਪਣੇ ਹਾਨੀ-ਲਾਭ ਖ਼ੁਦ ਸਮਝ ਸਕੇਗੀ। ਇਸ ਤੋਂ ਪਹਿਲਾਂ 11 ਸਤੰਬਰ ਵਾਲਾ ਸੰਪਾਦਕੀ ‘ਨਸ਼ਿਆਂ ਖ਼ਿਲਾਫ਼ ਮੁਹਿੰਮ’ ਪੜ੍ਹਿਆ। ਚੰਗੀ ਗੱਲ ਹੋਵੇਗੀ ਜੇ ਪੁਲੀਸ ਨਸ਼ਿਆਂ ਖ਼ਿਲਾਫ਼ ਮੁਹਿੰਮ, ਕੁਝ ਚੰਗੇ ਲਈ ਵਿਉਂਤੇਗੀ।
ਕਾਮਰੇਡ ਗੁਰਨਾਮ ਸਿੰਘ, ਰੋਪੜ


ਮਰੀਜ਼ਾਂ ਦੀ ਖੱਜਲ ਖੁਆਰੀ
14 ਸਤੰਬਰ ਦਾ ‘ਨਜ਼ਰੀਆ’ ਮੇਰੇ ਸਾਹਮਣੇ ਹੈ। ਰਸ਼ਪਿੰਦਰਪਾਲ ਕੌਰ ਦਾ ‘ਸੱਚਾ ਸਬਕ’ ਕੁਝ ਮਹੱਤਵਪੂਰਨ ਗੱਲ ਕਹਿ ਰਿਹਾ ਹੈ। ਸਿਖ਼ਰ ਦੇ ਹਸਪਤਾਲਾਂ ’ਚ ਹੁੰਦੀ ਮਰੀਜ਼ਾਂ ਦੀ ਖੱਜਲ ਖੁਆਰੀ ਸੱਚਮੁੱਚ ਗੰਭੀਰ ਮਸਲਾ ਹੈ। ਇਸੇ ਪੰਨੇ ’ਤੇ ਰਾਜੇਸ਼ ਰਾਮਾਚੰਦਰਨ ਦਾ ਲੇਖ ‘ਜਾਤੀ ਲਾਮਬੰਦੀ’ ਪਕੜ ਵਿਚ ਨਹੀਂ ਆਇਆ। ਪਤਾ ਨਹੀਂ, ਲੇਖਕ ਹੀ ਗੱਲ ਗੋਲ ਮੋਲ ਕਰ ਗਿਆ ਹੈ। ਅਖ਼ਬਾਰ ਦੀ ਹਰ ਗੱਲ ਜ਼ਿਹਨ-ਨਸ਼ੀਨ ਹੋਣੀ ਚਾਹੀਦੀ ਹੈ।
ਧਿਆਨ ਸਿੰਘ ਸ਼ਾਹ ਸਿਕੰਦਰ, ਦੀਨਾਨਗਰ (ਗੁਰਦਾਸਪੁਰ)


ਪੰਜਾਬੀਅਤ ਦਾ ਮਾਣ
ਤ੍ਰੈਲੋਚਨ ਲੋਚੀ ਦੇ 20 ਸਤੰਬਰ ਦੇ ਮਿਡਲ ‘ਸਲਾਮ’ ਵਿਚ ਕੈਨੇਡਾ ਵਾਸੀ ਕੁੜੀ ਦਾ ਸਾਡੇ ਗੁਰੂਆਂ ਪ੍ਰਤੀ ਸਤਿਕਾਰ ਪੰਜਾਬ ਅਤੇ ਪੰਜਾਬੀਅਤ ਲਈ ਮਾਣ ਮਹਿਸੂਸ ਕਰਵਾਉਂਦਾ ਹੈ। ਗੁਰੂ ਸਾਹਿਬਾਨ ਦੀ ਸੋਚ ਤੇ ਸ਼ਹਾਦਤ ਦੇ ਲਾਸਾਨੀ ਇਤਿਹਾਸ ਅੱਗੇ ਸਿਰ ਆਪਣੇ ਆਪ ਸ਼ਰਧਾ ਨਾਲ ਝੁਕਦਾ ਹੈ। ਲੇਖ ਵਿਚ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਲਈ ਸਤਿਕਾਰ ਸਾਡੀ ਬਦਲਦੀ ਮਾਨਸਿਕਤਾ ਵੱਲ ਵੀ ਇਸ਼ਾਰਾ ਕਰਦਾ ਹੈ ਕਿਉਂ ਜੋ ਗੁਰੂ ਸਾਹਿਬਾਨ ਬੁੱਤਪ੍ਰਸਤੀ ਤੋਂ ਵਰਜਦੇ ਰਹੇ ਹਨ ਪਰ ਅਸੀਂ ਤਸਵੀਰਾਂ ਨੂੰ ਵਪਾਰ ਬਣਾ ਬੈਠੇ।
ਵਿਕਾਸ ਕਪਿਲਾ, ਖੰਨਾ

Advertisement
Author Image

sukhwinder singh

View all posts

Advertisement
Advertisement
×