ਪਾਠਕਾਂ ਦੇ ਖ਼ਤ
ਧੁਖਦੇ ਸਵਾਲ
ਗੁਰਬਚਨ ਜਗਤ ਨੇ ਆਪਣੇ ਲੇਖ ‘ਪੰਜਾਬ: ਸਤਹਿ ਹੇਠ ਖੌਲ ਰਹੇ ਤੌਖ਼ਲੇ ਤੇ ਸਵਾਲ’ (26 ਜੂਨ) ਵਿੱਚ ਲੋਕਾਂ ਦੇ ਦਿਲਾਂ ਅੰਦਰ ਪੰਜਾਬ ਦੇ ਚੋਣ ਦ੍ਰਿਸ਼ ਨੂੰ ਲੈ ਕੇ ਧੁਖਦੇ ਸਵਾਲਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਅਜਿਹੇ ਸਮੇਂ ਜਦੋਂ ਮੁਲਕ ਦੇ ਕਰੋੜਾਂ ਲੋਕ ਪਿਛਲੇ ਦਸ ਸਾਲਾਂ ਤੋਂ ਕੇਂਦਰ ਦੀ ਕੱਟੜ ਸੱਜੇ ਪੱਖੀ ਵਿਚਾਰਧਾਰਾ ਦੇ ਦਬਾਅ ਹੇਠਾਂ ਘੁਟਨ ਮਹਿਸੂਸ ਕਰ ਰਹੇ ਹਨ, ਪੰਜਾਬ ਬਾਰੇ ਲੇਖਕ ਦੀ ਚਿੰਤਾ ਸੋਚਣ ਲਈ ਮਜਬੂਰ ਕਰਦੀ ਹੈ। ਇਸ ਮਸਲੇ ਦੀ ਗੰਭੀਰਤਾ ਹੋਰ ਵੱਡੀ ਲੱਗਦੀ ਹੈ ਜਦੋਂ ਅਸੀਂ ਤਿੰਨ-ਚਾਰ ਦਹਾਕੇ ਪਹਿਲਾਂ ਸੂਬੇ ਵਿੱਚ ਲਗਭਗ ਪੰਦਰਾਂ ਸਾਲ ਜਾਰੀ ਰਹੀ ਹਿੰਸਾ ਬਾਰੇ ਸੋਚਦੇ ਹਾਂ। ਉਂਝ ਲੱਗਦਾ ਨਹੀਂ ਕਿ ਸਰਕਾਰਾਂ ਨੇ ਕਦੀ ਇਸ ਬਾਰੇ ਇੰਨਾ ਫ਼ਿਕਰਮੰਦ ਹੋ ਕੇ ਸੋਚਿਆ ਹੈ। ਸੋਚਿਆ ਹੁੰਦਾ ਤਾਂ ਬੇਰੁਜ਼ਗਾਰੀ ਦੇ ਜਿਸ ਸੰਕਟ ਨੇ ਉਸ ਵੇਲੇ ਪੰਜਾਬ ਦੀ ਨੌਜਵਾਨੀ ਨੂੰ ਗੁਮਰਾਹ ਕੀਤਾ, ਕੀ ਅੱਜ ਉਹ ਸੰਕਟ ਇਸ ਤਰ੍ਹਾਂ ਕਈ ਗੁਣਾ ਗੰਭੀਰ ਹੋ ਸਕਦਾ ਸੀ? ਚੋਣਾਂ ਦਾ ਕੰਮ ਤਾਂ ਮੁੱਕ ਗਿਆ ਪਰ ਪੰਜਾਬੀਆਂ ਦੇ ਮਨਾਂ ਦੀ ਜ਼ਮੀਨ ਉੱਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ ਗਈਆਂ ਹਨ। ਨਸ਼ਿਆਂ ਅਤੇ ਮੁਲਕ ਛੱਡਣ ਵਾਲਿਆਂ ਦਾ ਸੈਲਾਬ, ਪੰਜਾਬ ਦੀ ਧਰਤੀ ’ਤੇ ਪਸਰੀ ਉਦਾਸੀ ਹੋਰ ਵਧਾ ਰਿਹਾ ਹੈ।
ਸ਼ੋਭਨਾ ਵਿਜ, ਪਟਿਆਲਾ
(2)
26 ਜੂਨ ਦੇ ਨਜ਼ਰੀਆ ਪੰਨੇ ’ਤੇ ਗੁਰਬਚਨ ਜਗਤ ਦਾ ਲੇਖ ‘ਪੰਜਾਬ: ਸਤਹਿ ਹੇਠ ਖੌਲ ਰਹੇ ਤੌਖ਼ਲੇ ਤੇ ਸਵਾਲ’ ਪੰਜਾਬ ਦੇ ਵਿਗੜ ਰਹੇ ਮਾਹੌਲ ਬਾਰੇ ਗੰਭੀਰ ਰਚਨਾ ਹੈ। ਵਾਕਈ ਪੰਜਾਬ ਦੇ ਮੌਜੂਦਾ ਹਾਲਾਤ ਦੇ ਕਾਰਨਾਂ ਦੀ ਪੁਣਛਾਣ ਹੋਣੀ ਚਾਹੀਦੀ ਹੈ ਅਤੇ ਕੰਗਣਾ ਰਣੌਤ ਦੇ ਵੱਜੇ ਥੱਪੜ ਦਾ ਪਿਛੋਕੜ ਵੀ ਫਰੋਲਣਾ ਚਾਹੀਦਾ ਹੈ। ਇੱਕ ਪਾਸੇ ਸੱਜੇ ਪੱਖੀ ਸ਼ਹਿਰੀ ਸਿਆਸਤਦਾਨ ਸੀ; ਦੂਜੇ ਪਾਸੇ ਪੇਂਡੂ ਕਿਸਾਨੀ ਦੇ ਹੱਕ ਵਿੱਚ ਖੜ੍ਹੀ ਪੇਂਡੂ ਸਰਕਾਰੀ ਕਰਮਚਾਰੀ ਸੀ। ਹੁਣ ਸਮਾਜ ਦੇ ਸਿਆਸੀ ਅਤੇ ਧਾਰਮਿਕ ਆਗੂਆਂ ਦੇ ਜਾਗਣ ਦਾ ਵੇਲਾ ਹੈ। ਗੁਆਚਿਆ ਵੇਲਾ ਕਦੇ ਹੱਥ ਨਹੀਂ ਆਉਂਦਾ।
ਜਗਰੂਪ ਸਿੰਘ, ਲੁਧਿਆਣਾ
(3)
26 ਜੂਨ ਵਾਲੇ ਅੰਕ ਵਿੱਚ ਗੁਰਬਚਨ ਜਗਤ ਦਾ ਲੇਖ ‘ਪੰਜਾਬ: ਸਤਹਿ ਹੇਠ ਖੌਲ ਰਹੇ ਤੌਖ਼ਲੇ ਤੇ ਸਵਾਲ’ ਪੜ੍ਹਿਆ। ਲੇਖਕ ਨੇ ਪੰਜਾਬ ਅੰਦਰਲੀ ਸਿਆਸਤ ਅਤੇ ਲੋਕਾਂ ਦੇ ਤੌਖ਼ਲੇ ਬਾਰੇ ਜ਼ਿਕਰ ਕੀਤਾ ਹੈ। ਨਾਲ ਹੀ ਪੰਜਾਬ ਦੇ ਵਿਕਾਸ ਵਿੱਚ ਆਈ ਖੜੋਤ ਬਾਰੇ ਵੀ ਦੱਸਿਆ ਹੈ। ਅਸਲ ’ਚ ਪਿਛਲੀ ਸਦੀ ਦੇ ਅਖ਼ੀਰਲੇ ਦੋ ਦਹਕਿਆਂ ਦੌਰਾਨ ਪੰਜਾਬੀਆਂ ਨੇ ਬੜਾ ਸੰਤਾਪ ਹੰਢਾਇਆ। ਮਾੜੀ ਸਿਆਸਤ ਸਦਕਾ ਹਜ਼ਾਰਾਂ ਜਾਨਾਂ ਅਜਾਈਂ ਚਲੀਆਂ ਗਈਆਂ। ਘਰਾਂ ਦੇ ਘਰ ਉਜੜ ਗਏ। ਸਿਆਸਤਦਾਨਾਂ ਕਰ ਕੇ ਪੰਜਾਬ ਪਛੜ ਗਿਆ, ਵਿਕਾਸ ਪੱਖੋਂ ਵੀ ਤੇ ਬਾਕੀ ਪੱਖਾਂ ਤੋਂ ਵੀ। ਅੱਜ ਸੂਬਾ 3 ਲੱਖ ਕਰੋੜ ਤੋਂ ਵੱਧ ਦਾ ਕਰਜ਼ਈ ਹੈ। ਲੇਖਕ ਨੇ ਪੰਜਾਬ ਦੇ ਵਿਕਾਸ ਦੀ ਗੱਲ ਛੇੜ ਕੇ ਸਿਆਸਤਦਾਨਾਂ ਨੂੰ ਹਲੂਣਾ ਦਿੱਤਾ ਹੈ ਤੇ ਕੁਰਸੀ ਦੇ ਲਾਲਚ ਵਿਚ ਅਤੀਤ ’ਚ ਕੀਤੀਆਂ ਸਿਆਸੀ ਗ਼ਲਤੀਆਂ ਦੀ ਪੜਤਾਲ ਕਰ ਕੇ ਉਨ੍ਹਾਂ ਤੋਂ ਗੁਰੇਜ਼ ਕਰਨ ਤੇ ਸਬਕ ਸਿੱਖਣ ਦੀ ਨਸੀਹਤ ਵੀ ਦਿੱਤੀ ਹੈ। ਸਿਆਸਤਦਾਨਾਂ ਨੂੰ ਚਾਹੀਦਾ ਹੈ ਕਿ ਉਹ ਕੁਰਸੀ ਵਾਸਤੇ ਨਹੀਂ, ਸੂਬੇ ਦੇ ਲੋਕਾਂ ਬਾਰੇ ਸੋਚ ਕੇ ਸਿਆਸਤ ਕਰਨ।
ਅਜੀਤ ਖੰਨਾ, ਈਮੇਲ
ਪੱਤਰਕਾਰੀ ਦਾ ਨਾਇਕ
26 ਜੂਨ ਦਾ ਸੰਪਾਦਕੀ ‘ਜੂਲੀਅਨ ਅਸਾਂਜ ਦੀ ਰਿਹਾਈ’ ਪੜ੍ਹੀ। ਸਵੈ-ਪ੍ਰਗਟਾਵੇ ਦੀ ਆਜ਼ਾਦੀ ਲਈ ਜੂਝਣ ਵਾਲੇ ਜੂਲੀਅਨ ਅਸਾਂਜ ਅਸਲ ਵਿੱਚ ਪੱਤਰਕਾਰੀ ਦੇ ਚੈਂਪੀਅਨ ਹਨ। ਦੁਨੀਆ ਵਿੱਚ ਅਜਿਹੇ ਲੋਕਾਂ ਦਾ ਸਨਮਾਨ ਹੋਣਾ ਚਾਹੀਦਾ ਹੈ ਜੋ ਸਚਾਈ ਨੂੰ ਸਭ ਦੇ ਸਾਹਮਣੇ ਲਿਆਉਂਦੇ ਹਨ। ਅਸਾਂਜ ਨੇ ਅਮਰੀਕਾ ਦਾ ਸੱਚ ਉਜਾਗਰ ਕਰ ਕੇ ਬਹੁਤ ਵੱਡਾ ਜੋਖ਼ਮ ਉਠਾਇਆ ਸੀ। ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਸੀ ਪਰ ਉਹ ਝੁਕੇ ਨਹੀਂ। ਅਮੀਰ ਦੇਸ਼ਾਂ ਦੇ ਮੁਲਕਾਂ ਦੀਆਂ ਸਰਕਾਰਾਂ ਲੋਕਾਂ ਦੇ ਸਾਹਮਣੇ ਸੱਚ ਨਹੀਂ ਆਉਣ ਦਿੰਦੀਆਂ। ਉਹ ਕਹਿੰਦੀਆਂ ਕੁਝ ਹੋਰ ਹਨ ਤੇ ਕਰਦੀਆਂ ਕੁਝ ਹੋਰ ਹਨ। ਯਕੀਨਨ, ਅਸਾਂਜ ਦੁਨੀਆ ਭਰ ਦੇ ਪੱਤਰਕਾਰਾਂ ਦਾ ਨਾਇਕ ਹੈ।
ਚਰਨਜੀਤ ਸਿੰਘ ਮੁਕਤਸਰ, ਸ੍ਰੀ ਮੁਕਤਸਰ ਸਾਹਿਬ
ਜਲ ਸੰਕਟ
25 ਜੂਨ ਦੇ ਅੰਕ ਵਿੱਚ ‘ਜਲ ਸੋਮਿਆਂ ਦੀ ਭਰਪਾਈ ਕਿਵੇਂ ਹੋਵੇ’ ਲੇਖ ਵਿੱਚ ਵਿਜੈ ਬੰਬੇਲੀ ਨੇ ਪਾਣੀ ਅਤੇ ਇਸ ਦੇ ਸੰਕਟ ਬਾਰੇ ਭਰਪੂਰ ਚਾਨਣਾ ਪਾਇਆ ਹੈ। ਨਾਲ ਹੀ ਪਾਣੀ ਸੰਕਟ ਤੋਂ ਬਚਾਉਣ ਲਈ ਨਿੱਗਰ ਸੁਝਾਅ ਪੇਸ਼ ਕੀਤੇ ਹਨ। ਪੰਜਾਬ ਵਿੱਚ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਸਮੋਣ ਦੇ ਵਧੀਆ ਤਰੀਕੇ ਦੱਸੇ ਹਨ। ਸਰਕਾਰ ਨੂੰ ਇਨ੍ਹਾਂ ਸੁਝਾਵਾਂ ’ਤੇ ਅਮਲ ਕਰ ਕੇ ਸੂਬੇ ਨੂੰ ਆਉਣ ਵਾਲੇ ਸੰਕਟ ਤੋਂ ਬਚਾਉਣਾ ਚਾਹੀਦਾ ਹੈ। ਰੁੱਖ ਲਾਉਣ ਲਈ ਵੀ ਕਿਹਾ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡਾਂ ਦੀ ਪੰਚਾਇਤੀ ਜ਼ਮੀਨ ਵਿੱਚ ਰੁੱਖ ਲਗਾਏ।
ਸੱਤਪਾਲ ਰਿਸ਼ੀ, ਈਮੇਲ
ਉਹ ਪੰਜਾਬ...
ਗੁਰਮੇਲ ਸਿੰਘ ਸਿੱਧੂ ਦਾ ਲੇਖ ‘ਜੇਠ ਹਾੜ੍ਹ ਦੇ ਦੁਪਹਿਰੇ’ (25 ਜੂਨ) ਪੜ੍ਹ ਕੇ ਬੰਦਾ ਪੰਜਾਹ ਵਰ੍ਹੇ ਪਹਿਲਾਂ ਦੇ ਪੰਜਾਬ ਵਿੱਚ ਪਹੁੰਚ ਜਾਂਦਾ ਹੈ। ਉਦੋਂ ਅਜੇ ਮਸ਼ੀਨੀਕਰਨ ਨਹੀਂ ਹੋਇਆ ਸੀ। ਘਰ ਦੇ ਸਾਰੇ ਜੀਅ ਪਹੁ ਫੁਟਾਲੇ ਤੋਂ ਲੈ ਕੇ ਦੇਰ ਆਥਣ ਤੱਕ ਆਪੋ-ਆਪਣੇ ਕੰਮੀਂ ਰੁੱਝੇ ਰਹਿੰਦੇ ਸਨ। ਪਿੰਡਾਂ ਵਿੱਚ ਮਰਦਾਂ ਦਾ ਦਿਨ ਡੰਗਰਾਂ ਨੂੰ ਪੱਠੇ ਪਾਉਣਾ, ਧਾਰਾਂ ਕੱਢਣ ਆਦਿ ਤੋਂ ਸ਼ੁਰੂ ਹੋ ਕੇ ਪਤਾ ਨਹੀਂ ਕਿੱਥੇ ਜਾ ਕੇ ਖ਼ਤਮ ਹੁੰਦਾ ਸੀ। ਇੱਕ ਕਹਾਵਤ ‘ਜੱਟਾ ਤੇਰੀ ਜੂਨ ਬੁਰੀ ਹਲ ਛੱਡ ਕੇ ਚਰੀ ਨੂੰ ਜਾਣਾ’ ਉਸ ਵੇਲੇ ਦੇ ਕਿਸਾਨ ’ਤੇ ਸੌ ਫ਼ੀਸਦੀ ਢੁੱਕਦੀ ਹੈ। ਸੁਆਣੀਆਂ ਦਾ ਦਿਨ ਚਾਟੀ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਣ ਤੋਂ ਸ਼ੁਰੂ ਹੁੰਦਾ ਤੇ ਅਖ਼ੀਰ ਵਿੱਚ ਆਪਣੇ ਪਤੀ ਨੂੰ ਪੱਖੀ ਝੱਲਦੀ-ਝੱਲਦੀ ਦੀ ਪਤਾ ਨਹੀਂ ਕਦੋਂ ਆਪਣੀ ਅੱਖ ਲੱਗ ਜਾਂਦੀ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪੌਦੇ ਅਤੇ ਪੌਣ-ਪਾਣੀ
ਪੌਦਿਆਂ/ਰੁੱਖਾਂ ਅਤੇ ਪਾਣੀ ਦੀ ਸਾਂਭ-ਸੰਭਾਲ ਦੀ ਮਹੱਤਤਾ ਨੂੰ ਸਮਝਣਾ ਅੱਜ ਦੇ ਸਮੇਂ ਦੀ ਲੋੜ ਹੈ। ਜੰਗਲ ਕੱਟੇ ਜਾਣ ਨਾਲ ਨਾ ਸਿਰਫ਼ ਹਵਾ ਮਲੀਨ ਹੁੰਦੀ ਹੈ ਸਗੋਂ ਸਾਨੂੰ ਪਾਣੀ ਦੀ ਕਮੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਰੁੱਖ ਹਵਾ ਸਾਫ਼ ਅਤੇ ਮਿੱਟੀ ਦੀ ਨਮੀ ਬਰਕਰਾਰ ਰੱਖਦੇ ਹਨ ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਪਾਣੀ ਸਾਡੀ ਜੀਵਨ ਰੇਖਾ ਹੈ ਅਤੇ ਇਸ ਨੂੰ ਬਚਾਉਣਾ ਸਾਡੇ ਜੀਵਨ ਲਈ ਮਹੱਤਵਪੂਰਨ ਹੈ। ਆਓ, ਸਾਰੇ ਮਿਲ ਕੇ ਰੁੱਖ ਬਚਾਈਏ ਅਤੇ ਲਗਾਈਏ; ਪਾਣੀ ਦੀ ਬੱਚਤ ਕਰੀਏ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਅਤੇ ਸਾਫ਼ ਵਾਤਾਵਰਨ ਮਿਲ ਸਕੇ।
ਖ਼ੁਸ਼ੀ ਅਗਰਵਾਲ, ਈਮੇਲ
ਵਧਦੀ ਅਨਾਜ ਪੈਦਾਵਾਰ ਬਨਾਮ ਵਧਦੀਆਂ ਕੀਮਤਾਂ
ਆਏ ਸਾਲ ਅਨਾਜ ਪੈਦਾਵਾਰ ਵਿੱਚ ਰਿਕਾਰਡ ਵਾਧਾ ਹੁੰਦਾ ਹੈ, ਫਿਰ ਵੀ ਮਹਿੰਗਾਈ ਵਧੀ ਜਾਂਦੀ ਹੈ। ਸਾਲ 2023-24 ਦੌਰਾਨ ਚੌਲਾਂ ਦੀ ਪੈਦਾਵਾਰ 1367 ਲੱਖ ਟਨ ਦੱਸੀ ਗਈ ਹੈ। ਇਸੇ ਤਰ੍ਹਾਂ ਕਣਕ ਦੀ ਪੈਦਾਵਾਰ ਨੇ ਵੀ 1129 ਲੱਖ ਟਨ ਦਾ ਅੰਕੜਾ ਛੂਹ ਲਿਆ ਹੈ। ਇਹ ਵੀ ਰਿਕਾਰਡ ਪੈਦਾਵਾਰ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਕਣਕ ਦੀ ਕੀਮਤ 6 ਫ਼ੀਸਦੀ ਵਧੀ ਹੈ। ਚੌਲਾਂ ਦੀ ਕੀਮਤ ਵਿੱਚ ਵਾਧਾ ਇਸ ਤੋਂ ਵੀ ਵੱਧ ਹੈ। ਪਿਛਲੇ ਸਾਲ ਦੇ ਮੁਕਾਬਲੇ ਦਾਲਾਂ ਦੀਆਂ ਕੀਮਤਾਂ ਨੇ ਵੀ ਛਾਲਾਂ ਮਾਰੀਆਂ ਹਨ। ਜੂਨ 2024 ਨੂੰ ਕੇਂਦਰੀ ਪੂਲ ਵਿੱਚ ਕਣਕ ਦਾ ਸਟਾਕ 299.05 ਲੱਖ ਟਨ ਸੀ ਜੋ ਜੂਨ 2023 ਦੇ ਮੁਕਾਬਲੇ 5 ਫ਼ੀਸਦੀ ਘੱਟ ਹੈ। ਉਦੋਂ ਇਹ 313.88 ਲੱਖ ਟਨ ਸੀ। ਇਸ ਸਾਲ ਕਣਕ ਦੀ ਖ਼ਰੀਦ ਦਾ ਟੀਚਾ 310 ਲੱਖ ਟਨ ਸੀ ਪਰ ਖਰੀਦ ਸਿਰਫ਼ 260.71 ਲੱਖ ਟਨ ਦੀ ਕੀਤੀ। ਸੋ, ਆਉਣ ਵਾਲੇ ਸਮੇਂ ਵਿੱਚ ਇਸ ਦਾ ਅਸਰ ਜਨਤਕ ਵੰਡ ਪ੍ਰਣਾਲੀ ’ਤੇ ਪਵੇਗਾ। ਆਖ਼ਿਰਕਾਰ ਖੁੱਲ੍ਹੀ ਮੰਡੀ ਵਿੱਚ ਅਨਾਜ ਕੀਮਤਾਂ ਹੋਰ ਵਧਣਗੀਆਂ।
ਐੱਸ ਕੇ ਖੋਸਲਾ, ਚੰਡੀਗੜ੍ਹ