ਪਾਠਕਾਂ ਦੇ ਖ਼ਤ
ਵਿਦਿਅਕ ਵਾਤਾਵਰਨ ਅਤੇ ਮਾਪੇ
31 ਅਗਸਤ ਦੇ ਨਜ਼ਰੀਆ ਪੰਨੇ ’ਤੇ ਵਿਦਿਅਕ ਵਾਤਾਵਰਨ ਦੇ ਸਰੋਕਾਰਾਂ ਨਾਲ ਸਬੰਧਿਤ ਦੋ ਰਚਨਾਵਾਂ, ਪਹਿਲੀ ‘ਰੈਗਿੰਗ ਦੇ ਰੋਗਾਣੂਆਂ ਦੀ ਨਿਸ਼ਾਨਦੇਹੀ’ (ਅਵਿਜੀਤ ਪਾਠਕ) ਅਤੇ ਦੂਜੀ ‘ਜਦੋਂ ਪ੍ਰਿੰਸੀਪਲ ਨੇ ਮੁਆਫ਼ੀ ਮੰਗੀ’ (ਸੁਖਦਰਸ਼ਨ ਨੱਤ) ਛਪੀਆਂ ਹਨ। ਦੋਵਾਂ ਰਚਨਾਵਾਂ ਵਿਚ ਇਕ ਸਾਂਝੀ ਕੜੀ ਉੱਭਰਦੀ ਹੈ। ਪਹਿਲੀ ਰਚਨਾ ਵਿਚ ਵਿਦਿਅਕ ਅਦਾਰਿਆਂ ਵਿਚ ਪਸਰੀ ਹੋਈ ਰੈਗਿੰਗ ਦੀ ਅਲਾਮਤ ਦੀ ਬੜੀ ਬਰੀਕੀ ਨਾਲ ਪੁਣਛਾਣ ਕੀਤੀ ਗਈ ਹੈ, ਦੂਜੀ ਵਿਚ ਸੁਖਦਰਸ਼ਨ ਨੱਤ ਆਪਣੀ ਬੱਚੀ ਦੇ ਹਵਾਲੇ ਨਾਲ ਸਕੂਲੀ ਪੱਧਰ ਤੋਂ ਹੀ ਫ਼ਿਰਕੂ ਸੋਚ ਦੇ ਰੋਕਣ ਦੀ ਲੋੜ ਮਹਿਸੂਸ ਕਰਵਾਉਂਦੇ ਹਨ। ਇਹ ਨੁਕਤਾ ਬੱਚਿਆਂ ਦੀ ਮਨੋਵਿਗਿਆਨਕ ਉਸਾਰੀ ਵਿਚ ਮਾਪਿਆਂ ਦੇ ਮਹੱਤਵਪੂਰਨ ਰੋਲ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਦਾ ਸਬੰਧ ਪਹਿਲੀ ਰਚਨਾ ਵਿਚਲੀ ਰੈਗਿੰਗ ਦੇ ਵਰਤਾਰੇ ਨਾਲ ਵੀ ਹੈ। ਮਾਪਿਆਂ ਵੱਲੋਂ ਆਪਣੇ ਘਰ ਵਿਚ ਫ਼ਿਰਕੂ ਸੋਚ ਤੋਂ ਮੁਕਤ ਅਤੇ ਦੂਜੇ ਦੀ ਪੀੜ ਨੂੰ ਮਹਿਸੂਸ ਕਰਨ ਵਾਲੀ ਸੰਵੇਦਨਾ ਭਰੀ ਸੋਚ ਨਾਲ ਲੈਸ ਕਰ ਕੇ ਪਾਲੇ ਹੋਏ ਬੱਚੇ ਆਪਣੀ ਜ਼ਿੰਦਗੀ ਵਿਚ ਕਦੇ ਵੀ ਧਾਰਮਿਕ ਕੱਟੜਤਾ ਆਧਾਰਿਤ ਤੰਗ ਨਜ਼ਰੀਏ ਅਤੇ ਰੈਗਿੰਗ ਵਰਗੀਆਂ ਬਿਮਾਰੀਆਂ ਦੇ ਰੋਗਾਣੂਆਂ ਨਾਲ ਇਨ੍ਹਾਂ ਬਿਮਾਰੀਆਂ ਦੇ ਵਾਹਕ ਨਹੀਂ ਬਣਨਗੇ। ਇਹੀ ਮਾਪਿਆਂ ਨੂੰ ਸੁਚੇਤ ਕਰਨ ਵਾਲਾ ਨੁਕਤਾ ਹੈ।
ਦਰਸ਼ਨ ਸਿੰਘ ਨੰਗਲ, ਨੰਗਲ ਕਲਾਂ (ਮਾਨਸਾ)
ਇਤਿਹਾਸਕ ਤੱਥ
6 ਸਤੰਬਰ ਦੇ ਵਿਰਾਸਤ ਅੰਕ ’ਚ ਡਾ. ਰਣਜੀਤ ਸਿੰਘ ਦਾ ਲੇਖ ‘ਗੁਰੂ ਗੋਬਿੰਦ ਸਿੰਘ ਦੀ ਮਾਧੋ ਦਾਸ ਵੈਰਾਗੀ ਨਾਲ ਮੁਲਾਕਾਤ’ ਪੜ੍ਹਿਆ। ਲੇਖਕ ਨੇ ਪਹਿਲਾਂ ਤਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਸ ਨਾਲ ਕੁਝ ਸਿੰਘਾਂ ਦੇ ਜਥੇ ਨੂੰ ਗੁਰੂ ਜੀ ਵਲੋਂ ਪੰਜਾਬ ਨੂੰ ਤੋਰਨ ਬਾਰੇ ਲਿਖਿਆ ਹੈ ਪਰ ਲਿਖਤ ’ਚ ਇਹ ਪ੍ਰਭਾਵ ਵੀ ਦਿੱਤਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਜੀ ਦੇ ਆਖ਼ਰੀ ਸਾਹ ਤਕ ਗੁਰੂ ਜੀ ਕੋਲ ਹੀ ਮੌਜੂਦ ਸਨ। ਮਹਿਮਾ ਪ੍ਰਕਾਸ਼, ਪੰਥ ਪ੍ਰਕਾਸ਼ (ਰਤਨ ਸਿੰਘ ਭੰਗੂ), ਗੁਰੂ ਪ੍ਰਤਾਪ ਸੂਰਜ ਗ੍ਰੰਥ (ਕਵੀ ਸੰਤੋਖ ਸਿੰਘ) ਅਤੇ ਮਹਾਨ ਕੋਸ਼ ਅਨੁਸਾਰ ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਸਿੰਘ ਨੂੰ ਹੋਰ ਸਿੰਘਾਂ ਸਮੇਤ ਅੱਸੂ ਬਿਕਰਮੀ ਸੰਮਤ 1765 (1708) ਨੂੰ ਪੰਜਾਬ ਵੱਲ ਤੋਰਿਆ ਸੀ। ਇਸੇ ਲੇਖ ’ਚ ਅਰਬੀ ਭਾਸ਼ਾ ਦੇ ਮੂਲ ਸ਼ਬਦ ਜਰਾਹ (ਜੱਰਾਹ) ਦੇ ਸਹੀ ਅਰਥ ਚੀਰ-ਫਾੜ ਕਰਨ ਵਾਲਾ ਡਾਕਟਰ (ਅੰਗਰੇਜ਼ੀ ’ਚ ਸਰਜਨ) ਹਨ।
ਕੁਲਦੀਪ ਸਿੰਘ, ਯੂਨੀਅਨ ਸਿਟੀ (ਕੈਲੀਫੋਰਨੀਆ, ਅਮਰੀਕਾ)
ਚੰਦਰਮਾ ਕਿਵੇਂ ਬਣਿਆ
2 ਸਤੰਬਰ ਦੇ ਹਰਜੀਤ ਸਿੰਘ ਦਾ ਲੇਖ ‘ਚੰਦਰਮਾ ਕਿਵੇਂ ਬਣਿਆ ਸੀ’ ਪੜ੍ਹਿਆ। ਸੰਖੇਪ, ਪ੍ਰਭਾਵਸ਼ਾਲੀ ਢੰਗ ਨਾਲ ਰੌਚਿਕ ਜਾਣਕਾਰੀ ਦਿੱਤੀ ਗਈ ਹੈ। ਵਿਸ਼ਾਲ-ਟਕਰਾਅ ਦੇ ਸਿਧਾਂਤ ਮੁਤਾਬਕ ਧਰਤੀ ਅਤੇ ਥੀਆ ਨਾਮ ਦੇ ਦੋ ਗ੍ਰਹਿਆਂ ਵਿਚ ਆਪਸੀ ਟੱਕਰ ਤੋਂ ਬਾਅਦ ਚੰਦਰਮਾ ਦੇ ਉਪਜਣ ਦੀ ਗੱਲ ਬਿਲਕੁੱਲ ਨਵੀਂ ਜਾਣਕਾਰੀ ਹੈ।
ਸੁਰਿੰਦਰ ਸਿੰਘ, ਮੋਗਾ
ਰਸੋਈ ਗੈਸ ਕੀਮਤਾਂ ਅਤੇ ਰੱਖੜੀ
31 ਅਗਸਤ ਦਾ ਸੰਪਾਦਕੀ ‘ਗੈਸ ਦੀਆਂ ਕੀਮਤਾਂ ਤੇ ਕਟੌਤੀ’ ਪੜ੍ਹ ਕੇ ਯਾਦ ਆਇਆ ਕਿ ਨਰਿੰਦਰ ਮੋਦੀ 26 ਮਈ 2014 ਨੂੰ ਆਜ਼ਾਦ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਬਣੇ ਸਨ। ਉਦੋਂ ਗੈਸ ਸਿਲੰਡਰ 410 ਰੁਪਏ ’ਚ ਮਿਲਦਾ ਸੀ। ਤਿੰਨ ਕੁ ਮਹੀਨੇ ਮਗਰੋਂ ਉਨ੍ਹਾਂ ਦੀ ਪਹਿਲੀ ਰੱਖੜੀ ਸੀ। ਭੈਣਾਂ ਨੂੰ ਦੇਣਾ ਤਾਂ ਕੀ ਸੀ, ਸਿਲੰਡਰ ਦਾ ਮੁੱਲ 200 ਰੁਪਏ ਵਧਾ ਦਿੱਤਾ। ਉਸ ਮਗਰੋਂ ਭੈਣਾਂ ਦਾ ਚੇਤਾ ਅਜਿਹਾ ਵਿਸਰਿਆ ਕਿ ਰੱਖੜੀ ਵਾਲੇ ਦਿਨ ਨੂੰ ਦਿਲੋਂ ਭੁਲਾ ਕੇ ਹਰ ਸਾਲ ਕੀਮਤਾਂ ਵਿਚ ਵਾਧਾ ਹੁੰਦਾ ਚਲਾ ਗਿਆ। ਹੁਣ ਨੌਂ ਰੱਖੜੀਆਂ ਲੰਘ ਜਾਣ ਮਗਰੋਂ ਵੋਟਿੰਗ ਮਸ਼ੀਨਾਂ ਦਾ 2024 ਵਾਲਾ ਬਟਨ ਦਬਾਉਣ ਲਈ ਤਿਆਰ-ਬਰ-ਤਿਆਰ ਧੁੰਦ ’ਚੋਂ ਬਾਹਰ ਨਿਕਲ ਆਈਆਂ ਭੈਣਾਂ ਦਿਸੀਆਂ ਤਾਂ ਤੀਜੀ ਰੱਖੜੀ ਵੇਲੇ ਸਿਲੰਡਰ ਦੇ ਵਧਾਏ 200 ਰੁਪਏ ਦਸਵੀਂ ਰੱਖੜੀ ਮਗਰੋਂ ਵਾਪਸ ਲੈਣ ਦਾ ਐਲਾਨ ਹੋ ਗਿਆ। ਇਸ ਵਾਰ ਰੱਖੜੀ ਵਾਲੇ ਦਿਨ ਸਿਲੰਡਰ ਸਾਡੇ ਘਰ 1129 ਰੁਪਏ ’ਚ ਪੁੱਜਾ ਹੈ। ਫੁਰਤੀ ਦੇਖੋ, ਅਗਲੇ ਹੀ ਦਿਨ 20.88 ਰੁਪਏ ਸਬਸਿਡੀ ਵਾਪਸ! ਇਹ ਰਿਓੜੀ ਹੈ ਜਾਂ ਲਾਲੀਪਾਪ?
ਗੁਰਦਿਆਲ ਦਲਾਲ, ਦੋਰਾਹਾ (ਲੁਧਿਆਣਾ)
ਕਿਹੜੀ ਨਾਰੀ ਸ਼ਕਤੀ?
30 ਅਗਸਤ ਦੇ ਅੰਕ ਅੰਦਰ ਕੇਂਦਰੀ ਸਰਕਾਰ ਵੱਲੋਂ ਗੈਸ ਸਿਲੰਡਰ ਦੀ ਕੀਮਤ ਘੱਟ ਕਰਨ ਮੌਕੇ ਅਖ਼ਬਾਰਾਂ ਅੰਦਰ ਪੂਰੇ ਪੰਨੇ ਦੇ ਇਸ਼ਤਿਹਾਰ ਛਾਪੇ ਗਏ। ਇਹ ਲੋਕ ਸਭਾ ਚੋਣਾਂ ਸਮੇਂ ਵੋਟਾਂ ਬਟੋਰਨ ਦਾ ਹੱਥਕੰਡਾ ਹੀ ਹੈ। ਕੇਵਲ ਗੈਸ ਕੀਮਤ ਘਟਣ ਨਾਲ ਪਰਿਵਾਰ ਦੀਆਂ ਭੈਣਾਂ ਦੇ ਜੀਵਨ ਅੰਦਰ ਕੋਈ ਵੱਡਾ ਇਨਕਲਾਬ ਨਹੀਂ ਆਉਣਾ। ਜਿਸ ਸ਼ਖ਼ਸ ਕੋਲ ਖਾਲੀ ਗੈਸ ਸਿਲੰਡਰ ਭਰਵਾਉਣ ਲਈ ਪੈਸੇ ਨਹੀਂ, ਉਹ ਆਪਣਾ ਚੁੱਲ੍ਹਾ ਲੱਕੜਾਂ ਇਕੱਠੀਆਂ ਕਰ ਕੇ ਬਾਲ਼ ਰਿਹਾ ਹੈ। ਅਸੀਂ ਉਹ ਦਿਨ ਵੀ ਦੇਖੇ ਹਨ ਜਦੋਂ ਮੌਜੂਦਾ ਸਰਕਾਰ ਨੇ ਇਕ ਮਹੀਨੇ ਅੰਦਰ ਗੈਸ ਸਿਲੰਡਰ ਦੀ ਕੀਮਤ 150 ਰੁਪਏ ਵਧਾਈ ਸੀ। ਹੁਣ ਸਵਾਲ ਇਹ ਵੀ ਤਾਂ ਹੈ ਕਿ ਰਸੋਈ ਗੈਸ ਨਾਲ ਪੈਟਰੋਲ ਡੀਜ਼ਲ ਕੀਮਤਾਂ ਕਿਉਂ ਨਹੀਂ ਘਟਾਈਆਂ? ਇਸ਼ਤਿਹਾਰ ਅੰਦਰ ਲਿਖਿਆ ਹੈ: ਮੋਦੀ ਜੀ ਦੀ ਅਗਵਾਈ ਵਿਚ ਨਾਰੀ ਸ਼ਕਤੀ ਦੀ ਗਰਿਮਾ ਤੇ ਸਨਮਾਨ, ਬਣਿਆ ਦੇਸ਼ ਦਾ ਅਭਿਮਾਨ। ਕਾਹਦਾ ਅਭਿਮਾਨ? ਸਾਡਾ ਅਭਿਮਾਨ ਤਾਂ ਉਸ ਦਿਨ ਹੀ ਖ਼ਤਮ ਹੋ ਗਿਆ ਸੀ ਜਿਸ ਦਿਨ ਸਾਡੀਆਂ ਪਹਿਲਵਾਨ ਧੀਆਂ ਨੇ ਸ਼ਰੇਆਮ ਇਹ ਕਿਹਾ ਸੀ ਕਿ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਰਨ ਸਿੰਘ ਨੇ ਉਨ੍ਹਾਂ ਨਾਲ ਛੇੜਛਾੜ ਕੀਤੀ ਹੈ। ਇਸ ਕੇਂਦਰ ਸਰਕਾਰ ਨੇ ਮਨੀਪੁਰ ਅੰਦਰ ਨਾਰੀ ਸ਼ਕਤੀ ਦਾ ਜੋ ਨਿਰਾਦਰ ਕੀਤਾ ਹੈ, ਉਸ ਨੇ ਪੂਰੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ। ਫਿਰ ਕਿਹੜੇ ਦੇਸ਼ ਅਭਿਮਾਨ ਦੀ ਗੱਲ ਕੀਤੀ ਜਾ ਰਹੀ ਹੈ?
ਕਾਮਰੇਡ ਗੁਰਨਾਮ ਸਿੰਘ, ਰੋਪੜ
ਭਾਰਤ ਬਨਾਮ ਇੰਡੀਆ
ਅੰਗਰੇਜ਼ੀ ਭਾਸ਼ਾ ’ਚ ਲਿਖੇ ਕਾਰਡ ’ਤੇ ਦੇਸ਼ ਦਾ ਨਾਮ ‘ਇੰਡੀਆ’ ਦੀ ਬਜਾਇ ‘ਭਾਰਤ’ ਲਿਖਣਾ ਵਾਦ-ਵਿਵਾਦ ਦਾ ਕਾਰਨ ਬਣਨਾ ਕੁਦਰਤੀ ਹੈ। ਅਜਿਹਾ ਉਸ ਸਮੇਂ ਵਾਪਰਿਆ ਜਿਸ ਸਮੇਂ ਭਾਜਪਾ ਵਿਰੋਧੀ ਪਾਰਟੀਆਂ ਨੇ ਆਪਣੇ ਬਣਾਏ ਗੱਠਜੋੜ ਦਾ ਨਾਮਕਰਨ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ’ ਰੱਖ ਲਿਆ ਜਿਸ ਦਾ ਸੰਖੇਪ ਨਾਂ INDIA (ਇੰਡੀਆ) ਬਣਦਾ ਹੈ। ਇਹੀ ਨਾਂ ਭਾਜਪਾ ਲਈ ਚਿੜ ਦਾ ਕਾਰਨ ਬਣਿਆ ਹੈ ਹਾਲਾਂਕਿ ਨਰਿੰਦਰ ਮੋਦੀ ਭਾਰਤ ਨੂੰ ‘ਡਿਜੀਟਲ ਇੰਡੀਆ’ ਕਹਿ ਰਹੇ ਹਨ। ਹੋਰ ਵੀ ਮਿਸਾਲਾਂ ਹਨ ਜਿਵੇਂ ਮੇਕ ਇਨ ਇੰਡੀਆ ਆਦਿ। ਸਿਰਫ਼ ਭਾਰਤ ਦੇ ਗਣਤੰਤਰ ਮੁਖੀ ਦਾ ਰਾਸ਼ਟਰਪਤੀ ਖ਼ਾਸ ਨਾਮ ਹੈ, ਪ੍ਰਧਾਨ (ਪ੍ਰੈਜ਼ੀਡੈਂਟ) ਆਮ ਨਾਮ ਹੈ। ਵਾਦ-ਵਿਵਾਦ ਤੋਂ ਬਚਿਆ ਜਾ ਸਕਦਾ ਸੀ ਜੇ ਸਰਕਾਰ ਆਮ ਨਾਮ ਪ੍ਰੈਜ਼ੀਡੈਂਟ ਦੀ ਬਜਾਇ ਰਾਸ਼ਟਰਪਤੀ, ਭਾਵ ਦੋਵੇਂ ਹਿੰਦੀ ਨਾਮ ਲਿਖ ਦਿੰਦੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)