ਪਾਠਕਾਂ ਦੇ ਖ਼ਤ
ਇਨਸਾਨੀਅਤ ਸ਼ਰਮਸਾਰ
31 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਖਾਮ ਖ਼ਾਨ ਸੂਨ ਹੋਸਿੰਗ ਦਾ ਲੇਖ ‘ਜਬਰ ਜਨਾਹ ਜਦੋਂ ਹਥਿਆਰ ਬਣ ਜਾਂਦਾ’ ਪੜ੍ਹਿਆ। ਲੇਖਕ ਦੱਸਦਾ ਹੈ ਕਿ ਕਵਿੇਂ ਮਨੀਪੁਰ ਵਿਚ ਇਕ ਭਾਈਚਾਰੇ (ਮੈਤੇਈ) ਨੇ ਆਪਣੇ ਭਾਈਚਾਰੇ ਦੀ ਵਿਦਿਆਰਥਣ ਨਾਲ ਜਬਰ ਜਨਾਹ ਦਾ ਝੂਠਾ ਬਿਰਤਾਂਤ ਘੜਿਆ ਅਤੇ ਇਸ ਨੂੰ ਦੂਸਰੇ ਭਾਈਚਾਰੇ (ਕੁਕੀ-ਜ਼ੋਮੀ) ਦੀਆਂ ਔਰਤਾਂ ਦੇ ਜਬਰ ਜਨਾਹ ਕਰਨ ਲਈ ਵਰਤਿਆ। ਇਹ ਸਭ ਸਾਡੀਆਂ ਅੱਖਾਂ ਸਾਹਮਣੇ ਵਰਤ ਰਿਹਾ ਹੈ। ਮਨੀਪੁਰ ਦੇ ਦੁਖਾਂਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ।
ਜਗਰੂਪ ਸਿੰਘ, ਲੁਧਿਆਣਾ
ਨੂਹ ਹਿੰਸਾ ਅਤੇ ਸਰਕਾਰ
ਨੂਹ (ਹਰਿਆਣਾ) ਵਿਚ ਹਿੰਸਾ ਲਈ ਸਰਕਾਰ ਜ਼ਿੰਮੇਵਾਰ ਹੈ। ਵਿਸ਼ਵ ਹਿੰਦੂ ਪਰਿਸ਼ਦ ਅਤੇ ਬਜਰੰਗ ਦਲ ਦੀ ਬ੍ਰਿਜ ਮੰਡਲ ਜਲ ਅਭਿਸ਼ੇਕ ਯਾਤਰਾ ਬਾਰੇ
ਖੁਫ਼ੀਆ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਯਾਤਰਾ ਦੀ ਆਗਿਆ ਦਿੱਤੀ। ਸਰਕਾਰ ਨੂੰ ਲੋਕਾਂ ਦੇ ਦੁੱਖ-ਦਰਦ ਨਾਲ ਫਰਕ ਹੀ ਕੋਈ ਨਹੀਂ ਪੈ ਰਿਹਾ। ਹਾਲਾਤ ਇਹ ਹਨ ਕਿ
ਸਰਕਾਰ ਕੋਈ ਤੰਦ-ਤਾਣੀ ਨਹੀਂ ਫੜ ਰਹੀ। ਹੁਣ ਸਮੇਂ
ਦੀ ਲੋੜ ਇਹ ਹੈ ਕਿ ਸਰਕਾਰ ਮੁਲਜ਼ਮਾਂ ਖ਼ਿਲਾਫ਼
ਸਖ਼ਤ ਕਾਰਵਾਈ ਕਰੇ ਅਤੇ ਅਮਨ-ਸ਼ਾਂਤੀ ਦੀ ਬਹਾਲੀ ਤੇ ਦੋਹਾਂ ਫ਼ਿਰਕਿਆਂ ਨੂੰ ਨੇੜੇ ਲਿਆਉਣ ਲਈ ਸਬੰਧਿਤ ਧਿਰਾਂ ਨਾਲ ਸੰਵਾਦ ਰਚਾਏ।
ਐੱਸ ਕੇ ਖੋਸਲਾ, ਚੰਡੀਗੜ੍ਹ
ਦੂਰਦਰਸ਼ੀ
‘ਬੇੜਾ ਬੰਧਿ ਨ ਸਕਿਓ…’ ਲਿਖਤੁਮ ਸੋਹਣ ਲਾਲ ਗੁਪਤਾ (24 ਜੁਲਾਈ) ਸਮੇਂ ਦੀ ਲੋੜ ਮੁਤਾਬਿਕ ਲੋੜੀਂਦੀ ਦੂਰਦਰਸ਼ਿਤਾ ਅਪਣਾਉਣ ਵੱਲ ਇਸ਼ਾਰਾ ਕਰਦੀ ਲਿਖਤ ਹੈ। ਸਾਡੇ ਦੇਸ਼ ਵਿਚ ਆਫ਼ਤ ਪ੍ਰਬੰਧਨ ਦੇ ਨਾਮ ਹੇਠ ਕਰੋੜਾਂ ਰੁਪਿਆ ਖ਼ਰਚ ਕੀਤਾ ਜਾਂਦਾ ਹੈ ਪਰ ਜਾਨ-ਮਾਲ ਦਾ ਨੁਕਸਾਨ ਫਿਰ ਵੀ ਹੋ ਜਾਂਦਾ ਹੈ। ਹਰ ਸਾਲ ਕਿਸੇ ਨਾ ਕਿਸੇ ਕਾਰਨ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਦਾ ਨੁਕਸਾਨ ਹੁੰਦਾ ਹੈ। ਬਿਹਤਰ ਹੋਵੇਗਾ ਜੇ ਲੋਕ ਸਰਕਾਰ ਦੇ ਮੂੰਹ ਵੱਲ ਦੇਖਣ ਦੀ ਬਜਾਇ ਲੇਖਕ ਵਾਂਗ ਆਪ ਹੀ ਬਚਾਅ ਦੇ ਅਗਾਊਂ ਪ੍ਰਬੰਧ ਕਰਨਾ ਸਿੱਖ ਲੈਣ।
ਮਨਦੀਪ ਕੌਰ, ਲੁਧਿਆਣਾ
ਕੌਣ ਜ਼ਿੰਮੇਵਾਰ?
21 ਜੁਲਾਈ ਨੂੰ ਪੰਨਾ 5 ’ਤੇ ਖ਼ਬਰ ‘ਚੀਤਿਆਂ ਦੀ ਮੌਤ ਤੋਂ ਸੁਪਰੀਮ ਕੋਰਟ ਫਿਕਰਮੰਦ’ ਪੜ੍ਹ ਕੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਪੱਖੀ ਮੀਡੀਆ ਦਾ ਖਿਆਲ ਆਇਆ ਕਿ ਜਦੋਂ ਇਨ੍ਹਾਂ 100 ਕਰੋੜ ਦੇ 20 ਚੀਤੇ ਅਫਰੀਕਾ ਤੋਂ ਲਿਆਂਦੇ ਸਨ ਤਾਂ ਪ੍ਰਧਾਨ ਮੰਤਰੀ ਨੇ ਸਪੈਸ਼ਲ ਸਫ਼ਾਰੀ ਸੂਟ ਤੇ ਹੈਟ ਪਹਿਨ ਕੇ ਇਨ੍ਹਾਂ ਚੀਤਿਆਂ ਨੂੰ ਜੰਗਲੀ ਰੱਖ ਵਿਚ ਛੱਡਿਆ ਤੇ ਫੋਟੋ ਸ਼ੂਟ ਕਰਵਾਇਆ ਸੀ ਤੇ ਮੀਡੀਆ ਨੇ ਖ਼ੂਬ ਪ੍ਰਚਾਰ ਕੀਤਾ ਸੀ। ਸਾਲ ਤੋਂ ਵੀ ਘੱਟ ਅਰਸੇ ਦੌਰਾਨ 20 ਚੀਤਿਆਂ ਵਿਚੋਂ 8 ਚੀਤਿਆਂ ਦੀ ਮੌਤ ਹੋ ਜਾਣ ’ਤੇ ਪ੍ਰਧਾਨ ਮੰਤਰੀ ਤੇ ਉਸ ਦੇ ਮੀਡੀਆ ਨੂੰ ਕੋਈ ਫ਼ਿਕਰ ਨਹੀਂ। ਇਨ੍ਹਾਂ ਚੀਤਿਆਂ ਲਈ ਖ਼ਜ਼ਾਨੇ ਵਿਚੋਂ ਖਰਚੇ 100 ਕਰੋੜ ਲਈ ਕੌਣ ਜ਼ਿੰਮੇਵਾਰ ਹੈ? ਪ੍ਰਧਾਨ ਮੰਤਰੀ ਨੇ ਫ਼ੋਕੀ ਸ਼ੁਹਰਤ ਲਈ ਇਨ੍ਹਾਂ ਦੇ ਰਹਿਣ ਲਈ ਵਾਤਾਵਰਨ ਅਨੁਕੂਲ ਹੋਣ ਜਾਂ ਨਾ ਹੋਣ ਦਾ ਸਹੀ ਅੰਦਾਜ਼ਾ ਲਗਾਉਣ ਦੀ ਬਜਾਇ ਇਨ੍ਹਾਂ ਦੇ ਜੀਵਨ ਨੂੰ ਦਾਅ ’ਤੇ ਲਾਇਆ।
ਸੁਖਪਾਲ ਸਿੰਘ ਬੀਰ, ਨਿਊ ਚੰਡੀਗੜ੍ਹ
ਅਣਪੁੰਗਰਿਆ ਬੀਅ
17 ਜੁਲਾਈ ਦੇ ਮਿਡਲ ‘ਅਣਪੁੰਗਰਿਆ ਬੀਅ’ ਵਿਚ ਰੂਪ ਸਤਵੰਤ ਨੇ ਕੰਮਕਾਜੀ ਇਸਤਰੀ ਦੇ ਰੁਝੇਵਿਆਂ ਭਰੇ ਜੀਵਨ ਨੂੰ ਕਲਾਮਈ ਢੰਗ ਨਾਲ ਬਿਆਨ ਕੀਤਾ ਹੈ। ਉਹ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਪਿਆਰ ਭਰੀਆਂ ਛੋਹਾਂ ਨਾਲ ਕਹਿਣ ’ਚ ਸਫ਼ਲ ਹੋਏ ਹਨ ਜਵਿੇਂ ‘ਨਾ ਤਾਂ ਇਨ੍ਹਾਂ ਦੀ ਰੂਹ ਪਿੰਡੋਂ ਨਿਕਲੀ ਅਤੇ ਨਾ ਰੂਹ ਵਿਚੋਂ ਪਿੰਡ’ ਅਤੇ ‘ਜਵਿੇਂ ਸਿੱਟੇ ਪਹੁੰਚੀ ਫ਼ਸਲ ਦੀ ਰਾਖੀ ਕਰਦਾ ਕੋਈ ਕਿਸਾਨ।’ ਉਂਝ ਇਕ ਦੋ ਅਕੇਵੇਂ ਵੀ ਹਨ। ਕਬੂਤਰ ਕਦੇ ਧਰਤੀ ਉੱਪਰ ਪਈ ਕਿਸੇ ਵਸਤੂ ’ਚ ਆਲ੍ਹਣਾ ਨਹੀਂ ਪਾਉਂਦਾ, ਹਾਰੀ ਦੀ ਤਾਂ ਗੱਲ ਹੀ ਛੱਡੋ; ਨਾ ਉਹ ਆਲ੍ਹਣੇ ਲਈ ਵਾਲਾਂ, ਪੱਤਿਆਂ, ਲੀਰਾਂ-ਕਾਤਰਾਂ ਦੀ ਵਰਤੋਂ ਕਰਦਾ ਹੈ। ਉਸ ਦਾ ਆਲ੍ਹਣਾ ਉਗੜੇ ਦੁਗੜੇ ਰੱਖੇ ਡੱਕਿਆਂ ਦਾ ਹੁੰਦਾ। ਦੂਜਾ, ਮਾਂ ਦੀਆਂ ਛਾਤੀਆਂ ’ਚੋਂ ਉਤਰਦਾ ਸੀਰ ਨਿਰਜਿੰਦ ਨਹੀਂ ਹੁੰਦਾ, ਇਹ ਤਾਂ ਜਿੰਦ ਜਾਨ ਦੇਣ ਵਾਲਾ ਹੁੰਦਾ ਹੈ। ਅਣਹੋਣੀ ਹੋਣ ਕਾਰਨ ਇਹ ਹੌਲੀ ਹੌਲੀ ਘਟਦਾ ਘਟਦਾ ਸੁੱਕ ਜਾਂਦਾ ਹੈ। ਕਈ ਵਾਰ ਇਸ ਨੂੰ ਘਟਾਉਣ ਜਾਂ ਸੁਕਾਉਣ ਲਈ ਹੀਲੇ ਵਸੀਲੇ ਕਰਨੇ ਪੈਂਦੇ ਹਨ। ਕੁਦਰਤੀ ਵਰਤਾਰੇ ਨੂੰ ਅਸੀਂ ਉਲਟ ਪੁਲਟ ਨਹੀਂ ਕਰ ਸਕਦੇ।
ਰਾਮ ਸਰੂਪ ਜੋਸ਼ੀ, ਈਮੇਲ
ਬਾਗ ਲੋਪ ਹੋ ਗਿਆ
ਸੱਠ ਸਾਲ ਦੇ ਵਕਫ਼ੇ ਮਗਰੋਂ ਲੁਧਿਆਣੇ ਘੰਟਾਘਰ ਨੇੜੇ ਜਾਣ ਦਾ ਮੌਕਾ ਮਿਲਿਆ। ਆਲਾ ਦੁਆਲਾ ਦੇਖ ਕੇ ਮਨ ਨੂੰ ਠੇਸ ਪਹੁੰਚੀ। ਮਨ ਅੰਦਰ ਘੰਟਾਘਰ ਦੇ ਚੌਗਿਰਦੇ ਦੀ ਤਸਵੀਰ ਕੁਝ ਹੋਰ ਸੀ। 1947 ਦੇ ਉਜਾੜੇ ਮਗਰੋਂ 60-70 ਜੀਆਂ ਦਾ ਸਾਡਾ ਪਰਿਵਾਰ ਮਾਲਗੱਡੀ ਦੇ ਡੱਬਿਆਂ ’ਤੇ ਸਵਾਰ ਹੋ ਕੇ ਅੰਮ੍ਰਿਤਸਰ ਰਿਫਿਊਜੀ ਕੈਂਪ ਤੋਂ ਸਰਹਿੰਦ ਆ ਰਿਹਾ ਸੀ, ਲੌਢੂਵਾਲ ਕੋਲ ਇੰਜਣ ’ਚ ਖਰਾਬੀ ਆਉਣ ਕਰ ਕੇ ਪਰਿਵਾਰ ਨੂੰ ਲੁਧਿਆਣੇ ਤਕ ਪੈਦਲ ਆਉਣਾ ਪਿਆ। ਲੁਧਿਆਣੇ ਘੰਟਾਘਰ ਦੇ ਬਾਗ ’ਚ ਡੇਰਾ ਲਾਇਆ। ਅੰਬਾਂ ਦਾ ਇਹ ਬਾਗ ਘੰਟਾਘਰ ਦੇ ਦੱਖਣ ਵੱਲ ਸੀ। ਬਾਗ ਦੀ ਵਿਸ਼ਾਲਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਸੀਂ 60-70 ਜੀਅ ਇਕ ਕੋਨੇ ਵਿਚ ਹੀ ਸਮਾ ਗਏ ਸੀ। ਉੱਥੇ ਤਿੰਨ ਰਾਤਾਂ ਗੁਜ਼ਾਰੀਆਂ। ਹੁਣ ਤਾਂ ਸ਼ਹਿਰ ਦਾ ਸਾਰਾ ਸੁਹੱਪਣ ਹੀ ਖ਼ਤਮ ਹੋਇਆ ਲੱਗਦਾ ਹੈ। ਜੇ ਕੋਈ ਕਸਰ ਬਾਕੀ ਸੀ, ਉਹ ਨਾਲ ਲਗਦੇ ਓਵਰਬ੍ਰਿਜ ਨੇ ਪੂਰੀ ਕਰ ਦਿੱਤੀ ਹੈ।
ਭਗਵੰਤ ਸਿੰਘ, ਪਿੰਡ ਜਗਤਪੁਰ (ਬੇਲਾ, ਰੂਪਨਗਰ)
ਲੀਹੋਂ ਉਤਰਿਆ ਸਿਸਟਮ
28 ਜੁਲਾਈ ਨੂੰ ਗੁਰਬਚਨ ਜਗਤ ਦਾ ਲੇਖ ‘ਕੁਦਰਤੀ ਆਫ਼ਤ: ਕੋਈ ਨਾ ਸੁਣਨਹਾਰ’ ਪੜ੍ਹਿਆ। ਬਿਲਕੁੱਲ ਪਹਿਲਾਂ ਵਾਂਗ ਹੁਣ ਧੂਰੀ ਬੰਨ੍ਹ ’ਤੇ ਮਿੱਟੀ ਨਹੀਂ ਚੜ੍ਹਾਈ ਜਾਂਦੀ। ਅਸੀਂ ਵੀ ਦੇਖਿਆ ਹੋਇਆ ਹੈ, ਜਿੱਥੇ ਬੰਨ੍ਹ ਕਮਜ਼ੋਰ ਲੱਗਦਾ ਸੀ, ਉੱਥੇ ਤੋੜਿਆਂ ਵਿਚ ਮਿੱਟੀ ਭਰ ਕੇ ਲਾਈ ਹੁੰਦੀ ਸੀ। ਪੱਥਰ ਵੀ ਲੱਗੇ ਹੋਏ ਦੇਖੇ ਨੇ। ਅੱਜ ਦੇ ਹੜ੍ਹਾਂ ਅਤੇ ਨੁਕਸਾਨ ਦੀ ਗੱਲ ਕਰੀਏ ਤਾਂ ਇਹ ਮਨੁੱਖ ਦੀਆਂ ਆਪਣੀਆਂ ਗ਼ਲਤੀਆਂ ਵੀ ਹਨ। ਪਾਣੀ ਦੇ ਲਾਂਘੇ ਸਾਫ਼ ਕੀਤੇ ਹੀ ਨਹੀਂ ਜਾਂਦੇ। ਕੁਦਰਤੀ ਲਾਂਘੇ ਬਿਲਡਰਾਂ ਨੇ ਤਕਰੀਬਨ ਸਾਰੇ ਹੀ ਰੋਕ ਦਿੱਤੇ। ਬੰਨ੍ਹ ਮਜ਼ਬੂਤ ਕਰਨ ਵਾਲਾ ਕੰਮ ਵੀ ਕਿਤੇ ਨਹੀਂ ਹੁੰਦਾ; ਸਬੰਧਿਤ ਵਿਭਾਗਾਂ ਦੇ ਕਾਗਜ਼ਾਂ ਵਿਚ ਹੋ ਸਕਦਾ ਹੈ, ਹੋਇਆ ਹੋਵੇ। ਰੱਸੇ ਇਨ੍ਹਾਂ ਕੋਲ ਨਹੀਂ, ਕਿਸ਼ਤੀਆਂ ਇਨ੍ਹਾਂ ਕੋਲ ਨਹੀਂ, ਇੰਝ ਹੀ ਬਾਕੀ ਸਮਾਨ ਦਾ ਹਾਲ ਹੈ। ਵੇਲੇ ’ਤੇ ਕੁਝ ਵੀ ਨਹੀਂ ਮਿਲਦਾ। ਸਾਰਾ ਸਿਸਟਮ ਲੀਹੋਂ ਉਤਰਿਆ ਹੋਇਆ ਹੈ। ਕੌਮੀ ਸ਼ਾਹਰਾਹ ਦੇ ਦੋਨੋਂ ਪਾਸੇ ਬਣਾਈਆਂ ਮੀਂਹ ਦੇ ਪਾਣੀ ਦੀਆਂ ਖਾਲਾਂ ਵਿਚ ਸੀਵਰੇਜ ਸੁੱਟਿਆ ਜਾ ਰਿਹਾ ਹੈ। ਸੀਵਰੇਜ ਵੀ ਬਿਨਾ ਸੋਧਿਆਂ ਸੁੱਟਦੇ ਹਨ। ਬਿਲਡਰ ਵਿਭਾਗਾਂ ਨਾਲ ਮਿਲ ਕੇ ਸੀਵਰੇਜ ਸੋਧ ਪਲਾਟਾਂ ਵਾਲੀ ਖਾਨਾਪੂਰਤੀ ਹੀ ਕਰਦੇ ਹਨ।
ਪ੍ਰਭਜੋਤ ਕੌਰ ਢਿੱਲੋ, ਮੁਹਾਲੀ