ਪਾਠਕਾਂ ਦੇ ਖ਼ਤ
ਖ਼ਤਮ ਹੋ ਰਹੇ ਮੋਹ-ਮੁਹੱਬਤ
28 ਮਾਰਚ ਦੇ ਇੰਟਰਨੈੱਟ ਪੰਨੇ ‘ਅਦਬੀ ਰੰਗ’ ਵਿਚ ਡਾ. ਇਕਬਾਲ ਸਿੰਘ ਸਕਰੌਦੀ ਦੀ ਕਹਾਣੀ ‘ਸਫ਼ੈਦ ਖ਼ੂਨ’ ਪੜ੍ਹਨ ਨੂੰ ਮਿਲੀ। ਲੇਖਕ ਨੇ ਅੱਜ ਦੇ ਦੌਰ ਵਿਚ ਖ਼ਤਮ ਹੋ ਰਹੇ ਆਪਸੀ ਨਿੱਘ, ਮੋਹ, ਮੁਹੱਬਤ ਅਤੇ ਤਿਆਗ ਨੂੰ ਚੰਗੇ ਢੰਗ ਨਾਲ ਪੇਸ਼ ਕੀਤਾ ਹੈ। ਕਹਾਣੀ ਵਿਚਲੇ ਘਟਨਾਕ੍ਰਮ ਅਨੁਸਾਰ ਗੋਪਾਲ ਸਿੰਘ ਨੇ ਆਪਣੇ ਭਤੀਜੇ ਭਤੀਜੀ ਨੂੰ ਬੜੇ ਮੋਹ ਅਤੇ ਪਿਆਰ ਨਾਲ ਪਾਲ਼ਿਆ, ਫਿਰ ਵੀ ਉਹੀ ਭਤੀਜਾ ਭਤੀਜੀ ਆਪਣੇ ਚਾਚੇ ਚਾਚੀ ਦੇ ਮਰਨ ਦੀ ਉਡੀਕ ਵਿਚ ਬੈਠੇ ਹਨ ਤਾਂ ਜੋ ਉਹ ਚਾਚੇ ਦੀ ਮਹਿਲ ਵਰਗੀ ਕੋਠੀ ਉੱਤੇ ਕਬਜ਼ਾ ਕਰ ਸਕਣ। ਚਾਚੇ ਦੇ ਦੋਵੇਂ ਮੁੰਡੇ ਪਰਦੇਸੀਂ ਵੱਸਦੇ ਹੋਣ ਕਾਰਨ ਉਹਨੇ ਆਪਣੀ ਕੋਠੀ ਅਤੇ ਹੋਰ ਗਹਿਣਾ ਗੱਟਾ ਆਪਣੇ ਭਤੀਜੇ ਭਤੀਜੀ ਨੂੰ ਹੀ ਦੇਣ ਦਾ ਪਹਿਲਾਂ ਹੀ ਮਨ ਬਣਾਇਆ ਹੋਇਆ ਹੈ। ਲੇਖਕ ਨੇ ਜਿਸ ਢੰਗ ਨਾਲ ਰਿਸ਼ਤਿਆਂ ਦਾ ਤਾਣਾ-ਬਾਣਾ ਸਿਰਜਿਆ ਹੈ, ਉਨ੍ਹਾਂ ਬਾਰੇ ਜਾਣ ਕੇ ਪੜ੍ਹ ਕੇ ਸੰਵੇਦਨਸ਼ੀਲ ਇਨਸਾਨ ਨੂੰ ਜ਼ਰੂਰ ਤਕਲੀਫ਼ ਪਹੁੰਚਦੀ ਹੈ।
ਸੁਖਬੀਰ, ਕਪੂਰਥਲਾ
ਸਿਆਸੀ ਸਿਆਣਪ?
2022 ਵਿੱਚ ਆਮ ਆਦਮੀ ਪਾਰਟੀ ਹੱਥੋਂ ਵਿਧਾਨ ਸਭਾ ਚੋਣ ਹਾਰੇ ਕਾਂਗਰਸੀ ਸੁਸ਼ੀਲ ਕੁਮਾਰ ਰਿੰਕੂ ਨੂੰ ਇਕ ਦਿਨ ਪਹਿਲਾਂ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਲੋਕ ਸਭਾ ਦੀ ਉਪ ਚੋਣ ਲਈ ਪਾਰਟੀ ਟਿਕਟ ਦੇਣਾ ਸਿਆਣਪ ਨਹੀਂ ਸੀ। ਅਜਿਹਾ ਕਰਨ ’ਤੇ ਸੀਨੀਅਰ ਅਤੇ ਟਕਸਾਲੀ ਪਾਰਟੀ ਮੈਂਬਰਾਂ ਦੇ ਮਨ ਨੂੰ ਠੇਸ ਜ਼ਰੂਰ ਪਹੁੰਚੀ ਹੋਵੇਗੀ ਅਤੇ ਆਉਂਦੀਆਂ ਚੋਣਾਂ ਵਿਚ ਫਿਰ ਉਸੇ ਨੂੰ ਟਿਕਟ ਦੇ ਦਿੱਤੀ ਗਈ। ਹੁਣ ਨਤੀਜਾ ਸਾਹਮਣੇ ਹੈ। ਉਹ ਅਗਾਂਹ ਭਾਜਪਾ ਨਾਲ ਰਲ਼ ਗਿਆ ਹੈ। 27 ਮਾਰਚ ਨੂੰ ਪੰਨਾ ਤਿੰਨ ਉੱਤੇ ਭਾਜਪਾ ਨੂੰ ‘1998 ਤੋਂ ਬਾਅਦ ਪਹਿਲੀ ਵਾਰ ਇਕੱਲਿਆਂ ਚੋਣ ਪਿੜ ’ਚ ਨਿੱਤਰੇਗੀ’ ਦੱਸਿਆ ਗਿਆ ਹੈ ਜਦੋਂਕਿ 1998 ਵਿਚ ਪੰਜਾਬ ’ਚ ਇਕੱਲਿਆਂ ਨਹੀਂ, ਅਕਾਲੀ-ਭਾਜਪਾ ਗੱਠਜੋੜ ਰਾਹੀਂ ਚੋਣ ਲੜੀ ਸੀ। ਉਦੋਂ ਸੁਖਬੀਰ ਸਿੰਘ ਬਾਦਲ ਪਹਿਲੀ ਵਾਰ ਕੇਂਦਰੀ ਉਦਯੋਗ ਮੰਤਰੀ ਬਣੇ ਸਨ। ਅਕਾਲੀ ਦਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਗੱਠਜੋੜ ਦੇ ਬਾਵਜੂਦ ਭਾਜਪਾ ਦੇ ਉਲਟ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ ਸਮਰਥਨ ਕੀਤਾ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਅੰਧ-ਵਿਸ਼ਵਾਸ
27 ਮਾਰਚ ਦੇ ਅੰਕ ’ਚ ਸਫ਼ਾ 8 ’ਤੇ ਖਨੌਰੀ ਕੋਲ ਭਾਖੜਾ ਨਹਿਰ ਵਿਚੋਂ ਨਾਰੀਅਲ ਕੱਢਦੇ ਸਮੇਂ 9 ਸਾਲ ਦੇ ਬੱਚੇ ਦੇ ਡੁੱਬਣ ਦੀ ਖ਼ਬਰ ਸੀ। ਪੂਜਾ ਸਮੱਗਰੀ ਭਾਖੜਾ ਨਹਿਰ ਵਿਚ ਜਲ ਪ੍ਰਵਾਹ ਕਰਨ ਵਾਲੇ ਅੰਧ-ਵਿਸ਼ਵਾਸੀ ਲੋਕ ਇਸ ਤਰ੍ਹਾਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹਨ। ਜਲ ਪ੍ਰਵਾਹ ਕਰਨ ਸਮੇਂ ਬਹੁਤ ਵਾਰ ਸ਼ਰਧਾਲੂ ਖ਼ੁਦ ਵੀ ਮੌਤ ਦੀ ਲਪੇਟ ’ਚ ਆ ਜਾਂਦੇ ਹਨ। ਭਾਖੜਾ ਨਹਿਰ ਵਿਚ ਪੂਜਾ ਸਮੱਗਰੀ, ਨਾਰੀਅਲ, ਮੂਰਤੀਆਂ ਆਦਿ ਵਹਾਉਣ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਣੀ ਚਾਹੀਦੀ ਹੈ। ਪੂਜਾ ਸਮੱਗਰੀ ਜਲ ਪ੍ਰਵਾਹ ਕਰਨ ਲਈ ਸ਼ਰਧਾਲੂਆ ਨੂੰ ਨਿਰਦੇਸ਼ ਦੇਣ ਵਾਲਿਆਂ ’ਤੇ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।
ਸੋਹਣ ਲਾਲ ਗੁਪਤਾ, ਪਟਿਆਲਾ
ਔਰਤਾਂ ਦੀ ਭੂਮਿਕਾ
23 ਮਾਰਚ ਦੇ ਪੰਨੇ 6-7 ’ਤੇ ਸਾਰੇ ਲੇਖ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਬਾਰੇ ਜਾਣਕਾਰੀ ਦੇਣ ਵਾਲੇ ਹਨ ਪਰ ਇਨ੍ਹਾਂ ਵਿਚੋਂ ਡਾ. ਰਘਬੀਰ ਕੌਰ ਦਾ ਲੇਖ ‘ਆਜ਼ਾਦੀ ਸੰਘਰਸ਼ ਦੀਆਂ ਗੁੰਮਨਾਮ ਵੀਰਾਂਗਣਾਵਾਂ’ ਤਵੱਜੋ ਦੀ ਮੰਗ ਕਰਦਾ ਹੈ। ਹਮੇਸ਼ਾ ਇਹੀ ਹੁੰਦਾ ਆਇਆ ਹੈ ਕਿ ਇਸ ਮਰਦ-ਪ੍ਰਧਾਨ ਸਮਾਜ ਵਿਚ ਔਰਤਾਂ ਦੀਆਂ ਕੁਰਬਾਨੀਆਂ ਨੂੰ ਘਟਾ ਕੇ ਦੇਖਿਆ ਜਾਂਦਾ ਰਿਹਾ ਹੈ ਜਦੋਂਕਿ ਪਰਿਵਾਰ ਦੀਆਂ ਔਰਤਾਂ ਦੀ ਕੁਰਬਾਨੀ ਕਿਸੇ ਤਰ੍ਹਾਂ ਉਨ੍ਹਾਂ ਤੋਂ ਘੱਟ ਹੋ ਹੀ ਨਹੀਂ ਸਕਦੀ। ਭਗਤ ਸਿੰਘ ਹੋਰਾਂ ਦਾ ਤਾਂ ਸਾਰਾ ਪਰਿਵਾਰ ਹੀ ਆਜ਼ਾਦੀ ਦੀ ਇਸ ਲੜਾਈ ਵਿਚ ਸ਼ਾਮਿਲ ਸੀ। ਲੇਖਿਕਾ ਨੇ ਪਰਿਵਾਰ ਦੀਆਂ ਔਰਤਾਂ, ਸ਼ਹੀਦ ਭਗਤ ਸਿੰਘ ਦੀ ਦਾਦੀ ਜੈ ਕੌਰ, ਮਾਤਾ ਵਿਦਿਆਵਤੀ, ਚਾਚੀ ਹਰਨਾਮ ਕੌਰ ਅਤੇ ਹੁਕਮ ਕੌਰ ਬਾਰੇ ਜਾਣਕਾਰੀ ਦਿੱਤੀ ਹੈ। ਇਸ ਲਈ ਉਹ ਵਧਾਈ ਦੀ ਹੱਕਦਾਰ ਹੈ। ਕਾਸ਼ ਅਸੀਂ ਵੀ ਸਾਰੇ ਨਾਰੀ ਦਿਵਸ ਨੂੰ ਯਾਦ ਰੱਖਦਿਆਂ ਇਸ ਸੱਚਾਈ ਨੂੰ ਹਮੇਸ਼ਾ ਯਾਦ ਰੱਖੀਏ ਕਿ ਔਰਤ ਮਮਤਾ, ਮਾਨਵਤਾ ਅਤੇ ਕੁਰਬਾਨੀ ਦੀ ਮੂਰਤ ਹੈ। ਉਸ ਦੇ ਸਹਿਯੋਗ ਤੋਂ ਬਿਨਾ ਨਾ ਪਰਿਵਾਰ ਸਫ਼ਲ ਹੋ ਸਕਦਾ ਹੈ ਨਾ ਸਮਾਜ ਤੇ ਨਾ ਹੀ ਦੇਸ਼।
ਡਾ. ਤਰਲੋਚਨ ਕੌਰ, ਪਟਿਆਲਾ
ਸਵਾਰਥ
14 ਮਾਰਚ ਨੂੰ ਸਫ਼ਾ 7 ਉੱਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਬਿਆਨ ‘ਪ੍ਰਭੂਸੱਤਾ ਖ਼ਤਰੇ ਵਿਚ ਹੋਈ ਤਾਂ ਪਰਮਾਣੂ ਹਥਿਆਰ ਵਰਤਣ ਲਈ ਤਿਆਰ’ ਇਹ ਸਿੱਧ ਕਰਦਾ ਹੈ ਕਿ ਪੂਤਿਨ ਸਿਰਫ਼ ਆਪਣੇ ਮਤਲਬ, ਰਸੂਖ਼ ਵਾਸਤੇ ਯੂਕਰੇਨ ਨਾਲ ਜੰਗ ਕਰ ਰਹੇ ਹਨ। ਇਤਿਹਾਸ ਗਵਾਹ ਹੈ ਕਿ ਜੰਗ ਭਾਵੇਂ ਕੋਈ ਵੀ ਦੇਸ਼ ਜਿੱਤੇ, ਨੁਕਸਾਨ ਜਿੱਤਣ ਵਾਲੇ ਦੇਸ਼ ਦੇ ਆਮ ਲੋਕਾਂ ਦਾ ਵੀ ਹੁੰਦਾ ਹੈ। ਪਹਿਲੇ ਅਤੇ ਦੂਜੇ ਸੰਸਾਰ ਯੁੱਧ ਨੇ ਵੀ ਇਹੀ ਸਿੱਧ ਕੀਤਾ ਕਿ ਜਿੱਤਣ ਵਾਲਾ ਦੇਸ਼ ਵੀ ਜਿੱਤ ਕੇ ਹਾਰ ਜਾਂਦਾ ਹੈ। ਪੂਤਿਨ ਨੂੰ ਚਾਹੀਦਾ ਹੈ ਕਿ ਉਹ ਪਰਮਾਣੂ ਹਥਿਆਰ ਵਰਤਣ ਦੀ ਥਾਂ ਆਪਣੀ ਆਮ ਜਨਤਾ ਬਾਰੇ ਸੋਚਣ। ਇਸੇ ਦਿਨ ਡਾ. ਪ੍ਰਵੀਨ ਬੇਗਮ ਦਾ ਲੇਖ ‘ਪਵਨ ਦਿਸ ਪਈ’ ਪੜ੍ਹਿਆ। ਲੇਖ ਦੀ ਇਕ ਲਾਈਨ ‘ਪੁੱਤ ਜ਼ਮਾਨਾ ਤਾਂ ਕਦੇ ਵੀ ਠੀਕ ਨਹੀਂ ਰਿਹਾ’ ਨੇ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ। ਸੱਚਮੁਚ ਜ਼ਮਾਨਾ ਕਦੇ ਵੀ ਕੁੜੀਆਂ ਲਈ ਠੀਕ ਨਹੀਂ ਰਿਹਾ। ਅਸੀਂ ਚੰਦ ਉੱਪਰ ਜਾਣ ਦੀ ਗੱਲ ਕਰਦੇ ਹਾਂ ਪਰ ਜਿਹੜੀਆਂ ਚੰਦ ਵਰਗੀਆਂ ਵਿਦਿਆਰਥਣਾਂ ਸਾਡੇ ਕੋਲ ਹਨ, ਉਨ੍ਹਾਂ ਨੂੰ ਚਮਕਣ ਹੀ ਨਹੀਂ ਦਿੱਤਾ ਜਾਂਦਾ। ਜਿਸ ਤਰ੍ਹਾਂ ਮੁੰਡਿਆਂ ਨੂੰ ਪੜ੍ਹਨ ਦਾ ਪੂਰਾ ਹੱਕ ਹੈ, ਉਸੇ ਤਰ੍ਹਾਂ ਕੁੜੀਆਂ ਨੂੰ ਵੀ ਪੜ੍ਹਨ ਅਤੇ ਅੱਗ ਵੱਧਣ ਦਾ ਪੂਰਾ ਹੱਕ ਹੈ।
ਗੁਰਵਿੰਦਰ ਸਿੰਘ, ਗੀਗੇ ਮਾਜਰਾ (ਐੱਸਏਐੱਸ ਨਗਰ)
ਸਿਆਸਤਦਾਨ
ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤੇ ਅਤੇ ਕਾਂਗਰਸੀ ਆਗੂ ਰਵਨੀਤ ਬਿੱਟੂ ਨੇ ਭਾਜਪਾ ਵਿਚ ਸ਼ਾਮਿਲ ਹੋ ਕੇ ਆਮ ਜਨਤਾ ਵਿਚ ਮੰਨੀ ਜਾਂਦੀ ਇਸ ਧਾਰਨਾ ਨੂੰ ਹੋਰ ਪੱਕਿਆਂ ਕੀਤਾ ਹੈ ਕਿ ਸਿਆਸਤਦਾਨ ਕਿਸੇ ਦੇ ਵੀ ਸਕੇ ਨਹੀਂ ਹੁੰਦੇ। ਮਸ਼ਹੂਰ ਅੰਗਰੇਜ਼ੀ ਲੇਖਕ ਸ਼ੇਕਸਪੀਅਰ ਨੇ ਸਿਆਸਤਦਾਨਾਂ ਨੂੰ ਇਖ਼ਲਾਕੀ ਪੱਖੋਂ ਬਹੁਤ ਹੀ ਨੀਚ ਕਿਹਾ ਹੈ। ਅੱਜ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਕੇ ਚੌਰਾਹੇ ਵਿਚ ਖੜ੍ਹਾ ਇਹ ਸੋਚ ਰਿਹਾ ਹੈ ਕਿ ਉਹ ਕਿਸ ਉੱਪਰ ਯਕੀਨ ਕਰੇ। ਉੱਤੋਂ ਲੈ ਕੇ ਹੇਠਾਂ ਤਕ ਸਿਆਸਤਦਾਨਾਂ ਲਈ ਸਿਰਫ਼ ਕੁਰਸੀ ਹੀ ਸਭ ਕੁਝ ਹੋ ਗਈ ਹੈ ਅਤੇ ਆਮ ਵਰਕਰ ਸਿਰਫ਼ ਜ਼ਿੰਦਾਬਾਦ ਮੁਰਾਦਾਬਾਦ ਜੋਗਾ ਰਹਿ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਇਹ ਰੁਝਾਨ ਹੋਰ ਵੀ ਜ਼ੋਰ ਫੜੇਗਾ ਅਤੇ ਹੋਰ ਨੇਤਾ ਇੱਧਰ ਉੱਧਰ ਜਾਣਗੇ। ਇਸ ਲਈ ਵੋਟਰਾਂ ਨੂੰ ਚਾਹੀਦਾ ਹੈ ਕਿ ਵੋਟਾਂ ਪਾਉਣ ਵੇਲੇ ਬਹੁਤ ਹੀ ਧਿਆਨ ਨਾਲ ਆਪਣੇ ਹੱਕ ਦੀ ਵਰਤੋਂ ਕਰਨ ਅਤੇ ਅਜਿਹੇ ਲੀਡਰਾਂ ਨੂੰ ਸਿਆਸੀ ਪਿੜ ਵਿਚੋਂ ਬਾਹਰ ਕੱਢ ਦੇਣ ਤਾਂ ਕਿ ਭਵਿੱਖ ਵਿਚ ਅਜਿਹੇ ਰੁਝਾਨ ਨੂੰ ਠੱਲ੍ਹ ਪੈ ਸਕੇ।
ਅਵਤਾਰ ਸਿੰਘ, ਮੋਗਾ
ਭਾਵਨਾਵਾਂ ਦਾ ਖਿਆਲ
ਅਜਿਹੀਆਂ ਖ਼ਬਰਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ ਜਿਨ੍ਹਾਂ ਵਿਚ ਅਪਾਹਜਾਂ ਦੇ ਬੁਲੰਦ ਹੌਸਲੇ ਦੀ ਗੱਲ ਹੁੰਦੀ ਹੈ। ਵਾਕਈ, ਅਜਿਹੀਆਂ ਸ਼ਖ਼ਸੀਅਤ ਅੰਗਹੀਣਤਾ ਨੂੰ ਆਪਣੇ ਹੌਸਲੇ ਉੱਤੇ ਕਦੀ ਭਾਰੂ ਨਹੀਂ ਹੋਣ ਦਿੰਦੀਆਂ। ਅਜਿਹੇ ਲੋਕਾਂ ਨੇ ਹਰ ਖੇਤਰ ਵਿਚ ਬਾਜ਼ੀ ਮਾਰੀ ਹੈ। ਇਨ੍ਹਾਂ ਨੇ ਪੈਰਾ ਉਲੰਪਿਕ ਖੇਡਾਂ ਨਾਲ ਆਈ ਤਾਕਤ ਅਤੇ ਹੌਸਲੇ ਦਾ ਲੋਹਾ ਮਨਵਾਇਆ ਹੈ। ਕਈ ਲੋਕ, ਖ਼ਾਸ ਕਰ ਕੇ ਨੇਤਾ ਇਨ੍ਹਾਂ ਲੋਕਾਂ ਲਈ ਤਰਸ ਵਾਲੇ ਲਫ਼ਜ਼ ਬੋਲਦੇ ਹਨ। ਇਸ ਨਾਲ ਇਨ੍ਹਾਂ ਦਾ ਮਨੋਬਲ ਡਿਗਦਾ ਹੈ। ਸਾਨੂੰ ਅਪਾਹਜਾਂ ਦੀਆਂ ਲੋੜਾਂ ਤੇ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ ਹੈ।
ਗੁਰਮੀਤ ਸਿੰਘ, ਵੇਰਕਾ
ਪੰਜਾਬ ਦਾ ਵਿਕਾਸ
28 ਮਾਰਚ ਦੇ ਅੰਕ ਵਿਚ ਪ੍ਰੋਫੈਸਰ ਬੀਐੱਸ ਘੁੰਮਣ ਦਾ ਲੇਖ ‘ਪੰਜਾਬ ਦਾ ਆਰਥਿਕ ਵਿਕਾਸ ਕਿਵੇਂ ਹੋਵੇ’ ਅਹਿਮ ਪ੍ਰਸ਼ਨ ਖੜ੍ਹੇ ਕਰਦਾ ਹੈ। ਪੰਜਾਬ ਦੀ ਇਹ ਤ੍ਰਾਸਦੀ ਰਹੀ ਹੈ ਕਿ ਸਰਕਾਰਾਂ ਕੋਲ ਦੂਰਅੰਦੇਸ਼ੀ ਦੀ ਘਾਟ ਕਰ ਕੇ ਸੂਬਾ ਨਿੱਤ ਦਿਨ ਆਰਥਿਕ ਪੱਖੋਂ ਰਸਾਤਲ ਵੱਲ ਜਾਂਦਾ ਰਿਹਾ ਹੈ। ਨਾ ਤਾਂ ਇੱਥੇ ਖੇਤੀ ਆਧਾਰਿਤ ਸਨਅਤ ਵਿਕਸਤ ਹੋ ਸਕੀ ਅਤੇ ਨਾ ਹੀ ਮਸਨੂਈ ਲਿਆਕਤ ਨਾਲ ਆਪਣੀ ਭਾਸ਼ਾ ਤੇ ਗਿਆਨ ਸ਼ਾਸਤਰ ਨੂੰ ਜੋੜਿਆ ਜਾ ਸਕਿਆ। ਸਰਕਾਰਾਂ ਕੋਲ ਨੀਅਤ ਤੇ ਨੀਤੀ, ਦੋਹਾਂ ਵਿਚ ਪਛੜੇਵਾਂ ਨਜ਼ਰ ਆਉਂਦਾ ਹੈ। ਲੇਖਕ ਨੇ ਜਿਹੜੇ ਮੁੱਦੇ ਉਠਾਏ ਹਨ, ਉਹ ਬੜੇ ਮੁਲਵਾਨ ਹਨ। ਕਾਸ਼! ਸਰਕਾਰਾਂ ਰਾਜਨੀਤੀ ਦੀ ਥਾਂ ਸੂਬੇ ਦੇ ਹਿੱਤਾਂ ਲਈ ਸੁਚੇਤ ਹੋ ਕੇ ਨੀਤੀਆਂ ਘੜ ਸਕਣ ਤਾਂ ਕਿ ਪੰਜਾਬ ਨੂੰ ਆਰਥਿਕ ਪਛੜੇਵੇਂ ’ਚੋਂ ਬਾਹਰ ਕੱਢਿਆ ਜਾ ਸਕੇ।
ਪਰਮਜੀਤ ਢੀਂਗਰਾ, ਈਮੇਲ