For the best experience, open
https://m.punjabitribuneonline.com
on your mobile browser.
Advertisement

ਪਾਠਕਾਂ ਦੇ ਖ਼ਤ

08:21 AM Feb 16, 2024 IST
ਪਾਠਕਾਂ ਦੇ ਖ਼ਤ
Advertisement

ਸੋਨੀਆ ਗਾਂਧੀ ਦੀ ਪਾਰੀ

15 ਫਰਵਰੀ ਵਾਲਾ ਸੰਪਾਦਕੀ ‘ਸੋਨੀਆ ਗਾਂਧੀ ਦੀ ਨਵੀਂ ਪਾਰੀ’ ਕਈ ਤਰ੍ਹਾਂ ਦੇ ਇਸ਼ਾਰੇ ਸੁੱਟਦਾ ਹੈ। ਨਵੀਂ ਪਾਰੀ ਵਾਲੀ ਗੱਲ ਬੀਬੀ ਸੋਨੀਆ ਗਾਂਧੀ ਦੀ ਜਥੇਬੰਦੀ- ਕਾਂਗਰਸ ਪਾਰਟੀ, ਬਾਰੇ ਵੀ ਓਨੀ ਹੀ ਸੱਚ ਹੈ। ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਵਾਲੇ ਦੌਰ ਵਿਚ
ਸੋਨੀਆ ਗਾਂਧੀ ਅਤੇ ਕਾਂਗਰਸ ਪਾਰਟੀ ਦੀ ਸਿਆਸਤ ਹਰ ਹਾਲ ਵਿਚ ਇਤਿਹਾਸਕ ਹੋਵੇਗੀ। ਦੋਹਾਂ ਦੀ ਨਵੀਂ ਪਾਰੀ ਜੇ ਭਾਰਤੀ ਜਨਤਾ ਪਾਰਟੀ ਨੂੰ ਕੁਝ ਠੱਲ੍ਹਣ ਵਿਚ ਸਫਲ ਹੁੰਦੀ ਹੈ ਤਾਂ ਇਹ ਮੁਲਕ ਨਵੀਂ ਲੀਹ ’ਤੇ ਪੈ ਸਕਦਾ ਹੈ।
ਤਰਸੇਮ ਸਿੰਘ, ਚੰਡੀਗੜ੍ਹ

Advertisement


ਅੱਜ ਦਾ ਜ਼ਮਾਨਾ

15 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਪ੍ਰੀਤਮਾ ਦੋਮੇਲ ਦੀ ਰਚਨਾ ‘ਜ਼ਮਾਨਾ ਬਦਲ ਗਿਆ…’ ਪੜ੍ਹਦਿਆਂ ਪੜ੍ਹਦਿਆਂ ਮੇਰੇ ਵਾਂਗ ਹੋਰ ਵੀ ਕਿੰਨੇ ਪਾਠਕਾਂ ਦੇ ਜ਼ਿਹਨ ਵਿਚ ਜ਼ਰੂਰ ਆਇਆ ਹੋਵੇਗਾ ਕਿ ਪਹਿਲਾਂ ਦੇ ਮੁਕਾਬਲੇ ਅੱਜ ਦਾ ਸਮਾਜ ਕਿੰਨਾ ਨਿਘਰ ਗਿਆ ਹੈ। ਅੱਜ ਲੋਕ ਕਿੰਨੇ ਮਤਲਬ ਪ੍ਰਸਤ ਹੋ ਗਏ ਹਨ। ਇਸੇ ਕਰ ਕੇ ਅੱਜ ਲੋਕਾਂ ਨੂੰ ਕਿਰਾਏਦਾਰ ਰੱਖਣ ਵੇਲੇ ਵੀ ਡਰ ਰਹਿੰਦਾ ਹੈ ਕਿ ਕਿਤੇ ਮੁਸੀਬਤ ਹੀ ਪੱਲੇ ਨਾ ਪੈ ਜਾਵੇ। ਸ਼ਾਇਦ ਇਸੇ ਕਰ ਕੇ ਸਭ ਨੂੰ ਪੁਰਾਣੇ ਵੇਲੇ ਭਲੇ ਜਾਪਦੇ ਹਨ।
ਅਮਰਜੀਤ ਮੱਟੂ, ਪਿੰਡ ਭਰੂਰ (ਸੰਗਰੂਰ)

Advertisement


(2)

15 ਫਰਵਰੀ ਨੂੰ ਪ੍ਰੀਤਮਾ ਦੋਮੇਲ ਦਾ ਮਿਡਲ ‘ਜ਼ਮਾਨਾ ਬਦਲ ਗਿਆ…’ ਪੜ੍ਹਿਆ। ਵਾਕਈ, ਜ਼ਮਾਨਾ ਬਦਲ ਗਿਆ ਹੈ। ਇਹ ਅਸਲ ਵਿਚ ਸਮਾਜਿਕ ਨਿਘਾਰ ਦੀ ਨਿਸ਼ਾਨੀ ਹੈ। ਸਭ ਨੂੰ ਜਾਪਦਾ ਹੈ ਕਿ ਉਸ ਨੂੰ ਕਿਸੇ ਦੂਜੇ ਨਾਲ ਕੋਈ ਮਤਲਬ ਹੀ ਨਹੀਂ ਹੈ। ਉਂਝ ਇਸ ਦੇ ਬਾਵਜੂਦ ਸਮਾਜ ਵਿਚ ਇਨਸਾਨੀਅਤ ਨਾਲ ਭਰੇ ਲੋਕ ਵੀ ਬਥੇਰੇ ਮਿਲ ਜਾਂਦੇ ਹਨ।
ਕਸ਼ਮੀਰ ਕੌਰ, ਜਲੰਧਰ


ਕੱਟੜਤਾ ਅਤੇ ਸਿਆਸਤ

13 ਫਰਵਰੀ ਦੇ ਅੰਕ ’ਚ ਰਾਜੇਸ਼ ਰਾਮਚੰਦਰਨ ਦੇ ਲੇਖ ‘ਸੱਤਾ ਦੀ ਬੰਦਗੀ’ ਵਿਚ ਦੇਸ਼ ਵਿਚ ਦਿਨੋ-ਦਿਨ ਵਧ ਰਹੀ ਕੱਟੜਤਾ ਦੀ ਸਹੀ ਤਸਵੀਰ ਪੇਸ਼ ਕੀਤੀ ਗਈ ਹੈ ਪਰ ਇਸ ਦੇ ਨਾਲ ਹੀ ਇਸ ਸਿਆਸਤ ਨੂੰ ਇਤਿਹਾਸਕ ਤੌਰ ’ਤੇ ਸਹੀ ਠਹਿਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਰਾਮ ਮੰਦਿਰ ਵਾਲੇ ਫ਼ੈਸਲੇ ਤੋਂ ਬਾਅਦ ਭਾਜਪਾ ਅਤੇ ਆਰਐੱਸਐੱਸ ਦੇ ਆਗੂਆਂ ਨੇ ਜਨਤਕ ਤੌਰ ’ਤੇ ਬਿਆਨ ਦਿੱਤਾ ਸੀ ਕਿ ਹੁਣ ਹੋਰ ਕਿਸੇ ਵੀ ਮਸਜਿਦ ਬਾਰੇ ਵਾਦ-ਵਿਵਾਦ ਖੜ੍ਹਾ ਨਹੀਂ ਕੀਤਾ ਜਾਵੇਗਾ ਪਰ ਇਹ ਧਿਰਾਂ ਹੁਣ ਲੋਕ ਸਭਾ ਚੋਣਾਂ ਦੌਰਾਨ ਫਿਰਕੂ ਧਰੁਵੀਕਰਨ ਲਈ ਕਾਸ਼ੀ ਅਤੇ ਮਥਰਾ ਦੀਆਂ ਇਤਿਹਾਸਕ ਮਸਜਿਦਾਂ ਨੂੰ ਅਦਾਲਤੀ ਪ੍ਰਕਿਰਿਆ ਰਾਹੀਂ ਗਿਰਾਉਣ ਲਈ ਸਰਗਰਮ ਹੋ ਗਈਆਂ ਹਨ। ਇਸ ਬਾਰੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਯੂਪੀ ਵਿਧਾਨ ਸਭਾ ਵਿਚ ਦਿੱਤਾ ਬਿਆਨ ਦੇਖਿਆ ਜਾ ਸਕਦਾ ਹੈ ਜਿਸ ਵਿਚ ਮੁਸਲਮਾਨਾਂ ਨੂੰ ਇਹ ਮਸਜਿਦਾਂ ਖਾਲੀ ਕਰਨ ਲਈ ਕਿਹਾ ਗਿਆ ਹੈ। ਅਜਿਹੀ ਸਿਆਸਤ ਕਿਸੇ ਵੀ ਤਰ੍ਹਾਂ ਭਾਰਤੀ ਜਮਹੂਰੀਅਤ, ਸਾਂਝੀਵਾਲਤਾ, ਸੰਵਿਧਾਨ ਅਤੇ ਦੇਸ਼ ਹਿੱਤ ਵਿਚ ਨਹੀਂ ਹੈ; ਇਸ ਦਾ ਸਮਾਜ ਦੇ ਚੇਤਨ ਵਰਗ ਵੱਲੋਂ ਜਮਹੂਰੀ ਅਤੇ ਜਮਾਤੀ ਪੈਂਤੜੇ ਤੋਂ ਵਿਰੋਧ ਕਰਨ ਦੀ ਲੋੜ ਹੈ।
ਸੁਮੀਤ ਸਿੰਘ, ਅੰਮ੍ਰਿਤਸਰ


ਇਨਸਾਨੀ ਫ਼ਿਤਰਤ

13 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਛਪਿਆ ਗੁਰਦੀਪ ਢੁੱਡੀ ਦਾ ਲੇਖ ‘ਬੰਦ ਅਲਮਾਰੀਆਂ ਅਤੇ ਖੁੱਲ੍ਹੀ ਕਿਤਾਬ’ ਇਨਸਾਨੀ ਫਿਤਰਤ ਨੂੰ ਦਰਸਾਉਣ ਦਾ ਵਧੀਆ ਉਪਰਾਲਾ ਹੈ। ਜੇ ਤੁਹਾਡਾ ਮਨ ਸਾਫ਼ ਹੈ ਤੇ ਤੁਸੀਂ ਆਪਣੇ ਉਦੇਸ਼ ਲਈ ਸੁਹਿਰਦ ਹੋ ਤਾਂ ਤੁਹਾਨੂੰ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਨਿਡਰ ਹੋ ਕੇ ਕੰਮ ਕਰਨਾ ਚਾਹੀਦਾ। ਲੋਕ ਆਪ ਤਾਂ ਆਪਣੇ ਕੰਮ ਕੱਢਣ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ ਪਰ ਦੂਜਿਆਂ ਦੀ ਚੰਗੇ ਕਰਨ ਦੀ ਕੋਸ਼ਿਸ਼ ਵੀ ਇਨ੍ਹਾਂ ਤੋਂ ਬਰਦਾਸ਼ਤ ਨਹੀਂ ਹੁੰਦੀ। ਮਿਹਨਤੀ ਅਤੇ ਇਮਾਨਦਾਰ ਲੋਕ ਅਜਿਹੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ ਅਤੇ ਆਪਣੀ ਮੰਜ਼ਿਲ ਵੱਲ ਅਡੋਲ ਅੱਗੇ ਵਧਦੇ ਹਨ। ਇਸ ਤੋਂ ਪਹਿਲਾਂ 3 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦਾ ਮਿਡਲ ‘ਸਾਦਗੀ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਸੱਠ ਕੁ ਸਾਲ ਪਹਿਲਾਂ ਦੇ ਸਿਆਸਤਦਾਨ ਅਤੇ ਅੱਜ ਦੇ ਸਿਆਸਤਦਾਨ ਦੇ ਕਿਰਦਾਰ ਵਿਚ ਕਿੰਨਾ ਅੰਤਰ ਆ ਚੁੱਕਾ ਹੈ। ਪਹਿਲਾਂ ਸਿਆਸਤਦਾਨ ਆਪਣੇ ਆਪ ਨੂੰ ਲੋਕਾਂ ਦਾ ਸੇਵਕ ਸਮਝਦਾ ਸੀ ਅਤੇ ਉਹ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਸੀ ਪਰ ਅੱਜ ਦੇ ਬਹੁਤੇ ਸਿਆਸਤਦਾਨ ਆਪਣੀ ਅਤੇ ਆਪਣੇ ਕੁਨਬੇ ਦੀ ਭਲਾਈ ਲਈ ਕੰਮ ਕਰਦੇ ਹਨ। ਲੇਖਕ ਨੇ ਗਿਆਨੀ ਕਰਤਾਰ ਸਿੰਘ ਦੀ ਸਾਦਗੀ ਅਤੇ ਆਪਣੇ ਕੰਮ ਪ੍ਰਤੀ ਇਮਾਨਦਾਰ ਲੋਕਾਂ ਦੀ ਕਦਰ ਕਰਨ ਵਾਲੇ ਸਿਆਸਤਦਾਨ ਵਜੋਂ ਉਦਾਹਰਨ ਦਿੱਤੀ ਹੈ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ


ਖੱਟੇ ਮਿੱਠੇ ਤਜਰਬੇ

10 ਫਰਵਰੀ ਦੇ ਅੰਕ ਵਿਚ ਦਰਸ਼ਨ ਸਿੰਘ ਦਾ ਲੇਖ ‘ਇੰਨੀ ਕੁ ਗੱਲ…’ ਪੜ੍ਹਿਆ। ਬਹੁਤ ਵਾਰ ਜ਼ਿੰਦਗੀ ਸਾਡੇ ਅਨੁਸਾਰ ਨਹੀਂ ਚੱਲਦੀ, ਇਹ ਸਾਨੂੰ ਆਪ ਮੁਹਾਰੇ ਤੋਰਦੀ ਹੈ। ਜੋ ਕੁਝ ਜ਼ਿੰਦਗੀ ਵਿਚ ਬਣਨ ਲਈ ਅਸੀਂ ਪੜ੍ਹਾਈ ਕਰਦੇ ਹਾਂ, ਹੁੰਦਾ ਕਈ ਵਾਰ ਉਲਟ ਹੈ। ਇਸ ਲਈ ਸਾਨੂੰ ਵਕਤ ਅਨੁਸਾਰ ਆਪਣੇ ਆਪ ਢਾਲਣਾ ਪੈਂਦਾ ਹੈ। ਜ਼ਿੰਦਗੀ ਖੱਟੇ ਮਿੱਠੇ ਤਜਰਬਿਆਂ ਦਾ ਨਾਂ ਹੀ ਹੈ।
ਬੂਟਾ ਸਿੰਘ ਚਤਾਮਲਾ, ਰੂਪਨਗਰ


ਕਾਰਜਸ਼ੈਲੀ ’ਤੇ ਪ੍ਰਸ਼ਨਚਿੰਨ

5 ਫਰਵਰੀ ਦਾ ਸੰਪਾਦਕੀ ‘ਭ੍ਰਿਸ਼ਟਾਚਾਰ ਤੇ ਜਾਂਚ ਏਜੰਸੀਆਂ’ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੀ ਕਾਰਜਸ਼ੈਲੀ ’ਤੇ ਪ੍ਰਸ਼ਨ ਚਿੰਨ੍ਹ ਲਾਉਂਦਾ ਹੈ। ਸੱਤਾ ’ਤੇ ਕਾਬਜ਼ ਪਾਰਟੀ ਇਸ ਨੂੰ ਆਪਣੇ ਤੋਤੇ ਵਜੋਂ ਵਰਤਦੀ ਹੈ ਤਾਂ ਜੋ ਵਿਰੋਧੀਆਂ ਦੇ ਠੂੰਗਾਂ ਮਾਰੀਆਂ ਜਾ ਸਕਣ। ਹੁਣ ਹਾਲ ਇਹ ਹੋਇਆ ਪਿਆ ਹੈ ਕਿ ਜਦੋਂ ਕੋਈ ਭ੍ਰਿਸ਼ਟ ਆਗੂ ਭਾਜਪਾ ਦੇ ਪਾਲੇ ਵਿਚ ਚਲਾ ਜਾਂਦਾ ਹੈ ਤਾਂ ਹੀ ਸੁੱਖ ਦੀ ਨੀਂਦ ਸੌਂ ਸਕਦਾ ਹੈ। ਲੱਗਦਾ ਹੈ, ਮੁੱਦਾ ਕਦਰਾਂ-ਕੀਮਤਾਂ ਦਾ ਨਹੀਂ, ਮੁੱਦਾ ਤਾਂ ਵਿਰੋਧੀਆਂ ਨੂੰ ਕਾਨੂੰਨ ਦੇ ਓਹਲੇ ਵਿਚ ਕਮਜ਼ੋਰ ਕਰਨਾ ਹੈ। ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਕਹਿਣ ਦੀ ਲੋੜ ਹੀ ਨਹੀਂ ਪੈਣੀ ਕਿ ਇਹ ਕਿਉਂ ਹੋ ਰਿਹਾ ਹੈ।
ਯਸ਼ਪਾਲ ਮਾਨਵੀ, ਰਾਜਪੁਰਾ ਟਾਊਨ


ਮਾਂ ਦੀਆਂ ਮਿਹਰਬਾਨੀਆਂ

ਦੋ ਮਹੀਨੇ ਪਹਿਲਾਂ ਜੀਵਨ ਸਾਥੀ ਦੇ ਸਦਾ ਲਈ ਵਿਛੜ ਜਾਣ ਦਾ ਸਦਮਾ ਅਜੇ ਤਕ ਅਸਹਿ ਲੱਗ ਰਿਹਾ ਸੀ। ਦੋਹਤੀ ਦੇ ਵਿਆਹ ਦੀਆਂ ਰਸਮਾਂ 29 ਜਨਵਰੀ ਤੋਂ ਸ਼ੁਰੂ ਸਨ ਪਰ ਮਨ ਦੇ ਕਿਸੇ ਕੋਨੇ ’ਚੋਂ ਹੁਲਾਸ ਗਾਇਬ ਸੀ। 29 ਜਨਵਰੀ ਨੂੰ ਸੰਪਾਦਕੀ ਸਫ਼ੇ ’ਤੇ ਛਪਿਆ ਲੇਖ ‘ਪਹਿਲੀ ਅਧਿਆਪਕਾ’ ਪੜ੍ਹਨਾ ਸ਼ੁਰੂ ਕੀਤਾ। ਇਹ ਲੇਖ ਤਾਂ ਬੀਜੀ (ਮੇਰੀ ਮਾਂ) ਬਾਰੇ ਸੀ। ਲੇਖ ਪੜ੍ਹ ਕੇ ਲੱਗਿਆ ਜਿਵੇਂ ਬੀਜੀ ਨੇ ਮੈਨੂੰ ਡਿੱਗੀ ਹੋਈ ਨੂੰ ਬਾਹੋਂ ਫੜ ਕੇ ਉਠਾਇਆ ਹੈ। ਹਰ ਮਾਂ ਆਪਣੇ ਬੱਚਿਆਂ ਪ੍ਰਤੀ ਇਮਾਨਦਾਰ ਹੁੰਦੀ ਹੈ ਪਰ ਜਿਸ ਮਾਂ ਨੂੰ ਲੋਕਾਈ ਪਿਆਰ ਕਰਦੀ ਹੈ ਤਾਂ ਮਾਣ ਮਹਿਸੂਸ ਹੁੰਦਾ ਹੈ।
ਕੁਲਮਿੰਦਰ ਕੌਰ, ਮੁਹਾਲੀ


ਲਾਠੀਚਾਰਜ

ਪੰਜਾਬ ਹਰਿਆਣਾ ਦੀਆਂ ਹੱਦਾਂ ਉੱਤੇ ਕਿਸਾਨਾਂ ’ਤੇ ਲਾਠੀਚਾਰਜ ਸਰਕਾਰ ਦੀ ਤਾਨਾਸ਼ਾਹ ਪਹੁੰਚ ਦਰਸਾਉਂਦਾ ਹੈ। ਇਕ ਤਾਂ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਵਾਲੇ ਮਸਲੇ ਦੇ ਹੱਲ ਬਾਰੇ ਵਾਅਦਾ ਕਰ ਕੇ ਦੋ ਸਾਲ ਤੋਂ ਚੁੱਪ ਬੈਠੀ ਹੈ, ਦੂਜੇ ਹੁਣ ਜਦੋਂ ਕਿਸਾਨਾਂ ਨੇ ਇਹ ਵਾਅਦਾ ਯਾਦ ਕਰਵਾਇਆ ਹੈ ਤਾਂ ਅਜਿਹੇ ਹੱਥਕੰਡਿਆਂ ’ਤੇ ਉਤਾਰੂ ਹੋ ਗਈ ਹੈ। ਲੋਕਾਂ ਤੋਂ ਉਨ੍ਹਾਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਤਕ ਖੋਹਿਆ ਜਾ ਰਿਹਾ ਹੈ।
ਸੁਖਵੰਤ ਸਿੰਘ ਗਿੱਲ, ਕਪੂਰਥਲਾ


ਨਾਲੇ ਨਿੰਦਾ, ਨਾਲੇ ਸ਼ਲਾਘਾ!

9 ਫਰਵਰੀ ਦੀ ਮੁੱਖ ਖ਼ਬਰ ’ਚ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਯੂਨਾਈਟਡ ਪ੍ਰੋਗਰੈਸਿਵ ਅਲਾਇੰਸ (ਯੂਪੀਏ) ਦੀ 2004-2014 ਤਕ ਦੀ ਸਰਕਾਰ ਦੇ ਫ਼ੈਸਲਿਆਂ ਕਾਰਨ ਅਰਥਚਾਰਾ ਲੀਹੋਂ ਲੱਥਿਆ। ਦੂਜੀ ਖ਼ਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਪੀਏ ਸਰਕਾਰ ਦੇ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਵੱਲੋਂ ਦੇਸ਼ ਦੀ ਤਰੱਕੀ ’ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਇੱਥੋਂ ਤਕ ਕਿਹਾ ਕਿ ਜਦੋਂ ਲੋਕਤੰਤਰ ਦੀ ਚਰਚਾ ਹੋਵੇਗੀ ਤਾਂ ਉਨ੍ਹਾਂ (ਡਾ. ਮਨਮੋਹਨ ਸਿੰਘ) ਨੂੰ ਯਾਦ ਕੀਤਾ ਜਾਵੇਗਾ ਜਦਕਿ ਉਨ੍ਹਾਂ (ਡਾ. ਮਨਮੋਹਨ ਸਿੰਘ) ਸਿਰਫ਼ ਇਕ ਵਾਰ ਲੋਕ ਸਭਾ ਚੋਣ ਲੜੀ ਜੋ ਉਹ ਹਾਰ ਗਏ ਸਨ। ਸਰਕਾਰ ਦੀ ਨਿੰਦਾ ਲੇਕਿਨ ਉਸ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ! ਅਜਿਹਾ ਕਿਵੇਂ? ਇਸ ਤੋਂ ਪਹਿਲਾਂ 3 ਫਰਵਰੀ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਨੇ ਆਪਣੇ ਮਿਡਲ ‘ਸਾਦਗੀ’ ਵਿਚ ਪੰਜਾਬ ਦੇ ਮੰਤਰੀ ਰਹੇ ਕਰਤਾਰ ਸਿੰਘ ਦੀ ਸਾਦਗੀ ਬਾਰੇ ਦੱਸਿਆ ਹੈ। ਅਜਿਹੇ ਕਿੱਸੇ ਪ੍ਰਤਾਪ ਸਿੰਘ ਕੈਰੋਂ ਅਤੇ ਹੋਰ ਲੀਡਰਾਂ ਨਾਲ ਵੀ ਜੁੜੇ ਹੋਏ ਹਨ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)

Advertisement
Author Image

sukhwinder singh

View all posts

Advertisement