ਸੀਚੇਵਾਲ ਵੱਲੋਂ ਵਿਦੇਸ਼ ਮੰਤਰੀ ਨੂੰ ਪੱਤਰ
ਹਤਿੰਦਰ ਮਹਿਤਾ
ਜਲੰਧਰ,1 ਅਕਤੂਬਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਵਿੱਚ ਲੋਕਾਂ ਦੀ ਹੋ ਰਹੀ ਕਥਿਤ ਖੱਜਲ ਖੁਆਰੀ ਮਾਮਲੇ ਦੇ ਮਾਮਲੇ ਬਾਰੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਪੱਤਰ ਲਿਖਿਆ ਹੈ। ਪੱਤਰ ਰਾਹੀਂ ਉਨ੍ਹਾਂ ਕਿਹਾ ਕਿ ਪਾਸਪੋਰਟ ਸਬੰਧੀ ਉਨ੍ਹਾਂ ਕੋਲ ਉਲਝੇ ਹੋਏ ਮਾਮਲੇ ਆਉਂਦੇ ਹਨ। ਹਾਲਾਂਕਿ ਭਾਰਤ ਸਰਕਾਰ ਵੱਲੋਂ ਪਾਸਪੋਰਟ ਬਣਾਉਣ ਨੂੰ ਕਾਫੀ ਸਰਲ ਕਰ ਦਿੱਤਾ ਗਿਆ ਹੈ। ਇਸ ਦੇ ਬਾਵਜੂਦ ਪਾਸਪੋਰਟ ਦਫਤਰ ਮੁੜ ਉਹੀ ਅੜਿੱਕੇ ਖੜ੍ਹੇ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਲੰਧਰ ਪਾਸਪੋਰਟ ਦਫਤਰ ਦੇ ਬਾਹਰ ਅਜਿਹੇ ਏਜੰਟ ਆਮ ਦੇਖੇ ਜਾਂਦੇ ਹਨ ਜਿਹੜੇ ਪੈਸੇ ਲੈ ਕੇ ਲੋਕਾਂ ਨੂੰ ਪਾਸਪੋਰਟ ਬਣਵਾ ਦੇਣ ਦੀ ਗਰਾਂਟੀ ਦਿੰਦੇ ਹਨ। ਸੰਤ ਸੀਚੇਵਾਲ ਨੇ ਆਪਣੇ ਪੱਤਰ ਦੇ ਅਖੀਰ ਵਿੱਚ ਜਲੰਧਰ ਪਾਸਪੋਰਟ ਦਫਤਰ ਦੇ ਉਸ ਸਟਾਫ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਜੋ ਲੋਕਾਂ ਨੂੰ ਖੱਜਲ ਖੁਆਰ ਕਰਦੇ ਹਨ ਅਤੇ ਕੰਮ ਕਰਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸਬੰਧਤ ਪਾਸਪੋਰਟ ਅਧਿਕਾਰੀਆਂ ਦੀ ਜੁਆਬਦੇਹੀ ਤੈਅ ਕੀਤੀ ਜਾਵੇ। ਨਾਬਾਲਗ ਬੱਚਿਆਂ ਦੇ ਨਵੇਂ ਪਾਸਪੋਰਟ ਤੇ ਪੁਰਾਣੇ ਰੀਨਿਊ ਕਰਵਾਉਣ ਨੂੰ ਚੁਣੌਤੀ ਦੱਸਦਿਆ ਉਨ੍ਹਾਂ ਲਿਖਿਆ ਕਿ ਬੱਚਿਆਂ ਦੇ ਪਾਸਪੋਰਟ ਬਣਾਉਣੇ ਸਭ ਤੋਂ ਸੌਖੇ ਹੋਣੇ ਚਾਹੀਦੇ ਹਨ।