ਨਸ਼ਾ ਵਿਕਰੀ ਸਥਾਨਾਂ ’ਤੇ ਬਾਜ਼ ਅੱਖ ਰੱਖੇਗੀ ਪੁਲੀਸ: ਡੀਜੀਪੀ
ਹਤਿੰਦਰ ਮਹਿਤਾ
ਜਲੰਧਰ, 1 ਅਕਤੂਬਰ
ਸੂਬੇ ਵਿੱਚ ਛੋਟੇ ਅਪਰਾਧਾਂ ਅਤੇ ਨਸ਼ਾ ਤਸਕਰੀ ਨੂੰ ਠੱਲ੍ਹ ਪਾਉਣ ਲਈ ਪੁਲੀਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਕਿਹਾ ਕਿ ਪੰਜਾਬ ਪੁਲੀਸ ਵੱਲੋਂ ਸੂਬੇ ਭਰ ’ਚ ਸਨੈਚਿੰਗ ਅਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ’ਤੇ ਕਲੋਜ਼ਡ ਸਰਕਟ ਟੈਲੀਵਿਜ਼ਨ (ਸੀਸੀਟੀਵੀ) ਕੈਮਰਿਆਂ ਰਾਹੀਂ ਨਿਗ੍ਹਾ ਰੱਖੀ ਜਾਵਗੀ। ਉਨ੍ਹਾਂ ਕਿਹਾ ਕਿ ਸੁਚੱਜੇ ਢੰਗ ਨਾਲ ਹਰ ਮੌਕੇ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਅਤੇ ਸਬ-ਡਿਵੀਜ਼ਨ ਪੱਧਰ ’ਤੇ ਸੀਸੀਟੀਵੀ ਕੰਟਰੋਲ ਰੂਮ ਸਥਾਪਿਤ ਕੀਤੇ ਜਾ ਰਹੇ ਹਨ। ਇਹ ਕਦਮ ਪਿਛਲੇ ਤਿੰਨ ਸਾਲਾਂ ਦੌਰਾਨ ਅਜਿਹੇ ਅਪਰਾਧਿਕ ਮੁੱਖ ਸਥਾਨ ਅਤੇ ਨਸ਼ਾ ਵਿਕਰੀ ਸਥਾਨਾਂ ਦੀ ਮੈਪਿੰਗ ਤੋਂ ਬਾਅਦ ਇਹ ਅਮਲ ਵਿੱਚ ਲਿਆਂਦਾ ਗਿਆ ਹੈ। ਡੀਜੀਪੀ ਸਾਰੇ 28 ਪੁਲੀਸ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਅਤਿਵਾਦ ਵਿਰੁੱਧ ਚੱਲ ਰਹੀ ਲੜਾਈ ਦਾ ਜਾਇਜ਼ਾ ਲੈਣ ਲਈ ਸਾਰੇ ਸੀਨੀਅਰ ਫੀਲਡ ਅਧਿਕਾਰੀਆਂ ਅਤੇ ਅਪਰੇਸ਼ਨਲ ਵਿੰਗਾਂ ਦੇ ਮੁਖੀਆਂ ਨਾਲ ਪੀ.ਏ.ਪੀ. ਕੰਪਲੈਕਸ ਜਲੰਧਰ ਵਿੱਚ ਰਾਜ ਪੱਧਰੀ ਕਾਨੂੰਨ ਅਤੇ ਵਿਵਸਥਾ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਮੀਟਿੰਗ ਵਿੱਚ ਪੰਜਾਬ ਦੀਆਂ ਵੱਖ-ਵੱਖ ਵਿਸ਼ੇਸ਼ ਯੂਨਿਟਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਪੰਜਾਬ ਦੇ ਸਾਰੇ ਐਸਐਸਪੀ, ਸੀਪੀਜ਼, ਅਤੇ ਰੇਂਜ ਆਈਜੀ/ਡੀਆਈਜੀ ਵੀ ਹਾਜ਼ਰ ਸਨ। ਡੀਜੀਪੀ ਗੌਰਵ ਯਾਦਵ ਨੇ ‘ਛੋਟੇ ਅਪਰਾਧ ਰੋਕਣ’ ਨੂੰ ਪੰਜਾਬ ਪੁਲੀਸ ਦੀ ਪ੍ਰਮੁੱਖ ਤਰਜੀਹ ਕਰਾਰ ਦਿੰਦਿਆਂ ਕਿਹਾ ਕਿ ਫੀਲਡ ਅਫਸਰਾਂ ਨੂੰ ਇਸ ਕਾਰਵਾਈ ਨੂੰ ਹੋਰ ਪ੍ਰਭਾਵੀ ਬਣਾਉਣ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਖਾਸ ਤੌਰ ’ਤੇ ਫਿਰੌਤੀ ਦੀਆਂ ਕਾਲਾਂ, ਸਨੈਚਿੰਗ, ਚੋਰੀਆਂ, ਠੱਗੀਆਂ ਅਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ ਨਾਲ ਨਜਿੱਠਣ ਲਈ ਸਾਰੀਆਂ ਵਿਧੀਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।