ਸੈਨਿਕ ਸਕੂਲਾਂ ਦੇ ਨਿੱਜੀਕਰਨ ਖ਼ਿਲਾਫ਼ ਖੜਗੇ ਵੱਲੋਂ ਮੁਰਮੂ ਨੂੰ ਪੱਤਰ
ਨਵੀਂ ਦਿੱਲੀ, 10 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਵੱਲੋਂ ਦੇਸ਼ ’ਚ ਸੈਨਿਕ ਸਕੂਲਾਂ ਦੇ ‘ਨਿੱਜੀਕਰਨ’ ਦੇ ਕਦਮ ਖ਼ਿਲਾਫ਼ ਅੱਜ ਰਾਸ਼ਟਰਪਤੀ ਦਰੋਪਦੀ ਮੁੁਰਮੂ ਨੂੰ ਪੱਤਰ ਲਿਖਿਆ ਅਤੇ ਇਸ ਸਬੰਧੀ ਨੀਤੀ ਪੂਰੀ ਤਰ੍ਹਾਂ ਵਾਪਸ ਲੈਣ ਅਤੇ ਸਮਝੌਤਾ ਪੱਤਰ ਰੱਦ ਕਰਨ ਦੀ ਮੰਗ ਕੀਤੀ। ਰਾਸ਼ਟਰਪਤੀ ਨੂੰ ਭੇਜੇ ਦੋ ਸਫ਼ਿਆਂ ਦੇ ਪੱਤਰ ’ਚ ਖੜਗੇ ਨੇ ਕਿਹਾ ਕਿ ਭਾਰਤੀ ਜਮਹੂਰੀਅਤ ’ਚ ਹਥਿਆਰਬੰਦ ਬਲਾਂ ਅਤੇ ਉਨ੍ਹਾਂ ਨਾਲ ਸਬੰਧਤ ਅਦਾਰਿਆਂ ਨੂੰ ਹਮੇਸ਼ਾ ਸਿਆਸੀ ਵਿਚਾਰਧਾਰਾ ਤੋਂ ਦੂਰ ਰੱਖਿਆ ਗਿਆ ਹੈ ਪਰ ਹੁਣ ਕੇਂਦਰ ਸਰਕਾਰ ਇਸ ਪ੍ਰਥਾ ਨੂੰ ਤੋੜ ਰਹੀ ਹੈ। ਇੱਕ ਰਿਪੋਰਟ ਦੇ ਆਧਾਰ ’ਤੇ ਉਨ੍ਹਾਂ ਨੇ 62 ਫ਼ੀਸਦ ਸੈਨਿਕ ਸਕੂਲਾਂ ਦੀ ਮਾਲਕੀ ਭਾਜਪਾ-ਆਰਐੱਸਐੱਸ ਨੇਤਾਵਾਂ ਦੇ ਕੋਲ ਹੋਣ ਦਾਅਵਾ ਵੀ ਕੀਤਾ। ਖੜਗੇ ਨੇ ਲਿਖਿਆ, ‘‘ਆਪਣੀ ਵਿਚਾਰਧਾਰਾ ਕਾਹਲੀ ਨਾਲ ਥੋਪਣ ਦੀ ਆਰਐੱਸਐੈੱਸ ਦੀ ਵੱਡੀ ਯੋਜਨਾ ’ਚ ਇੱਕ ਤੋਂ ਬਾਅਦ ਇੱਕ ਸੰਸਥਾਵਾਂ ਨੂੰ ਖੋਖਲਾ ਕਰਦਿਆਂ ਉਨ੍ਹਾਂ ਨੇ ਹਥਿਆਰਬੰਦ ਬਲਾਂ ਦੀ ਪ੍ਰਕ੍ਰਿਤੀ ਤੇ ਲੋਕਾਚਾਰ ਨੂੰ ਡੂੰਘੀ ਸੱਟ ਮਾਰੀ ਹੈ। ਅਜਿਹੀਆਂ ਸੰਸਥਾਵਾਂ ’ਚ ਵਿਚਾਰਕ ਰੂਪ ਤੋਂ ਪ੍ਰਭਾਵਿਤ ਗਿਆਨ ਪ੍ਰਦਾਨ ਕਰਨਾ ਨਾ ਸਿਰਫ਼ ਸਮਾਨਤਾ ਨੂੰ ਤਬਾਹ ਕਰੇਗਾ ਬਲਕਿ ਪੱਖਪਾਤੀ ਧਾਰਮਿਕ/ਵਪਾਰਕ/ਸਮਾਜਿਕ/ਸੱਭਿਆਚਾਰਕ ਸਿਧਾਂਤਾਂ ਰਾਹੀਂ ਉਨ੍ਹਾਂ ਦੇ ਕਿਰਦਾਰ ਨੂੰ ਪ੍ਰਭਾਵਿਤ ਕਰ ਕੇ ਸੈਨਿਕ ਸਕੂਲਾਂ ਦੀ ਕੌਮੀ ਸਾਖ ਨੂੰ ਵੀ ਖੋਰਾ ਲਾਏਗਾ।’’ ਉਨ੍ਹਾਂ ਆਖਿਆ, ‘‘ਇਸ ਕਰ ਕੇ ਕੌਮੀ ਹਿੱਤਾਂ ਲਈ ਕਾਂਗਰਸ ਮੰਗ ਕਰਦੀ ਹੈ ਕਿ ਨਿੱਜੀਕਰਨ ਦੀ ਇਹ ਨੀਤੀ ਅਤੇ ਇਨ੍ਹਾਂ ਸਮਝੌਤਾ ਪੱਤਰਾਂ ਨੂੰ ਰੱਦ ਕੀਤਾ ਜਾਵੇ ਤਾਂ ਕਿ ਹਥਿਆਰਬੰਦ ਬਲ ਸਕੂਲਾਂ ’ਚ ਪੜ੍ਹ ਰਹੇ ਬੱਚੇ ਦੇਸ਼ ਸੇਵਾ ਲਈ ਲੋੜੀਂਦਾ ਕਿਰਦਾਰ, ਨਜ਼ਰੀਆ ਤੇ ਸਨਮਾਨ ਬਰਕਰਾਰ ਰੱਖਣ ਸਕਣ।’’
ਖੜਗੇ ਨੇ ਆਰਟੀਆਈ ’ਤੇ ਅਧਾਰਿਤ ਜਾਂਚ ਰਿਪੋਰਟ ਰਾਸ਼ਟਰਪਤੀ ਮੁਰਮੂ ਦੇ ਧਿਆਨ ’ਚ ਲਿਆਂਦੀ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਪੀਪੀਪੀ ਮਾਡਲ ਦੀ ਵਰਤੋਂ ਕਰ ਕੇ ਸੈਨਿਕ ਸਕੂਲਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਹੁਣ ਇਸ ਵਿੱਚ 62 ਫ਼ੀਸਦ ਸਕੂਲਾਂ ਸਬੰਧੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਲਕੀ ਭਾਜਪਾ-ਆਰਐੱਸਐੱਸ ਨੇਤਾਵਾਂ ਦੇ ਕੋਲ ਹੈ।’’ ਖੜਗੇ ਨੇ ਨੇ ਕਿਹਾ ਕਿ ਦੇਸ਼ ਦੇ 33 ਵਿੱਚ ਸੈਨਿਕ ਸਕੂਲ ਹਨ ਅਤੇ ਇਹ ਪੂਰੀ ਤਰ੍ਹਾ ਸਰਕਾਰੀ ਫੰਡਿੰਗ ਵਾਲੇ ਅਦਾਰੇ ਸਨ ਜੋ ਰੱਖਿਆ ਮੰਤਰਾਲੇ ਅਧੀਨ ਇੱਕ ਖ਼ੁਦ-ਮੁਖਤਿਆਰ ਸੰਸਥਾ, ਸੈਨਿਕ ਸਕੂਲ ਸੁਸਾਇਟੀ (ਐੱਸਐੱਸਐੱਸ) ਤੇ ਤਹਿਤ ਚੱਲਦੇ ਸਨ। -ਪੀਟੀਆਈ