ਆਓ ਲਾਈਏ ਜਾਗ ਹਮਦਰਦੀ ਦਾ
ਜੋਧ ਸਿੰਘ ਮੋਗਾ
ਪਿਛਲੇ ਹਫ਼ਤੇ ਤਿੰਨ ਚਾਰ ਸਾਲਾਂ ਦੇ ਪੁਰਾਣੇ ‘ਰੀਡਰਜ਼ ਡਾਈਜੈਸਟ’ ਨੂੰ ਮਹੀਨੇਵਾਰ ਤਰਤੀਬ ਦੇ ਰਿਹਾ ਸੀ। 2022 ਦਾ ਰਸਾਲਾ ਹੱਥ ਆਇਆ। ਉਸ ਦੇ ਕਵਰ ’ਤੇ ਪੰਜ ਛੇ ਕੁੜੀਆਂ ਦੀ ਫੋਟੋ ਸੀ। ਅੰਦਰ ਫੋਟੋ ਨਾਲ ਸਬੰਧਿਤ ਪੂਰਾ ਵੇਰਵਾ ਸੀ ਜੋ ਲੋੜਵੰਦਾਂ ਨਾਲ ਹਮਦਰਦੀ ਅਤੇ ਸਹਾਇਤਾ ਦੇ ਬੇਮਿਸਾਲ ਨਮੂਨੇ ਸਨ। ਇਹ ਪੜ੍ਹ ਕੇ ਮੈਨੂੰ ਅੱਜ ਤੋਂ ਤੀਹ ਕੁ ਸਾਲ ਪਹਿਲਾਂ ਦੇ ਸਮੇਂ ਦੀ ਇੱਕ ਯਾਦ ਆ ਗਈ ਜਦੋਂ ਮੈਂ ਰਿਟਾਇਰਮੈਂਟ ਮਗਰੋਂ ਮੋਗੇ ਦੇ ਇੱਕ ਵਧੀਆ ਸਕੂਲ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਪੜ੍ਹਾਉਂਦਾ ਸੀ। ਦਸਵੀਂ ਦੀ ਪੁਸਤਕ ਵਿੱਚ ਇੱਕ ਕਵਿਤਾ ਸੀ ‘ਸਿੰਪਥੀ’ (ਹਮਦਰਦੀ) ਜਿਸ ਦਾ ਅੰਤਰੀਵ ਭਾਵ ਸੀ ਕਿ ਲੋੜ ਸਮੇਂ ਕੀਤੀ ਗਈ ਸਹਾਇਤਾ ਅਤੇ ਹਮਦਰਦੀ, ਸੋਨੇ ਨਾਲੋਂ ਕਿਤੇ ਵੱਧ ਕੀਮਤੀ ਹੁੰਦੀ ਹੈ। ਇਸੇ ਤਰ੍ਹਾਂ ਬਾਰ੍ਹਵੀਂ ਦੀ ਪੁਸਤਕ ਵਿੱਚ ਇੱਕ ਸਬਕ ਸੀ: ਸਕੂਲ ਫਾਰ ਸਿੰਪਥੀ (School for sympathy)। ਇਹ ਸਕੂਲ ਇੱਕ ਬਜ਼ੁਰਗ ਸੁਹਿਰਦ ਅਧਿਆਪਕਾ ਨੇ ਖੋਲ੍ਹਿਆ ਹੋਇਆ ਸੀ ਜੋ ਆਮ ਸਕੂਲਾਂ ਤੋਂ ਬਿਲਕੁਲ ਵੱਖਰੇ ਗੁਣਾਂ ਵਾਲਾ ਸੀ।
ਇਸ ਸਕੂਲ ਵਿੱਚ ਲਿਖਣਾ, ਪੜ੍ਹਨਾ ਤੇ ਹਿਸਾਬ ਤਾਂ ਆਮ ਸਕੂਲਾਂ ਵਾਂਗ ਹੀ ਪੜ੍ਹਾਏ ਜਾਂਦੇ ਸਨ, ਪਰ ਨਾਲ ਨਾਲ ਵਿਦਿਆਰਥੀਆਂ ਨੂੰ ਪੀੜਤਾਂ ਅਤੇ ਖ਼ਾਸਕਰ ਦਿਵਿਆਂਗਾਂ ਵਾਸਤੇ ਹਮਦਰਦ ਬਣਾਉਣ ਦੇ ਯਤਨ ਵੀ ਕੀਤੇ ਜਾਂਦੇ ਸਨ ਅਤੇ ਢੰਗ ਵੀ ਬੜਾ ਅਨੋਖਾ ਸੀ। ਸਿਰਫ਼ ਭਾਸ਼ਨ ਜਾਂ ਨਸੀਹਤਾਂ ਰਾਹੀਂ ਨਹੀਂ ਸਗੋਂ ਬੱਚਿਆਂ ਨੂੰ ਦਿਵਿਆਂਗ ਵਿਅਕਤੀਆਂ ਦੀਆਂ ਮੁਸ਼ਕਿਲਾਂ ਵਿਚਦੀ ਲੰਘਾਇਆ ਜਾਂਦਾ ਸੀ ਤਾਂ ਜੋ ਉਹ ਆਪ ਉਨ੍ਹਾਂ ਦੀਆਂ ਔਕੜਾਂ ਅਤੇ ਮੁਸ਼ਕਿਲਾਂ ਨੂੰ ਸਮਝ ਸਕਣ ਅਤੇ ਤਕਲੀਫ਼ਾਂ ਦਾ ਅਹਿਸਾਸ ਕਰ ਸਕਣ। ਹਰ ਬੱਚੇ ਦਾ ਮਹੀਨੇ ਵਿੱਚ ਇੱਕ ਬਲਾਈਂਡ ਡੇਅ ਹੁੰਦਾ ਸੀ ਅਤੇ ਉਹ ਅੰਨ੍ਹਾ ਬਣ ਕੇ ਬੱਚਿਆਂ ਵਿੱਚ ਵਿਚਰਦਾ ਸੀ। ਸਾਰਾ ਦਿਨ ਸਕੂਲ ਸਮੇਂ ਬੱਚੇ ਦੀਆਂ ਅੱਖਾਂ ’ਤੇ ਪੱਟੀ ਬੱਝੀ ਰਹਿੰਦੀ ਸੀ। ਟੋਹ ਟੋਹ ਕੇ ਤੁਰਦਾ ਫਿਰਦਾ ਸੀ, ਠੇਡੇ ਵੀ ਖਾਂਦਾ ਸੀ, ਕਈ ਵਾਰੀ ਸੋਟੀ ਵੀ ਵਰਤ ਲੈਂਦਾ ਸੀ। ਇਸ ਤਰ੍ਹਾਂ ਉਸ ਨੂੰ ਅੰਨ੍ਹੇ ਵਿਅਕਤੀ ਦੀਆਂ ਮੁਸ਼ਕਿਲਾਂ ਦਾ ਅਨੁਭਵ ਹੁੰਦਾ ਸੀ। ਉਸ ਦੇ ਮਨ ਵਿੱਚ ਅੰਨ੍ਹਿਆਂ ਵਾਸਤੇ ਹਮਦਰਦੀ ਅਤੇ ਫ਼ਰਜ਼ਾਂ ਦੀ ਭਾਵਨਾ ਪੈਦਾ ਕੀਤੀ ਜਾਂਦੀ ਸੀ। ਇਸੇ ਤਰ੍ਹਾਂ ਹੋਰ ਅਸਮਰੱਥਾਵਾਂ ਵਾਲੇ ਵਿਅਕਤੀਆਂ ਵਜੋਂ ਵਿਚਰਨ ਦੇ ਦਿਨ ਹੁੰਦੇ ਸਨ। ਇਉਂ ਬੱਚਿਆਂ ਵਿੱਚ ਦਿਵਿਆਂਗਾਂ ਵਾਸਤੇ ਹਮਦਰਦੀ ਦੇ ਬੀਜ ਬੀਜੇ ਜਾਂਦੇ ਸਨ ਜੋ ਅੱਗੇ ਜਾ ਕੇ ਹੋਰ ਫੁੱਟਦੇ ਅਤੇ ਬੱਚੇ ਦੀ ਸ਼ਖ਼ਸੀਅਤ ਨਿਖਾਰਦੇ ਹੋਣਗੇ।
ਅੱਜ ਦੇ ਯੁੱਗ ਨੂੰ ਮੈਂ ਮੋਬਾਈਲ ਅਤੇ ਮੁਕਾਬਲੇ ਦਾ ਯੁੱਗ ਵੀ ਕਹਿ ਦਿੰਦਾ ਹਾਂ, ਜੋ ਬੱਚਿਆਂ ’ਤੇ ਭਾਰੂ ਹੈ। ਬੱਚਿਆਂ ਦੇ ਅਜੋਕੇ ਸੁਭਾਅ ਵਰਤਾਰੇ, ਬਜ਼ੁਰਗਾਂ ਤੇ ਸਾਥੀਆਂ ਨਾਲ ਵਿਹਾਰ ਅਤੇ ਲੋੜਵੰਦਾਂ ਦੀ ਸਹਾਇਤਾ ਵੱਲ ਨਜ਼ਰ ਪੈਂਦੀ ਹੈ ਤਾਂ ਮਨ ਕੁਝ ਦੁਖੀ ਹੁੰਦਾ ਹੈ। ਹਮਦਰਦੀ ਦੀ ਘਾਟ ਤਾਂ ਸਪੱਸ਼ਟ ਹੀ ਦਿਸਦੀ ਹੈ ਜੋ ਬੱਚੇ ਦੀ ਨਰੋਈ ਸ਼ਖ਼ਸੀਅਤ ਵਾਸਤੇ ਜ਼ਰੂਰੀ ਹੈ। ਕੁਝ ਮਾਪੇ ਅਤੇ ਸਕੂਲ ਇਸ ਪਾਸੇ ਧਿਆਨ ਵੀ ਦਿੰਦੇ ਹੋਣਗੇ, ਸ਼ਾਇਦ ਬਹੁਤ ਘੱਟ। ਅੱਜ ਤੋਂ 80/85 ਸਾਲ ਪਹਿਲਾਂ (1935-45) ਮੈਂ ਆਰੀਆ ਸਕੂਲ ਮੋਗੇ ਦਾ ਵਿਦਿਆਰਥੀ ਸਾਂ। ਯਾਦ ਹੈ ਕਿ ਪ੍ਰਾਰਥਨਾ ਮਗਰੋਂ ਪਹਿਲੀ ਛੋਟੀ ਘੰਟੀ ‘ਧਰਮ ਸ਼ਿਕਸ਼ਾ’ ਦੀ ਹੁੰਦੀ ਸੀ, ਬੇਸ਼ੱਕ ਨਾਮ ‘ਧਰਮ ਸ਼ਿਕਸ਼ਾ’ ਸੀ ਪਰ ਕਿਸੇ ਖ਼ਾਸ ਧਰਮ ਦੀਆਂ ਗੱਲਾਂ ਦੀ ਥਾਂ ਚੰਗੇ ਵਿਚਾਰ ਅਤੇ ਆਮ ਵਰਤਾਰੇ ਦੀ ਗੱਲ ਹੀ ਹੁੰਦੀ ਸੀ।
ਅੱਜ ਸਮਾਂ ਬਦਲ ਗਿਆ ਹੈ। ਅਜੋਕੇ ਸਮੇਂ ਦੀ ਲੋੜ ਅਨੁਸਾਰ ਵਿਗਿਆਨ ਦੇ ਲੜ ਲੱਗਣਾ ਜ਼ਰੂਰੀ ਹੈ ਪਰ ਨੈਤਿਕ ਕਦਰਾਂ ਕੀਮਤਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਆਪਾਂ ਪਿੱਛੇ ਤਾਂ ਨਹੀਂ ਜਾ ਸਕਦੇ। ਨਾ ਹੀ ਜਾਣਾ ਚਾਹੀਦਾ ਹੈ, ਨਾ ਹੀ ‘ਸਕੂਲ ਫਾਰ ਸਿੰਪਥੀ’ ਜਿਹੇ ਸਕੂਲ ਖੁੱਲ੍ਹ ਸਕਦੇ ਹਨ, ਪਰ ਹਮਦਰਦੀ ਅਤੇ ਸਹਾਇਤਾ ਵਰਗੇ ਚੰਗੇ ਗੁਣ ਸਮੇਂ ਅਨੁਸਾਰ ਬੱਚਿਆਂ ਵਿੱਚ ਪਾ ਜ਼ਰੂਰ ਸਕਦੇ ਹਾਂ। ਇਸ ਵਿੱਚ ਮਾਤਾ-ਪਿਤਾ, ਪਰਿਵਾਰ ਅਤੇ ਅਧਿਆਪਕਾਂ ਦਾ ਯੋਗਦਾਨ ਹੀ ਸਭ ਤੋਂ ਜ਼ਰੂਰੀ ਹੈ। ਉਹ ਬੱਚਿਆਂ ਸਾਹਮਣੇ ਆਪਣੀ ਗੁਣਾਂ ਭਰੀ ਸ਼ਖ਼ਸੀਅਤ ਦਾ ਨਮੂਨਾ ਪੇਸ਼ ਕਰ ਕੇ ਉਨ੍ਹਾਂ ਵਿੱਚ ਹਮਦਰਦੀ ਦੀ ਜਾਗ ਜ਼ਰੂਰ ਲਾ ਸਕਦੇ ਹਨ। ਲੋੜ ਜਾਗ ਲਾਉਣ ਦੀ ਹੁੰਦੀ ਹੈ, ਦਹੀਂ ਤਾਂ ਆਪੇ ਜੰਮਦਾ ਰਹਿੰਦਾ ਹੈ। ਆਮੀਨ!
ਸੰਪਰਕ: 62802-58057