ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਯੂਕਰੇਨ ਜੰਗ ਕਾਰਨ ਪੈਦਾ ਹੋਏ ਬੇਵਿਸਾਹੀ ਦੇ ਮਾਹੌਲ ਨੂੰ ਭਰੋਸੇ ਵਿੱਚ ਬਦਲੀਏ’

07:29 AM Sep 10, 2023 IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲਵਕੜੀ ਪਾਉਂਦੇ ਹੋਏ ਅਫ਼ਰੀਕਨ ਯੂਨੀਅਨ ਦੇ ਚੇਅਰਪਰਸਨ ਅਜ਼ਾਲੀ ਅਸੋਊਮਨੀ। -ਫੋਟੋ: ਪੀਟੀਆਈ

ਨਵੀਂ ਦਿੱਲੀ, 9 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ਦੇ ਆਗਾਜ਼ ਮੌਕੇ ਆਪਣੇ ਸੰਬੋਧਨ ’ਚ ਆਲਮੀ ਬੇਵਿਸਾਹੀ ਦਾ ਮਾਹੌਲ ਖ਼ਤਮ ਕਰਨ ਲਈ ਵਿਸ਼ਵ ਆਗੂਆਂ ਨੂੰ ਅਪੀਲ ਕੀਤੀ। ਮੋਦੀ ਨੇ ਅਫ਼ਰੀਕਨ ਯੂਨੀਅਨ ਨੂੰ ਜੀ-20 ਗਰੁੱਪ ’ਚ ਪੱਕੀ ਮੈਂਬਰੀ ਦੇਣ ਦਾ ਵੀ ਐਲਾਨ ਕੀਤਾ। ਜੀ-20 ਸਿਖਰ ਸੰਮੇਲਨ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਵੱਲੋਂ 55 ਮੈਂਬਰੀ ਅਫ਼ਰੀਕਨ ਯੂਨੀਅਨ ਨੂੰ ਦੁਨੀਆ ਦੇ ਸਿਖਰਲੇ ਅਰਥਚਾਰਿਆਂ ਦੀ ਜਮਾਤ ’ਚ ਰੱਖੇ ਜਾਣ ਦੀ ਤਜਵੀਜ਼ ਨੂੰ ਗਰੁੱਪ ਦੇ ਸਾਰੇ ਮੈਂਬਰ ਮੁਲਕਾਂ ਨੇ ਸਵੀਕਾਰ ਕਰ ਲਿਆ। ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਇਹ ਸਭ ਤੋਂ ਅਹਿਮ ਉਪਲੱਬਧੀ ਹੈ। ਮੋਦੀ ਨੇ ਕਿਹਾ ਕਿ ਅਫ਼ਰੀਕਨ ਯੂਨੀਅਨ ਦੇ ਮੈਂਬਰ ਬਣਨ ਨਾਲ ਜੀ-20 ਅਤੇ ਗਲੋਬਲ ਸਾਊਥ ਦੀ ਆਵਾਜ਼ ਨੂੰ ਮਜ਼ਬੂਤੀ ਮਿਲੇਗੀ। ਅਫ਼ਰੀਕਨ ਯੂਨੀਅਨ ਦੀ ਸਾਂਝੀ ਜੀਡੀਪੀ ਕਰੀਬ 3 ਖ਼ਰਬ ਡਾਲਰ ਅਤੇ ਆਬਾਦੀ ਕਰੀਬ 1.4 ਅਰਬ ਹੈ।
ਜੀ-20 ਦੀ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਇਸ ਦਾ ਵਿਸਥਾਰ ਕੀਤਾ ਗਿਆ ਹੈ। 18ਵੇਂ ਜੀ-20 ਸਿਖਰ ਸੰਮੇਲਨ ਦੇ ਸੈਸ਼ਨ ‘ਇਕ ਪ੍ਰਿਥਵੀ’ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਇਹ ਸਮਾਂ ਆਲਮੀ ਭਲਾਈ ਲਈ ਸਾਡੇ ਸਾਰਿਆਂ ਦੇ ਇਕੱਠੇ ਮਿਲ ਕੇ ਚੱਲਣ ਦਾ ਹੈ।’’ ਦੋ ਦਿਨੀਂ ਸੰਮੇਲਨ ’ਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਜਰਮਨ ਚਾਂਸਲਰ ਓਲਫ਼ ਸ਼ੁਲਜ਼, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਸਾਊਦੀ ਅਰਬ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਈਅਪ ਅਰਦੌਗਾਂ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਦਾ ਸਿਲਵਾ ਸਮੇਤ ਹੋਰ ਆਗੂ ਹਿੱਸਾ ਲੈ ਰਹੇ ਹਨ। ਉਂਜ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸੰਮੇਲਨ ’ਚ ਹਿੱਸਾ ਨਹੀਂ ਲੈ ਰਹੇ ਹਨ। ਬੜੇ ਖ਼ੂਬਸੂਰਤ ਢੰਗ ਨਾਲ ਸਜਾਏ ਗਏ ਨਵੇਂ ਪ੍ਰਦਰਸ਼ਨੀ-ਕਮ-ਕਨਵੈਨਸ਼ਨ ਸੈਂਟਰ ਭਾਰਤ ਮੰਡਪਮ ’ਚ ਆਲਮੀ ਆਗੂਆਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ,‘‘ਕੋਵਿਡ ਮਹਾਮਾਰੀ ਮਗਰੋਂ ਦੁਨੀਆ ਨੂੰ ਬੇਵਿਸਾਹੀ ਦੀ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਅਤੇ ਬਦਕਿਸਮਤੀ ਨਾਲ ਜੰਗ ਨੇ ਇਸ ਨੂੰ ਹੋਰ ਵਧਾ ਦਿੱਤਾ। ਪਰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜੇਕਰ ਅਸੀਂ ਕੋਵਿਡ ਵਰਗੀ ਮਹਾਮਾਰੀ ਨੂੰ ਹਰਾ ਸਕਦੇ ਹਾਂ ਤਾਂ ਅਸੀਂ ਬੇਵਿਸਾਹੀ ਦੀ ਚੁਣੌਤੀ ’ਤੇ ਵੀ ਜਿੱਤ ਹਾਸਲ ਕਰ ਸਕਦੇ ਹਾਂ। ਅੱਜ ਜੀ-20 ਦੇ ਪ੍ਰਧਾਨ ਵਜੋਂ ਭਾਰਤ ਪੂਰੀ ਦੁਨੀਆ ਨੂੰ ਸੱਦਾ ਦਿੰਦਾ ਹੈ ਕਿ ਇਸ ਆਲਮੀ ਬੇਵਿਸਾਹੀ ਦੇ ਮਾਹੌਲ ਨੂੰ ਭਰੋਸੇ ਅਤੇ ਵਿਸ਼ਵਾਸ ’ਚ ਬਦਲੀਏ।’’ ਮੋਦੀ ਨੇ ਕਿਹਾ ਕਿ ਜੀ-20 ਦੀ ਪ੍ਰਧਾਨਗੀ ਦੇਸ਼ ਅਤੇ ਬਾਹਰ ਸਾਰਿਆਂ ਦੇ ਵਿਕਾਸ ਅਤੇ ਇਕਜੁੱਟਤਾ ਦਾ ਪ੍ਰਤੀਕ ਬਣ ਗਈ ਹੈ। ‘ਇਹ ਉਹ ਸਮਾਂ ਹੈ ਜਦੋਂ ਪੁਰਾਣੀਆਂ ਚੁਣੌਤੀਆਂ ਸਾਨੂੰ ਨਵੇਂ ਹੱਲ ਲੱਭਣ ਦਾ ਸੱਦਾ ਦੇ ਰਹੀਆਂ ਹਨ। ਇਸ ਲਈ ਮਨੁੱਖ ਕੇਂਦਰਿਤ ਪਹੁੰਚ ਆਪਣਾਉਂਦਿਆਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਅੱਗੇ ਵਧਣਾ ਚਾਹੀਦਾ ਹੈ। ਭਾਰਤ ’ਚ ਜੀ-20 ਲੋਕਾਂ ਦਾ ਸੰਮੇਲਨ ਬਣ ਗਿਆ ਹੈ ਅਤੇ 60 ਤੋਂ ਵੱਧ ਸ਼ਹਿਰਾਂ ’ਚ 200 ਤੋਂ ਜ਼ਿਆਦਾ ਮੀਟਿੰਗਾਂ ਹੋਈਆਂ।’ ਮੋਦੀ ਨੇ ਕੋਮੋਰੋਸ ਯੂਨੀਅਨ ਦੇ ਰਾਸ਼ਟਰਪਤੀ ਅਤੇ ਅਫ਼ਰੀਕਨ ਯੂਨੀਅਨ ਦੇ ਚੇਅਰਪਰਸਨ ਅਜ਼ਾਲੀ ਅਸੋਊਮਨੀ ਨੂੰ ਗਰੁੱਪ ਦੇ ਹੋਰ ਆਗੂਆਂ ਨਾਲ ਮੁੱਖ ਮੰਚ ’ਤੇ ਆਉਣ ਲਈ ਕਿਹਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਮੇਲਨ ਵਾਲੀ ਥਾਂ ’ਤੇ ਉੜੀਸਾ ਦੇ ਸੂਰਜ ਮੰਦਰ ਦੇ ਕੋਨਾਰਕ ਵ੍ਹੀਲ ਦੀ ਮੂਰਤੀ ਅੱਗੇ ਜੀ-20 ਆਗੂਆਂ ਨੂੰ ਜੀ ਆਇਆਂ ਆਖਿਆ। ਜੀ-20 ਸਿਖਰ ਸੰਮੇਲਨ ਦੌਰਾਨ ‘ਇਕ ਪਰਿਵਾਰ’ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਦੇ ਜੀਵਨ ’ਚ ਹਾਂ-ਪੱਖੀ ਬਦਲਾਅ ਲਿਆਉਣ ਲਈ ਭਾਰਤ ਵੱਲੋਂ ਤਕਨਾਲੋਜੀ ਦੀ ਵਰਤੋਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜੀ-20 ਮਹਿਲਾ ਸ਼ਕਤੀਕਰਨ ’ਚ ਵੱਡੀ ਭੂਮਿਕਾ ਨਿਭਾ ਸਕਦਾ ਹੈ। -ਪੀਟੀਆਈ

Advertisement

ਭਾਰਤ ਦੀ ਪੇਸ਼ਕਸ਼ ’ਤੇ ਅਫ਼ਰੀਕਨ ਯੂਨੀਅਨ ਨੂੰ ਮਿਲੀ ਪੱਕੀ ਮੈਂਬਰੀ ਮਿਲੀ

ਆਲਮੀ ਆਗੂਆਂ ਦੇ ਇਕੱਠ ਵੱਲੋਂ ਤਾੜੀਆਂ ਦੇ ਨਾਲ ਹੱਲਾਸ਼ੇਰੀ ਦਰਮਿਆਨ ਨਰਿੰਦਰ ਮੋਦੀ ਨੇ ਕਿਹਾ,‘‘ਸਬਕਾ ਸਾਥ ਦੀ ਭਾਵਨਾ ਨੂੰ ਧਿਆਨ ’ਚ ਰਖਦਿਆਂ ਭਾਰਤ ਨੇ ਅਫ਼ਰੀਕਨ ਯੂਨੀਅਨ ਨੂੰ ਜੀ-20 ਦੀ ਪੱਕੀ ਮੈਂਬਰੀ ਦੇਣ ਦੀ ਤਜਵੀਜ਼ ਕੀਤੀ ਸੀ। ਮੈਂ ਸਮਝਦਾ ਹਾਂ ਕਿ ਅਸੀਂ ਸਾਰੇ ਇਸ ਤਜਵੀਜ਼ ’ਤੇ ਰਾਜ਼ੀ ਹਾਂ। ਮੈਂ ਅਫ਼ਰੀਕਨ ਯੂਨੀਅਨ ਦੇ ਰਾਸ਼ਟਰਪਤੀ ਨੂੰ ਸੱਦਾ ਦਿੰਦਾ ਹਾਂ ਕਿ ਉਹ ਜੀ-20 ਦੇ ਪੱਕੇ ਮੈਂਬਰ ਵਜੋਂ ਆਪਣੀ ਥਾਂ ਲੈਣ।’’ ਇਸ ਮਗਰੋਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਸਾਊਮਨੀ ਨੂੰ ਜੀ-20 ਦੇ ਮੰਚ ’ਤੇ ਉਨ੍ਹਾਂ ਦੀ ਸੀਟ ’ਤੇ ਲੈ ਕੇ ਗਏ। ਆਪਣੀ ਕੁਰਸੀ ’ਤੇ ਬੈਠਣ ਤੋਂ ਪਹਿਲਾਂ ਅਸੋਊਮਨੀ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਹੱਥ ਮਿਲਾਇਆ ਅਤੇ ਗਲਵਕੜੀ ਪਾਈ।

Advertisement
Advertisement