ਆਓ, ਸੁਣਨ ਸ਼ਕਤੀ ਨੂੰ ਬਚਾਈਏ
ਡਾ. ਪ੍ਰਭਦੀਪ ਸਿੰਘ ਚਾਵਲਾ
ਬੋਲਾਪਣ ਅਤੇ ਸੁਣਨ ਸ਼ਕਤੀ ਦੀ ਕਮਜ਼ੋਰੀ ਵਿਅਕਤੀ ਦੇ ਜੀਵਨ ਨੂੰ ਬਹੁਤ ਪ੍ਰਭਾਵਿਤ ਕਰ ਸਕਦੀ ਹੈ। ਇਸ ਕਾਰਨ ਇਸ ਨੂੰ ਸੁਣਨ ਦੀ ਅਯੋਗਤਾ/ਅਸਮਰੱਥਾ ਵੀ ਕਿਹਾ ਜਾਂਦਾ ਹੈ। ਵਿਸ਼ਵ ਪੱਧਰ ’ਤੇ ਜਾਗਰੂਕਤਾ ਫੈਲਾਉਣ ਲਈ ਹਰ ਸਾਲ 3 ਮਾਰਚ ਨੂੰ ‘ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਵਸ’ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਸਥਾ ਮੁਤਾਬਿਕ 2050 ਤੱਕ ਲਗਭਗ 2.5 ਬਿਲੀਅਨ ਲੋਕਾਂ ਦੀ ਸੁਣਨ ਸ਼ਕਤੀ ਦੇ ਕੁਝ ਹੱਦ ਤੱਕ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ ਘੱਟੋ-ਘੱਟ 700 ਮਿਲੀਅਨ ਦੀ ਸਮੱਸਿਆ ਬੇਹੱਦ ਗੰਭੀਰ ਹੋਵੇਗੀ। ਵਿਸ਼ਵ ਪੱਧਰ ’ਤੇ ਲਗਭਗ 1.5 ਬਿਲੀਅਨ ਲੋਕ ਬੋਲੇਪਣ ਜਾਂ ਸੁਣਨ ਸ਼ਕਤੀ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਵਿਸ਼ਵ ਸਿਹਤ ਸੰਗਠਨ ਨੇ ਸਾਲ 2007 ਵਿੱਚ ਕੌਮਾਂਤਰੀ ਕੰਨ ਦੇਖਭਾਲ ਦਿਵਸ ਮਨਾਇਆ ਸੀ ਤਾਂ ਜੋ ਲੋਕਾਂ ਨੂੰ ਸੁਣਨ ਦੀਆਂ ਸਮੱਸਿਆਵਾਂ ਤੇ ਇਸ ਨਾਲ ਸਬੰਧਿਤ ਕਾਰਕਾਂ ਬਾਰੇ ਸੁਚੇਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾ ਸਕਣ। ਫਿਰ 2016 ’ਚ ਇਸ ਦਿਨ ਦਾ ਨਾਂ ਬਦਲ ਕੇ ‘ਵਰਲਡ ਹੀਅਰਿੰਗ ਡੇਅ’ (ਵਿਸ਼ਵ ਸੁਣਨ ਸ਼ਕਤੀ ਸਬੰਧੀ ਦਿਵਸ) ਰੱਖਿਆ ਗਿਆ।
ਸਿਹਤ ਵਿਭਾਗ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਉਪਰਾਲੇ: ਇਸ ਸਮੱਸਿਆ ਨਾਲ ਸਿੱਝਣ ਲਈ ਸਿਹਤ ਵਿਭਾਗ ਅਤੇ ਕਈ ਸਮਾਜਸੇਵੀ ਤੇ ਵਿਦਿਅਕ ਸੰਸਥਾਵਾਂ ਸ਼ਲਾਘਾਯੋਗ ਉਪਰਾਲੇ ਕਰ ਰਹੇ ਹਨ ਜਿਨ੍ਹਾਂ ’ਚ ਬਿਮਾਰੀ ਜਾਂ ਸੱਟ ਕਾਰਨ ਸੁਣਨ ਸ਼ਕਤੀ ਦੇ ਨੁਕਸਾਨ ਨੂੰ ਰੋਕਣਾ, ਇਸ ਦੇ ਜ਼ਿੰਮੇਵਾਰ ਕਾਰਕਾਂ ਦਾ ਛੇਤੀ ਪਤਾ ਲਗਾਉਣਾ, ਢੁੱਕਵਾਂ ਹੱਲ, ਇਲਾਜ ਕਰਨਾ ਅਤੇ ਸੁਣਨ ਸ਼ਕਤੀ ਦੀ ਘਾਟ ਵਾਲੇ ਹਰ ਉਮਰ ਦੇ ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਦੇਣ ਲਈ ਕਾਰਜ ਕਰਨਾ ਸ਼ੁਮਾਰ ਹੈ।
ਸੁਣਨ ਸ਼ਕਤੀ ਦੇ ਨੁਕਸਾਨ ਅਤੇ ਬੋਲੇਪਣ ਦੇ ਕਾਰਨ: ਡਾਕਟਰਾਂ ਅਨੁਸਾਰ ਸੁਣਨ ਵਿੱਚ ਤਕਲੀਫ਼ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਬੁਢਾਪਾ ਸਭ ਤੋਂ ਆਮ ਕਾਰਨਾਂ ਵਿੱਚੋਂ ਇੱਕ ਹੈ। ਵਧਦੀ ਉਮਰ ਨਾਲ ਕਈ ਵਾਰ ਕੰਨਾਂ ਦੀਆਂ ਨਾੜਾਂ ਕਮਜ਼ੋਰ ਹੋਣ ਲੱਗਦੀਆਂ ਹਨ ਅਤੇ ਬੋਲੇਪਣ ਜਾਂ ਸੁਣਨ ਸ਼ਕਤੀ ਘਟਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਬੋਲੇਪਣ ਦੀ ਸਮੱਸਿਆ 60 ਸਾਲ ਤੋਂ ਵੱਧ ਉਮਰ ਦੇ 33 ਫ਼ੀਸਦੀ ਲੋਕਾਂ ਵਿੱਚ ਦੇਖੀ ਜਾਂਦੀ ਹੈ ਜਦੋਂਕਿ 74 ਸਾਲ ਦੀ ਉਮਰ ਮਗਰੋਂ 50 ਫ਼ੀਸਦੀ ਲੋਕਾਂ ਵਿੱਚ। ਸ਼ੋਰ ਪ੍ਰਦੂਸ਼ਣ, ਆਵਾਜਾਈ ਸਾਧਨਾਂ ਦਾ ਰੌਲਾ, ਹੈੱਡਫੋਨ, ਈਅਰਫੋਨ ਅਤੇ ਨੈੱਕਬੈਂਡ ਦੀ ਜ਼ਿਆਦਾ ਵਰਤੋਂ, ਮੋਬਾਈਲ ’ਤੇ ਜ਼ਿਆਦਾ ਸਮਾਂ ਗੀਤ-ਗਾਣੇ ਸੁਣਨਾ, ਦੁਰਘਟਨਾ ਜਾਂ ਸਿਰ ’ਤੇ ਸੱਟ ਲੱਗਣਾ, ਕੰਨ ਦੀ ਇਨਫੈਕਸ਼ਨ ਜਾਂ ਕੋਈ ਬਿਮਾਰੀ, ਤੇਜ਼ ਦਵਾਈਆਂ ਆਦਿ ਵੀ ਬੋਲੇਪਣ ਦਾ ਕਾਰਨ ਬਣ ਸਕਦੇ ਹਨ।
ਵਿਅਕਤੀਗਤ ਪੱਧਰ ’ਤੇ ਪ੍ਰਭਾਵ: ਸੁਣਨ ਸਮਰੱਥਾ ’ਚ ਕਮੀ ਜਾਂ ਬੋਲੇਪਣ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨਾਲ ਸੰਚਾਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਵਿਅਕਤੀ ਸਮਾਜ ਵਿੱਚ ਇਕੱਲਤਾ ਦਾ ਸਾਹਮਣਾ ਕਰਦਾ ਹੈ। ਇਸ ਕਰਕੇ ਉਸ ਦੀ ਸਿੱਖਿਆ, ਰੁਜ਼ਗਾਰ ਅਤੇ ਭਵਿੱਖ ’ਤੇ ਗਹਿਰਾ ਪ੍ਰਭਾਵ ਪੈਂਦਾ ਹੈ।
ਰੋਕਥਾਮ: ਸੁਣਨ ਸ਼ਕਤੀ ਦੇ ਨੁਕਸਾਨ ਲਈ ਜ਼ਿੰਮੇਵਾਰ ਬਹੁਤ ਸਾਰੇ ਕਾਰਕਾਂ ਤੋਂ ਜਨਤਕ ਸਿਹਤ ਨੀਤੀਆਂ ਅਤੇ ਸਿਹਤ ਸੇਵਾਵਾਂ ਦੀ ਦਖਲਅੰਦਾਜ਼ੀ ਰਾਹੀਂ ਬਚਿਆ ਜਾ ਸਕਦਾ ਹੈ। ਬੱਚਿਆਂ ਵਿੱਚ ਸੁਣਨ ਸ਼ਕਤੀ ਦੀ ਘਾਟ ਦੇ ਲਗਭਗ 60 ਫ਼ੀਸਦੀ ਕਾਰਨ ਟਾਲਣਯੋਗ ਹੁੰਦੇ ਹਨ ਜਿਸ ਨੂੰ ਜਨਤਕ ਸਿਹਤ ਉਪਾਅ ਲਾਗੂ ਕਰ ਕੇ ਰੋਕਿਆ ਜਾ ਸਕਦਾ ਹੈ। ਇਸੇ ਤਰ੍ਹਾਂ ਬਾਲਗਾਂ ਵਿੱਚ ਸੁਣਨ ਸ਼ਕਤੀ ਦੇ ਨੁਕਸਾਨ ਦੇ ਸਭ ਤੋਂ ਆਮ ਕਾਰਨਾਂ ਜਿਵੇਂ ਉੱਚੀ ਆਵਾਜ਼ ਅਤੇ ਓਟੋਟੌਕਸਿਕ ਦਵਾਈਆਂ ਦੇ ਸੰਪਰਕ ਵਿੱਚ ਆਉਣ ਵੀ ਨੂੰ ਰੋਕਿਆ ਜਾ ਸਕਦਾ ਹੈ।
ਆਮ ਧਿਆਨ ਰੱਖਣ ਯੋਗ ਗੱਲਾਂ: ਰੋਜ਼ਾਨਾ ਵਰਤੀ ਜਾਂਦੀ ਲਾਪਰਵਾਹੀ ਕਾਰਨ ਆਮ ਲੋਕਾਂ ਵਿੱਚ ਸੁਣਨ ਸ਼ਕਤੀ ਸਬੰਧੀ ਸਮੱਸਿਆਵਾਂ ਦੀ ਗਿਣਤੀ ਵਧ ਰਹੀ ਹੈ। ਹੈੱਡਫੋਨ, ਈਅਰਫੋਨ ਅਤੇ ਨੈੱਕਬੈਂਡ ਲਗਾ ਕੇ ਮੋਬਾਈਲ ਫੋਨਾਂ ਰਾਹੀਂ ਉੱਚੀ ਆਵਾਜ਼ ਵਿੱਚ ਸੁਣਨਾ ਘੱਟ ਕੀਤਾ ਜਾਵੇ। ਕੰਨ ਵਿੱਚ ਦਰਦ ਜਾਂ ਖ਼ੂਨ ਵਗਣ ਦੀ ਗੰਭੀਰ ਸਮੱਸਿਆ ਹੋਣ ’ਤੇ ਤੁਰੰਤ ਡਾਕਟਰੀ ਜਾਂਚ ਕਰਵਾਉਣੀ ਚਾਹੀਦੀ ਹੈ। ਆਪਣੇ ਕੰਨਾਂ ਨੂੰ ਹੋਮ ਥੀਏਟਰ, ਟੀ.ਵੀ., ਰੇਡੀਓ, ਪਟਾਕਿਆਂ ਦੀ ਉੱਚੀ ਆਵਾਜ਼ ਤੋਂ ਬਚਾਓ। ਕੰਨਾਂ ਵਿੱਚ ਗੰਦਾ ਪਾਣੀ ਜਾਣ ਤੋਂ ਰੋਕਣ ਦੇ ਨਾਲ ਨਾਲ ਕੰਨਾਂ ਵਿੱਚ ਤਿੱਖੀਆਂ ਚੀਜ਼ਾਂ, ਮਾਚਸ ਦੀ ਤੀਲ੍ਹੀ, ਕੰਨ ਸਾਫ਼ ਕਰਨ ਵਾਲੇ ਬਡਸ ਜਾਂ ਸੂਈਆਂ ਨਹੀਂ ਮਾਰਨੇ ਚਾਹੀਦੇ। ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣ ਤੋਂ ਪਰਹੇਜ਼ ਕਰੋ। ਜੇ ਤੁਹਾਡੇ ਕੰਨਾਂ ਵਿੱਚ ਸਾਂ-ਸਾਂ ਦੀ ਆਵਾਜ਼ ਆ ਰਹੀ ਹੈ ਤਾਂ ਇਹ ਇੱਕ ਪ੍ਰੇਸ਼ਾਨੀ ਅਤੇ ਸੁਣਨ ਸ਼ਕਤੀ ਦੇ ਨੁਕਸਾਨ ਦਾ ਚਿਤਾਵਨੀ ਚਿੰਨ੍ਹ ਹੈ।
ਸੰਪਰਕ: 98146-56257