ਆਓ ਕਵਿਤਾ ਰੂਪੀ ਅਮੋਲਕ ਖ਼ਜ਼ਾਨਾ ਸਾਂਭੀਏ
ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਸਮੁੱਚੇ ਵਿਸ਼ਵ ਅੰਦਰ ਸਾਹਿਤ ਰਚਨਾ ਦੀਆਂ ਵੱਖ-ਵੱਖ ਵੰਨਗੀਆਂ ਵਿੱਚੋਂ ਕਵਿਤਾ ਸਭ ਤੋਂ ਪ੍ਰਾਚੀਨ ਅਤੇ ਸਭ ਤੋਂ ਪ੍ਰਚਲਿਤ ਵੰਨਗੀ ਮੰਨੀ ਜਾਂਦੀ ਹੈ। ਭਾਰਤ ਦੇ ਪ੍ਰਾਚੀਨ ਗ੍ਰੰਥ ਚਾਹੇ ਉਹ ਵੇਦ ਹੋਣ ਜਾਂ ਫਿਰ ਰਾਮਾਇਣ ਅਤੇ ਮਹਾਂਭਾਰਤ, ਇਹ ਸਭ ਕਾਵਿ ਰੂਪ ਵਿੱਚ ਹੀ ਰਚੇ ਗਏ ਸਨ। ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ਗੁਰਬਾਣੀ ਦਾ ਉਚਾਰਨ ਕਾਵਿ ਰੂਪ ਵਿੱਚ ਹੀ ਕੀਤਾ ਸੀ। ਉਨ੍ਹਾਂ ਤੋਂ ਬਾਅਦ ਆਏ ਸਾਰੇ ਗੁਰੂ ਸਾਹਿਬਾਨ ਨੇ ਇਸ ਪ੍ਰੰਪਰਾ ਨੂੰ ਅੱਗੇ ਤੋਰਿਆ। ਅਧਿਆਤਮਕ ਜਗਤ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਮਨੁੱਖ ਦੇ ਧੁਰ ਅੰਦਰ ਜਿਹੜਾ ‘ਅਨਹਦ ਨਾਦ’ ਧੁਨਕਾਰਾਂ ਦਿੰਦਾ ਹੈ, ਉਸ ਅਮਰ ਸੰਗੀਤ ਨੂੰ ਸੁਣ ਤੇ ਮਹਿਸੂਸ ਕਰਕੇ ਪਰਮੇਸ਼ਰ ਨਾਲ ਸਹਿਜ ਹੀ ਇਕਮਿਕ ਹੋਇਆ ਜਾ ਸਕਦਾ ਹੈ। ਜੇਕਰ ਉਸ ਪਰਮ ਆਨੰਦ ਨੂੰ ਮਹਿਸੂਸ ਕਰਕੇ ਸ਼ਬਦਾਂ ਦਾ ਜਾਮਾ ਪਹਿਨਾਉਣਾ ਹੋਵੇ ਤਾਂ ਇਸ ਕਾਰਜ ਲਈ ਕਵਿਤਾ ਸਭ ਤੋਂ ਉੱਤਮ ਸਾਹਿਤ ਰੂਪ ਹੋ ਨਿੱਬੜਦਾ ਹੈ।
ਸਮੁੱਚੇ ਵਿਸ਼ਵ ਵਿੱਚ 21 ਮਾਰਚ ਨੂੰ ‘ਵਿਸ਼ਵ ਕਵਿਤਾ ਦਿਵਸ’ ਮਨਾਇਆ ਜਾਂਦਾ ਹੈ। ਇਹ ਦਿਵਸ ਮਨਾਉਣ ਦਾ ਫ਼ੈਸਲਾ ਸਾਲ 1999 ਵਿੱਚ ਪੈਰਿਸ ਵਿਖੇ ਹੋਏ ਯੂਨੈਸਕੋ ਦੇ 30ਵੇਂ ਸੈਸ਼ਨ ਵਿੱਚ ਕੀਤਾ ਗਿਆ ਸੀ। ਇਹ ਦਿਵਸ ਮਨਾਉਣ ਦਾ ਉਦੇਸ਼ ਕਵਿਤਾ ਰਾਹੀਂ ਭਾਸ਼ਾਈ ਵਿਭਿੰਨਤਾ ਤੇ ਸ੍ਰੇਸ਼ਟਤਾ ਨੂੰ ਸਵੀਕਾਰਨਾ ਤੇ ਉਤਸ਼ਾਹਿਤ ਕਰਨਾ ਮੰਨਿਆ ਗਿਆ ਸੀ। ਇਸ ਦੇ ਨਾਲ ਇਹ ਉਦੇਸ਼ ਵੀ ਧਿਆਨ ’ਚ ਰੱਖਿਆ ਗਿਆ ਸੀ ਕਿ ਲੋਪ ਹੋਣ ਕੰਢੇ ਜਾ ਪੁੱਜੀਆਂ ਭਾਸ਼ਾਵਾਂ ਜਾਂ ਲੋਕ ਬੋਲੀਆਂ ਨੂੰ ਸੁਣਨ ਲਈ ਇੱਕ ਵਿਸ਼ੇਸ਼ ਦਿਨ ਨਿਸ਼ਚਿਤ ਕੀਤਾ ਜਾਵੇ। ਸੰਯੁਕਤ ਰਾਸ਼ਟਰ ਸੰਘ ਇਹ ਮੰਨਦਾ ਹੈ ਕਿ ‘ਵਿਸ਼ਵ ਕਵਿਤਾ ਦਿਵਸ’ ਨੂੰ ਕਾਵਿ-ਉਚਾਰਣ ਅਤੇ ਕਾਵਿ-ਅਧਿਆਪਨ ਦੀ ਰਵਾਇਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਬਾਕੀ ਕਲਾਵਾਂ ਜਿਵੇਂ ਸੰਗੀਤ, ਨਾਚ ਤੇ ਚਿੱਤਰਕਾਰੀ ਨਾਲ ਸੰਵਾਦ ਨੂੰ ਵੀ ਸੁਰਜੀਤ ਕੀਤਾ ਜਾਵੇ। ਇਸ ਦਿਨ ਨਵੇਂ, ਪੁਰਾਣੇ ਕਵੀਆਂ ਅਤੇ ਛੋਟੇ ਪ੍ਰਕਾਸ਼ਕਾਂ ਨੂੰ ਸਹਾਰਾ ਦੇ ਕੇ ਲੋਕ ਸੱਥਾਂ ਵਿੱਚ ਸਨਮਾਨਿਤ ਕੀਤਾ ਜਾਵੇ ਤਾਂ ਜੋ ਉਨ੍ਹਾਂ ਦਾ ਹੌਸਲਾ ਵਧੇ ਤੇ ਉਹ ਕਵਿਤਾ ਦੀ ਵਿਧਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਨਵੇਂ ਜੋਸ਼ ਨਾਲ ਜੁਟ ਜਾਣ।
ਬੜੀ ਦਿਲਚਸਪ ਗੱਲ ਹੈ ਕਿ ਦੁਨੀਆ ਦੇ ਹਰੇਕ ਕੋਨੇ ਅਤੇ ਹਰੇਕ ਸੱਭਿਅਤਾ ਤੇ ਸਭਿਆਚਾਰ ਵਿੱਚ ਕਾਵਿ ਸਿਰਜਣਾ ਕੀਤੀ ਗਈ ਹੈ। ਦੁਨੀਆ ਦੀ ਬਹੁਤੀ ਕਵਿਤਾ ਸਮੁੱਚੀ ਮਨੁੱਖਤਾ ਦੇ ਭਲੇ ਦੀ ਗੱਲ ਕਰਦੀ ਅਤੇ ਕਾਦਰ ਤੇ ਕੁਦਰਤ ਦੇ ਰਿਸ਼ਤੇ ਨੂੰ ਬੜੀ ਹੀ ਖ਼ੂਬਸੂਰਤੀ ਨਾਲ ਚਿਤਵਦੀ ਹੈ। ਬੋਲੀਆਂ ਅਤੇ ਹੱਦਾਂ-ਸਰਹੱਦਾਂ ਦੇ ਵਖਰੇਵੇਂ ਦੇ ਬਾਵਜੂਦ ਹਰ ਮੁਲਕ ਦੀ ਕਵਿਤਾ ਵਿੱਚ ਸਬੰਧਿਤ ਇਲਾਕੇ ਦੀਆਂ ਕਦਰਾਂ-ਕੀਮਤਾਂ ਤੇ ਵਿਸ਼ੇਸ਼ਤਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸੁਚੱਜਾ ਕਾਰਜ ਕੀਤਾ ਗਿਆ ਹੈ। ਹਰ ਮੁਲਕ ਦੇ ਨਿੱਕੜੇ ਬਾਲਾਂ ਦੀਆਂ ਲੋਰੀਆਂ ਤੋਂ ਲੈ ਕੇ ਵੱਡੀ ਉਮਰ ਹੰਢਾ ਚੁੱਕੇ ਮਨੁੱਖ ਦੀ ਮੌਤ ਸਮੇਂ ਪਾਏ ਜਾਣ ਵਾਲੇ ਵੈਣਾਂ ਤੱਕ ਨੂੰ ਕਾਵਿ ਰੂਪ ਵਿੱਚ ਹੀ ਬਿਆਨ ਕੀਤਾ ਗਿਆ ਹੈ। ਸਮਾਜਿਕ ਥੁੜਾਂ ਅਤੇ ਪ੍ਰੇਮ ਸਬੰਧਾਂ ਦੇ ਪ੍ਰਗਟਾਵੇ ਤੋਂ ਲੈ ਕੇ ਕਿਸੇ ਮੁਲਕ ਵਿੱਚ ਪਸਰੀਆਂ ਕੁਰੀਤੀਆਂ ਤੇ ਸਰਕਾਰੀ ਦਮਨ ਖਿਲਾਫ਼ ਗਰਜ ਲਈ ਕਵਿਤਾ ਨੂੰ ਹੀ ਸਭ ਤੋਂ ਵੱਧ ਮਾਧਿਅਮ ਰੂਪ ਵਿੱਚ ਚੁਣਿਆ ਤੇ ਵਰਤਿਆ ਗਿਆ ਹੈ। ਭਾਰਤੀ ਸੰਸਦ ਵਿੱਚ ਸੱਤਾ ਧਿਰ ਅਤੇ ਵਿਰੋਧੀ ਧਿਰ ਵੱਲੋਂ ਵੀ ਗਾਹੇ-ਬਗਾਹੇ ਸ਼ਿਅਰਾਂ ਤੇ ਕਵਿਤਾਵਾਂ ਰਾਹੀਂ ਆਪਣੇ ਖ਼ਿਆਲਾਂ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਦੁਨੀਆ ਦੇ ਮਸ਼ਹੂਰ ਕਵੀ ਪਾਬਲੋ ਨੇਰੂਦਾ ਨੇ 1972 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਇੱਕ ਸਮਾਗਮ ਦੌਰਾਨ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਆਪਣੇ ਖ਼ਿਆਲ ਪ੍ਰਗਟਾ ਕੇ ਸਰੋਤਿਆਂ ਤੋਂ ਭਰਪੂਰ ਤਾੜੀਆਂ ਬਟੋਰੀਆਂ ਸਨ।
ਸਾਲ 2020 ਵਿੱਚ ਦੁਨੀਆ ਭਰ ਨੂੰ ਸੂਲੀ ’ਤੇ ਟੰਗਣ ਵਾਲੇ ਕੋਰੋਨਾ ਵਾਇਰਸ ਦਾ ਖ਼ੌਫ਼ 2021 ਵਿੱਚ ਵੀ ਕਾਇਮ ਰਿਹਾ ਸੀ। ਇਸ ਕਰਕੇ ਉਦੋਂ ਸੰਯੁਕਤ ਰਾਸ਼ਟਰ ਸੰਘ ਨੇ ‘ਵਿਸ਼ਵ ਕਵਿਤਾ ਦਿਵਸ’ ਆਨਲਾਈਨ ਮਨਾਉਣ ਦੀ ਵਿਧੀ ਅਪਣਾਈ ਸੀ। ਇਸ ਮੌਕੇ ’ਤੇ ‘ਪੋਇਜ਼ੀਆ-21’ ਸਿਰਲੇਖ ਹੇਠ ਸਮੁੱਚੇ ਵਿਸ਼ਵ ਨੂੰ ਅੱਠ ਭਾਗਾਂ ਵਿੱਚ ਵੰਡ ਕੇ ਕਵਿਤਾਵਾਂ ਨੂੰ ਸੁਣਨ-ਸੁਣਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਇਨ੍ਹਾਂ ਅੱਠ ਭਾਗਾਂ ਦੀ ਵੰਡ ਪੂਰਬੀ ਤੇ ਦੱਖਣ ਪੂਰਬੀ ਏਸ਼ੀਆ, ਦੱਖਣੀ ਏਸ਼ੀਆ, ਯੂਰੇਸ਼ੀਆ, ਅਫ਼ਰੀਕਾ, ਉੱਤਰੀ ਅਮਰੀਕਾ, ਦੱਖਣੀ ਯੂਰਪ, ਅਮਰੀਕਾ ਅਤੇ ਉੱਤਰੀ ਤੇ ਕੇਂਦਰੀ ਯੂਰਪ ਵਜੋਂ ਕੀਤੀ ਗਈ ਸੀ।
ਇਸ ਦਿਨ ਸਾਨੂੰ ਸਮੂਹ ਪੰਜਾਬੀਆਂ ਨੂੰ ਆਨਲਾਈਨ ਜਾਂ ਆਫਲਾਈਨ ਇਕੱਤਰ ਹੋ ਕੇ ਪੰਜਾਬੀ ਕਵਿਤਾ ਤੇ ਇਸ ਦੇ ਸਿਰਜਣਹਾਰਿਆਂ ਨੂੰ ਸਿਜਦਾ ਕਰਨਾ ਚਾਹੀਦਾ ਹੈ। ਇਹ ਦਿਨ ਪੰਜਾਬੀ ਮਾਂ ਬੋਲੀ ਦੀ ਕਵਿਤਾ ਰਾਹੀਂ ਸੇਵਾ ਕਰਨ ਵਾਲੇ ਸਪੂਤਾਂ ਬਾਬਾ ਫ਼ਰੀਦ ਸ਼ਕਰਗੰਜ, ਬਾਬਾ ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਦਮੋਦਰ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ, ਪ੍ਰੋ. ਪੂਰਨ ਸਿੰਘ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਬਟਾਲਵੀ, ਮੀਸ਼ਾ, ਪਾਸ਼, ਦਰਸ਼ਨ ਸਿੰਘ ਅਵਾਰਾ, ਸੰਤ ਰਾਮ ਉਦਾਸੀ, ਡਾ. ਜਗਤਾਰ, ਸੁਰਜੀਤ ਪਾਤਰ ਸਣੇ ਅਨੇਕਾਂ ਹੋਰ ਪੰਜਾਬੀ ਕਵੀਆਂ ਦੀਆਂ ਅਮੋਲਕ ਰਚਨਾਵਾਂ ਪੜ੍ਹਨ, ਗੁਣਗੁਣਾਉਣ ਤੇ ਸਾਂਭਣ ਦਾ ਦਿਨ ਹੈ ਤਾਂ ਜੋ ਸਾਡੀ ਅਜੋਕੀ ਤੇ ਆਉਣ ਵਾਲੀ ਪੀੜ੍ਹੀ ਨੂੰ ਸਾਡੇ ਬੇਸ਼ਕੀਮਤੀ ਕਾਵਿ-ਖ਼ਜ਼ਾਨੇ ਦਾ ਪਤਾ ਲੱਗ ਸਕੇ ਤੇ ਉਸ ਦੇ ਅੰਦਰ ਸਾਰਥਕ, ਸੁਚੱਜੀ ਤੇ ਉਸਾਰੂ ਕਵਿਤਾ ਨੂੰ ਪੜ੍ਹਨ, ਲਿਖਣ ਤੇ ਸੁਣਨ ਦਾ ਸ਼ੌਕ ਪੈਦਾ ਹੋ ਸਕੇ।
ਵਿ਼ਸ਼ਵ ਕਵਿਤਾ ਦਿਵਸ ਮੌਕੇ ਸਾਨੂੰ ਕਵਿਤਾ ਨੂੰ ਪਰਿਭਾਸ਼ਿਤ ਕਰਦਿਆਂ ਮਹਾਨ ਕਵੀ ਵਿਲੀਅਮ ਵਰਡਸਵਰਥ ਦੇ ਸ਼ਬਦ ਯਾਦ ਰੱਖਣੇ ਚਾਹੀਦੇ ਹਨ ਕਿ ‘‘ਕਵਿਤਾ ਤਾਂ ਸਾਡੇ ਅੰਦਰ ਵਿਗਸੇ ਜ਼ਬਰਦਸਤ ਜਜ਼ਬਾਤ ਦਾ ਆਪਮੁਹਾਰੇ ਫੁੱਟ ਪਿਆ ਚਸ਼ਮਾ ਹੈ।’’ ਇਸੇ ਤਰ੍ਹਾਂ ਇੱਕ ਪ੍ਰਸਿੱਧ ਪੰਜਾਬੀ ਸਾਹਿਤਕਾਰ ਨੇ ਵੀ ਆਖਿਆ ਸੀ, ‘‘ਪਿਆਰ ਵਿੱਚ ਮੋਏ ਬੰਦਿਆਂ ਦੇ ਬਚਨ ਕਵਿਤਾ ਹਨ।’’ ਪੰਜਾਬੀ ਕਵਿਤਾ ਨੂੰ ਪ੍ਰੇਮ ਕਰਨ ਵਾਲਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬੀ ਸਾਹਿਤ ਦਾ ਸਭ ਤੋਂ ਪ੍ਰਾਚੀਨ ਪ੍ਰਮਾਣ ਗੋਰਖਨਾਥ ਤੇ ਉਸ ਦੇ ਚੇਲੇ ਚਰਪਟਨਾਥ ਦੁਆਰਾ ਰਚੇ ਸਾਹਿਤ ਦੇ ਰੂਪ ਵਿੱਚ ਮਿਲਦਾ ਹੈ ਪਰ ਪੰੰਜਾਬੀ ਕਵਿਤਾ ਦਾ ਸੁਚੱਜਾ ਰੂਪ ਸਾਨੂੰ ਪਹਿਲੀ ਵਾਰ ਬਾਬਾ ਫ਼ਰੀਦ ਸ਼ਕਰੰਗਜ (1188-1280 ਈਸਵੀ) ਦੁਆਰਾ ਰਚੀ ਕਾਵਿਮਈ ਬਾਣੀ ਅੰਦਰ ਮਿਲਦਾ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਇਕੱਤਰ ਕਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਕੇ ਗੁਰੂ ਸਾਹਿਬਾਨ ਨੇ ਸਮੁੱਚੀ ਲੋਕਾਈ ਉੱਪਰ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਬਾਬਾ ਫ਼ਰੀਦ ਤੋਂ ਬਾਅਦ ਪੰਜਾਬੀ ਕਾਵਿ ਵਿੱਚ ਸਦੀ-ਦਰ-ਸਦੀ ਨਿਖਾਰ ਤੇ ਸੁਧਾਰ ਆਉਂਦਾ ਗਿਆ ਤੇ ਅੱਜ ਪੰਜਾਬੀ ਕਵਿਤਾ ਵਿਸ਼ਵ ਦੇ ਹਰ ਕੋਨੇ ਵਿੱਚ ਪੜ੍ਹੀ, ਸੁਣੀ ਅਤੇ ਗਾਈ ਜਾਂਦੀ ਹੈ। ਪੰਜਾਬੀ ਕਵਿਤਾ ਦੇ ਪ੍ਰਚਾਰ ਤੇ ਪਸਾਰ ਲਈ ਅੱਜ ਅਨੇਕਾਂ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਸਾਹਿਤਕ ਜਥੇਬੰਦੀਆਂ ਯਤਨਸ਼ੀਲ ਹਨ। ਫਿਰ ਵੀ ਇਹ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਕਿ ਪੰਜਾਬੀਆਂ ਦੀ ਦੇਸ਼-ਵਿਦੇਸ਼ ਵਿੱਚ ਵੱਸਦੀ ਅਜੋਕੀ ਪੀੜ੍ਹੀ ਨੂੰ ਪੰਜਾਬੀ ਕਵਿਤਾ ਅਤੇ ਸਮੁੱਚੇ ਪੰਜਾਬੀ ਸਾਹਿਤ ਨਾਲ ਦਿਲੋਂ ਜੋੜਿਆ ਜਾਵੇ ਅਤੇ ਪੰਜਾਬੀ ਕਵੀਆਂ ਤੇ ਕਵਿਤਾ ਨੂੰ ਵਿਸ਼ਵ ਸਾਹਿਤ ਵਿੱਚ ਬਣਦਾ ਸਥਾਨ ਦਿਵਾਇਆ ਜਾਵੇ। ਸ਼ਾਲਾ! ਪੰਜਾਬੀ ਕਵਿਤਾ ਸਦਾ ਚਿਰ ਜੀਵੇ।
ਸੰਪਰਕ: 97816-46008