For the best experience, open
https://m.punjabitribuneonline.com
on your mobile browser.
Advertisement

ਆਓ, ਭਾਰਤ ਨੂੰ ਗਿਆਨ ਦਾ ਕੇਂਦਰ ਬਣਾਈਏ

06:14 AM Jun 12, 2024 IST
ਆਓ  ਭਾਰਤ ਨੂੰ ਗਿਆਨ ਦਾ ਕੇਂਦਰ ਬਣਾਈਏ
Advertisement

ਲੈਫ. ਜਨਰਲ (ਸੇਵਾਮੁਕਤ) ਐੱਸਐੱਸ ਮਹਿਤਾ

Advertisement

ਭਾਰਤ ਨੂੰ ਆਤਮ-ਨਿਰਭਰ ਬਣਾਉਣ ਦੀ ਪੁਕਾਰ ਦਾ ਸਪੱਸ਼ਟ ਭਾਵ ਗਿਆਨ ਦਾ ਕੇਂਦਰ ਬਣਾਉਣ, ਬਸਤੀਵਾਦੀ ਮਨੋਦਸ਼ਾ ਤੱਜਣ ਅਤੇ ਦਲਾਲ ਕਿਰਤ ਅਰਥਚਾਰੇ ਤੋਂ ਗਿਆਨ ਦਲਾਲ ਅਰਥਚਾਰਾ ਬਣਨ ਦੀ ਪੁਕਾਰ ਹੈ। ਸਾਡਾ ਨਿਸ਼ਾਨਾ ਗਿਆਨ ਦਾ ਕੇਂਦਰ ਬਣਨਾ ਹੈ। ਸਾਡੇ ਅੰਦਰ ਸੰਭਾਵਨਾ, ਆਕਾਰ ਤੇ ਆਬਾਦੀ ਦਾ ਲਾਭਾਂਸ਼ ਹੈ ਅਤੇ ਹੁਣ ਸਾਡਾ ਆਰਥਿਕ ਜੁੱਸਾ ਵੀ ਵਧ ਰਿਹਾ ਹੈ। ਆਰਥਿਕ ਵਿਕਾਸ ਦਰ ਲਗਾਤਾਰ 8 ਫ਼ੀਸਦ ਤੋਂ ਉੱਪਰ ਰੱਖ ਕੇ ਅਤੇ 6ਜੀ, ਚਿਪ ਡਿਜ਼ਾਈਨ ਤੇ ਚਿਪ ਨਿਰਮਾਣ, ਨਵੇਂ ਈਂਧਨ, ਹਾਈਡ੍ਰੋਜਨ ਤੇ ਜੈਵ, ਵਾਯੂ ਤੇ ਸੌਰ ਊਰਜਾ ਨੂੰ ਨਵਾਂ ਹੁਲਾਰਾ ਦੇ ਕੇ ਨਵੀਆਂ ਉਭਰਦੀਆਂ ਯੂਨੀਕਾਰਨ ਸਟਾਰਟਅਪਸ ਕੰਪਨੀਆਂ, ਇਨ੍ਹਾਂ ਸਭ ਕਾਸੇ ਨੂੰ ਮਿਲਾ ਕੇ ਵਾਤਾਵਰਨ ਪੱਖੀ ਤੇ ਘਰੋਗੀ ਉਤਪਾਦਾਂ ਦੀ ਲਹਿਰ ਪੈਦਾ ਕਰਨ ਦੀਆਂ ਸੰਭਾਵਨਾਵਾਂ ਪਨਪ ਸਕਦੀਆਂ ਹਨ। 6ਜੀ ਅਤੇ ਚਿਪਾਂ ਅਜਿਹੇ ਰਣਨੀਤਕ ਔਜ਼ਾਰ ਹੋਣਗੇ ਜੋ ਡਿਜੀਟਲ ਕ੍ਰਾਂਤੀ ਵੱਲ ਲੈ ਜਾਣਗੇ, ਨਾਲ ਹੀ ਇਹ ਸਾਡੇ ਲਈ ਤਕਨਾਲੋਜੀ ਦੀ ਨਕਲ ਮਾਰਨ ਤੋਂ ਦੂਰ ਜਾਣ ਦਾ ਵੀ ਸਮਾਂ ਹੈ। ਸਾਨੂੰ ਆਪਣੀਆਂ ਸੰਭਾਵਨਾਵਾਂ ਉਭਾਰਨ ਤੇ ਅਗਵਾਈ ਦੇਣ ਦਾ ਸਮਾਂ ਹੈ। ਸਾਨੂੰ ਤਕਨਾਲੋਜੀ ਪ੍ਰੋਵਾਈਡਰ ਬਣਨਾ ਪਵੇਗਾ।
ਸਰਕਾਰੀ ਅਤੇ ਪ੍ਰਾਈਵੇਟ, ਦੋਵੇਂ ਕਾਰਪੋਰੇਟਾਂ ਨੂੰ ਮਿਸ਼ਨ ਤਰਜ਼ ਮਨਦੋਸ਼ਾ ਨਾਲ ਨਿਵੇਸ਼ ਕਰਨ ਦੀ ਲੋੜ ਹੈ। ਸੁਰੱਖਿਆ, ਰਾਸ਼ਟਰ ਅਤੇ ਨਾਗਰਿਕ, ਤਿੰਨ ਸਭ ਤੋਂ ਮਹਾਨ ਹੁਲਾਰੇ ਹੋਣਗੇ ਜਿਨ੍ਹਾਂ ਤੋਂ ਮਿਲ ਕੇ ਵਿਆਪਕ ਰਾਸ਼ਟਰੀ ਸ਼ਕਤੀ ਬਣੇਗੀ। ਇਸ ਤੋਂ ਪਹਿਲਾਂ ਹਕੀਕਤ ਪਰਖੀ ਜਾਵੇਗੀ। ਬਦਲਾਓ ਦੇ ਇਸ ਸਫ਼ਰ ਦੌਰਾਨ ਕੁਝ ਬਹੁਤ ਹੀ ਖਾਸ ਸੈਕਟਰ ਹੋਣਗੇ। ਯੂਐੱਨਡੀਪੀ ਦੀ ਗਲੋਬਲ ਨਾਲੇਜ ਇੰਡੈਕਸ ਰਿਪੋਰਟ-2023 ਅਨੁਸਾਰ, ਕੁਝ ਬਹੁਤ ਹੀ ਅਹਿਮ ਖੇਤਰਾਂ ਵਿਚ 133 ਮੁਲਕਾਂ ਵਿੱਚੋਂ ਸਾਡੀ ਦਰਜਾਬੰਦੀ ਇਉਂ ਹੈ (ਅਮਰੀਕਾ ਦੀ ਦਰਜਾਬੰਦੀ ਬ੍ਰੈਕਟ ਵਿੱਚ ਦਿੱਤੀ ਗਈ ਹੈ): ਪ੍ਰੀ-ਯੂਨੀਵਰਸਿਟੀ ਸਿੱਖਿਆ 96ਵਾਂ ਸਥਾਨ (9ਵਾਂ); ਤਕਨੀਕੀ ਤੇ ਕਿੱਤਾਮੁਖੀ ਸਿੱਖਿਆ ਤੇ ਸਿਖਲਾਈ 119ਵਾਂ (ਦੂਜਾ), ਉਚੇਰੀ ਸਿੱਖਿਆ 106ਵਾਂ (ਚੌਥਾ), ਖੋਜ ਤੇ ਵਿਕਾਸ ਅਤੇ ਨਵੀਨਤਾ 54ਵਾਂ (ਪੰਜਵਾਂ), ਸੂਚਨਾ ਤੇ ਸੰਚਾਰ ਤਕਨਾਲੋਜੀ ਜਾਂ ਆਈਸੀਟੀ ਵਿਚ 83ਵਾਂ ਸਥਾਨ (ਦੂਜਾ)।
ਨਵੀਨਤਾ ਅਤੇ ਵਿਕਾਸ ਬਹੁਤ ਅਹਿਮ ਹਨ। ਨਵੀਨਤਾ ਕਿਸੇ ਵਿਕਸਤ ਕੀਤੇ ਵਿਚਾਰ ਦੀ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਕੋਈ ਸ਼ਾਨਦਾਰ ਉਤਪਾਦ, ਪ੍ਰਕਿਰਿਆ ਜਾਂ ਸੇਵਾ ਸ਼ਕਲ ਲੈਂਦੀ ਹੈ ਜਿਸ ਦਾ ਵਪਾਰੀਕਰਨ ਕਰ ਕੇ ਇਸ ਨੂੰ ਵਿਹਾਰਕ ਵਰਤੋਂ ਵਿਚ ਲਿਆਇਆ ਜਾਂਦਾ ਹੈ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ ਵਿਚ ਕਿਸੇ ਇੱਕ ਸਮੇਂ ’ਤੇ ਵਿਕਾਸ ਹੁੰਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਅੰਦਰ ਨਵੀਨਤਾ ਦਾ ਜਜ਼ਬਾ ਭਰਿਆ ਜਾ ਸਕੇ। ਇਸ ਮੰਤਵ ਲਈ ਰੱਟੇ ਦਾ ਮਾਡਲ ਛੱਡ ਕੇ ਜਾਂਚ ਅਤੇ ਨਵੀਨਤਾ ਦਾ ਮਾਡਲ ਅਪਣਾਉਣ ਦੀ ਲੋੜ ਪੈਂਦੀ ਹੈ। 50+40 ਬਿਨਾ ਸ਼ੱਕ 90 ਹੁੰਦਾ ਹੈ ਪਰ ਜਦੋਂ ਕੋਈ ਬੱਚਾ ਕਹਿੰਦਾ ਹੈ ਕਿ ਕੁੱਲ ਜੋੜ ਸੌ ਤੋਂ ਘੱਟ ਹੈ ਤਾਂ ਉਹ ਪ੍ਰਵਾਨਤ ਉੱਤਰ ਦਿੰਦਾ ਹੈ। ਰੱਟਾ ਨਵੀਨਤਾ ਦੀ ਦੁਸ਼ਮਣ ਹੁੰਦਾ ਹੈ।
ਬਾਗਾਂ ਦੇ ਸ਼ਹਿਰ ਬੰਗਲੂਰੂ ਵਿਚ ਸਾਡੀ ਸਿਲੀਕਾਨ ਵੈਲੀ ਮੌਜੂਦ ਹੈ। ਅਸੀਂ ਮਿਹਨਤ ਕਰਦੇ ਹਾਂ, ਦੂਜੇ ਸਾਡੇ ਕੰਮ ਦੀ ਨਿਰਖ ਪਰਖ ਅਤੇ ਜਮ੍ਹਾਂ ਜੋੜ ਕਰਦੇ ਹਨ ਅਤੇ ਅਸੀਂ ਤਿਆਰ ਉਤਪਾਦ ਲਈ ਅਦਾਇਗੀ ਕਰਦੇ ਹਾਂ। ਸਟਾਰਟਰਾਂ ਲਈ ਇਹ ਚੰਗਾ ਕੰਮ ਹੈ; ਇਹ ਦੁਨੀਆ ਨੂੰ ਸਾਡਾ ਹੁਨਰ ਦਿਖਾਉਣ ਦਾ ਵਧੀਆ ਆਹਰ ਹੈ। ਵਾਈ2ਕੇ ਨਾਲ ਹੁਲਾਰਾ ਮਿਲਿਆ ਸੀ; ਉਹ ਜ਼ਮਾਨਾ ਹੁਣ ਲਗਭਗ ਬੀਤ ਚੁੱਕਿਆ ਹੈ। ਬੰਗਲੂਰੂ ਹੁਣ ਬਦਲ ਰਿਹਾ ਹੈ ਪਰ ਬਹੁਤ ਹੌਲੀ ਗਤੀ ਨਾਲ। ਇਸ ਨੂੰ ਆਪਣੀ ਗਤੀ ਵਧਾਉਣ ਅਤੇ 2047 ਵਾਲੇ ਸਫ਼ਰ ਦੌਰਾਨ ਬਣਨ ਵਾਲੀਆਂ ਦਰਜਨ ਭਰ ਨਾਲੇਜ ਹੱਬਜ਼ (ਹੈਦਰਾਬਾਦ, ਪੁਣੇ, ਚੇਨਈ ਆਦਿ) ’ਚ ਇਹ ਵੀ ਸ਼ਾਮਿਲ ਹੋਣ ਦੀ ਲੋੜ ਹੈ। ਬੰਗਲੂਰੂ ਨੂੰ ਚਿਪ ਨੈੱਟ ਇੰਟੈਗ੍ਰੇਸ਼ਨ ਕੈਪੀਟਲ ਬਣਨ ਅਤੇ ਅਗਲੇ ਦੌਰ ਦੀ ਸਿਲੀਕਾਨ ਹੱਬ ਦੀ ਅਗਵਾਈ ਦੀ ਲੋੜ ਹੈ।
ਦਿੱਕਤਾਂ ਦੇ ਬਾਵਜੂਦ ਸਾਨੂੰ ਆਪਣੀ ਨਵੀਂ ਪੀੜ੍ਹੀ ਦੀ ਪ੍ਰਤਿਭਾ ਦਾ ਲਾਹਾ ਲੈਣ ਲਈ ਵਿਆਪਕ ਅਤੇ ਲਾਹੇਵੰਦ ਨਵੀਨ ਵਿਵਸਥਾ ਉਸਾਰਨ ਦੀ ਲੋੜ ਹੈ ਜੋ ਸਾਡੇ ਕੋਲ ਹਰ ਪੱਧਰ ’ਤੇ ਕਾਫ਼ੀ ਮਾਤਰਾ ਵਿਚ ਮੌਜੂਦ ਹੈ। ਸਾਨੂੰ ਇਸ ਦਾ ਇਸਤੇਮਾਲ ਕਰਨ ਦੇ ਤਰੀਕੇ ਲੱਭਣੇ ਪੈਣਗੇ। ਨਵੀਂ ਪੀੜ੍ਹੀ ਨੂੰ ਮੌਕੇ ਮਿਲਣ ਦੀ ਉਡੀਕ ਹੈ। ਜਦੋਂ ਇਹ ਉਨ੍ਹਾਂ ਨੂੰ ਮਿਲ ਗਏ ਤਾਂ ਨਾ ਕੇਵਲ ਭਾਰਤ ਸਗੋਂ ਸਮੁੱਚੀ ਮਾਨਵਤਾ ਦਾ ਫਾਇਦਾ ਹੋਵੇਗਾ। ਨਵੀਂ ਪੀੜ੍ਹੀ ਭਾਵੇਂ ਭਾਰਤ ਵਿਚ ਹੋਵੇ ਜਾਂ ਬਹੁਕੌਮੀ ਕਾਰਪੋਰੇਸ਼ਨਾਂ ਤੇ ਕੈਂਪਸਾਂ ਵਿਚ, ਇਸ ਨੇ ਵਾਰ-ਵਾਰ ਸਿੱਧ ਕੀਤਾ ਹੈ ਕਿ ਇਸ ਦਾ ਯੋਗਦਾਨ ਵਿਸ਼ਵ ਮਿਆਰੀ ਹੈ। ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਾ ਕਰੋ; ਇਸ ਦੀਆਂ ਲਗਾਮਾਂ ਢਿੱਲੀਆਂ ਕਰੋ ਅਤੇ ਇਸ ਨੂੰ ਅਖ਼ਤਿਆਰ ਦੇਵੋ। ਰੱਟਾ ਗਿਆਨ ਦਾ ਖਹਿੜਾ ਛੱਡ ਦਿਓ। ਕੀ ਸੋਚਣਾ ਹੈ, ਇਹ ਦੱਸਣ ਨਾਲੋਂ ਕਿਵੇਂ ਸੋਚਣਾ ਹੈ, ਜਿ਼ਆਦਾ ਮਹੱਤਵਪੂਰਨ ਹੈ।
ਨਾਲੇਜ ਪਾਵਰਹਾਊਸ ਮਿਸ਼ਨ ਲਈ ਪੰਜ ਪਹਿਲਕਦਮੀਆਂ ਜ਼ਰੂਰੀ ਹਨ। ਪਹਿਲੀ, ਸਿੱਖਿਆ ਦੇ ਮਿਆਰ ਵਿਚ ਵਾਧਾ ਕਰੋ। ਕੌਮੀ ਸਿੱਖਿਆ ਨੀਤੀ ਸ਼ੁਰੂਆਤ ਹੈ ਪਰ ਇਸ ਦਾ ਅਮਲ ਮੱਠਾ ਹੈ ਅਤੇ ਇਸ ਵਿਚ ਸਿੱਖਿਆ ਤੇ ਅਨੁਕੂਲਨ ਦਾ ਪ੍ਰਬੰਧ ਨਹੀਂ। ‘ਸਭਨਾਂ ਨੂੰ ਇੱਕੋ ਨਾਪ ਨਾਲ ਮਿਣਨ’ ਦਾ ਫਾਇਦਾ ਨਹੀਂ ਹੋਵੇਗਾ। ਨਵੀਂ ਸਿੱਖਿਆ ਨੀਤੀ ਨੂੰ ਬਾਹਰੀ ਢਾਂਚੇ ਦੇ ਤੌਰ ’ਤੇ ਵਰਤਿਆ ਜਾ ਸਕਦਾ ਹੈ, ਇਸ ਤੋਂ ਵਧ ਕੇ ਨਹੀਂ। ਇਸ ਨਾਲ ਭਾਰਤ ਵਿਚ ਵਿਦਿਆਰਥੀ ਅਤੇ ਕਿਰਤ ਗਤੀਸ਼ੀਲਤਾ ਵਧੇਗੀ। ਇਸ ਤੋਂ ਪਰ੍ਹੇ ਸੂਬਿਆਂ ਨੂੰ ਆਪੋ-ਆਪਣੀਆਂ ਲੋੜਾਂ ਮੁਤਾਬਕ ਨਵੀਨਤਾ ਲਿਆਉਣ ਅਤੇ ਯੋਜਨਾਵਾਂ ਨੂੰ ਅਮਲ ਵਿਚ ਲਿਆਉਣ ਦੀ ਲੋੜ ਹੈ। ਦੂਜੀ, ਸਾਇੰਸ ਤੇ ਤਕਨਾਲੋਜੀ ਉਤੋਂ ਨੌਕਰਸ਼ਾਹੀ ਦਾ ਕੰਟਰੋਲ ਘਟਾਓ ਤਾਂ ਕਿ ਯਥਾਸਥਿਤੀ ਨੂੰ ਚੁਣੌਤੀ ਦੇਣ ਵਾਲੇ ਮਾਹੌਲ ਲਈ ਫੰਡਿੰਗ ਦਾ ਰਾਹ ਸੁਖਾਲਾ ਬਣ ਸਕੇ, ਰਚਨਾਤਮਿਕਤਾ ਤੇ ਨਵੀਨਤਾ ਨੂੰ ਹੱਲਾਸ਼ੇਰੀ ਮਿਲ ਸਕੇ। ਤੀਜੀ, ਕਾਨੂੰਨੀ ਅਮਲਦਾਰੀ ਵਿਚ ਸੁਧਾਰ ਲਿਆਂਦਾ ਜਾਵੇ ਤਾਂ ਕਿ ਆਈਪੀਆਰ (ਬੌਧਿਕ ਸੰਪਦਾ ਹੱਕਾਂ) ਦੀ ਲੀਕੇਜ ਅਤੇ ਚੋਰੀ ਨੂੰ ਰੋਕਿਆ ਜਾ ਸਕੇ। ਚੌਥੀ, ਗ੍ਰਾਂਟ ਅਰਜ਼ੀਆਂ ਲਈ ਜਵਾਬਦੇਹੀ ਸ਼ੁਰੂ ਕੀਤੀ ਜਾਵੇ ਜਿਸ ਨਾਲ ਰੁਜ਼ਗਾਰ ਪੈਦਾਇਸ਼ ਅਤੇ ਨਾਗਰਿਕ ਭਲਾਈ ਨੂੰ ਨਾਲ ਜੋੜ ਕੇ ਗ੍ਰਾਂਟ/ਸਬਸਿਡੀ ਦੀਆਂ ਤਜਵੀਜ਼ਾਂ ਦਾ ਹਿੱਸਾ ਬਣਾਇਆ ਜਾ ਸਕੇ। ਪੰਜਵੀਂ, ਕਾਰਪੋਰੇਟਾਂ ਅੰਦਰ ਨਵੀਂ ਊਰਜਾ ਭਰਨ ਲਈ ਨੇਮ ਘੜੇ ਜਾਣ।
ਅਸਲ ’ਚ ਪੂਰੀ ਤਰ੍ਹਾਂ ਭਾਰਤੀ, ਆਲਮੀ ਪੱਧਰ ’ਤੇ ਵੇਚਿਆ ਜਾਣ ਵਾਲਾ ਉਤਪਾਦ ਅਜੇ ਸਾਡੇ ਕੋਲੋਂ ਨਹੀਂ ਬਣ ਸਕਿਆ। ਇਹ ਉਤਪਾਦ ਜਾਂ ਸੇਵਾ ਹੋ ਸਕਦੀ ਹੈ। 6ਜੀ ਮਿਸ਼ਨ ਚੰਗੀ ਸ਼ੁਰੂਆਤ ਹੈ। ਦਿਲਚਸਪ ਤੱਥ ਹੈ ਕਿ ਵਿਸ਼ਵ ਬੈਂਕ ਨੇ ਚਾਰ ਥੰਮ੍ਹਾਂ ਵਾਲਾ ਢਾਂਚਾ ਸੁਝਾਇਆ ਹੈ ਜੋ ਮਨੁੱਖੀ ਪੂੰਜੀ ਆਧਾਰਿਤ ਅਰਥਚਾਰਿਆਂ ਦੇ ਮੂਲ ਅਧਾਰ ਦਾ ਵਿਸ਼ਲੇਸ਼ਣ ਕਰਦਾ ਹੈ:
1. ਠੋਸ ਗਿਆਨ ਅਧਾਰਿਤ ਅਰਥਚਾਰੇ ਲਈ ਸਿੱਖਿਅਤ ਤੇ ਹੁਨਰਮੰਦ ਕਿਰਤ ਬਲ ਲੋੜੀਂਦਾ ਹੈ।
2. ਮਜ਼ਬੂਤ ਤੇ ਆਧੁਨਿਕ ਸੂਚਨਾ ਢਾਂਚਾ ਜੋ ਆਈਸੀਟੀ ਸਾਧਨਾਂ ਤੱਕ ਸੌਖੀ ਪਹੁੰਚ ਉਪਲਬਧ ਕਰਵਾਏ ਤਾਂ ਕਿ ਸੰਚਾਰ ਦੇ ਉੱਚੇ ਖ਼ਰਚਿਆਂ ਦੇ ਅਡਿ਼ੱਕਿਆਂ ਤੋਂ ਬਚਿਆ ਜਾ ਸਕੇ।
3. ਨਵੀਂ ਤਕਨੀਕ ਦੇ ਉੱਚੇ ਪੱਧਰ ਨੂੰ ਸਹਾਰਾ ਦੇਣ ਲਈ ਅਸਰਦਾਰ ਨਵੀਨਕਾਰੀ ਢਾਂਚਾ ਜੋ ਅਤਿ-ਆਧੁਨਿਕ ਤਕਨੀਕ ਦੇ ਮੇਲ ਦਾ ਹੋਵੇ ਅਤੇ ਇਸ ਨੂੰ ਘਰੇਲੂ ਅਰਥਚਾਰੇ ਲਈ ਵਰਤਿਆ ਜਾਵੇ।
4. ਸੰਸਥਾਈ ਵਿਵਸਥਾ ਜੋ ਮਦਦ ਕਰੇ ਤੇ ਉੱਦਮਾਂ ਨੂੰ ਉਤਸ਼ਾਹਿਤ ਕਰੇ।
ਹੁਣ ਜਦ ਮੁੱਢਲਾ ਢਾਂਚਾ ਸਾਹਮਣੇ ਹੈ, ਸਾਨੂੰ ਲੋੜ ਹੈ ਮੁੜ ਨਾਪ-ਤੋਲ ਕਰਨ ਦੀ ਅਤੇ ਪੰਜ ਮਾਰਗੀ ਰਸਤੇ ਦੇ ਏਕੀਕਰਨ ਦੀ। ਪਹਿਲਾ, ਐੱਨਈਪੀ ਦੇ ਚੌਖਟੇ ’ਚ ਸਰਕਾਰੀ ਪੱਧਰ ’ਤੇ ਹੱਲ ਲੱਭਣੇ ਤੇ ਲਾਗੂ ਕਰਨੇ। ਦੂਜਾ, ਉੱਚ ਸਿੱਖਿਆ ਨੂੰ ਹੋਰ ਗਹਿਰਾ ਕਰਨਾ - ਕੁਆਂਟਮ ਕੰਪਿਊਟਿੰਗ, ਫੋਟੋਨਿਕਸ, ਚਿਪ ਡਿਜ਼ਾਈਨ ਤੇ ਇਸ ਤਰ੍ਹਾਂ ਦੇ ਹੋਰ ਵਿਸ਼ਿਆਂ ਨੂੰ ਸ਼ਾਮਲ ਕਰਨਾ। ਤੀਜਾ, ਕੀਮਤ ਲੜੀ ’ਚ ਸਾਰੇ ਪੱਧਰਾਂ ਉੱਤੇ ਚਿਪ ਨਿਰਮਾਤਾਵਾਂ ਤੇ ਹੋਰਨਾਂ ਖੋਜ ਕਾਰਜਾਂ ’ਚ ਲੱਗੀਆਂ ਇਕਾਈਆਂ ਨੂੰ ਵਾਧੂ ਯੋਗਤਾ ਨਾਲ ਲੈਸ ਕਰਨਾ। ਚੌਥਾ, 6ਜੀ ’ਚ ਆਪਣੇ ਖੋਜ ਮਿਸ਼ਨਾਂ ਨੂੰ ਲਗਾਤਾਰ ਜਾਰੀ ਰੱਖਣਾ। ਖੋਜ ਤੇ ਵਿਕਾਸ ਅਤੇ ਕਾਢਾਂ ਕਿਸੇ ਨੂੰ ਵੀ ਕੌਮਾਂਤਰੀ ਪੱਧਰ ’ਤੇ ਉੱਚਾ ਦਰਜਾ ਦਿੰਦੀਆਂ ਹਨ, ਮਿਆਰ ਤੇ ਵਿਸ਼ੇਸ਼ਤਾਵਾਂ ਕਾਇਮ ਕਰਦੀਆਂ ਹਨ। ਪੰਜਵੀਂ ਚੀਜ਼, ‘ਇੰਡਸਟਰੀ 4.0’ ਨੂੰ ਅਪਣਾਇਆ ਜਾਵੇ ਤੇ 3ਡੀ ਪ੍ਰਿਟਿੰਗ ਦਾ ਫਾਇਦਾ ਲਿਆ ਜਾਵੇ।
ਮਾਓ ਜ਼ੇ ਤੁੰਗ ਦੇ ਸ਼ਬਦਾਂ ਦੇ ਜਿ਼ਕਰ ਨਾਲ ਟੀਐੱਨ ਨੈਨਾਨ ਨੇ ‘ਦਿ ਟ੍ਰਿਬਿਊਨ’ ਵਿਚ ਆਪਣੇ ਹਾਲੀਆ ਲੇਖ ਵਿਚ ਲਿਖਿਆ, “ਪੂਰਬ ਦੀ ਹਵਾ ਪੱਛਮ ਦੀ ਹਵਾ ’ਤੇ ਹਾਵੀ ਹੋ ਰਹੀ ਹੈ, ਤੇ ‘ਆਲਮੀ ਸ਼ਕਤੀ ਤੇ ਸੰਤੁਲਨ ’ਚ - ਪੂਰਬ ਦੀ ਹਵਾ ਪਹਿਲਾਂ ਨਾਲੋਂ ਜਿ਼ਆਦਾ ਤੇਜ਼ ਚੱਲ ਰਹੀ ਹੈ।” ਉਹ ਠੀਕ ਕਹਿ ਰਹੇ ਹਨ ਲੇਕਿਨ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਕਿਉਂਕਿ ਪੂਰਬ ਵਿਚ ਹੈ, ਸਾਨੂੰ ਭਾਰਤ ਵਿਚ ਇਸ ਪੂਰਬ ਦੀ ਹਵਾ ’ਚ ਠੋਸ ਹਿੱਸਾ ਪਾਉਣ ਦੀ ਲੋੜ ਹੈ। ਭਾਰਤ ਪ੍ਰਤੀ ਵਿਚਾਰਾਂ ਦਾ ਵਿਸ਼ਵੀਕਰਨ - ਗ਼ੈਰ-ਹਮਲਾਵਰ, ਦਯਾਵਾਨ, ਧੌਂਸ ਤੋਂ ਰਹਿਤ, ਵੰਡਣ ਤੇ ਸੰਭਾਲਣ ਵਾਲਾ- ਪੂਰਬ ਤੇ ਪੱਛਮ ’ਚ ਫੈਲ ਰਿਹਾ ਹੈ ਜਿਸ ਵਿੱਚ ਗਿਆਨ ਲੀਗਲ ਟੈਂਡਰ ਹੈ। ਨਵਚੇਤਨਾ, ਨਾ ਕਿ ਕ੍ਰਾਂਤੀ; ਲਹਿਰ ਜੋ ਸਾਰੀਆਂ ਕਿਸ਼ਤੀਆਂ ਨੂੰ ਤੈਰਨ ਲਾ ਦਿੰਦੀ ਹੈ। ‘ਜ਼ੀਰੋ’ ਦੇ ਸਿਧਾਂਤ ’ਚ ਭਾਰਤ ਦੇ ਯੋਗਦਾਨ ਕਾਰਨ ਸਾਡੀ ਹਵਾ ਪੂਰਬ ਤੇ ਪੱਛਮ ਵਿਚ ਚੱਲਦੀ ਹੈ। ਕਲਪਨਾ ਕਰੋ, ਇਸ ਤੋਂ ਬਿਨਾਂ ਅਸੀਂ ਕਿੱਥੇ ਹੁੰਦੇ। ਹੁਣ ਅਗਲੀ ਲਹਿਰ ‘ਗਿਆਨ’ ਪੈਦਾ ਕਰਨ ਦਾ ਸਮਾਂ ਹੈ।
ਚੀਨ ਦੇ ਆਗੂ ਦੈਂਗ ਸ਼ਿਆਓਪਿੰਗ ਨੇ 1987 ਵਿਚ ਕਿਹਾ ਸੀ, “ਮੱਧ ਪੂਰਬ ਕੋਲ ਆਪਣਾ ਤੇਲ ਹੈ, ਚੀਨ ਕੋਲ ਇਸ ਦੀਆਂ ਦੁਰਲੱਭ ਧਾਤਾਂ/ਖਣਿਜ ਹਨ।” 2047 ਆਉਣ ਤੱਕ ਅਗਲੀ ਪੀੜ੍ਹੀ ਇਹ ਕਹਿੰਦਿਆਂ ਵਿਸ਼ਵਾਸ ਨਾਲ ਭਰੀ ਹੋਣੀ ਚਾਹੀਦੀ ਹੈ: “...ਭਾਰਤ ਕੋਲ ਆਪਣਾ ਗਿਆਨ ਹੈ।” ਪੂਰਬ ਦੀ ਲਹਿਰ ’ਚ ਇਹ ਸਾਡਾ ਯੋਗਦਾਨ ਹੋਣਾ ਚਾਹੀਦਾ ਹੈ ਕਿ ਸਾਰੀਆਂ ਦਿਸ਼ਾਵਾਂ ਵਿਚ ਵਗਦਿਆਂ ਪੱਛਡਿ਼ਆਂ ਦੀ ਭਲਾਈ ਦੇ ਖੱਪੇ ਨੂੰ ਪੂਰਨ ਵਾਲੇ ਪੁਲ ਵਜੋਂ ਕੰਮ ਕੀਤਾ ਜਾਵੇ।
*ਲੇਖਕ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਸਾਬਕਾ ਕਮਾਂਡਰ ਅਤੇ ਪੁਣੇ ਇੰਟਰਨੈਸ਼ਨਲ ਸੈਂਟਰ ਦੇ ਬਾਨੀ ਮੈਂਬਰ ਹਨ।

Advertisement
Author Image

joginder kumar

View all posts

Advertisement
Advertisement
×