ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਓ ਖ਼ੁਸ਼ੀਆਂ ਵੰਡੀਏ

11:42 AM Dec 23, 2022 IST

ਜੋਧ ਸਿੰਘ ਮੋਗਾ

Advertisement

ਅੱਜ ਕੱਲ੍ਹ ਮੇਰੀ ਉਮਰ 94 ਸਾਲ ਹੈ। ਸਬੂਤ ਵਜੋਂ ਮੇਰੇ ਕੋਲ 77 ਸਾਲ ਪੁਰਾਣਾ ਬੜਾ ਖ਼ਸਤਾ ਹਾਲ, 1945 ਦਾ ਦਸਵੀਂ ਦਾ ਸਰਟੀਫਿਕੇਟ ਵੀ ਹੈ ਜਿਸ ‘ਤੇ ਐੱਸਪੀ ਸੰਘਾ ਦੇ ਲਾਹੌਰੀ ਦਸਤਖ਼ਤ ਹਨ। ਪੂਰੇ 51 ਸਾਲ ਦਾ ਛੋਟੀਆਂ ਵੱਡੀਆਂ ਜਮਾਤਾਂ ਦਾ ਅਧਿਆਪਨ ਦਾ ਤਜਰਬਾ ਹੈ। ਸਿਹਤ ਠੀਕ ਹੈ ਪਰ ਕੰਨ…। ਮੇਰਾ ਇਕ ਨਜ਼ਰੀਆ ਹੈ ਜੋ ਤੁਹਾਡੇ ਨਾਲ ਸਾਂਝਾ ਕਰਨਾ ਹੈ, ਉਹ ਇਹ ਕਿ ਜੇ ਕੁਦਰਤ ਨੇ ਤੁਹਾਨੂੰ ਕੋਈ ਗੁਣ, ਹੁਨਰ, ਖੂਬੀ ਅਤੇ ਕਲਾ ਦਿੱਤੀ ਹੈ ਤਾਂ ਉਸ ਨੂੰ ਆਪਣੇ ਕੋਲ ਹੀ ਲੁਕਾ ਕੇ ਖ਼ੁਸ਼ ਨਾ ਹੁੰਦੇ ਫਿਰੋ, ਉਸ ਦੀ ਸੁਚੱਜੀ ਵਰਤੋਂ ਕਰ ਕੇ ਦੂਜਿਆਂ ਵਿਚ ਵੀ ਖ਼ੁਸ਼ੀ ਵੰਡੋ। ਇਸ ਨਾਲ ਤੁਹਾਨੂੰ ਤਾਂ ਖ਼ੁਸ਼ੀ ਹੋਣੀ ਹੀ ਹੈ, ਹੋਰਾਂ ਨੂੰ ਸ਼ਾਇਦ ਤੁਹਾਥੋਂ ਵੀ ਵੱਧ ਹੋਵੇ। ਕਹਿੰਦੇ ਹਨ- ਵੰਡ ਖਾਈਏ, ਖੰਡ ਖਾਈਏ, ਤੇ ਅੱਡ ਖਾਈਏ…।

ਗੱਲ ਆਪਣੇ ਤਜਰਬੇ ਦੀ ਕਰਨੀ ਹੀ ਚੰਗੀ ਹੁੰਦੀ ਹੈ। ਮੈਂ ਸ਼ਾਇਦ ਕੁਝ ਚੰਗਾ ਲਿਖ ਸਕਦਾ ਹਾਂ ਕਿਉਂਕਿ ਅਖ਼ਬਾਰ ਮੇਰਾ ਕਈ ਕੁਝ ਛਾਪ ਚੁੱਕਾ ਹੈ। ਮੈਨੂੰ ਖ਼ੁਸ਼ੀ ਹੁੰਦੀ ਹੈ, ਕਈ ਪਾਠਕਾਂ ਨੂੰ ਵੀ ਹੁੰਦੀ ਹੈ ਜੋ ਮੋਬਾਈਲ ਰਾਹੀਂ ਖ਼ੁਸ਼ੀ ਭਰੇ ਸੁਨੇਹੇ ਘੱਲ ਦਿੰਦੇ ਹਨ। ਲਿਖਣ ਕਲਾ ਕਾਰਨ ਹੀ ਵਿਦਿਆਰਥੀਆਂ ਵਾਸਤੇ ਕੇਜੀ ਬਾਰੇ ਛਪਵਾਈ ਪੁਸਤਕ ‘ਕਿਉਂ ਅਤੇ ਕਿਵੇਂ’ 200 ਵਿਦਿਆਰਥੀਆਂ ਨੂੰ ਵੰਡ ਕੇ ਉਨ੍ਹਾਂ ਦੀ ਖ਼ੁਸ਼ੀ ਵਿਚ ਵਾਧਾ ਕੀਤਾ ਹੈ।

Advertisement

ਕੁਦਰਤ ਨੇ ਮੈਨੂੰ ਵੱਖਰਾ ਜਿਹਾ ਅਤੇ ਰੰਗੀਨ ਗੁਣ ਦਿੱਤਾ ਹੈ ਪੇਂਟਿੰਗ ਦਾ, ਰੰਗਾਂ ਨਾਲ ਮੂਰਤਾਂ ਬਣਾਉਣ ਦਾ। ਅੱਜ ਕੱਲ੍ਹ ਬਹੁਤਾ ਘਰੋਂ ਬਾਹਰ ਨਾ ਜਾਣ ਕਾਰਨ ਸਮਾਂ ਖੁੱਲ੍ਹਾ ਹੁੰਦਾ ਹੈ। ਸੌਖੇ, ਸਸਤੇ ਰੰਗਾਂ, ਬੁਰਸ਼ਾਂ ਨਾਲ ਸਜਾਵਟੀ ਚਿੱਤਰ ਬਣ ਜਾਂਦੇ ਹਨ ਜੋ ਨਾਲੋ-ਨਾਲ ਵੰਡ ਕੇ ਆਪ ਵੀ ਖ਼ੁਸ਼ ਹੁੰਦਾ ਹਾਂ ਅਤੇ ਵਧੀਆ, ਰੰਗੀਨ, ਫਰੇਮ ਵਾਲੇ ਚਿੱਤਰ ਬੜੇ ਮਾਣ ਨਾਲ ਲੈ ਕੇ ਅਗਲੇ ਨੂੰ ਵੀ ਖ਼ੁਸ਼ੀ ਹੁੰਦੀ ਹੈ ਅਤੇ ਬਹੁਤ ਵਾਰੀ ਮੋਬਾਈਲ ‘ਤੇ ਕਲਿੱਕ ਵੀ।

ਦੋ ਚਾਰ ਮਿਸਾਲਾਂ ਦੇਣ ਦਾ ਕੋਈ ਹਰਜ ਨਹੀਂ। 19 ਨੰਬਰੀ ਬਿਮਾਰੀ ਕਾਰਨ ਲੌਕਡਾਊਨ ਸਮੇਂ ਘਰ ਬੰਦ ਰਹਿ ਕੇ ਪੇਂਟਿੰਗ ਕਰਨ ਦਾ ਮੌਕਾ ਮਿਲਿਆ ਸੀ ਪਰ ਹੁਣ ਸੱਤ ਅੱਠ ਮਹੀਨਿਆਂ ਤੋਂ ਤਾਂ ਚਿੱਤਰ ਕਲਾ ਪੂਰੀ ਤਰ੍ਹਾਂ ਜਾਗ ਪਈ ਹੈ ਅਤੇ ਚਿੱਤਰ ‘ਤੇ ਚਿੱਤਰ ਬਣੀ ਜਾਂਦੇ ਹਨ। ਪਿੱਛੇ ਬਰਸਾਤ ਦੇ ਦਿਨੀਂ ਵਣ ਉਤਸਵ ਸਮੇਂ, ਰੁੱਖ ਲਾਉਣ ਦਾ ਪ੍ਰਚਾਰ ਸ਼ੁਰੂ ਹੋਇਆ ਤਾਂ ਰੁੱਖਾਂ ਬਾਰੇ ਚਾਰ ਪੰਜ ਪੇਂਟਿੰਗਜ਼ ਜਿ਼ਲ੍ਹਾ ਖੇਤੀਬਾੜੀ ਦਫ਼ਤਰ ਨੂੰ ਭੇਟ ਕੀਤੀਆਂ। ਗੁਲਜ਼ਾਰ ਦੀਆਂ ਤਿੰਨ ਸਤਰਾਂ ਹਨ:

ਪੇੜ ਕਾਟਨੇ ਆਏ ਹੈਂ, ਕੁਛ ਲੋਗ ਮੇਰੇ ਗਾਉਂ ਮੇਂ,

‘ਧੂਪ ਬੜੀ ਤੇਜ਼ ਹੈ,’ ਕਹਿ ਕਰ,

ਬੈਠੇ ਹੈਂ ਉਸੀ ਕੀ ਛਾਓਂ ਮੇਂ।

… ਲਉ ਜੀ, ਚਿੱਤਰ ਬਣ ਗਿਆ!

ਸ਼ਿਵ ਬਟਾਲਵੀ ਦੀ ਕਵਿਤਾ ‘ਰੁੱਖ’ ਵਿਚ ਦਰਜ ਹੈ: ‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲਗਦੇ ਮਾਵਾਂ। ਕੁਝ ਰੁੱਖ ਨੂੰਹਾਂ ਧੀਆਂ ਲਗਦੇ, ਕੁਝ ਰੁੱਖ ਵਾਂਗ ਭਰਾਵਾਂ।’ ਇਸ ਬਾਰੇ ਵੀ ਚਿੱਤਰ ਫਰੇਮ ਕਰਾ ਕੇ ਦਿੱਤਾ ਪਰ ਇਕ ਸੌਖੀ ਜਿਹੀ ਪੇਂਟਿੰਗ ਜੋ ਬਹੁਤ ਪਸੰਦ ਕੀਤੀ ਗਈ; ਕਈ ਸਕੂਲਾਂ, ਖੇਤੀ ਦਫ਼ਤਰਾਂ ਅਤੇ ਡੀਸੀ ਨੂੰ ਵੀ ਦਿੱਤੀ। ਚਿੱਤਰ ਸੀ- ਦਿਨ ਛਿਪੇ ਬਹੁਤ ਸਾਰੀਆਂ ਚਿੜੀਆਂ ਤਾਰਾਂ ‘ਤੇ ਬੈਠੀਆਂ ਸਨ ਅਤੇ ਗੱਲਾਂ ਕਰਦੀਆਂ ਸਨ। ਮੈਨੂੰ ਬੇਸ਼ੱਕ ਘੱਟ ਸੁਣਦਾ ਹੈ ਪਰ ਮੈਨੂੰ ਉਨ੍ਹਾਂ ਦੀ ਬੋਲੀ ਸਮਝ ਆ ਗਈ। ਚਿੱਤਰ ਬਣਾਇਆ ਅਤੇ ਚਿੜੀਆਂ ਦੀ ਕੀਤੀ ਗੱਲ ਥੱਲੇ ਲਿਖ ਦਿੱਤੀ:

ਅਸੀਂ ਤੁਹਾਡੀਆਂ ਧੀਆਂ ਭੈਣਾਂ,

ਰੋਜ਼ ਰਾਤੀਂ ਨਹੀਂ ਤਾਰ ‘ਤੇ ਬਹਿਣਾ,

ਰੁੱਖ ਲਾਓ, ਅਸੀਂ ਉੱਥੇ ਰਹਿਣਾ।

ਸਿਵਲ ਹਸਪਤਾਲ ਵਿਚ ਸਿਵਲ ਸਰਜਨ ਮੈਡਮ ਨੂੰ ਜ਼ੱਚਾ ਬੱਚਾ ਵਾਰਡ ਵਾਸਤੇ ਮਕਬੂਲ ਫਿ਼ਦਾ ਹੁਸੈਨ ਦੀ ਮਸ਼ਹੂਰ ਪੇਂਟਿੰਗ ‘ਮਦਰ ਟਰੈਸਾ’ ਤੇ ਬੱਚੇ ਵਾਲੀ ਅਤੇ ਬੰਗਾਲੀ ਗੁਰੂ ਪੇਂਟਰ ਜੀਮਨੀ ਰਾਏ ਦੀ ‘ਮਾਂ ਧੀ’ ਵਾਲੀ ਵੀ ਦਿੱਤੀ। ਕੈਪਸ਼ਨ ਲਿਖ ਦਿੱਤਾ: ‘ਧੀਆਂ ਹਨ ਤਾਂ ਜਹਾਨ ਹੈ।’ ਡਾਕਟਰੀ ਪਰਿਵਾਰ ਹੋਣ ਕਾਰਨ ਬਹੁਤ ਸਾਰੇ ਡਾਕਟਰ ਮੇਰਾ ਸਤਿਕਾਰ ਕਰਦੇ ਹਨ। ਸੌਖੀ ਜਿਹੀ ਪਰ ਹਰਮਨ ਪਿਆਰੀ ਪੇਂਟਿੰਗ ਦਸ ਬਾਰਾਂ ਦੇ ਘਰਾਂ ਜਾਂ ਕਲੀਨਿਕਾਂ ਵਿਚ ਲੱਗੀ ਹੋਈ ਹੈ। ਮਿਉਂਸਿਪਲ ਲਾਇਬਰੇਰੀ ਅਤੇ ਕਈ ਸਕੂਲਾਂ ਨੂੰ ਪੁਸਤਕਾਂ ਬਾਰੇ ਅਤੇ ਟੈਗੋਰ ਦੇ ਹੱਥ ਚਿੱਤਰ ਦਿੱਤੇ ਹਨ।

ਹੁਣ ਸੁਆਦਲੀ ਅਤੇ ਜ਼ਰੂਰੀ ਗੱਲ। ਪੇਂਟਿੰਗ ਕਲਾ ਦੁਆਰਾ ਖ਼ੁਸ਼ੀ ਵੰਡਣ ਵਾਸਤੇ ਮੈਂ ਨਵੀਂ ਪਿਰਤ ਪਾ ਲਈ ਹੈ। ਸਕੂਲਾਂ ਨਾਲ ਮੈਨੂੰ ਪਿਆਰ ਹੈ। ਅੱਗੇ ਕਈ ਵਾਰ ਮੁੱਖ ਅਧਿਆਪਕ ਦੀ ਸਲਾਹ ਨਾਲ ਵਿਦਿਆਰਥੀਆਂ ਦਾ ਜੀਕੇ ਟੈਸਟ ਲੈ ਲੈਂਦਾ ਸਾਂ; ਮੈਂ ਸੋਚਿਆ- ਅਧਿਆਪਕਾਂ ਦਾ ਕਿਉਂ ਨਹੀਂ? ਸੰਪਰਕ ਕੀਤਾ। ਪਹਿਲਾਂ ਤਾਂ ਉਹ ਝਿਜਕਦੇ ਰਹੇ: “ਹੈਂ, ਅਧਿਆਪਕਾਂ ਦਾ ਟੈਸਟ?” ਪਰ ਹੁਣ ਕਈ ਸਕੂਲ ਖ਼ੁਸ਼ੀ ਖ਼ੁਸ਼ੀ ਤਿਆਰ ਸਨ, ਨੰਬਰ ਜੋ ਗੁਪਤ ਰੱਖੇ ਜਾਂਦੇ ਹਨ। ਤਿੰਨ ਸਕੂਲਾਂ ਨੇ ਟੈਸਟ ਦਿੱਤਾ ਹੈ, ਖ਼ੁਸ਼ੀ ਖ਼ੁਸ਼ੀ। ਜੇਤੂਆਂ ਨੂੰ ਫਰੇਮ ਕੀਤੀਆਂ ਵਧੀਆ ਪੇਂਟਿੰਗਾਂ ਦਿੱਤੀਆਂ। ਸਭ ਨੂੰ ਨਿਸ਼ਾਨੀ ਵਜੋਂ ਬਹੁਤ ਛੋਟੀਆਂ। ਜਿੱਤ ਦੀ ਖ਼ੁਸ਼ੀ ਤੋਂ ਵੱਧ ਸ਼ਾਇਦ ਚਿੱਤਰਾਂ ਦੀ ਖ਼ੁਸ਼ੀ ਸੀ।

ਹਫ਼ਤੇ ਵਿਚ ਦੋ ਤਿੰਨ ਚਿੱਤਰ ਸੌਖੇ ਬਣ ਜਾਂਦੇ ਹਨ। ਲੱਕੜ ਦਾ ਫਰੇਮ ਲਾ ਕੇ ਤਿਆਰ ਰੱਖੀਦੇ ਹਨ। ਕੋਈ ਮਾਣਯੋਗ ਮਿਲਣ ਵਾਲਾ, ਕੋਈ ਪ੍ਰਸ਼ੰਸਕ, ਕੋਈ ਪੁਰਾਣਾ ਵਧੀਆ ਵਿਦਿਆਰਥੀ, ਯਾਰ ਮਿੱਤਰ ਜਾਂ ਹੋਰ ਕੋਈ ਕਲਾ ਪ੍ਰੇਮੀ ਆ ਜਾਵੇ, ਉਸ ਨੂੰ ਦੇ ਦਈਦੀ ਹੈ। ਕਿਸੇ ਦੇ ਨਵੇਂ ਘਰ ਦੀ ਚੱਠ ਦਾ ਸੱਦਾ ਆ ਜਾਵੇ ਤਾਂ ਪੇਂਟਿੰਗ ਜ਼ਰੂਰ ਲੈ ਜਾਂਦਾ ਹਾਂ। ਸੋ, ਇਹ ਕਹਿ ਸਕਦਾ ਹਾਂ ਕਿ ਮੇਰੀ ਇਹ ਆਮ ਜਿਹੀ ਚਿੱਤਰ ਕਲਾ ਜੋ ਸਿਰਫ਼ ਮੇਰੀ ਹੌਬੀ ਅਤੇ ਮਨੋਰੰਜਨ ਹੈ, ਖ਼ੁਸ਼ੀਆਂ ਵੰਡਦੀ ਹੈ। ਬਾਈ ਜਾਣ ਵਾਲਾ ਹੈ ਅਤੇ ਤੇਈ ਆਉਣ ਨੂੰ ਤਿਆਰ ਹੈ। ਨਵੇਂ ਸਾਲ ਦੇ ਕਾਰਡ ਦਾ ‘ਸ਼ੁਭ ਕਾਮਨਾਵਾਂ’ ਵਾਲਾ ਡਿਜ਼ਾਇਨ ਵੀ ਤਿਆਰ ਹੈ।

ਖ਼ਰਚ ਕਿੱਥੋਂ? ਪੇਂਟਿੰਗ ‘ਤੇ ਮੈਂ ਬਹੁਤਾ ਖ਼ਰਚ ਨਹੀਂ ਕਰਦਾ। ਪੁਰਾਣੇ ਅਧਿਆਪਕਾਂ ਨੂੰ ਬਹੁਤੀ ਪੈਨਸ਼ਨ ਨਹੀਂ ਮਿਲਦੀ। ਜੋ ਵੀ ਥੋੜ੍ਹੀ ਬਹੁਤ ਮਿਲਦੀ ਹੈ, ਉਸ ਵਿਚੋਂ ਬਾਬੇ ਨਾਨਕ ਦੇ ਹੁਕਮ ਅਨੁਸਾਰ ਦਸਵੰਧ ਜ਼ਰੂਰ ਕੱਢਦਾ ਹਾਂ। ਰੱਬ ਦੇ ਘਰ ਬੜੇ ਅਮੀਰ ਹਨ, ਉਥੇ ਪੱਖਾ ਨਹੀਂ ਲਵਾਉਂਦਾ। ਇਹ ਦਸਵੰਧ ਵਿਦਿਆ ਮੰਦਰਾਂ, ਵਿਦਿਆਰਥੀਆਂ ਅਤੇ ਪੇਂਟਿੰਗ ਵਾਸਤੇ ਵਰਤ ਲੈਂਦਾ ਹਾਂ। ਬਾਜ਼ਾਰੀ ਮਹਿੰਗੇ ਕੈਨਵਸ ਨਹੀਂ ਖ਼ਰੀਦਦਾ। ਕਬਾੜੀਏ ਜਾਂ ਰੱਦੀ ਵਾਲੇ ਤੋਂ ਵੱਡੇ ਡੱਬਿਆਂ ਦੇ ਗੱਤੇ ਸਸਤੇ ਜਾਂ ਮੁਫ਼ਤ ਮਿਲ ਜਾਂਦੇ ਹਨ, ਸਸਤੀ ਮੋਟੀ ਬੁਕਰਮ ਲਾ ਕੇ ਪੇਂਟਿੰਗ ਯੋਗ ਵਧੀਆ ਕੈਨਵਸ ਬਣ ਜਾਂਦੀ ਹੈ। ਫਰੇਮ ਵਾਸਤੇ ਆਰਾ ਰੋਡ ਤੋਂ ਲੱਕੜ ਦੀ ਮੋਲਡਿੰਗ ਮਿਲ ਜਾਂਦੀ ਹੈ। ਟੰਗਣ ਦਾ ਪ੍ਰਬੰਧ ਵੀ ਕਰ ਕੇ ਦਿੰਦਾ ਹਾਂ ਅਤੇ ਮੇਖ ਦੀ ਥਾਂ ਛੋਟਾ ਕੈਚਰ ਪਿੱਛੇ ਚਿਪਕਾ ਦੇਈਦਾ ਹੈ (ਹਥੌੜੀ ਨਹੀਂ ਦਿੰਦਾ, ਭਾਰੀ ਹੁੰਦੀ ਹੈ)। ਬਸ ਕੈਚਰ ਗੱਡੋ ਅਤੇ ਲੌਬੀ ‘ਚ ਪੇਂਟਿੰਗ ਟੰਗੋ।

ਅੰਤ ਵਿਚ: ‘ਸੌ ਮੀਟਰ ਪਲਾਸਟਿਕ ਦਾ ਰੱਸਾ ਅਤੇ ਸਿਰੇ ‘ਤੇ ਮੋਟੀ ਗੰਢ।’ ਜੇ ਤੁਹਾਨੂੰ ਕੁਦਰਤ ਨੇ ਕੋਈ ਕਲਾ ਦਿੱਤੀ ਹੈ, ਉਸ ਨੂੰ ਖੀਸੇ ਵਿਚ ਨੱਪ ਕੇ ਨਾ ਰੱਖੋ, ਦੂਜਿਆਂ ਵਾਸਤੇ ਸਮੇਂ ਸਿਰ ਵਰਤੋਂ ਅਤੇ ਖ਼ੁਸ਼ੀਆਂ ਵੰਡੋ।
ਸੰਪਰਕ (ਵ੍ਹੱਟਸਐਪ): 62802-58057

Advertisement