For the best experience, open
https://m.punjabitribuneonline.com
on your mobile browser.
Advertisement

ਫੁੱਲਾਂ ਦੀ ਛੱਤ ਹੋਵੇ, ਚੰਦਨ ਦਾ ਦਰ ਹੋਵੇ...

08:48 AM Mar 30, 2024 IST
ਫੁੱਲਾਂ ਦੀ ਛੱਤ ਹੋਵੇ  ਚੰਦਨ ਦਾ ਦਰ ਹੋਵੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸ਼ਵਿੰਦਰ ਕੌਰ

Advertisement

ਹਰ ਧੜਕਦੀ ਜ਼ਿੰਦਗੀ ਆਪਣੇ ਲਈ ਇੱਕ ਸੁਰੱਖਿਅਤ ਰੈਣ ਬਸੇਰਾ ਭਾਲਦੀ ਹੈ। ਜਿੱਥੇ ਉਹ ਸਕੂਨ ਭਰੇ ਪਲ ਬਤੀਤ ਕਰ ਸਕੇ। ਕਿਸੇ ਲਈ ਉਹ ਜਗ੍ਹਾ ਇੱਕ ਖੂਬਸੂਰਤ ਬੰਗਲਾ ਹੋ ਸਕਦਾ ਹੈ, ਕਿਸੇ ਲਈ ਝੌਂਪੜੀ। ਕਿਸੇ ਲਈ ਰੁੱਖ ਜਾਂ ਧਰਤੀ ਵਿੱਚ ਬਣੀ ਖੁੱਡ, ਰੁੱਖ ਦੀ ਟਾਹਣੀ, ਪੱਤਿਆਂ ਦਾ ਗੁੱਛਾ, ਸੰਘਣਾ ਜੰਗਲ ਜਾਂ ਅਜਿਹੀਆਂ ਹੋਰ ਅਨੇਕਾਂ ਥਾਵਾਂ ਹੋ ਸਕਦੀਆਂ ਹਨ। ਹਰ ਕੋਈ ਆਪਣੇ ਉੱਦਮ ਨਾਲ ਮੌਸਮ ਅਨੁਸਾਰ ਅਤੇ ਆਪਣੀ ਹੈਸੀਅਤ ਮੁਤਾਬਕ ਅਜਿਹਾ ਆਲ੍ਹਣਾ ਉਸਾਰ ਹੀ ਲੈਂਦਾ ਹੈ ਜਿੱਥੇ ਉਹ ਚੈਨ ਨਾਲ ਰਹਿ ਸਕੇ।
ਮਨੁੱਖ ਵੀ ਜੰਗਲਾਂ, ਕੁੰਦਰਾਂ ਵਿੱਚੋਂ ਨਿਕਲ ਹੌਲੀ-ਹੌਲੀ ਘਰ ਬਣਾ ਕੇ ਰਹਿਣ ਦਾ ਵੱਲ ਸਿੱਖ ਗਿਆ। ਘਰ ਨਾਲ ਘਰ ਜੁੜਦਾ ਪਿੰਡ ਦਾ ਰੂਪ ਧਾਰਨ ਕਰ ਗਿਆ। ਘਰ ਵਿੱਚ ਪਰਿਵਾਰ ਨਾਲ ਰਹਿੰਦਿਆਂ ਉਸ ਦੀਆਂ ਭਾਵਨਾਵਾਂ ਘਰ ਨਾਲ ਵੀ ਜੁੜਦੀਆਂ ਗਈਆਂ। ਘਰ ਦੋ ਹੀ ਅੱਖਰਾਂ ਦਾ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਇਹ ਆਪਣੇ ਆਪ ਵਿੱਚ ਬੜਾ ਕੁਝ ਸਮੋਈ ਬੈਠਾ ਹੈ। ਸਕੂਨ, ਮੋਹ-ਪਿਆਰ, ਖ਼ੁਸ਼ੀਆਂ-ਖੇੜੇ, ਸੱਧਰਾਂ-ਇੱਛਾਵਾਂ ਘਰ ਅੰਦਰ ਹੀ ਪਲਦੀਆਂ ਤੇ ਮਿਲਦੀਆਂ ਹਨ। ਘਰ ਕਈ-ਕਈ ਪੀੜ੍ਹੀਆਂ ਨੂੰ ਸੰਭਾਲਦਾ, ਪਾਲਦਾ ਉਨ੍ਹਾਂ ਨੂੰ ਅਸੀਸਾਂ, ਆਸਥਾਵਾਂ, ਮੁਹੱਬਤਾਂ ਵੰਡਦਾ, ਹੱਸਦੇ ਤੇ ਵੱਸਦੇ ਰਹਿਣ ਦੀਆਂ ਦੁਆਵਾਂ ਦਿੰਦਾ ਰਹਿੰਦਾ ਹੈ।
ਮਨੁੱਖ ਭਾਵੇਂ ਇੱਟਾਂ, ਗਾਰੇ, ਲੋਹੇ ਜਾਂ ਸੀਮਿੰਟ ਨਾਲ ਮਕਾਨ ਬਣਾਉਂਦਾ ਹੈ ਪਰ ਪਿਆਰ ਮੁਹੱਬਤ ਨਾਲ ਸਜਾ ਕੇ, ਸੁਫ਼ਨਿਆਂ ਦੇ ਤੰਦ ਉਸਾਰ ਕੇ ਉਸ ਨੂੰ ਘਰ ਬਣਾ ਲੈਂਦਾ ਹੈ। ਅੰਦਰ ਦੀਆਂ ਸੂਖਮ ਭਾਵਨਾਵਾਂ, ਜਜ਼ਬਾਤ ਤੇ ਸੰਵੇਦਨਾਵਾਂ ਘਰ ਅਤੇ ਘਰ ’ਚ ਵੱਸਦੇ ਪਰਿਵਾਰ ਨਾਲ ਜੁੜ ਜਾਂਦੀਆਂ ਹਨ ਤਾਂ ਘਰ ਜੰਨਤ ਹੀ ਜਾਪਣ ਲੱਗ ਜਾਂਦਾ ਹੈ। ਘਰ ਦੇ ਵਿਹੜੇ ਵਿੱਚ ਬੱਚਿਆਂ ਦੇ ਛਣਕਦੇ ਹਾਸੇ, ਬਜ਼ੁਰਗਾਂ ਦੀਆਂ ਅਸੀਸਾਂ, ਬੇਬੇ ਬਾਪੂ ਦੇ ਮੋਹ ਭਿੱਜੇ ਬੋਲ ਉਸ ਨੂੰ ਸਵਰਗ ਤੋਂ ਵੀ ਸੋਹਣਾ ਬਣਾ ਦਿੰਦੇ ਹਨ। ਇਸੇ ਕਰ ਕੇ ਤਾਂ ਹਰ ਕਿਸੇ ਨੂੰ ਕੰਮਕਾਰ ਤੋਂ ਸੁਰਖੁਰੂ ਹੁੰਦਿਆਂ ਹੀ ਘਰ ਪਰਤਣ ਦੀ ਕਾਹਲ ਹੁੰਦੀ ਹੈ। ਘਰ ਵੀ ਪਰਿਵਾਰ ਦੇ ਬਾਕੀ ਮੈਂਬਰਾਂ ਵਾਂਗ ਆਪਣੇ ਜਾਇਆ ਨੂੰ ਉਡੀਕ ਰਿਹਾ ਹੁੰਦਾ ਹੈ। ਇਹ ਹਮੇਸ਼ਾਂ ਆਪਣੇ ਬਾਸ਼ਿੰਦਿਆਂ ਨੂੰ ਘਰ ਵਿੱਚ ਰੰਗੀ ਵੱਸਦੇ ਦੇਖਣਾ ਚਾਹੁੰਦਾ ਹੈ।
ਕਾਮੇ ਜਦੋਂ ਕੰਮਾਂ ਤੋਂ ਥੱਕੇ ਹਾਰੇ ਘਰ ਪਰਤਦੇ ਹਨ ਤਾਂ ਭੱਜ ਕੇ ਬੱਚੇ ਆਪਣੀਆਂ ਪਿਆਰ ਗੜੁੱਚੀਆਂ ਬਾਹਾਂ ਦੀ ਜੱਫੀ ਜਦੋਂ ਲੱਤਾਂ ਨੂੰ ਪਾਉਂਦੇ ਹਨ ਤਾਂ ਇਹ ਮੋਹ ਭਿੱਜੇ ਪਲ ਜਿੱਥੇ ਕਾਮਿਆਂ ਦਾ ਥਕੇਵਾਂ ਲਾਹ ਦਿੰਦੇ ਹਨ ਉੱਥੇ ਘਰ ਦੀਆਂ ਕੰਧਾਂ ਵੀ ਉਨ੍ਹਾਂ ਨੂੰ ਤੱਕ ਕੇ ਖ਼ੁਸ਼ੀ ਨਾਲ ਖੀਵੀਆਂ ਹੋ ਜਾਂਦੀਆਂ ਹਨ। ਘਰ ਦੇ ਸਾਰੇ ਜੀਅ ਜਦੋਂ ਚੁੱਲ੍ਹੇ ਮੂਹਰੇ ਚੌਂਤੇ ਵਿੱਚ ਖਾਣਾ ਖਾਣ ਬੈਠਦੇ ਹਨ ਤਾਂ ਉਸ ਘਰ ਦਾ ਚੁੱਲ੍ਹਾ ਵੀ ਉਨ੍ਹਾਂ ਦੇ ਪਿਆਰ ਸਤਿਕਾਰ ਨੂੰ ਤੱਕ ਕੇ ਇਹ ਕਾਮਨਾ ਕਰਦਾ ਹੈ ਕਿ ਇਨ੍ਹਾਂ ਦੀ ਮੋਹ-ਮਮਤਾ ਸਦਾ ਬਰਕਰਾਰ ਰਹੇ। ਆਸਾਂ ਨੂੰ ਬੂਰ ਪੈਂਦਾ ਰਹੇ। ਇਸ ਕਰ ਕੇ ਤਾਂ ਕਿਹਾ ਹੈ ਕਿ :
ਘਰ ਵਰਗੀ ਕੋਈ ਚੀਜ਼ ਨਾ ਮਿੱਠੀ, ਢੂੰਡ ਰਹੇ ਕਿਧਰੇ ਨਾ ਡਿੱਠੀ।
ਘਰ ਤੁਹਾਨੂੰ ਪਾਲਦਾ ਹੀ ਨਹੀਂ ਸਗੋਂ ਤੁਹਾਡੀ ਹਰ ਪੱਖੋਂ ਪਹਿਰੇਦਾਰੀ ਵੀ ਕਰਦਾ ਹੈ। ਆਮ ਹੀ ਕਿਹਾ ਜਾਂਦਾ ਹੈ ਕਿ ‘ਜੇ ਘਰ ਵਿੱਚ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਵੀ।’ ਇਸੇ ਤਰ੍ਹਾਂ ਘਰਾਂ ਵਿੱਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੋ ਹੀ ਜਾਂਦੀ ਹੈ। ਇੱਕ ਦੂਜੇ ਨੂੰ ਉੱਚਾ ਨੀਵਾਂ ਬੋਲਿਆ ਜਾਂਦਾ ਹੈ। ਮਜਾਲ ਹੈ ਕਿ ਘਰ ਦੀਆਂ ਕੰਧਾਂ ਉਨ੍ਹਾਂ ਗੱਲਾਂ ਨੂੰ ਬਾਹਰ ਜਾਣ ਦੇਣ, ਘਰ ਅੰਦਰ ਹੀ ਸਮੇਟ ਕੇ ਰੱਖ ਲੈਣਗੀਆਂ। ਇਹ ਵੱਖਰੀ ਗੱਲ ਹੈ ਕਿ ਘਰ ਦੇ ਜੀਅ ਹੀ ਆਪਣੀ ਨਾਸਮਝੀ ਨਾਲ ਉਨ੍ਹਾਂ ਨੂੰ ਗਲੀਆਂ, ਮੁਹੱਲਿਆਂ ਵਿੱਚ ਚਰਚਾ ਦਾ ਵਿਸ਼ਾ ਬਣਾ ਦੇਣ।
ਜੇ ਰੋਜ਼ੀ ਰੋਟੀ ਦੇ ਚੱਕਰ ਵਿੱਚ ਘਰ ਨੂੰ ਅਲਵਿਦਾ ਕਹਿਣਾ ਪੈ ਜਾਵੇ ਤਾਂ ਘਰ ਦੀਆਂ ਰੌਣਕਾਂ ਗਾਇਬ ਹੋ ਜਾਂਦੀਆਂ ਹਨ। ਉਦਾਸ ਵਿਹੜੇ ਘਰ ਦੇ ਜੀਆਂ ਦੀ ਪੈੜ ਚਾਲ ਨੂੰ ਸੁਣਨ ਲਈ ਤਰਸਦੇ ਰਹਿੰਦੇ ਹਨ। ਕੰਧਾਂ ਹਉਕੇ ਭਰਦੀਆਂ ਹਨ। ਦਰਵਾਜ਼ੇ ਉਦਾਸ ਹੋ ਜਾਂਦੇ ਹਨ। ਕੋਠੇ ਵਰ੍ਹਿਆਂ ਬੱਧੀ ਉਡੀਕ ਕਰਦੇ ਰਹਿੰਦੇ ਹਨ ਕਿ ਕਦੋਂ ਕੋਈ ਜੰਗਾਲੇ ਜਿੰਦਰੇ ਵਿੱਚ ਚਾਬੀ ਘੁਮਾਵੇ, ਕਦੋਂ ਤਾਜ਼ੀ ਹਵਾ ਦੇ ਬੁੱਲੇ ਨਾਲ ਕਿਸੇ ਪਰਦੇਸੀ ਦੇ ਮੁਬਾਰਕ ਕਦਮ ਅੰਦਰ ਆਉਣ। ਵਿਹੜੇ ਦੇ ਰੁੱਖ ਵੀ ਹਉਕੇ ਭਰਦੇ ਆਉਣ ਵਾਲਿਆਂ ਦੀ ਉਡੀਕ ਤੱਦ ਤੱਕ ਕਰਦੇ ਰਹਿੰਦੇ ਹਨ ਜੱਦ ਤੱਕ ਉਨ੍ਹਾਂ ਅੰਦਰ ਖੜ੍ਹੇ ਰਹਿਣ ਦਾ ਸਾਹ ਸੱਤ ਬਚਿਆ ਰਹਿੰਦਾ ਹੈ।
ਘਰਾਂ ਵਿੱਚ ਰਹਿਣ ਵਾਲਿਓ ਘਰ ਨੂੰ ਘਰ ਹੀ ਰਹਿਣ ਦਿਆ ਕਰੋ। ਆਪਣੇ ਸੁਆਰਥਾਂ ਲਈ ਇਸ ਦੀਆਂ ਵੰਡੀਆਂ ਨਾ ਪਾਇਆ ਕਰੋ। ਪੰਛੀ ਵੀ ਤੀਲਾ ਤੀਲਾ ਜੋੜ ਕੇ ਆਲ੍ਹਣਾ ਬਣਾ ਲੈਂਦੇ ਹਨ, ਆਪਣੇ ਬੋਟਾਂ ਨੂੰ ਪਾਲ ਲੈਂਦੇ ਹਨ ਪਰ ਉਹ ਆਲ੍ਹਣੇ ਦੀਆਂ ਵੰਡੀਆਂ ਨਹੀਂ ਪਾਉਂਦੇ। ਘਰ ਹੱਸਦੇ ਵੱਸਦੇ ਰਹਿਣ ਤਾਂ ਬੱਚੇ ਵੀ ਹੱਸਦੇ ਹਨ। ਬਜ਼ੁਰਗਾਂ ਦਾ ਮਨ ਤਹਿ ਦਿਲੋਂ ਅਸੀਸਾਂ ਦਿੰਦਾ ਹੈ। ਔਲਾਦ ਨੂੰ ਰਲ ਕੇ ਰਹਿੰਦਿਆਂ ਤੱਕ ਕੇ ਮਾਂ-ਬਾਪ ਵੀ ਆਪਣੀ ਕਮਾਈ ਸਫਲ ਹੋਈ ਸਮਝਦੇ ਹਨ।
ਬੇਸ਼ੱਕ ਬੰਦਾ ਸਾਰੀ ਦੁਨੀਆ ਗਾਹ ਲਵੇ, ਡਾਲਰਾਂ ਦੀਆਂ ਥਹੀਆਂ ਲਗਾ ਲਵੇ। ਮਹਿਲ ਉਸਾਰ ਲਵੇ ਪਰ ਉਹ ਉਸ ਘਰ ਨੂੰ ਸੁਫ਼ਨਿਆਂ ਵਿੱਚ ਵੀ ਤੱਕਦਾ ਰਹਿੰਦਾ ਹੈ ਜਿੱਥੇ ਉਸ ਨੇ ਬਚਪਨ ਗੁਜ਼ਾਰਿਆ ਹੁੰਦਾ ਹੈ। ਘਰ ਦੀ ਹਮੇਸ਼ਾਂ ਭਾਵਨਾਤਮਕ ਯਾਦ ਉਸ ਦੇ ਅੰਗ ਸੰਗ ਬਣੀ ਰਹਿੰਦੀ ਹੈ। ਘਰ ਉਸ ਦੇ ਨਾਲ-ਨਾਲ ਰਹਿੰਦਾ ਹੈ। ਉਸ ਦਾ ਜੀਅ ਕਰਦਾ ਹੁੰਦਾ ਹੈ ਕਿ ਖੰਭ ਲਾ ਕੇ ਘਰ ਨੂੰ ਉੱਡ ਜਾਵੇ ਪਰ ਮਜਬੂਰੀ ਉਸ ਦਾ ਰਾਹ ਰੋਕੀ ਰੱਖਦੀ ਹੈ। ਪਤਾ ਨਹੀਂ ਕਿੰਨੀ ਕੁ ਵਾਰੀ ਉਹ ਮਨ ਹੀ ਮਨ ਅੰਦਰ ਸੋਚਦਾ ਉਸ ਘਰ ਵਿੱਚ ਚੱਕਰ ਮਾਰ ਆਉਂਦਾ ਹੈ। ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਖੂਹ ਗਿੜਦਿਆਂ ਦੇ, ਘਰ ਵਸਦਿਆਂ ਦੇ, ਸਾਕ ਵਰਤਦਿਆਂ ਦੇ।
ਪਰਦੇਸੀ ਹੋਣਾ ਕੌਣ ਚਾਹੁੰਦਾ ਹੈ? ਕੀਹਦਾ ਦਿਲ ਕਰਦੈ ਘਰ ਛੱਡ ਕੇ ਜਾਣ ਨੂੰ? ਮਜਬੂਰੀ ਵੱਸ ਜਾਣਾ ਪੈਂਦੈ। ਘਰ ਵੱਸਦੇ ਰਹਿਣ ਇਸ ਲਈ ਪਰਦੇਸੀ ਵੱਸਦੇ ਪੰਜਾਬੀਓ, ਸਮਾਂ ਕੱਢ ਘਰਾਂ ਨੂੰ ਦੇਖਣ ਆ ਜਾਇਆ ਕਰੋ। ਘਰ ਤੁਹਾਡਾ ਇੰਤਜ਼ਾਰ ਕਰਦਾ ਰਹਿੰਦੈ। ਪਰਦੇਸ ਦੀਆਂ ਦੂਰੀਆਂ ਹੌਲੀ-ਹੌਲੀ ਮੋਹ ਮਿਲਾਪ ਅਤੇ ਮਿਠਾਸ ਨੂੰ ਸੁਕਾ ਦਿੰਦੀਆਂ ਹਨ। ਜਜ਼ਬਿਆਂ ਦੇ ਵੇਗ ਤੇ ਵਹਿਣ ਸੁੱਕ ਨਾ ਜਾਣ, ਬਹਾਨੇ ਨਾਲ ਘਰ ਗੇੜਾ ਮਾਰਦੇ ਰਿਹਾ ਕਰੋ। ਜਜ਼ਬੇ ਹੋਣਗੇ ਤਾਂ ਸਰੀਰ ਜਿੰਦਾ ਰਹਿਣਗੇ। ਗੁਜ਼ਰ ਗਏ ਵਕਤ ਨੂੰ ਮਿਲਣ ਤੇ ਮੋਹ ਕਰਨ ਨਾਲ ਜਿਸਮ ਅੰਦਰ ਤਾਜ਼ਗੀ ਅਤੇ ਤਰੰਨੁਮ ਪੈਦਾ ਹੁੰਦਾ ਹੈ।
ਹਰ ਬੰਦੇ ਨੂੰ ਘਰ ਮਿਲੇ। ਘਰ ਦਾ ਪਿਆਰ ਮਿਲੇ। ਹੱਸਦੇ ਵੱਸਦੇ ਘਰਾਂ ਵਿੱਚ ਮੁਹੱਬਤਾਂ ਦੀਆਂ ਬੂੰਦਾਂ ਬਰਸਦੀਆਂ ਰਹਿਣ। ਮੋਹ ਦੇ ਦੀਵੇ ਜਗਦੇ ਰਹਿਣ। ਆਪਣੀ ਧਰਤੀ ’ਤੇ ਰੁਜ਼ਗਾਰ ਦੀ ਭਰਮਾਰ ਰਹੇ। ਕਿਸੇ ਨੂੰ ਰੋਜ਼ੀ ਖਾਤਰ ਘਰ ਨਾ ਛੱਡਣਾ ਪਵੇ। ਸ਼ਾਇਰ ਤ੍ਰੈਲੋਚਨ ਲੋਚੀ ਪਿਆਰੇ ਜਿਹੇ ਘਰ ਦੀ ਕਾਮਨਾ ਕਰਦਾ ਹੋਇਆ ਲਿਖਦਾ ਹੈ :
ਫੁੱਲਾਂ ਦੀ ਛੱਤ ਹੋਵੇ, ਚੰਦਨ ਦਾ ਦਰ ਹੋਵੇ
ਮਹਿਕਾਂ ਦੇ ਸਰਵਰ ’ਤੇ, ਨਿੱਕਾ ਜਿਹਾ ਘਰ ਹੋਵੇ।
ਸੰਪਰਕ: 76260-63596

Advertisement
Author Image

joginder kumar

View all posts

Advertisement
Advertisement
×