ਹਰ ਦੁਸ਼ਮਣ ਨੂੰ ਕਰਾਰਾ ਜਵਾਬ ਦਿੱਤਾ ਜਾਵੇ: ਖਮੇਨੀ
ਦੁਬਈ, 2 ਨਵੰਬਰ
ਇਰਾਨ ਦੇ ਸਰਵਉੱਚ ਨੇਤਾ ਨੇ ਅੱਜ ਇਰਾਨ ਤੇ ਇਸ ਦੇ ਸਹਿਯੋਗੀਆਂ ’ਤੇ ਹਮਲਿਆਂ ਨੂੰ ਲੈ ਕੇ ਇਜ਼ਰਾਈਲ ਤੇ ਅਮਰੀਕਾ ਨੂੰ ਕਰਾਰਾ ਜਵਾਬ ਦੇਣ ਦੀ ਧਮਕੀ ਦਿੱਤੀ ਹੈ। ਅਯਾਤੁੱਲ੍ਹਾ ਅਲੀ ਖਮੇਨੀ ਨੇ ਇਹ ਧਮਕੀ ਅਜਿਹੇ ਸਮੇਂ ਦਿੱਤੀ ਹੈ, ਜਦੋਂ 26 ਅਕਤੂਬਰ ਨੂੰ ਇਸਲਾਮਿਕ ਗਣਰਾਜ ’ਤੇ ਹੋਏ ਹਮਲੇ ਮਗਰੋਂ ਇਰਾਨੀ ਅਧਿਕਾਰੀ ਇਜ਼ਰਾਈਲ ਖ਼ਿਲਾਫ਼ ਇੱਕ ਹੋਰ ਹਮਲਾ ਕਰਨ ਦੀ ਗੱਲ ਕਰ ਰਹੇ ਹਨ। ਇਸ ਹਮਲੇ ’ਚ ਇਜ਼ਰਾਈਲ ਨੇ ਇਰਾਨ ਦੇ ਫੌਜੀ ਟਿਕਾਣਿਆਂ ਤੇ ਹੋਰ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਵਿੱਚ ਘੱਟ ਤੋਂ ਘੱਟ ਪੰਜ ਜਣੇ ਮਾਰੇ ਗਏ ਸਨ। ਦੋਵਾਂ ਵੱਲੋਂ ਕੀਤਾ ਗਿਆ ਕੋਈ ਹੋਰ ਹਮਲਾ ਇਸ ਮੰਗਲਵਾਰ ਹੋਣ ਵਾਲੀਆਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੋਂ ਐਨ ਪਹਿਲਾਂ ਪੱਛਮੀ ਏਸ਼ੀਆ ਨੂੰ ਵੱਡੇ ਖੇਤਰੀ ਸੰਘਰਸ਼ ’ਚ ਉਲਝਾ ਸਕਦਾ ਹੈ।
ਖਮੇਨੀ ਨੇ ਇਰਾਨ ਦੇ ਸਰਕਾਰੀ ਮੀਡੀਆ ਵੱਲੋਂ ਜਾਰੀ ਵੀਡੀਓ ’ਚ ਕਿਹਾ, ‘ਦੁਸ਼ਮਣ ਭਾਵੇਂ ਯਹੂਦੀ ਸ਼ਾਸਨ ਹੋਵੇ ਜਾਂ ਅਮਰੀਕੀ, ਉਹ ਜੋ ਕਰ ਰਹੇ ਹਨ ਉਸ ਦਾ ਕਰਾਰਾ ਜਵਾਬ ਯਕੀਨੀ ਤੌਰ ’ਤੇ ਮਿਲੇਗਾ।’ ਉਨ੍ਹਾਂ ਜਵਾਬੀ ਕਾਰਵਾਈ ਦੇ ਸਮੇਂ ਤੇ ਦਾਇਰੇ ਬਾਰੇ ਵਿਸਤਾਰ ਨਾਲ ਨਹੀਂ ਦੱਸਿਆ। ਅਮਰੀਕੀ ਸੈਨਾ ਪੂਰੇ ਪੱਛਮੀ ਏਸ਼ੀਆ ’ਚ ਸਰਗਰਮ ਹੈ। ਇਸ ਦੇ ਕੁਝ ਸੈਨਿਕ ਹੁਣ ਇਜ਼ਰਾਈਲ ’ਚ ‘ਟਰਮੀਨਲ ਹਾਈ ਐਲਟੀਟਿਊਡ ਏਰੀਆ ਡਿਫੈਂਸ’ ਹਵਾਈ ਰੱਖਿਆ ਪ੍ਰਣਾਲੀ ਦਾ ਪ੍ਰਬੰਧਨ ਕਰ ਰਹੇ ਹਨ। ਖਮੇਨੀ (85) ਨੇ ਪਹਿਲਾਂ ਦੀਆਂ ਟਿੱਪਣੀਆਂ ਸਮੇਂ ਵਧੇਰੇ ਚੌਕਸ ਰੁਖ਼ ਅਪਣਾਇਆ ਸੀ। -ਏਪੀ