ਜੰਗਲ ਸੁਰੱਖਿਆ ਪ੍ਰਾਜੈਕਟ ਲਈ ਪਾਕਿ ਨੂੰ ਦੋ ਕਰੋੜ ਯੂਰੋ ਦੀ ਮਦਦ
ਇਸਲਾਮਾਬਾਦ: ਜਰਮਨੀ ਵੱਲੋਂ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਜੰਗਲਾਂ ਦੀ ਸੰਭਾਲ ਅਤੇ ਪ੍ਰਬੰਧਨ ਨਾਲ ਜੁੜੇ ਇਕ ਪ੍ਰਾਜੈਕਟ ਦੇ ਦੂਜੇ ਪੜਾਅ ਲਈ ਪਾਕਿਸਤਾਨ ਨੂੰ 20 ਮਿਲੀਅਨ ਯੂਰੋ ਦਿੱਤੇ ਜਾਣਗੇ। ਇੱਕ ਮੀਡੀਆ ਰਿਪੋਰਟ ਅਨੁਸਾਰ ਪਾਕਿਸਤਾਨ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਡਾ. ਕਾਜ਼ਿਮ ਨਿਆਜ਼ ਅਤੇ ਜਰਮਨ ਵਿਕਾਸ ਬੈਂਕ ਕੇਐਫਡਬਲਿਊ ਦੇ ਡਾਇਰੈਕਟਰ ਐਸਥਰ ਗ੍ਰੈਵੇਨਕੋਟਰ ਨੇ ਇਸਲਾਮਾਬਾਦ ਵਿੱਚ ਜੰਗਲਾਂ ਦੀ ਸੰਭਾਲ ਦੇ ਪ੍ਰਾਜੈਕਟ ਲਈ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਪ੍ਰਾਜੈਕਟ ਦਾ ਪਹਿਲਾ ਪੜਾਅ ਪਹਿਲਾਂ ਹੀ ਖੈਬਰ ਪਖਤੂਨਖਵਾ ਦੇ ਜਲਵਾਯੂ ਤਬਦੀਲੀ, ਜੰਗਲਾਤ, ਵਾਤਾਵਰਨ ਅਤੇ ਜੰਗਲੀ ਜੀਵ ਵਿਭਾਗ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਹ ਪ੍ਰਾਜੈਕਟ ਖੈਬਰ ਪਖਤੂਨਖਵਾ ਸੂਬੇ ਵਿੱਚ ਜੰਗਲਾਂ ਦੀ ਸੰਭਾਲ ਅਤੇ ਪ੍ਰਬੰਧਨ ਦਾ ਸਮਰਥਨ ਕਰੇਗਾ। ਇਹ ਪ੍ਰਾਜੈਕਟ 10,000 ਹੈਕਟੇਅਰ ਵਿੱਚ ਨਵੇਂ ਪੌਦੇ ਲਗਾਉਣ, ਜੰਗਲਾਤ ਵਿਭਾਗ ਦੇ ਸਮਰੱਥਾ ਨਿਰਮਾਣ, ਅਤੇ ਪ੍ਰਬੰਧਨ ’ਤੇ ਕੇਂਦਰਿਤ ਰਹੇਗਾ। ਇਹ ਪ੍ਰਾਜੈਕਟ ਗਰੀਬੀ ਨੂੰ ਦੂਰ ਕਰੇਗਾ ਤੇ ਇਸ ਪ੍ਰਾਜੈਕਟ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੇ ਨਵੇਂ ਮੌਕੇ ਮੁਹੱਈਆ ਹੋਣਗੇ। -ਪੀਟੀਆਈ