ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰ ਤੇ ਪੰਜਾਬ ਲਈ ਗੁਰਪੁਰਬ ਦੇ ਸਬਕ

06:03 AM Nov 18, 2024 IST

 

Advertisement

ਜਯੋਤੀ ਮਲਹੋਤਰਾ

ਗੁਰਪੁਰਬ ਦੀ ਸਵੇਰ ਜੇਐੱਨਯੂ ਦੇ ਪ੍ਰੋਫੈਸਰ ਸੁਰਿੰਦਰ ਜੋਧਕਾ ਦੇ ਟਵੀਟ ਕੀਤੇ ਗੁਰੂ ਨਾਨਕ ਦੇ ਦੋ ਸ਼ਬਦਾਂ ‘ਨਿਰਭਉ’ ਤੇ ‘ਨਿਰਵੈਰੁ’ ਬਾਰੇ ਸੋਚ ਰਹੀ ਸੀ- ‘ਬਿਨਾਂ ਭੈਅ’ ਤੇ ‘ਬਿਨਾਂ ਦੁਸ਼ਮਣੀ’; ਉਨ੍ਹਾਂ ਇਨ੍ਹਾਂ ਸ਼ਬਦਾਂ ਦਾ ਜ਼ਿਕਰ ਕਰਦਿਆਂ ਨਾਲ ਹੀ ਲਿਖਿਆ- “ਆਸ ਕਰਦਾ ਹਾਂ ਕਿ ਇਹ ਕਿਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ, ਗੱਲਾਂ-ਬਾਤਾਂ ਤੇ ਸਾਡੀ ਰਾਜਨੀਤੀ ’ਚ ਘੁਲ-ਮਿਲ ਸਕਣਗੇ।”
ਅਜਿਹਾ ਲੱਗਾ ਜਿਵੇਂ ਉਹ ਭਾਜਪਾ ਨੇਤਾ ਸੁਨੀਲ ਜਾਖੜ ਨਾਲ ਲੰਘੇ ਹਫ਼ਤੇ ਕੀਤੀ ਮੇਰੀ ਇੰਟਰਵਿਊ ਸੁਣ ਰਹੇ ਸੀ (ਉਨ੍ਹਾਂ ਹਾਲਾਂਕਿ ਨਹੀਂ ਸੁਣੀ) ਜਿਸ ਵਿੱਚ ਜਾਪਿਆ ਕਿ ਜਾਖੜ ਕਈ ਤਰ੍ਹਾਂ ਦੇ ਵਿਚਾਰਾਂ ਤੇ ਭਾਵਨਾਵਾਂ ਨਾਲ ਘੁਲ ਰਹੇ ਸਨ- ਕਈ ਵਾਰ ਇਸ ਤਰ੍ਹਾਂ ਲੱਗਾ ਜਿਵੇਂ ਉਹ ਸਵਾਲਾਂ ਦਾ ਜਵਾਬ ਦੇਣ ਦੀ ਬਜਾਇ ਖ਼ੁਦ ਨਾਲ ਗੱਲਾਂ ਕਰ ਰਹੇ ਹੋਣ। ਕੁਝ ਟਿੱਪਣੀਆਂ ਬੇਸ਼ੱਕ, ਉਨ੍ਹਾਂ ਦੇ ਆਪਣੇ ਉਥਲ-ਪੁਥਲ ਵਾਲੇ ਸਫ਼ਰ ਬਾਰੇ ਹੀ ਸਨ, ਪਹਿਲਾਂ ਕਾਂਗਰਸ ਤੇ ਮਗਰੋਂ ਭਾਜਪਾ ਨਾਲ ਬਿਤਾਏ ਸਮੇਂ ਬਾਰੇ; ਇਤਿਹਾਸ ਦੇ ਇਸ ਉਚੇਚੇ ਮੋੜ ’ਤੇ ਪੰਜਾਬ ਜਿਸ ਹਲਚਲ ’ਚ ਖ਼ੁਦ ਨੂੰ ਘਿਰਿਆ ਮਹਿਸੂਸ ਕਰ ਰਿਹਾ ਹੈ, ਬਹੁਤਿਆਂ ਮੁਤਾਬਿਕ ਉਹ ਜਾਖੜ ਦੀ ਉਸ ਵਿਅਕਤੀਗਤ ਦੁਬਿਧਾ (ਹੋਂਦ ਬਾਰੇ) ਤੋਂ ਕਿਤੇ ਵੱਡੀ ਹੈ ਜਿਸ ਨਾਲ ਉਹ ਸੰਘਰਸ਼ ਕਰਦੇ ਜਾਪ ਰਹੇ ਹਨ।
ਯਕੀਨਨ, ਮਾਰਕਸਵਾਦੀ ਤਾਲੀਮ ਬਾਰੇ ਕਿਹਾ ਜਾਣ ਵਾਲਾ ਬਹੁਤ ਕੁਝ ਹੈ ਜਿਸ ਮੁਤਾਬਿਕ ਸਮੇਂ ਦੇ ਵੱਡੇ ਨਾਟਕਾਂ ’ਚ ਮਨੁੱਖ ਕਣਾਂ ਵਰਗੇ ਹਨ- ਸੋਚੋ ਮਾਰਕਸ ਨੇ ਸ਼ੇਕਸਪੀਅਰ ਨੂੰ ਸਮੇਟ ਹੀ ਦਿੱਤਾ ਹੈ ਤੇ ਨਿਰਸੰਦੇਹ, ਰਾਜ ਅਤੇ ਦਿੱਲੀ ਵਿਚ ਵਰਤਮਾਨ ਨਾਟਕਕਾਰ ਕਈ ਵਾਰ ਅਜਿਹੇ ਛੋਟੇ ਬੰਦਿਆਂ ਵਰਗੇ ਲੱਗਦੇ ਹਨ ਜਿਨ੍ਹਾਂ ਦੀ ਰੂਪ-ਰੇਖਾ ਦੇ ਠੋਸ ਕਾਲੇ ਪਰਛਾਵੇਂ, ਅਲਬੱਤਾ ਕੈਨਵਸ ’ਤੇ ਵਾਹੇ ਜਾਣ ਨਾਲੋਂ ਕਿਤੇ ਵੱਡੇ ਬਣਦੇ ਹਨ।
ਉਂਝ, ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਪਰਛਾਵੇਂ ਸਵੇਰ ਦੀ ਠੰਢੀ ਰੌਸ਼ਨੀ ’ਚ ਗਾਇਬ ਹੋ ਜਾਂਦੇ ਹਨ; ਦੁਪਹਿਰ ਤੱਕ ਪੈਰਾਂ ਥੱਲੇ ਮਿੱਧੇ ਜਾਣ ਲੱਗਦੇ ਹਨ। ਦਿਨ ਦੇ ਕਿਸੇ ਵੀ ਸਮੇਂ ਇਨ੍ਹਾਂ ਦੀ ਬਿਲਕੁਲ ਘੱਟ ਜਾਂ ਕੋਈ ਵੀ ਮਹੱਤਤਾ ਨਹੀਂ ਰਹਿੰਦੀ।
ਚਲੋ, ਸ਼ੁਰੂਆਤ ਤੋਂ ਸ਼ੁਰੂ ਕਰਦੇ ਹਾਂ ਜੋ ਵੀ ਅਸੀਂ ਜਾਣਦੇ ਹਾਂ। ਪਹਿਲਾਂ ਇਹ ਕਿ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੱਸਿਆ ਕਿ ਉਹ ਸੂਬਾ ਪਾਰਟੀ ਪ੍ਰਧਾਨ ਨਹੀਂ ਬਣੇ ਰਹਿ ਸਕਦੇ। ਦੂਜਾ, ਉਹ ਮੁੜ ਕਾਂਗਰਸ ਵਿਚ ਵੀ ਨਹੀਂ ਜਾਣਗੇ ਜਿਸ ਪਾਰਟੀ ਲਈ ਉਨ੍ਹਾਂ ਕਈ ਦਹਾਕੇ ਕੰਮ ਕੀਤਾ ਕਿਉਂਕਿ ਉਹ ਪਾਰਟੀ ਦੇ ਵਿਹਾਰ ਤੋਂ ਦੁਖੀ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇੱਕ ਹੋਰ ਕਾਂਗਰਸ ਨੇਤਾ, ਹਿੰਦੂ ਪੰਜਾਬੀ ਆਗੂ, ਅੰਬਿਕਾ ਸੋਨੀ ਨੇ ਕੁਝ ਸਾਲ ਪਹਿਲਾਂ ਕਿਹਾ ਸੀ ਕਿ ਜਾਖੜ ਪੰਜਾਬ ਦੇ ਮੁੱਖ ਮੰਤਰੀ ਨਹੀਂ ਬਣ ਸਕਦੇ ‘ਕਿਉਂਕਿ ਉਹ ਹਿੰਦੂ ਹਨ’- ਤੇ ਇਸ ਕਰ ਕੇ ਵੀ ਕਿਉਂਕਿ ਜਾਖੜ ਨੂੰ ਲੱਗਦਾ ਹੈ ਕਿ ਪਾਰਟੀ ਦੇ ਵੱਖ-ਵੱਖ ਧੜਿਆਂ ’ਤੇ ਰਾਹੁਲ ਗਾਂਧੀ ਦਾ ‘ਕੋਈ ਕੰਟਰੋਲ’ ਨਹੀਂ ਹੈ।
ਤੇ ਫੇਰ ਕੁਝ ਵੱਡੇ ਸਵਾਲ ਵੀ ਹਨ। ਪਾਰਟੀ ਪ੍ਰਤੀ ਵਫ਼ਾਦਾਰੀ ਤੇ ਪਾਰਟੀ ਹਿੱਤਾਂ ਤੋਂ ਪਰ੍ਹੇ। ਪਛਾਣ, ਨਿਹਚਾ, ਯੋਗਤਾ ਤੇ ਵਿਸ਼ਵਾਸ ਨਾਲ ਜੁੜੇ ਸਵਾਲ। ਉਦਾਹਰਨ ਵਜੋਂ ਅਕਾਲੀ ਦਲ ਦੇ ਸਮਰਥਨ ਤੋਂ ਬਿਨਾਂ ਚੋਣ ਲੜ ਕੇ ਭਾਜਪਾ ਕਿਉਂ ਪੰਜਾਬ ਵਿੱਚ ਆਪਣੇ ਪ੍ਰਭਾਵ ਦਾ ਵਿਸਤਾਰ ਕਰਨ ਤੇ ਲੋਕਾਂ ਦਾ ਭਰੋਸਾ ਜਿੱਤਣ ’ਚ ਅਯੋਗ ਸਾਬਿਤ ਹੋ ਰਹੀ ਹੈ? ਕੀ ਅਕਾਲੀ ਦਲ ਦੇ ਨਿਘਾਰ ਤੇ ਗਿਰਾਵਟ ਦਾ ਕਾਰਨ ਭਾਜਪਾ ਨਾਲ ਰਹੀ ਇਸ ਦੀ ਨੇੜਤਾ ਹੈ ਜਾਂ ਇਸ ਨੂੰ ਹੋਰਨਾਂ ਕਾਰਨਾਂ ਲਈ ਆਪਣੇ ਅੰਦਰ-ਝਾਤ ਮਾਰਨੀ ਚਾਹੀਦੀ ਹੈ? ਇਸ ਤੋਂ ਇਲਾਵਾ, ਕੀ ਸਿੱਖਾਂ ਨੂੰ ਡਰ ਹੈ ਕਿ ਆਰਐੱਸਐੱਸ-ਭਾਜਪਾ ‘ਨਿਰਭਉ’ ਤੇ ‘ਨਿਰਵੈਰੁ’ ਦੇ ਖ਼ਾਸ, ਸਮਾਨਤਾਵਾਦੀ ਗੁਣ ਨੂੰ ਖੋਖ਼ਲਾ ਕਰ ਦੇਵੇਗੀ ਅਤੇ ਸਿੱਖੀ ਨੂੰ ਹਿੰਦੂਤਵ ’ਚ ਲਪੇਟ ਲਏਗੀ?
ਗੁਰਪੁਰਬ ਖ਼ਾਸ ਤੌਰ ’ਤੇ ਮਹਾਨ ਗੁਰੂ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ, ਇਹ ਸਵਾਲ ਹੋਰ ਵੀ ਵੱਧ ਫ਼ਸਵੇਂ ਜਾਪਦੇ ਹਨ। ਚੰਡੀਗੜ੍ਹ ਦੇ ਬਾਹਰਵਾਰ ਸਥਿਤ ਨਾਢਾ ਸਾਹਿਬ ਗੁਰਦੁਆਰੇ ਅਤੇ ਖੇਤਰ ਦੇ ਹੋਰਨਾਂ ਸੈਂਕੜੇ ਗੁਰਦੁਆਰਿਆਂ ’ਚ ਹਿੰਦੂਆਂ ਤੇ ਸਿੱਖਾਂ ਤੇ ਅਸਲ ’ਚ ਹੋਰਨਾਂ ਧਰਮਾਂ ਦੇ ਲੋਕਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਲਈ ਧੀਰਜ ਧਰ ਕੇ ਉਡੀਕ ਕੀਤੀ; ਤੁਸੀਂ ਸੋਚੋਗੇ ਕਿ ਜਿਵੇਂ ਪੰਜਾਬ ਦਾ ਭਾਈਚਾਰਾ ਗੁਰੂ ਨਾਨਕ ਦੇਵ ਦੇ ਵਾਕ ਨੂੰ ਆਪਣੇ ਅੰਦਰ ਸਮਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਵੇ (ਨਾ ਕੋ ਹਿੰਦੂ ਨਾ ਮੁਸਲਮਾਨ); ਮਤਲਬ, ਕੀ ਰਾਜ ਦੀ ਬਹੁਗਿਣਤੀ ਸਿੱਖ ਆਬਾਦੀ (ਕਰੀਬ 57.7 ਪ੍ਰਤੀਸ਼ਤ) ਦੀ ਅਗਵਾਈ ਇਸ ਦੇ ਆਪਣੇ ਫ਼ਿਰਕੇ ਦੇ ਆਗੂ ਦੀ ਬਜਾਇ ਇੱਕ ਗ਼ੈਰ-ਸਿੱਖ ਸ਼ਾਇਦ ਇੱਕ ਹਿੰਦੂ ਕਰੇਗਾ?
ਇੱਕ ਪਲ ਲਈ ਸੋਚੋ- ਲੋਕ ਕਹਿਣ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਹਿੰਦੂ ਵੀ ਠੀਕ ਹੀ ਹਨ ਤੇ ਹਿੰਦੂ ਪਰਿਵਾਰ, ਕੁਝ ਸਮਾਂ ਪਹਿਲਾਂ ਤੱਕ ਤੇ ਸ਼ਾਇਦ ਹੁਣ ਵੀ, ਆਪਣੇ ਵੱਡੇ ਪੁੱਤਰ ਸਿੱਖ ਧਰਮ ਨੂੰ ‘ਦਿੰਦੇ’ ਰਹੇ ਹਨ। ਇਸ ਮਾਮਲੇ ਵਿੱਚ ਹਿੰਦੂਤਵ ਦੇ ਲਚਕਦਾਰ ਤੇ ਸਹਿਣਸ਼ੀਲ ਹੋਣ ਬਾਰੇ ਤੁਹਾਡੇ ਉਸ ਲਗਾਤਾਰ ਖਦਸ਼ੇ ਦਾ ਕੀ ਬਣੇਗਾ, ਤੁਹਾਨੂੰ ਚਿੰਤਾ ਹੈ ਕਿ ਜਦੋਂ ਤੱਕ ਤੁਹਾਨੂੰ ਪਤਾ ਲੱਗੇਗਾ, ਇਹ ਤੁਹਾਨੂੰ ਆਪਣੇ ’ਚ ਸਮੋ ਚੁੱਕਾ ਹੋਵੇਗਾ? ਜਿਵੇਂ ਗੁਰਪੁਰਬ ਵੀ ਐਤਕੀਂ ਕਾਰਤਿਕ ਪੂਰਨਿਮਾ ਵਾਲੇ ਦਿਨ ਆਇਆ?
ਮੇਰੇ ਵਰਗਾ ਬਾਹਰਲਾ ਹੀ ਇਸ ਗੱਲ ਦੀ ਗਵਾਹੀ ਦੇ ਸਕਦਾ ਹੈ ਕਿ ਭਾਵੇਂ ਪੰਜਾਬ ਅੱਗੇ ਸੈਂਕੜੇ ਚੁਣੌਤੀਆਂ ਹਨ- ਨਸ਼ਾ, ਅਪਰਾਧ, ਫਿਰੌਤੀ, ਪਿੰਡ ਛੱਡ ਕੈਨੇਡਾ ਨੂੰ ਉੱਡ ਰਹੇ ਨੌਜਵਾਨ ਅਤੇ ਪਿੱਛੇ ਇਕੱਲੇ ਸੰਤਾਪ ਹੰਢਾ ਰਹੇ ਬਜ਼ੁਰਗ ਹੋ ਰਹੇ ਮਾਪੇ, ਵਿਆਪਕ ਬੇਰੁਜ਼ਗਾਰੀ, ਖੇਤੀ ’ਤੇ ਲੋੜੋਂ ਵੱਧ ਨਿਰਭਰਤਾ, ਪਾਣੀ ਦਾ ਡਿੱਗਦਾ ਪੱਧਰ, ਮਿੱਟੀ ਦਾ ਡਿੱਗਦਾ ਮਿਆਰ, ਭ੍ਰਿਸ਼ਟਾਚਾਰ, ਲੁਧਿਆਣਾ ਦੇ ਉਸ ਸਰਕਾਰੀ ਕਾਲਜ ’ਚ ਪੱਕਾ ਪ੍ਰਿੰਸੀਪਲ ਰੱਖਣ ਲਈ ਕੋਈ ਪੈਸਾ ਨਾ ਹੋਣਾ ਜਿਸ ਨੇ ਦੇਸ਼ ਨੂੰ ਸਤੀਸ਼ ਧਵਨ ਵਰਗਾ ਗਣਿਤ ਮਾਹਿਰ ਤੇ ਏਅਰੋਸਪੇਸ ਇੰਜਨੀਅਰ ਅਤੇ ਹੋਰ ਕਈ ਹੋਣਹਾਰ ਧੀਆਂ-ਪੁੱਤ ਦਿੱਤੇ ਤੇ ਹੋਰ- ਫੇਰ ਵੀ ਪੰਜਾਬੀਆਂ ’ਚ ਤਾਕਤ ਤੇ ਆਤਮ-ਵਿਸ਼ਵਾਸ ਹੈ ਜਿਸ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ 545 ਮੈਂਬਰੀ ਲੋਕ ਸਭਾ ਵਿੱਚ ਪੰਜਾਬ ਦੇ ਸਿਰਫ਼ 13 ਮੈਂਬਰ ਹੀ ਹਨ।
ਭਾਜਪਾ ਸ਼ਾਸਿਤ ਕੇਂਦਰ ਦੀ ਸਮੱਸਿਆ ਹੈ ਕਿ ਇਹ ਅੰਕਡਿ਼ਆਂ ਨੂੰ ਹੀ ਤਰਜੀਹ ਦਿੰਦਾ ਹੈ। ਸਿਰਫ਼ 13 ਸੀਟਾਂ? ਚਲੋ ਠੀਕ ਹੈ।
ਬਸ ਉਦੋਂ ਹੀ ਦਿੱਲੀ ਤੇ ਚੰਡੀਗੜ੍ਹ ਦਰਮਿਆਨ ਗੱਲਾਂ-ਬਾਤਾਂ ਘੁੰਮਣ-ਘੇਰੀ ’ਚ ਪੈ ਜਾਂਦੀਆਂ ਹਨ, ਮੱਧਮ ਪੈ ਕੇ ਬਿਲਕੁਲ ਮੁੱਕ ਜਾਂਦੀਆਂ ਹਨ। ਇਸ ਲਈ ਜਦੋਂ ਚੌਲਾਂ ਦੀ ਖਰੀਦ ਦਾ ਸੰਕਟ ਹੁੰਦਾ ਹੈ, ਦਿੱਲੀ ਨੂੰ ‘ਰੂਲ ਬੁੱਕ’ ਚੰਡੀਗੜ੍ਹ ਵੱਲ ਸੁੱਟਣ ਦੀ ਬਜਾਇ ਹੋਰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਪੈਂਦੀ। ਅਧਿਕਾਰੀ ਮੰਡੀ ਵਿੱਚ ਨਮੀ ਵਾਲੇ ਮੀਟਰ ਵੱਲ ਨਾਂਹ ਦੀ ਉਂਗਲ ਹਿਲਾਉਂਦੇ ਹਨ ਜੋ ਭਾਰ ਮਾਪਣ ਦੌਰਾਨ ਚੌਲਾਂ ’ਚ ਨਮੀ ਦੀ ਮਾਤਰਾ ਨੂੰ ਨਾਪਦਾ ਹੈ ਤੇ 17 ਪ੍ਰਤੀਸ਼ਤ ਤੋਂ ਵੱਧ ਨਮੀ ਨਿਕਲਣ ’ਤੇ ਡੂੰਘਾ ਸਾਹ ਲੈ ਕੇ ਜਿਣਸ ਨੂੰ ਨਕਾਰ ਦਿੱਤਾ ਜਾਂਦਾ ਹੈ। ਇਨ੍ਹਾਂ ਚੌਲਾਂ ਵਿੱਚ ਤਾਂ ਬਹੁਤ ਜ਼ਿਆਦਾ ਨਮੀ ਹੈ। ਇਹ ਖੇਪ ਪਾਸ ਨਹੀਂ ਹੋ ਸਕਦੀ। ਇਸ ਮੌਕੇ ਕੀਤੀਆਂ ਬੇਨਤੀਆਂ ਦਾ ਕਿਸੇ ’ਤੇ ਕੋਈ ਅਸਰ ਨਹੀਂ ਪੈਂਦਾ। ਅਧਿਕਾਰੀ ਨੇ ਆਪਣੀ ਨਾਖੁਸ਼ੀ ਜ਼ਾਹਿਰ ਕਰ ਦਿੱਤੀ ਹੈ, ਹੋਰ ਕਿਸੇ ਗੱਲ ਦਾ ਮਤਲਬ ਨਹੀਂ ਹੈ।
ਉਹ ਸਮਾਂ ਬਹੁਤ ਘੱਟ ਲੋਕਾਂ ਨੂੰ ਯਾਦ ਹੋਵੇਗਾ ਜਦ ਸਾਬਕਾ ਅਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਨੂੰ ਚੌਲਾਂ ’ਚ 20 ਪ੍ਰਤੀਸ਼ਤ ਨਮੀ ਦੀ ਮਾਤਰਾ ਦੀ ਇਜਾਜ਼ਤ ਦੇਣ ਲਈ ਮਨਾਇਆ ਸੀ ਕਿਉਂਕਿ ਗ਼ੈਰ-ਮੌਸਮੀ ਬਰਸਾਤ ਨੇ ਪੰਜਾਬ ਦਾ ਨੁਕਸਾਨ ਕੀਤਾ ਸੀ। ਕੁਝ ਲੋਕਾਂ ਨੂੰ ਹੀ ਯਾਦ ਹੈ ਕਿਉਂਕਿ ਕੁਝ ਕੁ ਹੀ ਯਾਦ ਰੱਖਣਾ ਚਾਹੁੰਦੇ ਹਨ। ਦਿੱਲੀ ਤੇ ਚੰਡੀਗੜ੍ਹ ’ਚ ਇਸ ਤਰ੍ਹਾਂ ਦਾ ਜਮੂਦ ਹੈ ਕਿ ਇਹ ਹੁਣ ਸਿਰਫ ‘ਆਪ’ ਤੇ ਭਾਜਪਾ ਦੇ ਵਖ਼ਰੇਵਿਆਂ ਦਾ ਮਸਲਾ ਨਹੀਂ ਰਿਹਾ। ਪੰਜਾਬੀ ਇਹ ਸੋਚਣ ਲੱਗੇ ਹਨ ਕਿ ਕੀ ਉਨ੍ਹਾਂ ਨੂੰ ਮੋਦੀ ਸਰਕਾਰ ਦੇ ਲਿਆਂਦੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੀ ਸਜ਼ਾ ਦਿੱਤੀ ਜਾ ਰਹੀ ਹੈ? ਤੇ ਕੀ ‘ਹਿੰਦੂ’ ਹੁਣ ‘ਸਿੱਖਾਂ’ ਨੂੰ ਸਜ਼ਾ ਦੇਣਾ ਚਾਹੁੰਦੇ ਹਨ?
ਇਸ ’ਚੋਂ ਕੁਝ ਸ਼ਾਇਦ ਖਿਆਲੀ ਲੱਗੇ ਜਾਂ ਫਿਰ ਅਨੋਖਾ। ਸਮੱਸਿਆ ਇਹ ਹੈ ਕਿ ਕੇਂਦਰ ਤੇ ਸੂਬੇ ਦਰਮਿਆਨ ਜਮੂਦ, ਦਰਾੜ ਬਣ ਰਿਹਾ ਹੈ ਜਿੱਥੇ ਗੱਲਬਾਤ ਜੇਕਰ ਖ਼ਤਮ ਨਹੀਂ ਤਾਂ ਘਟ ਜ਼ਰੂਰ ਰਹੀ ਹੈ ਤੇ ਚੰਡੀਗੜ੍ਹ ਦੀਆਂ ਬੈਠਕਾਂ ’ਚ ਕੁਝ ਗੱਲਾਂ-ਬਾਤਾਂ ਇਸ ਸਵਾਲ ਨੂੰ ਦੁਹਰਾ ਰਹੀਆਂ ਹਨ- ਕੀ ‘ਜੈ ਸ੍ਰੀ ਰਾਮ’ ‘ਲਲਕਾਰ’ ਹੈ ਜਾਂ ‘ਪੁਕਾਰ’।
ਨਾਢਾ ਸਾਹਿਬ ਗੁਰਦੁਆਰੇ ’ਚ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਪੱਤਲ ’ਚ ਕੜਾਹ ਪ੍ਰਸ਼ਾਦਿ ਕਰਾਉਣ ਲਈ ਸਿਰਫ਼ 50 ਰੁਪਏ ਦੇਣੇ ਪੈਂਦੇ ਹਨ, ਬਾਕੀ ਸਭ ਮੁਫ਼ਤ ਹੈ। ਗੁਰਦੁਆਰੇ ਦੇ ਦੂਜੇ ਪਾਸੇ ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਪਾਰ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ’ਚ ਪੂਜਨੀਕ ਚਿੰਤਪੁਰਨੀ ਸ਼ਰਾਈਨ ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਇਹ ‘ਤੁਰੰਤ ਦਰਸ਼ਨਾਂ’ ਲਈ 300 ਰੁਪਏ ਲੈਣੇ ਸ਼ੁਰੂ ਕਰੇਗਾ ਜਿਸ ਨਾਲ ਤੁਸੀਂ ਕਤਾਰ ’ਚ ਅੱਗੇ ਲੰਘ ਕੇ ਪਹਿਲਾਂ ਦੇਵੀ ਅੱਗੇ ਨਤਮਸਤਕ ਹੋ ਸਕੋਗੇ।
ਸ਼ੀਸ਼ੇ ਅੱਗੇ ਖੜ੍ਹ ਕੇ ਖ਼ੁਦ ਨੂੰ ਇਹ ਸਾਰੇ ਸਵਾਲ ਮੁੜ ਕਰਨ ਦਾ ਗੁਰਪੁਰਬ ਤੋਂ ਵਧੀਆ ਹੋਰ ਕਿਹੜਾ ਮੌਕਾ ਹੋ ਸਕਦਾ ਹੈ? ਸ਼ਾਇਦ ਤੁਸੀਂ ‘ਨਿਰਵੈਰੁ’ ਤੋਂ ਸ਼ੁਰੂ ਕਰ ਕੇ ‘ਨਿਰਭਉ’ ਨਾਲ ਖ਼ਤਮ ਕਰ ਸਕੋ?
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement

Advertisement