For the best experience, open
https://m.punjabitribuneonline.com
on your mobile browser.
Advertisement

ਜਿ਼ਮਨੀ ਚੋਣਾਂ: ਦਲ-ਬਦਲੀ ਅਤੇ ਪਰਿਵਾਰਵਾਦ

06:14 AM Nov 16, 2024 IST
ਜਿ਼ਮਨੀ ਚੋਣਾਂ  ਦਲ ਬਦਲੀ ਅਤੇ ਪਰਿਵਾਰਵਾਦ
Advertisement

ਸੁਖਦੇਵ ਸਿੰਘ

Advertisement

ਭਾਰਤ ਦੇ ਹੋਰਨਾਂ ਸੂਬਿਆਂ ਦੇ ਨਾਲ-ਨਾਲ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਵੀ ਜ਼ਿਮਨੀ ਚੋਣਾਂ ਹੋ ਰਹੀਆਂ ਹਨ ਜਿਨ੍ਹਾਂ ਲਈ ਵੋਟਾਂ 20 ਨਵੰਬਰ 2024 ਨੂੰ ਪੈਣੀਆਂ ਹਨ। ਚੋਣਾਂ ਆਮ ਤੌਰ ’ਤੇ ਰਾਜਨੀਤਕ ਨੇਤਾਵਾਂ ਲਈ ਆਪਣੇ ਲੋਕ ਪੱਖੀ ਕੰਮਾਂ ਅਤੇ ਨੀਤੀਆਂ ਬਾਰੇ ਖੁਲਾਸਾ ਕਰਨ ਅਤੇ ਜਨਤਕ ਪ੍ਰਤੀਕਿਰਿਆ ਲੈਣ ਦਾ ਵਧੀਆ ਮੌਕਾ ਹੁੰਦੀਆਂ ਹਨ ਪਰ ਪੰਜਾਬ ਦੇ ਸਿਆਸੀ ਨੇਤਾ ਲੋਕ ਹਿੱਤ ਵਿੱਚ ਕੀਤੇ ਕੰਮਾਂ ਜਾਂ ਇਸ ਸਬੰਧੀ ਭਵਿੱਖ ਵਿੱਚ ਕਿਸੇ ਯੋਜਨਾ ਦੀ ਚਰਚਾ ਨਾਲੋਂ ਵੱਧ ਧਮਕੀਆਂ, ਝੂਠੇ ਦਾਅਵਿਆਂ ਅਤੇ ਮਖੌਲੀਆ ਪਰ ਮੀਸਣੀ ਬਿਆਨਬਾਜ਼ੀ ਕਰ ਰਹੇ ਹਨ। ਦੂਜੇ ਪਾਸੇ, ਸਿਆਸੀ ਪਾਰਟੀਆਂ ਨੇ ਇਨ੍ਹਾਂ ਚੋਣਾਂ ਨੂੰ ਉਮੀਦਵਾਰ ਦੀ ਜਿੱਤਣ ਯੋਗਤਾ ਦੇ ਨਾਂ ਹੇਠ ਦਲ-ਬਦਲੀ, ਪਰਿਵਾਰਵਾਦ ਅਤੇ ਇਨ੍ਹਾਂ ਸਬੰਧੀ ਬਿਆਨਬਾਜ਼ੀ ਦਾ ਮੌਕਾ ਬਣਾਇਆ ਹੋਇਆ ਹੈ।
ਸਿਆਸੀ ਪਾਰਟੀਆਂ ਵਿੱਚ ਲੋਕਾਂ ਦੇ ਭਰੋਸੇ ਦੀ ਘਾਟ ਇੰਨੀ ਜ਼ਿਆਦਾ ਹੈ ਕਿ ਸੂਬੇ ਦੀ ਸਭ ਤੋਂ ਪੁਰਾਣੀ ਅਤੇ ਰਵਾਇਤੀ ਤੌਰ ’ਤੇ ਮਜ਼ਬੂਤ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਨਾ ਲੜਨ ਨੂੰ ਤਰਜੀਹ ਦਿੱਤੀ ਹੈ। ਇਸ ਦੇ ਅਸੰਤੁਸ਼ਟ ਆਗੂਆਂ ਦਾ ਸਮੂਹ, ਅਕਾਲੀ ਦਲ ਸੁਧਾਰ ਲਹਿਰ ਵੀ ਚੋਣ ਮੁਕਾਬਲੇ ਤੋਂ ਬਾਹਰ ਹੈ। ਇਸ ਲਈ ਰਾਜ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ, ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਤਿਕੋਣਾ ਮੁਕਾਬਲਾ ਹੈ।
ਇੱਕ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਅਕਾਲੀ ਦਲ ਦੇ ਮੁਖੀ ਦਾ ਚਚੇਰਾ ਭਰਾ ਹੈ ਅਤੇ ਉਹ ਪਹਿਲਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਵਿੱਚ ਮੰਤਰੀ ਰਹਿ ਚੁੱਕਾ ਹੈ। ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਤਿੰਨ ਸਿਆਸੀ ਸਵਾਦ ਚੱਖ ਕੇ ਤਿਆਗ ਚੁੱਕਾ ਹੈ; ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਵੀ ਮੌਜੂਦਾ ਜ਼ਿਮਨੀ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ। ਕਾਂਗਰਸ ਪਾਰਟੀ ਦੀ ਉਮੀਦਵਾਰ ਕਾਂਗਰਸ ਪ੍ਰਦੇਸ਼ ਪਾਰਟੀ ਪ੍ਰਧਾਨ ਅਤੇ 2024 ਵਿੱਚ ਹੀ ਚੁਣੇ ਗਏ ਸੰਸਦ ਮੈਂਬਰ ਦੀ ਪਤਨੀ ਹੈ।
ਇੱਕ ਹੋਰ ਹਲਕੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਸੇ ਪਾਰਟੀ ਦੇ 2024 ਵਿੱਚ ਹੀ ਚੁਣੇ ਗਏ ਸੰਸਦ ਮੈਂਬਰ ਦਾ ਪੁੱਤਰ ਹੈ; ਇਹ ਸੰਸਦ ਮੈਂਬਰ 2024 ਦੀਆਂ ਸੰਸਦੀ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਵੱਲੋਂ ਵਿਧਾਨ ਸਭਾ ਮੈਂਬਰ ਅਤੇ ਵਿਰੋਧੀ ਧਿਰ ਦਾ ਨੇਤਾ ਸੀ; ਇਸ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਜਿੱਤੀ ਸੀ ਜਿਸ ਕਰ ਕੇ ਉਸ ਦੀ ਵਿਧਾਨ ਸਭਾ ਸੀਟ ਖਾਲੀ ਹੋਈ ਸੀ; ਹੁਣ ਉਸ ਦਾ ਪੁੱਤਰ ਉਮੀਦਵਾਰ ਹੈ। ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਵੀ ਵਿਧਾਨ ਸਭਾ ਜ਼ਿਮਨੀ ਚੋਣਾਂ ਤੋਂ ਕੁੁਝ ਸਮਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਸੀ; ਉਹ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹਿ ਚੁੱਕਿਆ ਹੈ।
ਤੀਜੇ ਹਲਕੇ ਵਿੱਚ ਕਾਂਗਰਸ ਉਮੀਦਵਾਰ ਵੀ ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਉਪ ਮੁੱਖ ਮੰਤਰੀ ਦੀ ਪਤਨੀ ਹੈ; ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਖ਼ੁਦ ਸਾਬਕਾ ਅਕਾਲੀ ਵਿਧਾਇਕ ਅਤੇ ਅਕਾਲੀ ਦਲ ਦੀ ਸਰਕਾਰ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਦਾ ਪੁੱਤਰ ਹੈ।
ਚੌਥੇ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਵਿਧਾਇਕ ਰਹਿ ਚੁੱਕਾ ਹੈ; ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਇੱਕ ਸੰਸਦ ਮੈਂਬਰ ਅਤੇ ਸਾਬਕਾ ਮੰਤਰੀ ਦਾ ਚਹੇਤਾ ਦੱਸਿਆ ਜਾਂਦਾ ਹੈ। ਇਸ ਨੂੰ ਆਪਣੀ ਹੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਨੂੰ ਨਜ਼ਰਅੰਦਾਜ਼ ਕਰ ਕੇ ਚੋਣ ਵਿੱਚ ਉਤਾਰਿਆ ਗਿਆ ਹੈ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਗ਼ੀ ਵਜੋਂ ਚੋਣ ਲੜ ਰਿਹਾ ਹੈ।
ਇਹ ਚਾਰੇ ਵਿਧਾਨ ਸਭਾ ਸੀਟਾਂ ਇਸ ਲਈ ਖਾਲੀ ਹੋਈਆਂ ਹਨ ਕਿਉਂਕਿ ਵਿਧਾਇਕਾਂ ਨੇ ਜੂਨ 2024 ਵਿੱਚ ਹੋਈਆਂ ਸੰਸਦੀ ਚੋਣਾਂ ਲੜੀਆਂ ਤੇ ਜਿੱਤੀਆਂ। ਹੁਣ ਚਾਰਾਂ ਵਿੱਚੋਂ ਤਿੰਨ ਵਿੱਚ ਚੋਣਾਂ ਲੜਨ ਵਾਲੇ ਉਮੀਦਵਾਰ 2024 ਵਿੱਚ ਚੁਣੇ ਗਏ ਸੰਸਦ ਮੈਂਬਰਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਹਨ। ਸੰਸਦ ਮੈਂਬਰਾਂ ਦੇ ਪਰਿਵਾਰਕ ਮੈਂਬਰਾਂ ਵਜੋਂ ਉਨ੍ਹਾਂ ਨੂੰ ‘ਜਿੱਤਣ ਯੋਗ’ ਉਮੀਦਵਾਰ ਮੰਨਿਆ ਗਿਆ ਹੈ ਜਾਂ ਫਿਰ ਉਨ੍ਹਾਂ ਦੇ ਪਰਿਵਾਰ ਨੂੰ ਹੀ ਹਲਕੇ ਦੀ ਨੁਮਾਇੰਦਗੀ ਦੇ ਯੋਗ ਮੰਨਿਆ ਗਿਆ ਹੈ।
ਸਵਾਲ ਪੈਦਾ ਹੁੰਦਾ ਹੈ ਕਿ ਸਿਆਸੀ ਪਾਰਟੀਆਂ ਕੋਲ ਸਮਾਜ ਦੇ ਕਿਸੇ ਹੋਰ ਵਰਗ ਦਾ ਕੋਈ ਹੋਰ ਮੈਂਬਰ ਨਹੀਂ ਹੈ ਜੋ ‘ਜਿੱਤਣ ਯੋਗ’ ਉਮੀਦਵਾਰ ਬਣ ਸਕੇ? ਜਾਂ ਫਿਰ ਕੁਝ ਨੇਤਾਵਾਂ ਨੇ ਚੋਣ ਰਾਜਨੀਤੀ ਨੂੰ ਪਰਿਵਾਰਕ ਏਕਾਧਿਕਾਰ ਜਾਂ ਭਾਈ-ਭਤੀਜਾਵਾਦ ਵਿੱਚ ਬਦਲ ਦਿੱਤਾ ਹੈ ਜਿਸ ਵਿੱਚ ਪਾਰਟੀ ਦੇ ਕਿਸੇ ਹੋਰ ਕਾਰਕੁਨ ਦੀ ਕੋਈ ਥਾਂ ਨਹੀਂ ਹੈ, ਭਾਵੇਂ ਕਿੰਨਾ ਵੀ ਇਮਾਨਦਾਰ ਅਤੇ ਮਿਹਨਤੀ ਕਿਉਂ ਨਾ ਹੋਵੇ।
ਬਹੁਤੇ ਸਿਆਸੀ ਆਗੂ ਵੰਸ਼ਵਾਦੀ ਰਾਜਨੀਤੀ, ਭਾਈ-ਭਤੀਜਾਵਾਦ ਅਤੇ ਦਲ-ਬਦਲੀ ਲਈ ਦੂਜਿਆਂ ਦੀ ਆਲੋਚਨਾ ਕਰਦੇ ਹਨ ਪਰ ਜਦੋਂ ਮੌਕਾ ਮਿਲਦਾ ਹੈ ਤਾਂ ਖ਼ੁਦ ਇਹੋ ਖੇਡ ਖੇਡਦਿਆਂ ਆਪਣੇ ਜੀਵਨ ਸਾਥੀ, ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਹੀ ‘ਜਿੱਤਣ ਯੋਗ ਉਮੀਦਵਾਰ’ ਵਜੋਂ ਪੇਸ਼ ਕਰਦੇ ਹਨ। ਸਿਆਸੀ ਵੰਸ਼ਵਾਦ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਇਜ਼ ਠਹਿਰਾਉਂਦਿਆਂ ਪਰਿਵਾਰ ਦੇ ਕੰਮਾਂ ਅਤੇ ਕੁਰਬਾਨੀਆਂ ਦਾ ਵਿਖਿਆਨ ਕਰਦੇ ਹਨ।
ਕਾਂਗਰਸੀ ਸੰਸਦ ਮੈਂਬਰ ਅਤੇ ਪਾਰਟੀ ਸੂਬਾ ਪ੍ਰਧਾਨ ਨੇ ਆਪਣੀ ਪਤਨੀ (ਜੋ ਕਾਂਗਰਸੀ ਉਮੀਦਵਾਰ ਹੈ) ਦੇ ਹੱਕ ਵਿੱਚ ਕੁਝ ਦਿਨ ਪਹਿਲਾਂ ਵੋਟਰਾਂ ਨੂੰ ਸੰਬੋਧਨ ਕਰਦਿਆਂ ਮਜ਼ਾਹੀਆ ਅੰਦਾਜ਼ ਵਿੱਚ ਕਿਹਾ ਕਿ ਉਸ ਦੀ ਪਤਨੀ ਲਿਪਸਟਿਕ ਬਿੰਦੀ ਲਾ ਕੇ ਸਵੇਰੇ ਛੇ ਵਜੇ ਨਿਕਲਦੀ ਹੈ ਅਤੇ ਰਾਤ ਨੂੰ ਗਿਆਰਾਂ ਵਜੇ ਵਾਪਸ ਘਰ ਮੁੜਦੀ ਹੈ। ਇਸ ਤੋਂ ਇਲਾਵਾ, ਉਸ ਨੇ ਹਾਸੇ ਨਾਲ ਆਪਣੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਉਸ ਲਈ ਰਸੋਈਆ ਲੱਭ ਲੈਣ ਜੋ ਉਸ ਲਈ ਖਾਣਾ ਤਿਆਰ ਕਰ ਸਕੇ। ਆਪਣੀ ਪਤਨੀ ਦੀ ਜਿੱਤ ਯਕੀਨੀ ਦੱਸਦਿਆਂ ਚੋਣਾਂ ਤੋਂ ਬਾਅਦ ਉਸ ਦੇ ਸਮਾਜਿਕ ਸਮਾਗਮਾਂ ਦੇ ਰੁਝੇਵਿਆਂ ਦਾ ਵੇਰਵਾ ਦਿੰਦੇ ਹੋਏ ਉਸ ਨੇ ਝੋਰਾ ਕੀਤਾ ਕਿ ਫਿਰ ਤਾਂ ਉਹ ਉਸ ਦਾ ਸਿਰਫ਼ ਇੰਤਜ਼ਾਰ ਹੀ ਕਰਿਆ ਕਰੇਗਾ; ਜਿਵੇਂ ਉਹ ਹਲਕੇ ਦੀ ਨੁਮਾਇੰਦਗੀ ਕਰਨ ਦੀ ਹਾਮੀ ਭਰਨ ਲਈ ਆਪਣੇ ਬਲਿਦਾਨ ਦਾ ਖੁਲਾਸਾ ਕਰਦਿਆਂ ਲੋਕਾਂ ਦਾ ਧਿਆਨ ਪਰਿਵਾਰਵਾਾਦ ਤੋਂ ਹਟਾ ਰਿਹਾ ਹੋਵੇ।
ਵੰਸ਼ਵਾਦੀ ਰਾਜਨੀਤੀ ਨੂੰ ਜਾਇਜ਼ ਠਹਿਰਾਉਂਦਾ ਇਹ ਹਾਸੇ-ਠੱਠੇ ਵਾਲਾ ਪਰ ਅਸਰ ਭਰਪੂਰ ਸ਼ਕਤੀਸ਼ਾਲੀ ਭਾਸ਼ਣ ਹੈ ਜੋ ਪਰਿਵਾਰਵਾਦ ਨੂੰ ਕਿਸੇ ਵਿਸ਼ੇਸ਼ ਲਾਭ ਦੀ ਬਜਾਇ ‘ਸੇਵਾ ਅਤੇ ਕੁਰਬਾਨੀ’ ਦਰਸਾਉਂਦਾ ਹੈ। ਇਹ ਭਾਸ਼ਣ ਬਸਤੀਵਾਦ ਨੂੰ ਜਾਇਜ਼ ਠਹਿਰਾਉਂਦੇ ਮਸ਼ਹੂਰ ਜੁਮਲੇ ‘ਵ੍ਹਾਈਟਮੈਨਜ਼ ਬਰਡਨ’ (ਗੋਰੇ ਆਦਮੀ ਦਾ ਬੋਝ) ਵਰਗਾ ਪਰਿਵਾਰਵਾਦ ਨੂੰ ਜਾਇਜ਼ ਠਹਿਰਾਉਂਦਾ ‘ਵੰਸ਼ ਦਾ ਬੋਝ’ ਜੁਮਲਾ ਹੈ।
ਭਾਜਪਾ ਉਮੀਦਵਾਰ ਲਈ ਆਪਣੀ ਮੁਹਿੰਮ ਦੌਰਾਨ ਆਪਣੇ ਆਪ ਨੂੰ ਰਾਜ ਦਾ ਅਗਲਾ ਮੁੱਖ ਮੰਤਰੀ ਦੱਸਦਿਆਂ ਭਾਰਤ ਸਰਕਾਰ ਦੇ ਇੱਕ ਮੰਤਰੀ ਨੇ ਕਿਸਾਨ ਆਗੂਆਂ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਹੈ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਦੀ ਧਮਕੀ ਦਿੱਤੀ ਹੈ। ਉਸ ਦੀ ਧਮਕੀ ਜਮਹੂਰੀਅਤ ਦਾ ਅਪਮਾਨ ਅਤੇ ਧੱਕਾਸ਼ਾਹੀ ਹੈ ਜਦੋਂਕਿ ਉਮੀਦਵਾਰ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿਵਾਉਣ ਲਈ ਸਿਫ਼ਾਰਿਸ਼ ਕਰਨ ਦਾ ਵਾਅਦਾ ਕਰਦਾ ਸੁਣਿਆ ਗਿਆ ਹੈ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ’ਚ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸ ਦੇ ਸੁਪਰੀਮੋ ਨੇ ਕਾਂਗਰਸ ਐੱਮਪੀ ਨੂੰ ‘ਭ੍ਰਿਸ਼ਟ’ ਕਿਹਾ ਹੈ ਅਤੇ ਉਸ ’ਤੇ ਵੰਸ਼ਵਾਦੀ ਰਾਜਨੀਤੀ ਦਾ ਦੋਸ਼ ਲਾਇਆ ਹੈ ਜਦੋਂਕਿ ਉਹ ਆਪ ਇੱਕ ਹੋਰ ਚੋਣ ਹਲਕੇ ਵਿੱਚ ਉਸੇ ਦਿਨ ਕੁਝ ਸਮਾਂ ਪਹਿਲਾਂ ਹੀ ਵੰਸ਼ਵਾਦੀ ਰਾਜਨੀਤੀ ਤਹਿਤ ਨਵਾਜੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰ ਕੇ ਆਇਆ ਸੀ।
ਦਲ-ਬਦਲੀ, ਵੰਸ਼ਵਾਦ, ਅਪਮਾਨਜਨਕ ਬਿਆਨਬਾਜ਼ੀ, ਗ਼ੈਰ-ਜ਼ਿੰਮੇਵਾਰਾਨਾ ਵਾਅਦੇ ਲੋਕਤੰਤਰ ਵਿੱਚ ਗਿਰਾਵਟ ਦੇ ਸੂਚਕ ਹਨ ਜਿਸ ਨੂੰ ਲੋਕਾਂ ਅਤੇ ਸਿਆਸੀ ਪਾਰਟੀਆਂ, ਦੋਵਾਂ ਨੂੰ ਹੱਲ ਕਰਨਾ ਚਾਹੀਦਾ ਹੈ। ਵੰਸ਼ਵਾਦੀ ਅਤੇ ਦਲ-ਬਦਲੀ ਦੀ ਰਾਜਨੀਤੀ ਲੋਕਤੰਤਰ ਲਈ ਸਿਹਤਮੰਦ ਰੁਝਾਨ ਨਹੀਂ ਕਿਉਂਕਿ ਇਸ ਨਾਲ ਦੂਜੇ ਪਾਰਟੀ ਕਾਰਕੁਨਾਂ ਦੀ ਰਾਜਨੀਤਕ ਤਰੱਕੀ ਅਤੇ ਉਨ੍ਹਾਂ ਵੱਲੋਂ ਸ਼ਾਸਨ ਲਈ ਬਦਲਵੀਂ ਪ੍ਰਤਿਭਾ ਪੇਸ਼ ਕਰਨ ਦੀ ਗੁੰਜਾਇਸ਼ ਨਹੀਂ ਰਹਿੰਦੀ। ਅਜਿਹੀ ਰਾਜਨੀਤੀ ਨਾਲ ਲੋਕਤੰਤਰ ਦਾ ‘ਸਭ ਲਈ ਬਰਾਬਰ ਮੌਕੇ’ ਵਾਲਾ ਸਿਧਾਂਤ ਨਕਾਰਿਆ ਜਾਂਦਾ ਹੈ। ਸਿਆਸੀ ਤੌਰ ’ਤੇ ਖਾਸ ਪਰਿਵਾਰਾਂ ਦੇ ਮੈਂਬਰ ਹੀ ‘ਜਿੱਤਣ ਯੋਗ’ ਉਮੀਦਵਾਰ ਵਾਲਾ ਵਿਚਾਰ ਅਤੇ ਵਿਹਾਰ ਇਮਾਨਦਾਰ ਪਾਰਟੀ ਵਰਕਰਾਂ ਨੂੰ ਨਿਰਾਸ਼ ਕਰਦਾ ਹੈ ਅਤੇ ਉਨ੍ਹਾਂ ਨੂੰ ਚਾਪਲੂਸੀ ਤੇ ਭ੍ਰਿਸ਼ਟਾਚਾਰ ਵੱਲ ਧੱਕਦਾ ਹੈ।
*ਪ੍ਰੋਫੈਸਰ (ਸੇਵਾਮੁਕਤ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ।
ਸੰਪਰਕ: 94642-25655

Advertisement

Advertisement
Author Image

joginder kumar

View all posts

Advertisement