For the best experience, open
https://m.punjabitribuneonline.com
on your mobile browser.
Advertisement

ਤਾਇਵਾਨ ਭੂਚਾਲ ਦੇ ਸਬਕ

08:10 AM Apr 05, 2024 IST
ਤਾਇਵਾਨ ਭੂਚਾਲ ਦੇ ਸਬਕ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਤਾਇਵਾਨ ਵਿੱਚ 3 ਅਪਰੈਲ ਨੂੰ ਆਏ 7.2 ਦੀ ਤੀਬਰਤਾ ਵਾਲੇ ਭੂਚਾਲ ਨਾਲ ਪੂਰਾ ਮੁਲਕ ਹਿੱਲ ਗਿਆ ਹੈ। ਪਿਛਲੇ 25 ਸਾਲਾਂ ਵਿਚ ਰਿਕਟਰ ਪੈਮਾਨੇ ’ਤੇ ਇਹ ਤਾਇਵਾਨ ’ਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ। ਇਸ ਭੂਚਾਲ ਨੇ ਪ੍ਰਸ਼ਾਂਤ ਮਹਾਸਾਗਰ ਵਿਚਲੇ ‘ਰਿੰਗ ਆਫ ਫਾਇਰ’ ਨਾਲ ਲੱਗਦੇ ਤਾਇਵਾਨ ਨੂੰ ਦਰਪੇਸ਼ ਖ਼ਤਰਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਦੇ ਬਾਵਜੂਦ ਝਟਕਿਆਂ ਵੱਲੋਂ ਮਚਾਈ ਤਬਾਹੀ ਵਿਚਕਾਰ ਤਾਇਵਾਨ ਦੀ ਪ੍ਰਤੀਕਿਰਿਆ ਦੂਜਿਆਂ ਲਈ ਮਿਸਾਲ ਬਣ ਗਈ ਜਿਸ ਨੇ ਇਹ ਅਹਿਮ ਸੁਨੇਹਾ ਦਿੱਤਾ ਕਿ ਭੂਚਾਲ ਮੌਤਾਂ ਦਾ ਕਾਰਨ ਨਹੀਂ ਬਣਦੇ ਬਲਕਿ ਇਮਾਰਤਾਂ ਬਣਦੀਆਂ ਹਨ। ਦੇਸ਼ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਭੂਚਾਲਾਂ ਦੇ ਪੱਖ ਤੋਂ ਅਤਿ-ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਪਰ ਕੁਦਰਤੀ ਤਾਕਤਾਂ ਤੋਂ ਬਚਾਅ ਲਈ ਇਸ ਨੇ ਢੁੱਕਵੇਂ ਪ੍ਰਬੰਧ ਕੀਤੇ ਹਨ। ਹਾਲਾਂਕਿ ਅਸਲ ਤ੍ਰਾਸਦੀ ਧਰਤੀ ਹਿੱਲਣ ਨਾਲ ਨਹੀਂ ਵਾਪਰਦੀ, ਗ਼ੈਰ-ਵਾਜਬਿ ਢੰਗ ਨਾਲ ਉਸਰੀਆਂ ਇਮਾਰਤਾਂ ਦਾ ਡਿੱਗਣਾ ਤ੍ਰਾਸਦੀ ਦਾ ਕਾਰਨ ਬਣਦਾ ਹੈ। ਜਦੋਂ ਇਮਾਰਤਾਂ ਝਟਕੇ ਸਹਿਣ ’ਚ ਨਾਕਾਮ ਹੋ ਜਾਂਦੀਆਂ ਹਨ, ਉਦੋਂ ਹੀ ਮਨੁੱਖੀ ਜਿ਼ੰਦਗੀ ਦਾ ਵੱਡਾ ਨੁਕਸਾਨ ਹੁੰਦਾ ਹੈ।
ਇਸ ਟਾਪੂ ਮੁਲਕ ਦੇ ਸਖ਼ਤ ਇਮਾਰਤੀ ਜ਼ਾਬਤੇ, ਭੂਚਾਲਾਂ ਸਬੰਧੀ ਮਜ਼ਬੂਤ ਨੈੱਟਵਰਕ, ਫੌਰੀ ਹੰਗਾਮੀ ਪ੍ਰਤੀਕਿਰਿਆ ਤੇ ਭੂਚਾਲਾਂ ਤੋਂ ਸੁਰੱਖਿਆ ਬਾਰੇ ਵਿਆਪਕ ਜਨਤਕ ਜਾਗਰੂਕਤਾ ਮੁਹਿੰਮਾਂ ਲਾਹੇਵੰਦ ਸਾਬਿਤ ਹੋਈਆਂ ਹਨ। ਸਾਲ 1999 ਦਾ ਭੂਚਾਲ ਜਿਸ ਵਿਚ 2500 ਤੋਂ ਵੱਧ ਜਾਨਾਂ ਗਈਆਂ ਸਨ, ਤੋਂ ਬਾਅਦ ਕੀਤੇ ਗਏ ਪ੍ਰਸ਼ਾਸਕੀ ਸੁਧਾਰਾਂ ਨੇ ਭੂਗੋਲਿਕ ਹਲਚਲਾਂ ਦੇ ਮਾਮਲੇ ’ਚ ਮੁਲਕ ਦੀ ਤਿਆਰੀ ਪ੍ਰਤੀ ਵਚਨਬੱਧਤਾ ਨੂੰ ਹੋਰ ਪੱਕਾ ਕੀਤਾ। ਹਾਲੀਆ ਭੂਚਾਲ ਦੀ ਉੱਚੀ ਤੀਬਰਤਾ ਦੇ ਬਾਵਜੂਦ, ਵੱਡੇ ਨੁਕਸਾਨ ਤੋਂ ਬਚਾਅ ਰਿਹਾ ਤੇ ਤੇਇਪੇਈ ਦੇ ਉਭਾਰ ਨੇ ਮਿਸਾਲ ਕਾਇਮ ਕੀਤੀ। ਇਸ ਭੂਚਾਲ ਵਿੱਚ 10 ਮੌਤਾਂ ਹੋਈਆਂ, ਸੈਂਕੜੇ ਫੱਟੜ ਹੋਏ ਤੇ ਇਮਾਰਤਾਂ ਦਾ ਕਾਫ਼ੀ ਨੁਕਸਾਨ ਹੋਇਆ।
ਇਸ ਦੀ ਤੁਲਨਾ ਵਿੱਚ ਭਾਰਤ ਇਮਾਰਤਾਂ ਦੀ ਉਸਾਰੀ ਦੇ ਮਾੜੇ ਪੱਧਰ ਕਾਰਨ ਭੂਚਾਲਾਂ ਦੇ ਭਿਆਨਕ ਸਿੱਟਿਆਂ ਨਾਲ ਜੂਝਦਾ ਰਿਹਾ ਹੈ। ਲਾਤੂਰ (1993, ਕਰੀਬ 10000 ਮੌਤਾਂ) ਅਤੇ ਭੁਜ (2001, 13000 ਤੋਂ ਵੱਧ ਮੌਤਾਂ) ਵਿਚ ਆਏ ਭੂਚਾਲ ਨੇ ਬੁਨਿਆਦੀ ਉਸਾਰੀ ਦੇ ਜੋਖ਼ਮਾਂ ਦੀ ਮਨੁੱਖੀ ਕੀਮਤ ਦਾ ਚੇਤਾ ਕਰਾਇਆ। ਆਫ਼ਤਾਂ ਨਾਲ ਨਜਿੱਠਣ ’ਚ ਬਣੀਆਂ ਚੁਣੌਤੀਆਂ ਦੇ ਮੱਦੇਨਜ਼ਰ ਸੁਧਾਰ ਲਈ ਭਾਰਤ ਨੂੰ ਤਾਇਵਾਨ ਤੋਂ ਬਹੁਤ ਕੁਝ ਸਿੱਖਣ ਲਈ ਮਿਲ ਸਕਦਾ ਹੈ। ਮਹਿਜ਼ ਆਫ਼ਤ ਪ੍ਰਬੰਧਨ ਦੀ ਬਜਾਇ ਇਮਾਰਤਾਂ ਦੀ ਉਸਾਰੀ ਦੇ ਮਾਮਲੇ ਵਿਚ ਭਾਰਤ ਤਾਇਵਾਨ ਤੋਂ ਸਬਕ ਲੈ ਸਕਦਾ ਹੈ ਜੋ ਅਸਰਦਾਰ ਢੰਗ ਨਾਲ ਭੂਚਾਲ ਦੇ ਝਟਕੇ ਸਹਿ ਸਕਣ। ਇਸ ਦੇ ਨਾਲ ਹੀ ਇਹ ਤ੍ਰਾਸਦੀ ਸਿਆਸੀ ਵਖਰੇਵਿਆਂ ਤੋਂ ਉਤਾਂਹ ਉੱਠ ਬਚਾਅ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਉੱਤੇ ਵੀ ਜ਼ੋਰ ਦਿੰਦੀ ਹੈ। ਇਹ ਤੱਥ ਵੀ ਨੋਟ ਕਰਨ ਵਾਲਾ ਹੈ ਕਿ ਅੱਜ ਕੱਲ੍ਹ ਬਹੁਤ ਸਾਰੇ ਇਲਾਕਿਆਂ, ਖਾਸ ਕਰ ਕੇ ਪਹਾੜੀ ਖੇਤਰਾਂ ਵਿਚ ਕੁਦਰਤ ਨਾਲ ਬਹੁਤ ਵੱਡੇ ਪੱਧਰ ’ਤੇ ਛੇੜਛਾੜ ਕੀਤੀ ਜਾ ਰਹੀ ਹੈ। ਨੇਮਾਂ-ਨਿਯਮਾਂ ਦੀ ਉੱਕਾ ਹੀ ਪ੍ਰਵਾਹ ਨਹੀਂ ਕੀਤੀ ਜਾ ਰਹੀ। ਤਾਇਵਾਨ ਦੀ ਰਣਨੀਤਕ ਸੈਮੀਕੰਡਕਟਰ ਸਨਅਤ ਜੋ ਆਲਮੀ ਸਪਲਾਈ ਲੜੀ ਲਈ ਅਹਿਮ ਹੈ, ਇਸ ਵੇਲੇ ਸੰਭਾਵੀ ਅੜਿੱਕਿਆਂ ਦਾ ਸਾਹਮਣਾ ਕਰ ਰਹੀ ਹੈ ਜਿਸ ਨੇ ਪਹਿਲਾਂ ਤੋਂ ਹੀ ਆਲਮੀ ਟਕਰਾਅ ਦਾ ਕੇਂਦਰ ਬਣੇ ਇਸ ਟਾਪੂ ਮੁਲਕ ਨਾਲ ਸਬੰਧਿਤ ਚਿੰਤਾਵਾਂ ਨੂੰ ਹੋਰ ਵਧਾਇਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×