For the best experience, open
https://m.punjabitribuneonline.com
on your mobile browser.
Advertisement

ਸਿਲਕਿਆਰਾ-ਬਾਰਕੋਟ ਸੁਰੰਗ ਹਾਦਸੇ ਦੇ ਸਬਕ

06:11 AM Nov 28, 2023 IST
ਸਿਲਕਿਆਰਾ ਬਾਰਕੋਟ ਸੁਰੰਗ ਹਾਦਸੇ ਦੇ ਸਬਕ
Advertisement

ਡਾ. ਗੁਰਿੰਦਰ ਕੌਰ

ਉੱਤਰਕਾਸ਼ੀ ਯਮਨੋਤਰੀ ਮਾਰਗ ਦੀ ਸਿਲਕਿਆਰਾ ਅਤੇ ਬਾਰਕੋਟ ਨੂੰ ਜੋੜਨ ਵਾਲੀ ਉਸਾਰੀ ਅਧੀਨ ਸੁਰੰਗ ਦਾ ਕੁਝ ਹਿੱਸਾ 12 ਨਵੰਬਰ ਨੂੰ ਸਵੇਰੇ 5.30 ਵਜੇ ਡਿਗਣ ਕਾਰਨ 41 ਮਜ਼ਦੂਰ ਸੁਰੰਗ ਵਿਚ ਫਸ ਗਏ। ਮਜ਼ਦੂਰ ਉਸ ਵੇਲੇ ਸੁਰੰਗ ਵਿਚ ਕੰਮ ਕਰ ਰਹੇ ਸਨ। ਇਨ੍ਹਾਂ ਨੂੰ ਬਾਹਰ ਕੱਢਣ ਦੇ ਉਪਰਾਲੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਸਨ। ਇਨ੍ਹਾਂ ਨੂੰ ਚਾਰ ਇੰਚੀ ਪਾਈਪ ਰਾਹੀਂ ਪਾਣੀ, ਆਕਸੀਜਨ ਪਹੁੰਚਾਉਣ ਦਾ ਕੰਮ ਉਸੇ ਦਿਨ ਸ਼ੁਰੂ ਹੋ ਗਿਆ ਸੀ। ਸੁਰੰਗ ਅੰਦਰ ਫਸੇ ਮਜ਼ਦੂਰ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੜੀਸਾ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਨਾਲ ਸਬੰਧਿਤ ਹਨ।
ਇਹ ਸੁਰੰਗ 4.5 ਕਿਲੋਮੀਟਰ ਲੰਮੀ ਹੈ ਅਤੇ ਚਾਰ ਧਾਮ ਮਾਰਗ ਦਾ ਹਿੱਸਾ ਹੈ। ਇਸ ਦਾ ਸਿਲਕਿਆਰਾ ਵਾਲੇ ਪਾਸੇ ਤੋਂ 2.3 ਕਿਲੋਮੀਟਰ ਅਤੇ ਬਾਰਕੋਟ ਵਾਲੇ ਪਾਸੇ ਤੋਂ 1.75 ਕਿਲੋਮੀਟਰ ਹਿੱਸਾ ਪੂਰਾ ਹੋ ਚੁੱਕਾ ਹੈ। 12 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਸਿਲਕਿਆਰਾ ਵਾਲੇ ਪਾਸਿਓਂ 205 ਤੋਂ 260 ਮੀਟਰ ਦੇ ਵਿਚਕਾਰ ਸੁਰੰਗ ਦਾ ਇੱਕ ਹਿੱਸਾ ਢਹਿ ਗਿਆ। ਸੁਰੰਗ ਦਾ ਬਣਿਆ ਹਿੱਸਾ ਕਿਵੇਂ ਢਹਿ ਗਿਆ, ਇਸ ਬਾਰੇ ਵਿਚਾਰ ਕਰਨੀ ਬਣਦੀ ਹੈ। ਮਜ਼ਦੂਰਾਂ ਅਨੁਸਾਰ ਸੁਰੰਗ ਢਹਿਣ ਤੋਂ ਦੋ ਤਿੰਨ ਦਿਨ ਪਹਿਲਾਂ ਜਦੋਂ ਉਹ ਜਾਲੀਦਾਰ ਗਾਰਡਰ ਹਟਾ ਰਹੇ ਸਨ, ਉਦੋਂ ਸੁਰੰਗ ਦੀ ਛੱਤ ਤੋਂ ਕੁਝ ਮਲਬਾ ਡਿਗਿਆ ਸੀ। ਫਿਰ 11 ਨਵੰਬਰ ਦੀ ਰਾਤ ਨੂੰ ਕੰਕਰੀਟ ਦਾ ਇੱਕ ਟੁਕੜਾ ਵੀ ਛੱਤ ਤੋਂ ਡਿਗਿਆ। ਇਸ ਬਾਰੇ ਉਨ੍ਹਾਂ ਆਪਣੇ ਸੀਨੀਅਰਾਂ ਨੂੰ ਦੱਸਿਆ ਸੀ। ਸੁਰੰਗ ਦੀ ਛੱਤ ਦਾ ਜੋ ਹਿੱਸਾ 12 ਨਵੰਬਰ ਨੂੰ ਡਿਗਿਆ, ਉਹੀ ਹਿੱਸਾ ਪਹਿਲਾਂ 2019 ਵਿਚ ਵੀ ਡਿਗਿਆ ਸੀ। ਇਸ ਸਾਲ ਮਾਰਚ ਮਹੀਨੇ ਵੀ ਇਸੇ ਸੁਰੰਗ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਸੀ। ਉਸ ਵੇਲੇ ਪਾਣੀ ਨਾਲ ਸੁਰੰਗ ਦੀ ਛੱਤ ਤੋਂ ਮਲਬਾ ਵੀ ਡਿਗਣ ਲੱਗ ਪਿਆ ਸੀ। ਉਸ ਸਮੇਂ ਘਟਨਾ ਦੇ ਮੁਕਾਬਲੇ ਬਹੁਤ ਘਟ ਮਲਬਾ ਡਿਗਿਆ ਸੀ।
ਉੱਤਰਾਖੰਡ ਦੇ ਵਿਕਾਸ ਕਾਰਜਾਂ ਦੌਰਾਨ ਵਾਪਰੀ ਇਹ ਕੋਈ ਪਹਿਲੀ ਘਟਨਾ ਨਹੀਂ ਜਦੋਂ ਮਜ਼ਦੂਰਾਂ ਜਾਂ ਉੱਤਰਾਖੰਡ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਅਤੇ ਉਨ੍ਹਾਂ ਦੀ ਜਾਨ ’ਤੇ ਬਣ ਆਈ ਹੋਵੇ। ਟਿਹਰੀ ਹਾਈਡਰੋ ਪਾਵਰ ਪ੍ਰਾਜੈਕਟ ਬਣਨ ਸਮੇਂ 2 ਅਗਸਤ 2004 ਵਿਚ ਸੁਰੰਗ ਢਹਿਣ ਕਾਰਨ 80 ਮਜ਼ਦੂਰ ਫਸ ਗਏ ਜਿਨ੍ਹਾਂ ਵਿਚੋਂ 29 ਦੀ ਜਾਨ ਚਲੀ ਗਈ ਸੀ। 7 ਫਰਵਰੀ 2021 ਵਿਚ ਮੀਂਹਾਂ ਪਿੱਛੋਂ ਆਏ ਹੜ੍ਹਾਂ ਨਾਲ ਤਪੋਵਨ ਵਿਸ਼ਨੂਗੜ੍ਹ ਹਾਈਡਰੋ ਪਾਵਰ ਪ੍ਰਾਜੈਕਟ ਦੀ ਸੁਰੰਗ ਵਿਚ ਫਸਣ ਕਾਰਨ 200 ਤੋਂ ਵਧ ਮਜ਼ਦੂਰਾਂ ਦੀ ਮੌਤ ਹੋ ਗਈ ਸੀ। 7 ਨਵੰਬਰ 2023 ਨੂੰ ਵੀ ਰਿਸ਼ੀਕੇਸ਼-ਕਰਨਪ੍ਰਯਾਗ ਰੇਲ ਪਟੜੀ ਦੀ ਉਸਾਰੀ ਅਧੀਨ ਸੁਰੰਗ ਵਿਚ ਰੱਖੇ ਰਸਾਇਣਾਂ ਨੂੰ ਅੱਗ ਲੱਗਣ ਨਾਲ ਲਗਭਗ 44 ਮਜ਼ਦੂਰ ਅੱਗ ਵਿਚ ਘਿਰ ਗਏ ਸਨ। ਮੌਕੇ ਸਿਰ ਅੱਗ ਉੱਤੇ ਕਾਬੂ ਪਾ ਕੇ ਉਨ੍ਹਾਂ ਨੂੰ ਬਚਾ ਲਿਆ ਗਿਆ।
ਇਸ ਸਾਲ ਜਨਵਰੀ ਵਿਚ ਜੋਸ਼ੀਮੱਠ ਸ਼ਹਿਰ ਦੇ ਸੈਂਕੜੇ ਘਰਾਂ ਤੇ ਇਮਾਰਤਾਂ ਵਿਚ ਤਰੇੜਾਂ ਆ ਗਈਆਂ ਸਨ; ਕੁਝ ਘਰ ਤੇ ਇਮਾਰਤਾਂ ਜ਼ਮੀਨ ਵਿਚ ਗਰਕਣ ਲੱਗੇ ਸਨ। 23 ਜਨਵਰੀ 2023 ਜੋਸ਼ੀਮੱਠ ਨੂੰ ਗਰਕਣ ਵਾਲਾ ਖੇਤਰ ਐਲਾਨ ਦਿੱਤਾ ਗਿਆ ਸੀ। ਸਥਾਨਕ ਲੋਕਾਂ ਅਨੁਸਾਰ ਜੋਸ਼ੀਮੱਠ ਦੇ ਘਰ ਗਰਕਣ ਦਾ ਮੁੱਖ ਕਾਰਨ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਦੇ ਤਪੋਵਨ ਵਿਸ਼ਨੂਗੜ੍ਹ ਹਾਈਡਰੋ ਪਾਵਰ ਪ੍ਰਾਜੈਕਟ ਲਈ ਬਣਾਈ ਜਾ ਰਹੀ 12 ਕਿਲੋਮੀਟਰ ਲੰਮੀ ਸੁਰੰਗ ਹੈ ਜਿਸ ਨੇ ਜੋਸ਼ੀਮੱਠ ਦੇ ਘਰਾਂ ਦੇ ਥੱਲੇ ਤੋਂ ਜ਼ਮੀਨ ਗਰਕਾ ਦਿੱਤੀ ਹੈ।
ਹੁਣ ਜਿਸ ਸੁਰੰਗ ਵਿਚ ਘਟਨਾ ਵਾਪਰੀ ਹੈ, ਉਸ ਨਾਲ ਸਿਲਕਿਆਰਾ ਅਤੇ ਬਾਰਕੋਟ ਵਿਚਕਾਰ 25 ਕਿਲੋਮੀਟਰ ਦੀ ਦੂਰੀ ਸਿਰਫ਼ 4.5 ਕਿਲੋਮੀਟਰ ਰਹਿ ਜਾਵੇਗੀ ਅਤੇ ਇਸ ਫਾਸਲੇ ਨੂੰ ਪਾਰ ਕਰਨ ਵਿਚ ਇੱਕ ਘੰਟੇ ਦੀ ਥਾਂ ਸਿਰਫ 5 ਮਿੰਟ ਲੱਗਣਗੇ। ਚਾਰ ਧਾਮ ਮਾਰਗ ਰਾਹੀਂ ਚਾਰ ਧਾਰਮਿਕ ਸਥਾਨਾਂ ਕੇਦਾਰਨਾਥ, ਬਦਰੀਨਾਥ, ਗੰਗਤੋਰੀ ਅਤੇ ਯਮਨੋਤਰੀ ਨੂੰ ਹਰ ਮੌਸਮ ਵਿਚ ਆਪਸ ਵਿਚ ਜੋੜਨਾ ਹੈ। ਉੱਤਰਾਖੰਡ ਪਹਾੜੀ ਰਾਜ ਹੈ, ਇੱਥੇ ਸਰਦੀਆਂ ਵਿਚ ਬਰਫ਼ ਪੈਣ ਨਾਲ ਇਹ ਸਾਰੇ ਧਾਰਮਿਕ ਅਸਥਾਨ 6 ਮਹੀਨੇ ਬੰਦ ਰਹਿੰਦੇ ਹਨ। ਹਰ ਮੌਸਮ ਵਿਚ ਇਨ੍ਹਾਂ ਧਾਰਮਿਕ ਸਥਾਨਾਂ ਉੱਤੇ ਪਹੁੰਚ ਬਣਾਉਣ ਲਈ ਚਾਰ ਧਾਮ ਮਾਰਗ ਬਣਾਇਆ ਜਾ ਰਿਹਾ ਹੈ। ਇਹ ਸੜਕ ਚਾਰ ਮਾਰਗੀ ਬਣ ਰਹੀ ਹੈ ਅਤੇ ਇਸ ਦੀ ਕੁੱਲ ਲੰਬਾਈ ਤਕਰੀਬਨ 900 ਕਿਲੋਮੀਟਰ ਹੈ। ਇਹ ਮਾਰਗ ਵਾਤਾਵਰਨ ਸੰਵੇਦਨਸ਼ੀਲ ਖੇਤਰ ਵਿਚੋਂ ਲੰਘਦਾ ਹੈ। ਇਸ ਨੂੰ ਬਣਾਉਣ ਤੋਂ ਪਹਿਲਾਂ ਸਾਰੇ ਖੇਤਰ ਦਾ ਵਾਤਾਵਰਨ ਪ੍ਰਭਾਵ ਮੁਲਾਂਕਣ ਕਰਵਾਉਣਾ ਜ਼ਰੂਰੀ ਸੀ ਪਰ ਮਾਰਗ ਬਣਾਉਣ ਲਈ ਇਸ ਨੂੰ 53 ਛੋਟੇ ਛੋਟੇ ਹਿੱਸਿਆਂ ਵਿਚ ਵੰਡ ਕੇ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ 100 ਕਿਲੋਮੀਟਰ ਤੋਂ ਵੱਧ ਲੰਮੀ ਸੜਕ ਬਣਾਉਣ ਲਈ ਵਾਤਾਵਰਨ ਪ੍ਰਭਾਵ ਮੁਲਾਂਕਣ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਉਸਾਰੀ ਵਾਲਾ ਖੇਤਰ ਉਸ ਉਸਾਰੀ ਦੇ ਅਨੁਕੂਲ ਹੈ ਜਾਂ ਨਹੀਂ। ਸੜਕ ਦੀ ਚੌੜਾਈ 12 ਮੀਟਰ ਰੱਖੀ ਜਾ ਰਹੀ ਹੈ ਜਿਸ ਲਈ 24 ਮੀਟਰ ਜ਼ਮੀਨ ਦੀ ਲੋੜ ਹੋਵੇਗੀ। ਪਹਾੜੀ ਇਲਾਕੇ ਵਿਚ ਜਿੰਨੀ ਜ਼ਿਆਦਾ ਕਟਾਈ ਹੋਵੇਗੀ, ਓਨੀ ਜ਼ਿਆਦਾ ਪਹਾੜ ਖਿਸਕਣ ਦੇ ਖ਼ਦਸ਼ੇ ਵਧ ਜਾਣਗੇ।
ਉੱਤਰਾਖੰਡ ਕੁਦਰਤੀ ਤੌਰ ’ਤੇ ਬਹੁਤ ਸੋਹਣਾ ਅਤੇ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਭਾਰਤ ਅਤੇ ਰਾਜ ਸਰਕਾਰਾਂ ਇਸ ਦੀ ਕੁਦਰਤੀ ਸੁੰਦਰਤਾ ਤੇ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਵਾਤਾਵਰਨ ਨਿਯਮਾਂ ਨੂੰ ਅੱਖੋਂ-ਪਰੋਖੇ ਕਰ ਕੇ ਇੱਥੇ ਚੌੜੀਆਂ ਸੜਕਾਂ, ਸੁਰੰਗਾਂ ਅਤੇ ਹਾਈਡਰੋ ਪਾਵਰ ਪ੍ਰਾਜੈਕਟਾਂ ਦੇ ਨਿਰਮਾਣ ਵਿਚ ਰੁਝੀਆਂ ਹਨ। ਉੱਤਰਾਖੰਡ ਵਿਚ ਨਿਰਮਾਣ ਕਾਰਜ ਇੰਨੇ ਜ਼ਿਆਦਾ ਹੋ ਰਹੇ ਹਨ ਜਿਹੜੇ ਇੱਥੋਂ ਦੇ ਪਹਾੜਾਂ ਦੇ ਝੱਲਣ-ਸਮਰੱਥਾ ਤੋਂ ਜ਼ਿਆਦਾ ਹਨ। ਸੜਕਾਂ, ਸੁਰੰਗਾਂ ਆਦਿ ਬਣਾਉਣ ਲਈ ਪਹਾੜਾਂ ਨੂੰ ਵਿਸਫੋਟਕ ਸਮੱਗਰੀ ਨਾਲ ਉਡਾ ਦਿੱਤਾ ਜਾਂਦਾ ਹੈ ਜਿਸ ਕਾਰਨ ਪਹਾੜ ਆਪਣਾ ਸੰਤੁਲਨ ਗੁਆ ਬਹਿੰਦੇ ਹਨ ਅਤੇ ਥੱਲੇ ਖਿਸਕਣ ਲੱਗਦੇ ਹਨ।
ਸਿਲਕਿਆਰਾ-ਬਾਰਕੋਟ ਵਾਲੀ ਸੁਰੰਗ ਬਣਾਉਣ ਤੋਂ ਪਹਿਲਾਂ ਇਸ ਖੇਤਰ ਦਾ ਵਾਤਾਵਰਨ ਪ੍ਰਭਾਵ ਮੁਲਾਂਕਣ ਕਰਵਾਇਆ ਗਿਆ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ। ਮਾਹਿਰਾਂ ਅਨੁਸਾਰ ਸੁਰੰਗ ਬਣਾਉਣ ਵੇਲੇ ਬਚਾਅ ਲਈ ਛੋਟੀ ਸੁਰੰਗ ਬਣਾਈ ਜਾਂਦੀ ਹੈ ਜਿਸ ਨੂੰ ਐਂਮਰਜੈਂਸੀ ਹਾਲਾਤ ਵੇਲੇ ਵਰਤਿਆ ਜਾਂਦਾ ਹੈ ਪਰ ਇਸ ਸੁਰੰਗ ਵਿਚ ਬਚਾਅ ਸੁਰੰਗ ਦਾ ਕੋਈ ਅਤਾ-ਪਤਾ ਨਹੀਂ। ਖਾਣ-ਪੀਣ, ਆਕਸੀਜਨ ਅਤੇ ਮਜ਼ਦੂਰਾਂ ਦੇ ਬਚਾਅ ਲਈ ਹੁਣ ਜਿਹੜੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ, ਇਹ ਸਭ ਕੰਮ ਉਸ ਬਚਾਅ ਸੁਰੰਗ ਬਣਾਉਣ ਨਾਲ ਹੀ ਪੂਰੇ ਹੋ ਜਾਣੇ ਸਨ। ਇੱਕ ਘੰਟੇ ਦਾ ਸਫ਼ਰ ਘਟਾਉਣ ਲਈ 853 ਕਰੋੜ ਰੁਪਏ ਖਰਚਣ ਦੇ ਨਾਲ ਨਾਲ ਇੱਥੋਂ ਦੇ ਕੁਦਰਤੀ ਸਰੋਤਾਂ ਜੰਗਲ, ਜ਼ਮੀਨ, ਪਹਾੜਾਂ, ਹਵਾ, ਪਾਣੀ ਆਦਿ ਦਾ ਵੱਡੀ ਪੱਧਰ ਉੱਤੇ ਨੁਕਸਾਨ ਹੋ ਰਿਹਾ ਹੈ।
ਉੱਤਰਾਖੰਡ ਹਿਮਾਲਿਆ ਪਹਾੜਾਂ ਵਿਚ ਵੱਸਿਆ ਹੋਇਆ ਹੈ। ਇੱਥੋਂ ਦੇ ਪਹਾੜ ਅਜੇ ਉੱਭਰ ਰਹੇ ਹਨ ਜੋ ਬਹੁਤ ਹੀ ਸੰਵੇਦਨਸ਼ੀਲ ਹਨ। ਸੁਰੰਗ ਦਾ ਜੋ ਹਿੱਸਾ ਡਿਗਿਆ ਹੈ, ਉਸ ਥਾਂ ਰੇਤ ਦੀ ਪਰਤ ਸੀ; ਜਿਨ੍ਹਾਂ ਥਾਵਾਂ ’ਤੇ ਪਾਈਪ ਅੜ ਰਹੇ ਹਨ, ਉੱਥੇ ਸਖ਼ਤ ਚਟਾਨਾਂ ਹਨ। ਵੱਖੋ-ਵੱਖਰੇ ਥਾਵਾਂ ’ਤੇ ਅਲੱਗ ਅਲੱਗ ਤਰ੍ਹਾਂ ਦੀਆਂ ਪਰਤਾਂ ਹਨ। ਇਸ ਦੇ ਨਾਲ ਨਾਲ ਉੱਤਰਾਖੰਡ ਭੂਚਾਲ ਸੰਵੇਦਨਸ਼ੀਲ ਅਤੇ ਪਹਾੜ ਖਿਸਕਣ ਵਾਲੇ ਖੇਤਰ ਵਿਚ ਪੈਂਦਾ ਹੈ। ਇਸ ਦੇ ਉੱਤਰਕਾਸ਼ੀ ਜ਼ਿਲ੍ਹੇ ਵਿਚ 1991 ਵਿਚ 6.8 ਤੀਬਰਤਾ ਦਾ ਭੂਚਾਲ ਆਇਆ ਸੀ ਜਿਸ ਵਿਚ ਸੈਂਕੜੇ ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਚਮੋਲੀ ਵਿਚ ਆਏ ਭੂਚਾਲ ਵਿਚ ਵੀ ਸੈਂਕੜੇ ਲੋਕ ਮਰ ਗਏ ਸਨ। ਜਿਓਲੋਜੀਕਲ ਸਰਵੇ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਉੱਤਰਾਖੰਡ ਦਾ 39000 ਵਰਗ ਕਿਲੋਮੀਟਰ ਖੇਤਰ (72 ਫ਼ੀਸਦੀ) ਵਿਚ ਪਹਾੜ ਖਿਸਕਣ ਵਾਲਾ ਹੈ। ‘ਇਸਰੋ’ ਦੀ ਰਿਪੋਰਟ ਅਨੁਸਾਰ ਉੱਤਰਾਖੰਡ ਵਿਚ 1988 ਤੋਂ 2022 ਤੱਕ ਪਹਾੜ ਖਿਸਕਣ ਦੀਆਂ 11219 ਘਟਨਾਵਾਂ ਵਾਪਰੀਆਂ।
ਅਜਿਹੇ ਖੇਤਰ ਜਿਹੜੇ ਹਰ ਪੱਖੋਂ ਸੰਵੇਦਨਸ਼ੀਲ ਹੋਣ, ਉੱਥੇ ਕਿਸੇ ਵੀ ਤਰ੍ਹਾਂ ਦੇ ਵੱਡੇ ਪ੍ਰਾਜੈਕਟ ਤਬਾਹੀ ਲਿਆਉਣ ਵਾਲੇ ਹੋ ਸਕਦੇ ਹਨ। ਕੇਂਦਰ ਸਰਕਾਰ ਉੱਤਰਾਖੰਡ ’ਚ ਚਾਰ ਮਾਰਗੀ ਸੜਕਾਂ ਬਣਾਉਣ ਲਈ ਮੁਲਕ ਦੀ ਸੁਰੱਖਿਆ ਦਾ ਹਵਾਲਾ ਵੀ ਦੇ ਰਹੀ ਹੈ। ਸਰਕਾਰ ਅਨੁਸਾਰ ਚਾਰ ਮਾਰਗੀ ਸੜਕਾਂ ਰਾਹੀਂ ਸੁਰੱਖਿਆ ਬਲ ਤੇਜ਼ੀ ਨਾਲ ਸਰਹੱਦ ’ਤੇ ਪਹੁੰਚ ਕੇ ਮੁਲਕ ਦੀ ਰਾਖੀ ਕਰ ਸਕਦੇ ਹਨ ਪਰ ਸੋਚਣਾ ਬਣਦਾ ਹੈ, ਜੇ ਪਹਾੜ ਖਿਸਕਣ ਨਾਲ ਸੜਕਾਂ ਹੀ ਨਾ ਰਹੀਆਂ ਤਾਂ ਸੁਰੱਖਿਆ ਬਲ ਸਰਹੱਦ ’ਤੇ ਕਿਵੇਂ ਪਹੁੰਚਣਗੇ? ਸੁਰੰਗਾਂ ਢਹਿਣ ਦੀ ਸੂਰਤ ’ਚ ਫ਼ੌਜੀਆਂ ਨਾਲ ਭਰੇ ਟੱਰਕ ਵੀ ਸੁਰੰਗਾਂ ਵਿਚ ਦਬ ਸਕਦੇ ਹਨ।
ਇਸ ਲਈ ਇਨ੍ਹਾਂ ਖੇਤਰਾਂ ਵਿਚ ਵਿਕਾਸ ਉਵੇਂ ਹੀ ਕਰਨਾ ਚਾਹੀਦਾ ਹੈ ਜੋ ਚਿਰ-ਸਥਾਈ ਹੋਵੇ। ਇਸ ਲਈ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਸੰਵੇਦਨਸ਼ੀਲ ਖੇਤਰਾਂ ਵਿਚ ਵੱਡੇ ਵੱਡੇ ਪ੍ਰਾਜੈਕਟ ਲਗਾਉਣ ਤੋਂ ਪਹਿਲਾਂ ਭੂ-ਵਿਗਿਆਨੀਆਂ, ਵਾਤਾਵਰਨ ਮਾਹਿਰਾਂ ਅਤੇ ਸਥਾਨਕ ਲੋਕਾਂ ਦੀ ਰਾਇ ਲੈਣ। ਚਾਰ ਧਾਮ ਮਾਰਗ ’ਤੇ ਬਣ ਰਹੀਆਂ ਸੁਰੰਗਾਂ ਦੀ ਚੰਗੀ ਤਰ੍ਹਾਂ ਵਿਗਿਆਨਕ ਜਾਂਚ ਕਰਵਾਉਣ ਤਾਂ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਚਾਰ ਧਾਮ ਮਾਰਗ ਬਹੁਤ ਸੰਵੇਦਨਸ਼ੀਲ ਖੇਤਰ ਵਿਚੋਂ ਲੰਘਦਾ ਹੈ। ਇਸ ਲਈ ਇਸ ਦੇ ਹਰ ਟੁਕੜੇ ਦੀ ਵਿਗਿਆਨਕ ਅਤੇ ਭੂਗੋਲਿਕ ਜਾਂਚ ਤੋਂ ਬਾਅਦ ਹੀ ਇਸ ਦੀ ਉਸਾਰੀ ਕੀਤੀ ਜਾਣੀ ਚਾਹੀਦੀ ਹੈ। ਵਾਤਾਵਰਨ ਦੀ ਸੁਰੱਖਿਆ ਦੇ ਨਾਲ ਨਾਲ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਕਿਸੇ ਵੀ ਮੁਲਕ ਲਈ ਆਰਥਿਕ ਵਿਕਾਸ ਬਹੁਤ ਜ਼ਰੂਰੀ ਹੈ ਪਰ ਉਹ ਵਿਕਾਸ ਮਨੁੱਖੀ ਜ਼ਿੰਦਗੀਆਂ ਦੀ ਬਿਹਤਰੀ ਲਈ ਹੋਵੇ।
ਉੱਤਰਾਖੰਡ ਸਮੇਤ ਮੁਲਕ ਦੇ ਸਾਰੇ ਪਹਾੜੀ ਰਾਜਾਂ ਦੀ ਹੋਂਦ ਬਚਾਉਣ ਲਈ ਕੇਂਦਰ ਅਤੇ ਪਹਾੜੀ ਰਾਜਾਂ ਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਵਿਕਾਸ ਉੱਥੋਂ ਦੇ ਭੂਗੋਲਿਕ ਅਤੇ ਜ਼ਮੀਨੀ ਹਾਲਾਤ ਅਨੁਸਾਰ ਹੋਵੇ। ਪਹਾੜ ਖਿਸਕਣ, ਜ਼ਮੀਨ ਗਰਕਣ ਅਤੇ ਸੁਰੰਗਾਂ ਢਹਿਣ ਦੀ ਹਾਲਤ ’ਚ ਲੋਕਾਂ ਨੂੰ ਮਾਨਸਿਕ, ਸਰੀਰਕ ਤੇ ਮਾਲੀ ਨੁਕਸਾਨ ਉਠਾਉਣਾ ਪੈਂਦਾ ਹੈ। ਵਿਕਾਸ ਲੋਕਾਂ ਲਈ ਹੁੰਦਾ ਹੈ, ਨਾ ਕਿ ਕੀਮਤੀ ਜਾਨਾਂ ਵਿਕਾਸ ਲਈ।
*ਸਾਬਕਾ ਪ੍ਰੋਫੈਸਰ, ਜਿਓਗਰਾਫੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Advertisement

Advertisement
Author Image

joginder kumar

View all posts

Advertisement
Advertisement
×