For the best experience, open
https://m.punjabitribuneonline.com
on your mobile browser.
Advertisement

ਹਸੀਨਾ ਤਾਨਾਸ਼ਾਹਾਂ ਦੀ ਕਤਾਰ ’ਚ ਕਿੰਝ ਪਹੁੰਚੀ

06:11 AM Aug 07, 2024 IST
ਹਸੀਨਾ ਤਾਨਾਸ਼ਾਹਾਂ ਦੀ ਕਤਾਰ ’ਚ ਕਿੰਝ ਪਹੁੰਚੀ
Advertisement

ਜਯੋਤੀ ਮਲਹੋਤਰਾ

ਅਸੀਂ ਸੋਚਦੇ ਹਾਂ ਕਿ ਇਹ ਕਿਸੇ ਵਿਦਿਆਰਥੀ ਮੁਜ਼ਾਹਰਾਕਾਰੀ ਦਾ ਕੰਮ ਨਹੀਂ ਹੋ ਸਕਦਾ ਭਾਵੇਂ ਉਹ ਬੰਗਬੰਧੂ ਦੀ ਧੀ ਤੋਂ ਕਿਤਨਾ ਵੀ ਖਫ਼ਾ ਕਿਉਂ ਨਾ ਹੋਵੇ। ਹਾਲਾਂਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਕਿਸੇ ਹੋਰ ਨਹੀਂ ਸਗੋਂ ਉਸ ਦੀ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਉਬੈਦੁਲ ਕਾਦਰ ਵੱਲੋਂ ਮੁਜ਼ਾਹਰਾਕਾਰੀਆਂ ’ਤੇ ਦੇਖਦਿਆਂ ਹੀ ਗੋਲੀ ਚਲਾਉਣ ਦੇ ਹੁਕਮ ਦਿੱਤੇ ਜਾਣ ਤੋਂ ਬਾਅਦ 300 ਤੋਂ ਵੱਧ ਲੋਕ ਮਾਰੇ ਗਏ ਸਨ ਤਾਂ ਵੀ ਸ਼ੇਖ਼ ਹਸੀਨਾ ਨੇ ਚੁੱਪ ਵੱਟੀ ਹੋਈ ਸੀ। ਫਿਰ ਵੀ ਕੀ ਕਿਸੇ ਅਜਿਹੇ ਵਿਚਾਰਧਾਰਕ ਸਨਕੀ ਵੱਲੋਂ ਬੰਗਬੰਧੂ ਦਾ ਨਿਰਾਦਰ ਕਰਨਾ ਬਣਦਾ ਸੀ ਜਿਸ ਨੂੰ 1971 ਦੀ ਮੁਕਤੀ ਜੰਗ ਬਾਰੇ ਥੋੜ੍ਹਾ ਕੁ ਜਾਂ ਬਿਲਕੁਲ ਵੀ ਇਲਮ ਨਹੀਂ ਹੈ?
ਬੰਗਲਾਦੇਸ਼ ਦੇ ਬਾਨੀ ਦੀ ਧੀ ਅਤੇ ਜਮਹੂਰੀਅਤ ਦੀ ਜਾਈ ਸ਼ੇਖ਼ ਹਸੀਨਾ ਅਜਿਹਾ ਕੁਝ ਗ਼ਲਤ ਨਹੀਂ ਕਰ ਸਕਦੀ ਜੋ 15 ਅਗਸਤ 1975 ਦੀ ਉਸ ਖੌਫ਼ਨਾਕ ਰਾਤ ਵੇਲੇ ਵਾਪਰੇ ਕਤਲੇਆਮ ਤੋਂ ਇਸ ਕਰ ਕੇ ਬਚ ਗਈ ਸੀ ਕਿਉਂਕਿ ਉਹ ਅਤੇ ਉਸ ਦੀ ਭੈਣ ਰਿਹਾਨਾ ਉਦੋਂ ਧਨਮੰਡੀ ਵਿਚਲੇ ਉਨ੍ਹਾਂ ਦੇ ਜ਼ੱਦੀ ਘਰ ਵਿੱਚ ਮੌਜੂਦ ਨਹੀਂ ਸਨ। ਉਦੋਂ ਉਸ ਦੇ ਬਾਕੀ ਪਰਿਵਾਰ ਦੇ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ; ਤੇ ਅੱਜ ਉਹੀ ਹਸੀਨਾ ਤਾਨਾਸ਼ਾਹਾਂ ਦੀ ਕਤਾਰ ਵਿੱਚ ਆਣ ਖੜ੍ਹੀ ਹੈ। ਉਸ ਨੂੰ ਹੋਰਾਂ ਦਾ ਖ਼ੂਨ ਵਹਾਉਣ ਲੱਗਿਆਂ ਰਤਾ ਦਰਦ ਨਾ ਆਇਆ ਕਿਉਂਕਿ ਉਸ ਨੇ ਪਹਿਲਾਂ ਆਪਣਿਆਂ ਦੀ ਰਾਖੀ ਕਰਨੀ ਸੀ।
ਇਹ ਨੌਬਤ ਕਿਉਂ ਆਈ? ਕਿਵੇਂ ਹਸੀਨਾ ਨੇ ਉਬੈਦੁਲ ਕਾਦਰ ਨੂੰ ਮੁਜ਼ਾਹਰੇ ਕਰਨ ਦੀ ਜੁਰਅਤ ਕਰਨ ਵਾਲਿਆਂ ’ਤੇ ਦੇਖਦਿਆਂ ਹੀ ਗੋਲੀ ਚਲਾਉਣ ਦੇ ਹੁਕਮ ਦੇਣ ਦੀ ਆਗਿਆ ਦਿੱਤੀ? ਸਾਫ਼ ਜ਼ਾਹਿਰ ਹੈ ਕਿ 1971 ਦੀ ਕ੍ਰਾਂਤੀ ਹੁਣ ਸਿਰ ਭਾਰ ਖੜ੍ਹੀ ਹੋ ਗਈ ਹੈ। ਇਹ ਆਪਣੇ ਹੀ ਬੱਚਿਆਂ ਨੂੰ ਖਾਣ ਡਹਿ ਪਈ ਹੈ। ਕਿਹਾ ਜਾਂਦਾ ਹੈ ਕਿ ਦੋ ਹਫ਼ਤੇ ਪਹਿਲਾਂ ਉਬੈਦੁਲ ਕਾਦਰ ਨੇ ਢਾਕਾ ਵਿੱਚ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ ਕਿ ਜੇ ਵਿਦਿਆਰਥੀ ਆਪਣੇ ਧਰਨੇ-ਮੁਜ਼ਾਹਰੇ ਬੰਦ ਕਰ ਕੇ ਘਰਾਂ ਨੂੰ ਨਾ ਗਏ ਤਾਂ ਉਹ ਉਨ੍ਹਾਂ ਨੂੰ ‘ਸਿੱਧੇ ਕਰਨ ਲਈ’ ਆਪਣੀ ਅਵਾਮੀ ਲੀਗ ਦੇ ਕਾਰਕੁਨਾਂ ਨੂੰ ਹੁਕਮ ਦੇਣਗੇ। ਕੀ ਇਸ ਦਾ ਅਰਥ ਇਹ ਸੀ ਕਿ ਹਸੀਨਾ ਦੀ ਪਾਰਟੀ ਦੇ ਕਾਰਕੁਨਾਂ ਨੇ ਹੀ ਢਾਕਾ ਅਤੇ ਚਿਟਾਗਾਂਗ ਵਿੱਚ ਨਿਹੱਥੇ ਵਿਦਿਆਰਥੀਆਂ ’ਤੇ ਗੋਲੀਆਂ ਚਲਾਈਆਂ ਸਨ? ਇਸ ਦਾ ਫ਼ੈਸਲਾ ਹੋਣਾ ਅਜੇ ਬਾਕੀ ਹੈ ਪਰ ਯੂਨੀਸੈਫ ਨੇ ਆਖਿਆ ਹੈ ਕਿ ਜੁਲਾਈ ਮਹੀਨੇ ਹੋਏ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਘੱਟੋ-ਘੱਟ 32 ਬੱਚਿਆਂ ਦੀ ਮੌਤ ਹੋ ਚੁੱਕੀ ਹੈ।
ਆਪਣੇ ਗਭਰੇਟ ਭਰਾ ਰਸਲ ਸਣੇ ਪਰਿਵਾਰ ਦੇ ਕਤਲੇਆਮ ਤੋਂ ਬਾਅਦ ਆਪਣੀ ਭੈਣ ਨਾਲ ਦਿੱਲੀ ਦੇ ਪੰਡਾਰਾ ਰੋਡ ਇਲਾਕੇ ਵਿੱਚ ਰਹਿੰਦੀ ਰਹੀ ਅਤੇ ਆਪਣੇ ਪਿਆਰੇ ਵਤਨ ਵਿੱਚ ਪਾਕਿਸਤਾਨ ਪੱਖੀਆਂ ਨੂੰ ਤਾਕਤ ਵਿੱਚ ਵਿਚਰਦਿਆਂ ਦੇਖਣ ਵਾਲੀ ਹਸੀਨਾ ਕਿਵੇਂ ਆਪਣੇ ਵਿਰੋਧੀਆਂ ਦੀ ਹੂ-ਬ-ਹੂ ਨਕਲ ਬਣ ਕੇ ਰਹਿ ਗਈ? ਲੰਘੀ ਰਾਤ ਜਦੋਂ ਉਹ ਭਾਰਤ ਦੇ ਕਿਸੇ ਸੁਰੱਖਿਅਤ ਟਿਕਾਣੇ ਜਾਂ ਦਿੱਲੀ ਨੇੜਲੇ ਹਿੰਡਨ ਏਅਰਬੇਸ ਦੇ ਲਾਗੇ ਚਾਗੇ ਕਿਤੇ ਸੁੱਤੀ ਹੋਵੇਗੀ (ਜਿੱਥੋਂ ਉਸ ਨੂੰ ਇੱਕ ਘੰਟੇ ਦੀ ਦੂਰੀ ’ਤੇ ਰਾਜਧਾਨੀ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ ਜਿੱਥੇ ਸੰਸਾਰ ਸਿਹਤ ਸੰਸਥਾ (ਡਬਲਿਊਐੱਚਓ) ਲਈ ਕੰਮ ਕਰਦੀ ਉਸ ਦੀ ਧੀ ਸਾਇਮਾ ਵਾਜਿ਼ਦ ਰਹਿ ਰਹੀ ਹੈ) ਤਾਂ ਸ਼ਾਇਦ ਹਸੀਨਾ ਨੂੰ ਕੁਝ ਪਲ ਆਪਣੇ ਅੰਦਰ ਝਾਤ ਮਾਰ ਕੇ ਸੋਚਣਾ ਚਾਹੀਦਾ ਸੀ ਕਿ ਕਿਵੇਂ ਅਤੇ ਕਿਉਂ ਉਸ ਨੇ ਅਜਿਹੇ ਖ਼ਤਰਨਾਕ ਹਾਲਾਤ ਬਣਨ ਦਿੱਤੇ?
ਜਨਵਰੀ ਵਿੱਚ ਜਦੋਂ ਵਿਰੋਧੀ ਧਿਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਦੂਜੀ ਵਾਰ ਚੋਣਾਂ ਦਾ ਬਾਈਕਾਟ ਕੀਤਾ, ਹਸੀਨਾ ਨੇ ਗ਼ਰੂਰ ਵਿੱਚ ਫ਼ੈਸਲਾ ਮੋੜ ਕੇ ਇਸ ਦੇ ਮੂੰਹ ’ਤੇ ਮਾਰਿਆ, ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਗ੍ਰਿਫ਼ਤਾਰੀ ਦਾ ਹੁਕਮ ਦਿੱਤਾ; ਦੂਜੇ ਸ਼ਬਦਾਂ ’ਚ ਉਨ੍ਹਾਂ ਦੇ ਮੂੰਹ ’ਤੇ ਥੁੱਕ ਦਿੱਤਾ। ਜੇ ਇਹ ਦੋਵੇਂ ਤ੍ਰੀਮਤਾਂ, ਹਸੀਨਾ ਅਤੇ ਕਈ ਸਾਲਾਂ ਤੋਂ ਨਿਤਾਣੀ ਪਈ ਬੀਐੱਨਪੀ ਨੇਤਾ ਖ਼ਾਲਿਦਾ ਜਿ਼ਆ ਇੱਕ ਦੂਜੇ ਦੀ ਜੁਰਅਤਮੰਦੀ ਤੋਂ ਸੜਦੀਆਂ ਵੀ ਰਹੀਆਂ ਹੋਣ ਤਾਂ ਵੀ ਲੋਕਤੰਤਰ ਦਾ ਪਹਿਲਾ ਨੇਮ ਇਹੀ ਕਹਿੰਦਾ ਹੈ ਕਿ ਜਿਸ ਸ਼ਖ਼ਸ ਦੀ ਹਿੰਮਤ ਤੋਂ ਤੁਹਾਨੂੰ ਸਾੜਾ ਹੈ, ਤੁਸੀਂ ਉਸ ਨੂੰ ਮੌਕਾ ਦਿਓ ਤੇ ਜੋ ਵੀ ਉਹ ਕਹਿਣਾ ਚਾਹੁੰਦਾ ਹੈ, ਉਸ ਨੂੰ ਕਹਿਣ ਦਿਓ।
ਹਸੀਨਾ ਦਲੀਲ ਦਿੰਦੀ ਰਹੀ ਤੇ ਦਿੱਲੀ ਬਿਨਾਂ ਕਿਸੇ ਚਾਰੇ ਤੋਂ ਇਸ ਨੂੰ ਮੰਨਦੀ ਰਹੀ ਕਿ ਜੇ ਤਾਨਾਸ਼ਾਹ ਸਾਧਨਾਂ ਜ਼ਰੀਏ ਉਸ ਦੀ ਲੋਕਤੰਤਰੀ ਸੱਤਾ ਵਿੱਚ ਵਾਪਰੀ ਦਾ ਸਮਰਥਨ ਨਾ ਕੀਤਾ ਗਿਆ ਤਾਂ ਬੰਗਾਲ ਦੀ ਖਾੜੀ ਮਗਰਮੱਛਾਂ ਦਾ ਟਿਕਾਣਾ ਬਣ ਜਾਵੇਗੀ ਜਿਨ੍ਹਾਂ ਨੂੰ ਪਾਕਿਸਤਾਨੀ ਫ਼ੌਜ ਪਾਲੇਗੀ ਤੇ ਸਿਖਲਾਈ ਦੇਵੇਗੀ। ਹਾਲਾਤ ਦਾ ਵਿਅੰਗ ਇਹ ਹੈ ਕਿ ਇਹ ਮੁਲਾਂਕਣ ਵੀ ਬਿਲਕੁਲ ਸੱਚਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਤੋਂ ਪਹਿਲਾਂ ਰਹੇ ਕਈ ਪ੍ਰਧਾਨ ਮੰਤਰੀਆਂ ਜਿਨ੍ਹਾਂ ਵਿੱਚ ਇੰਦਰਾ ਗਾਂਧੀ ਤੇ ਅਟਲ ਬਿਹਾਰੀ ਵਾਜਪਾਈ ਸ਼ਾਮਿਲ ਹਨ, ਵਾਂਗ ਮੰਨਿਆ ਕਿ ਨਵੀਂ ਦਿੱਲੀ ਕੋਲ ਹਸੀਨਾ ਦੇ ਸਮਰਥਨ ਤੋਂ ਬਿਨਾਂ ਕੋਈ ਚਾਰਾ ਨਹੀਂ। ਜਦੋਂ 2001 ਤੋਂ ਲੈ ਕੇ 2006 ਤੱਕ ਬੀਐੱਨਪੀ ਸੱਤਾ ਵਿੱਚ ਸੀ, ਉਦੋਂ ਨਾ ਸਿਰਫ਼ ਭਾਰਤ ਦਾ ਉੱਤਰ-ਪੂਰਬ ਖੇਤਰ ਗਹਿਰੀ ਗੜਬੜੀ ਦਾ ਸ਼ਿਕਾਰ ਸੀ ਬਲਕਿ ਪਾਕਿਸਤਾਨ ਪੱਖੀ ਤੱਤਾਂ ਨੇ ਚਿਟਾਗਾਂਗ ਬੰਦਰਗਾਹ ਰਾਹੀਂ ਬੰਗਲਾਦੇਸ਼ ਵਿੱਚ ਅਤਿ ਆਧੁਨਿਕ ਹਥਿਆਰਾਂ ਦੀਆਂ ਵੱਡੀਆਂ ਖੇਪਾਂ ਧੱਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਸਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸ਼ੇਖ ਹਸੀਨਾ ਦੀ ਸੱਤਾ ’ਚ ਵਾਪਸੀ ਦਾ ਭਾਰਤ ਨੂੰ ਵੱਡਾ ਲਾਭ ਮਿਲਿਆ। ਇਹ ਸਿਰਫ਼ 1971 ਦੇ ਸਬੰਧਾਂ ਬਾਰੇ ਨਹੀਂ ਸੀ ਬਲਕਿ ਹਸੀਨਾ ਦੀ ਪ੍ਰਧਾਨ ਮੰਤਰੀ ਵਜੋਂ ਵਾਪਸੀ ਦੇ ਪਿਛਲੇ 15 ਸਾਲਾਂ ਬਾਰੇ ਵੀ ਸੀ ਹਾਲਾਂਕਿ ਇਹ ਵਿਸ਼ੇਸ਼ ਰਿਸ਼ਤੇਦਾਰੀ ਉਸੇ ਹਲਚਲ ਭਰੀ ਸ਼ੁਰੂਆਤ (1971) ਵਿੱਚੋਂ ਬਣੀ, ਨਾ ਸਿਰਫ਼ ਮੁਕਤੀ ਬਾਹਿਨੀ ਤੇ ਭਾਰਤ ਦੇ ਹਥਿਆਰਬੰਦ ਬਲਾਂ ਵਿਚਾਲੇ ਬਲਕਿ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਵੀ।
ਭਾਰਤ ਅਤੇ ਹਸੀਨਾ ਦੇ ਬੰਗਲਾਦੇਸ਼ ਦਰਮਿਆਨ ਸਿਆਸੀ ਤੇ ਆਰਥਿਕ ਘੇਰਿਆਂ ’ਚ ਨਵੀਂ-ਨਕੋਰ ਭਾਈਵਾਲੀ ਬਾਕੀ ਦੇ ਦੱਖਣ ਏਸ਼ੀਆ ਲਈ ਆਦਰਸ਼ ਬਣ ਗਈ। ਸੜਕਾਂ, ਰੇਲਵੇ, ਆਵਾਜਾਈ ਅਧਿਕਾਰ, ਨਾਗਰਿਕ ਆਵਾਜਾਈ, ਰੱਖਿਆ ਸਹਿਯੋਗ, ਕਿਸੇ ਵੀ ਖੇਤਰ ਦਾ ਨਾਂ ਲੈ ਲਓ, ਭਾਰਤ ਤੇ ਬੰਗਲਾਦੇਸ਼ ਇੰਝ ਉਭਰਦੇ ਹਨ ਕਿ ਜਿਵੇਂ ਇਕ ਫਲੀ ’ਚ ਦੋ ਦਾਣੇ ਹੋਣ।
ਹੁਣ ਅੱਗੇ ਕੀ ਹੋਵੇਗਾ? ਸਪੱਸ਼ਟ ਹੈ ਕਿ ਸੋਮਵਾਰ ਨੂੰ ਢਾਕਾ ’ਚ ਮੁਜੀਬ ਦੇ ਕੰਕਰੀਟ ਬੁੱਤ ਦੀ ਖੋਪੜੀ ਨੂੰ ਬੰਗਲਾਦੇਸ਼ੀ ਮੁਜ਼ਾਹਰਾਕਾਰੀ ਵੱਲੋਂ ਹਥੌੜੇ ਨਾਲ ਭੰਨਿਆ ਜਾਣਾ ਅਤੇ ਨਾਲ ਹੀ ਪੂਰੇ ਦੇਸ਼ ਵਿਚ ਹਿੰਦੂ ਪਰਿਵਾਰਾਂ ’ਤੇ ਹਮਲੇ, ਸਭ ਅਦ੍ਰਿਸ਼ ਤਾਕਤ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਪਿੱਛੇ ਪਾਕਿਸਤਾਨ ਪੱਖੀ ਜਮਾਤ-ਏ-ਇਸਲਾਮੀ ਦੇ ਹੋਣ ਦੀ ਪੂਰੀ ਸੰਭਾਵਨਾ ਹੈ। ਉਹ ਵਾਪਸ ਆ ਚੁੱਕੇ ਹਨ। ਬੰਗਲਾਦੇਸ਼ ’ਚ ਅਤੀਤ ਕਦੇ ਵੀ ਮੁਕੰਮਲ ਤੌਰ ’ਤੇ ਅਤੀਤ ਨਹੀਂ ਹੁੰਦਾ। ਬੰਗਾਲ ਦੀ ਖਾੜੀ ਵਿੱਚ ਇੱਕ ਵਾਰ ਫਿਰ ਤੋਂ ਖੇਡਣ ਦਾ ਪਾਕਿਸਤਾਨੀ ਫੌਜ ਨੂੰ ਮਿਲਿਆ ਮੌਕਾ ਜੰਨਤ ਤੋਂ ਮਿਲੇ ਮੌਕੇ ਵਰਗਾ ਹੈ।
ਇਹ ਗੱਲ ਵੀ ਓਨੀ ਹੀ ਸੱਚ ਹੈ ਕਿ ਹਸੀਨਾ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਹੈ ਜੋ ਜਮਾਤ ਅਤੇ ਇਸ ਦੇ ਸਿਆਸੀ ਚਿਹਰੇ ਬੀਐੱਨਪੀ ਦਾ ਮੁਕਾਬਲਾ ਕਰਨ ਦਾ ਮਾਦਾ ਰੱਖਦਾ ਹੋਵੇ ਪਰ ਹਸੀਨਾ ਹੁਣ ਦੌੜ ਗਈ ਹੈ। ਹਿੰਡਨ ਏਅਰਬੇਸ ’ਤੇ ਸ਼ਾਇਦ ਉਹ ਇਸ ਗੱਲ ਦੀ ਉਡੀਕ ਕਰ ਰਹੀ ਸੀ ਕਿ ਬਰਤਾਨਵੀ ਵਿਦੇਸ਼ ਵਿਭਾਗ ਵੱਲੋਂ ਉਸ ਦੀ ਸਿਆਸੀ ਸ਼ਰਨ ਦੀ ਬੇਨਤੀ ਸਵੀਕਾਰ ਕੀਤੀ ਜਾਂਦੀ ਹੈ ਜਾਂ ਨਹੀਂ। ਲੰਡਨ ਦੀ ‘ਹਾਂ’ ਦੀ ਉਡੀਕ ਕਰਦਿਆਂ ਸ਼ਾਇਦ ਢਾਕਾ ਵਿੱਚ ਉਸ ਦਾ ਟਿਕੇ ਰਹਿਣਾ ਮਹਿਫ਼ੂਜ਼ ਨਹੀਂ ਹੋਣਾ ਸੀ। ਸੰਭਾਵਨਾ ਹੈ ਕਿ ਉਸ ਨੇ ਭਾਰਤ ਤੋਂ ਆਰਜ਼ੀ ਤੌਰ ’ਤੇ ਪਨਾਹ ਮੰਗੀ ਹੋਵੇਗੀ। ਮੋਦੀ ਸਰਕਾਰ ਨੇ ਉਸ ਨੂੰ ਭਾਰਤ ਵਿੱਚ ਆਉਣ ਦੀ ਆਗਿਆ ਦੇ ਕੇ ਠੀਕ ਹੀ ਕੀਤਾ ਹੈ। ਮਿੱਤਰ ਹੋਰ ਕਾਹਦੇ ਲਈ ਹੁੰਦੇ ਹਨ, ਉਦੋਂ ਵੀ ਜਦੋਂ ਉਨ੍ਹਾਂ ਤੋਂ ਕੋਈ ਕਾਰਾ ਹੋ ਜਾਵੇ।
*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement

Advertisement
Author Image

joginder kumar

View all posts

Advertisement