ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬਕ

08:22 AM Apr 23, 2022 IST

ਜਤਿੰਦਰ ਮੋਹਨ

Advertisement

ਇੱਕ ਕਿਸਾਨ ਕੋਲ ਛੋਟਾ ਜਿਹਾ ਖੇਤ ਸੀ। ਉਸ ਦੇ ਨਾਲ ਹੀ ਪੰਚਾਇਤੀ ਜ਼ਮੀਨ ਸੀ ਜੋ ਲੰਮੇ ਸਮੇਂ ਤੋਂ ਖਾਲੀ ਪਈ ਸੀ। ਉੱਥੇ ਅਨੇਕਾਂ ਦਰੱਖਤ ਸਨ ਤੇ ਉੱਚਾ ਉੱਚਾ ਘਾਹ ਉੱਗਿਆ ਹੋਇਆ ਸੀ। ਇੱਥੇ ਅਨੇਕਾਂ ਜੀਵ ਜੰਤੂਆਂ ਅਤੇ ਪੰਛੀਆਂ ਦਾ ਬਸੇਰਾ ਸੀ।

ਕਿਸਾਨ ਕੋਲ ਜ਼ਮੀਨ ਥੋੜ੍ਹੀ ਸੀ। ਇਸ ਕਰਕੇ ਉਹ ਆਪਣੀ ਲੋੜ ਮੁਤਾਬਕ ਹੀ ਫ਼ਸਲਾਂ ਦੀ ਕਾਸ਼ਤ ਕਰਦਾ। ਉਹ ਮੂੰਗੀ, ਛੋਲੇ, ਸਰ੍ਹੋਂ ਬੀਜਦਾ ਤੇ ਨਾਲ ਹੀ ਲੋੜੀਂਦੀਆਂ ਸਬਜ਼ੀਆਂ ਬੀਜਦਾ। ਉਸ ਨੇ ਉੱਥੇ ਭਿੰਨ-ਭਿੰਨ ਪ੍ਰਕਾਰ ਦੇ ਫ਼ਲਦਾਰ ਬੂਟੇ ਵੀ ਲਾਏ ਹੋਏ ਸਨ। ਇਨ੍ਹਾਂ ਫ਼ਲਦਾਰ ਬੂਟਿਆਂ ’ਤੇ ਲੱਗੇ ਫ਼ਲਾਂ ਦਾ ਪੰਛੀ ਵੀ ਸਵਾਦ ਲੈਂਦੇ।

Advertisement

ਫਰਵਰੀ ਦੇ ਦਿਨ ਸਨ। ਸਰਦੀ ਖ਼ਤਮ ਹੋ ਰਹੀ ਸੀ। ਗੁਲਾਬੀ ਰੁੱਤ ਆ ਰਹੀ ਸੀ। ਛੋਲਿਆਂ ਦੇ ਖੇਤ ਵਿੱਚ ਪੰਛੀ ਆਪਣੇ ਭੋਜਨ ਦੀ ਭਾਲ ਵਿੱਚ ਇੱਧਰ ਉੱਧਰ ਫਿਰ ਰਹੇ ਸਨ। ਇਨ੍ਹਾਂ ਵਿੱਚ ਟਟੀਹਰੀਆਂ ਵੀ ਸਨ। ਤਿੱਤਰ ਤੇ ਤਿੱਤਰੀ ਦਾ ਜੋੜਾ ਵੀ ਸੀ। ਉਹ ਵੀ ਮੂੰਗੀ ਦੇ ਪਹਿਲਾਂ ਦੇ ਖਿੰਡੇ ਹੋਏ ਦਾਣੇ ਚੁਗ ਰਹੇ ਸਨ। ਤਿੱਤਰੀ ਅਜੇ ਦਾਣੇ ਚੁਗਣ ਹੀ ਲੱਗੀ ਸੀ ਕਿ ਇੱਕ ਟਟੀਹਰੀ ਉਸ ਕੋਲ ਆ ਕੇ ਉਸ ਦੇ ਪੇਟ ’ਤੇ ਚੁੰਝਾਂ ਮਾਰਨ ਲੱਗੀ। ਤਿੱਤਰੀ ਨੇ ਹਾਇ ਕਿਹਾ ਤੇ ਉੱਥੋਂ ਤਿੱਤਰ ਤੇ ਤਿੱਤਰੀ ਦੋਵੇਂ ਹੀ ਉਡਾਰੀ ਮਾਰ ਗਏ। ਇੰਨੇ ਨੂੰ ਦੂਜੀਆਂ ਟਟੀਹਰੀਆਂ ਨੇ ਆ ਕੇ ਉਸ ਨੂੰ ਧ੍ਰਿਕਾਰਦਿਆਂ ਕਿਹਾ, ‘‘ਭੈਣੇ ਤੇਰਾ ਇਨ੍ਹਾਂ ਨੇ ਕੀ ਵਿਗਾੜਿਐ? ਇਨ੍ਹਾਂ ਨੇ ਵੀ ਚੋਗਾ ਚੁਗਣੈ!’’

‘‘ਤੁਸੀਂ ਤਾਂ ਮੂਰਖ ਓ। ਆਪਾਂ ਕਿਉਂ ਇਨ੍ਹਾਂ ਨੂੰ ਇੱਥੇ ਰਹਿਣ ਦੇਈਏ।’’

‘‘ਇਹ ਆਪਣਾ ਖੇਤ ਤਾਂ ਨ੍ਹੀਂ?’’

‘‘ਆਪਣਾ ਹੀ ਹੈ। ਆਪਾਂ ਇਸ ਦੇ ਮਾਲਕ ਹਾਂ।’’

‘‘ਉਂਜ ਤਾਂ ਕਿਸੇ ਨਾਲ ਵੀ ਨਹੀਂ ਵਿਗਾੜਨਾ ਚਾਹੀਦਾ, ਪਰ ਇਹ ਆਪਣੇ ਗੁਆਂਢੀ ਨੇ।’’

‘‘ਹੋਣਗੇ ਗੁਆਂਢੀ ਮੈਨੂੰ ਕੋਈ ਪਰਵਾਹ ਨ੍ਹੀਂ।’’

‘‘ਕੱਲ੍ਹ ਨੂੰ ਕੋਈ ਝਗੜਾ ਹੋ ਗਿਆ ਤਾਂ ਅਸੀਂ ਤੇਰਾ ਸਾਥ ਨ੍ਹੀਂ ਦੇਣਾ।’’

‘‘ਮੈਂ ਕੀ ਕਿਸੇ ਨੂੰ ਕਿਹੈ ਸਾਥ ਦੇਣ ਨੂੰ।’’

ਦੂਜੀਆਂ ਟਟੀਹਰੀਆਂ ਨੇ ਬਹਿਸ ਵਿੱਚ ਪੈਣਾ ਚੰਗਾ ਨਾ ਸਮਝਿਆ। ਉਹ ਉਸ ਤੋਂ ਦੂਰ ਚਲੀਆਂ ਗਈਆਂ।

ਸ਼ਾਮ ਹੋ ਗਈ। ਪੰਛੀ ਆਪਣੇ ਆਲ੍ਹਣਿਆਂ ਨੂੰ ਜਾਣ ਲੱਗੇ। ਤਿੱਤਰ ਤੇ ਤਿੱਤਰੀ ਨੇ ਕੁਝ ਪੰਛੀਆਂ ਨੂੰ ਇਹ ਸਾਰੀ ਘਟਨਾ ਦੱਸੀ ਤੇ ਪੁੱਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਤਿੱਤਰ ਤੇ ਤਿੱਤਰੀ ਦੀ ਗੱਲ ਸੁਣ ਕੇ ਘੁੱਗੀ ਨੇ ਵੀ ਆਪਬੀਤੀ ਦੱਸੀ। ਇੱਕ ਦੋ ਹੋਰ ਨੇ ਵੀ ਟਟੀਹਰੀ ਦੀ ਇਸ ਹਰਕਤ ਬਾਰੇ ਦੱਸਿਆ ਤਾਂ ਕੋਲ ਬੈਠੇ ਇੱਕ ਤੋਤੇ ਨੇ ਦੱਸਿਆ, ‘‘ਆਪਾਂ ਤਾਂ ਪੰਛੀ ਹਾਂ। ਇਹ ਤਾਂ ਜਾਨਵਰਾਂ ਨਾਲ ਵੀ ਪੰਗੇ ਲੈਂਦੀ ਐ।’’

‘‘ਕਿਵੇਂ ਤਾਇਆ?’’ ਗੁਟਾਰ ਨੇ ਪੁੱਛਿਆ।

‘‘ਕੱਲ੍ਹ ਦੀ ਗੱਲ ਐ, ਮੈਂ ਆਪ ਦੇਖਿਆ ਕੁੱਤੇ ਦੇ ਠੂੰਗਾਂ ਮਾਰੇ। ਉਹ ਵੀ ਚੁੱਪ ਕਰ ਕੇ ਚਲਾ ਗਿਆ।’’

‘‘ਉਸ ਤੋਂ ਕੁਛ ਨਾ ਹੋਇਆ?’’

‘‘ਉਹ ਵੀ ਕਸੂਤਾ ਫਸ ਗਿਆ। ਇਹ ਠੁੰਗ ਮਾਰ ਕੇ ਉਡਾਰੀ ਮਾਰ ਜਾਂਦੀ ਹੈ।’’

ਸਾਰੇ ਪੰਛੀ ਭਾਂਤੋਭਾਂਤ ਬੋਲਣ ਲੱਗੇ ਤੇ ਇਹ ਕਹਿਣ ਲੱਗੇ ਕਿ ਅੱਜ ਤੁਹਾਨੂੰ ਤੰਗ ਕਰਦੀ ਐ, ਕੱਲ੍ਹ ਨੂੰ ਕਿਸੇ ਨੂੰ ਹੋਰ ਕਰੂਗੀ। ਕੋਈ ਕਹਿਣ ਲੱਗਾ ਕਿ ਟਿਕਾਣਾ ਬਦਲਣਾ ਪਊਗਾ।

‘‘ਸਾਨੂੰ ਇਕੱਠੇ ਹੋਣਾ ਪਊਗਾ।’’ ਤਿੱਤਰ ਬੋਲਿਆ। ਸਾਰਿਆਂ ਦੀਆਂ ਗੱਲਾਂ ਸੁਣ ਕੇ ਇੱਕ ਬੁੱਢਾ ਕਬੂਤਰ ਬੋਲਿਆ, ‘‘ਅਸੀਂ ਸਾਰੇ ਇਕੱਠੇ ਹੋ ਕੇ ਇਸ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇਹ ਯਾਦ ਰੱਖੂਗੀ।’’

‘‘ਕਦੋਂ ?’’ ਚਿੜੀ ਨੇ ਪੁੱਛਿਆ।

‘‘ਜਦੋਂ ਇਹ ਸੁੱਤੀ ਹੋਈ।’’ ਕਬੂਤਰ ਬੋਲਿਆ।

‘‘ਆਪਾਂ ਇਸ ਨੂੰ ਮਾਰ ਦਿਆਂਗੇ।’’

‘‘ਨਹੀਂ, ਆਪਾਂ ਇਸ ਨੂੰ ਇਸ ਦੀ ਗ਼ਲਤੀ ਦਾ ਅਹਿਸਾਸ ਕਰਵਾਵਾਂਗੇ ਕਿ ਦੂਜੇ ਨੂੰ ਕਿਵੇਂ ਤੰਗ ਕਰਦੇ ਹੁੰਦੇ ਨੇ। ਇਹ ਹਰ ਇੱਕ ਨੂੰ ਤੰਗ ਕਰਦੀ ਐ। ਇਸ ਦਾ ਕਿਸੇ ਨੇ ਵੀ ਸਾਥ ਨਹੀਂ ਦੇਣਾ।’’ ਕਬੂਤਰ ਨੇ ਦੱਸਿਆ।

‘‘ਤਾਇਆ, ਤੈਨੂੰ ਕੀ ਪਤੈ?’’ ਗੁਟਾਰ ਨੇ ਪੁੱਛਿਆ

‘‘ਮੈਨੂੰ ਪਤੈ ਤਾਂ ਹੀ ਤਾਂ ਮੈਂ ਦੱਸਦਾਂ। ਇਸ ਨੂੰ ਮੈਂ ਪਹਿਲਾਂ ਵੀ ਕਈ ਵਾਰ ਸ਼ਰਾਰਤ ਕਰਦੇ ਦੇਖਿਆ ਹੈ ਤੇ ਮੈਂ ਇਹਦੇ ਸ਼ਰੀਕੇ ਕਬੀਲੇ ਨੂੰ ਕਿਹਾ ਬਈ ਇਹਨੂੰ ਸਮਝਾਓ ਤਾਂ ਉਹ ਸਾਰੇ ਕਹਿਣ ਲੱਗੇ ਕਿ ਇਹ ਸਮਝਦੀ ਨਹੀਂ ਜਦ ਤੱਕ ਇਸ ਦੇ ਕੁੱਟ ਨ੍ਹੀਂ ਪੈਂਦੀ।’’

‘‘ਆਪਾਂ ਹੁਣ ਕਿਵੇਂ ਕਰਾਂਗੇ? ਰਾਤ ਨੂੰ ਕਿਵੇਂ ਜਾਵਾਂਗੇ?’’

‘‘ਮੈਂ ਆਪੇ ਇੰਤਜ਼ਾਮ ਕਰੂੰਗਾ। ਮੇਰੀ ਉੱਲੂ ਨਾਲ ਗੱਲ ਕੀਤੀ ਹੋਈ ਹੈ।’’

ਬੁੱਢੇ ਕਬੂਤਰ ਦੀ ਗੱਲ ਸੁਣ ਕੇ ਤੋਤਾ ਹੱਸਿਆ। ਬੁੱਢੇ ਕਬੂਤਰ ਨੂੰ ਤੋਤੇ ’ਤੇ ਗੁੱਸਾ ਆਇਆ, ਪਰ ਉਸ ਨੇ ਗੁੱਸੇ ਨੂੰ ਦਬਾਉਂਦੇ ਹੋਏ ਕਿਹਾ, ‘‘ਉੱਲੂ ਮੂਰਖ ਨਹੀਂ। ਉਸ ਦੀ ਮਜਬੂਰੀ ਹੈ। ਇਹ ਕੁਦਰਤ ਦਾ ਨਿਯਮ ਹੈ ਕਿ ਉਸ ਨੇ ਕਿਸੇ ਨੂੰ ਕਿਵੇਂ ਬਣਾਉਣਾ ਹੈ। ਕੀ ਪਤੈ ਇਹ ਸਭ ਦੀ ਭਲਾਈ ਵਾਸਤੇ ਹੋਵੇ।’’ ਬੁੱਢੇ ਕਬੂਤਰ ਦੀ ਗੱਲ ਸੁਣ ਕੇ ਤੋਤਾ ਸ਼ਰਮ ਨਾਲ ਨੀਵੀਂ ਪਾ ਗਿਆ।

ਬੁੱਢੇ ਕਬੂਤਰ ਨੇ ਸਾਰਿਆਂ ਨੂੰ ਗੱਲ ਸਮਝਾਈ ਤੇ ਉਨ੍ਹਾਂ ਨੂੰ ਤਿਆਰ ਰਹਿਣ ਲਈ ਕਿਹਾ। ਉੱਧਰ ਉੱਲੂ ਵੀ ਸਮੇਂ ਸਿਰ ਪਹੁੰਚ ਗਿਆ। ਸਾਰੇ ਇਕੱਠੇ ਹੋ ਕੇ ਚੱਲ ਪਏ। ਟਟੀਹਰੀ ਆਰਾਮ ਨਾਲ ਅਸਮਾਨ ਵੱਲ ਲੱਤਾਂ ਕਰਕੇ ਸੁੱਤੀ ਪਈ ਸੀ। ਉਨ੍ਹਾਂ ਸਭ ਨੇ ਟਟੀਹਰੀ ਦੇ ਠੁੰਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਡਰ ਗਈ। ਉਸ ਦੀਆਂ ਲੇਰਾਂ ਨਿਕਲ ਗਈਆਂ। ਉਸ ਦੀ ਆਵਾਜ਼ ਸੁਣ ਕੇ ਬਾਕੀ ਟਟੀਹਰੀਆਂ ਵੀ ਆ ਗਈਆਂ। ਉਨ੍ਹਾਂ ਨੂੰ ਦੇਖ ਕੇ ਉਸ ਦਾ ਹੌਸਲਾ ਵਧ ਗਿਆ। ਉਸ ਨੇ ਹਿੰਮਤ ਕਰਕੇ ਪੁੱਛਿਆ ਕਿ ਤੁਸੀਂ ਮੇਰੀ ਨੀਂਦ ਕਿਉਂ ਖ਼ਰਾਬ ਕੀਤੀ ਐ।

‘‘ਤੂੰ ਸਾਰਿਆਂ ਦਾ ਦਿਨ ਦਾ ਚੈਨ ਖ਼ਰਾਬ ਕਰਦੀ ਐਂ।’’ ਸਾਰੇ ਪੰਛੀ ਇੱਕ ਸੁਰ ਹੋ ਕੇ ਬੋਲੇ।

‘‘ਇਹ ਗੱਲ ਬਿਲਕੁਲ ਸਹੀ ਐ।’’ ਦੂਜੀਆਂ ਟਟੀਹਰੀਆਂ ਨੇ ਕਿਹਾ।

ਇਹ ਸੁਣ ਕੇ ਟਟੀਹਰੀ ਸ਼ਰਮਿੰਦਾ ਹੋ ਗਈ। ਉਹ ਇਕੱਲੀ ਰਹਿ ਗਈ। ਉਸ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ। ਉਸ ਨੂੰ ਇਹ ਵੀ ਡਰ ਲੱਗਣ ਲੱਗਾ ਕਿ ਉਹ ਸਾਰੇ ਮਿਲ ਕੇ ਉਸ ਦਾ ਕੋਈ ਹੋਰ ਨੁਕਸਾਨ ਨਾ ਕਰ ਦੇਣ। ਉਸ ਨੇ ਦੋਵੇਂ ਹੱਥ ਜੋੜ ਕੇ ਮੁਆਫ਼ੀ ਮੰਗੀ ਤੇ ਕਿਹਾ, ‘‘ਮੈਂ ਅੱਗੇ ਤੋਂ ਕਦੇ ਵੀ ਅਜਿਹੀ ਗ਼ਲਤੀ ਨਹੀਂ ਕਰਾਂਗੀ।’’

ਸਾਰੇ ਪੰਛੀ ਖ਼ੁਸ਼ ਹੋ ਕੇ ਆਪਣੇ ਟਿਕਾਣਿਆਂ ਨੂੰ ਜਾ ਰਹੇ ਸਨ। ਟਟੀਹਰੀ ਨੂੰ ਆਪਣੇ ਕੀਤੇ ’ਤੇ ਬਹੁਤ ਪਛਤਾਵਾ ਸੀ। ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰ ਰਹੀ ਸੀ। ਉਸ ਦੇ ਕੰਨਾਂ ਵਿੱਚ ਵਾਰ ਵਾਰ ਇਹੀ ਆਵਾਜ਼ਾਂ ਪੈ ਰਹੀਆਂ ਸਨ ਕਿ ਸਬਕ ਸਿਖਾਏ ਬਿਨਾਂ ਇਹ ਸੁਧਰਦੀ ਨਹੀਂ ਸੀ।
ਸੰਪਰਕ: 94630-20766

Advertisement