For the best experience, open
https://m.punjabitribuneonline.com
on your mobile browser.
Advertisement

ਨਿੰਬੂ ਵਾਲਾ ਪਾਣੀ

12:24 PM Jun 16, 2024 IST
ਨਿੰਬੂ ਵਾਲਾ ਪਾਣੀ
Advertisement

ਪ੍ਰੋ. ਜਸਵੰਤ ਸਿੰਘ ਗੰਡਮ

ਆਪ ਬੀਤੀ

ਮੈਂ ਸੁੱਖ ਨਾਲ 74 ਗਰਮੀਆਂ ਹੰਢਾ ਚੁੱਕਾ ਹਾਂ, ਜਾਂ ਇਉਂ ਕਹਿ ਲਉ ਕਿ ਆਪਣੀਆਂ ਹੱਡੀਆਂ ਗਰਮਾ/ਤਪਾ ਚੁੱਕਾ ਹਾਂ। ਆਪਣੇ ਜੱਦੀ ਪਿੰਡ ਗੰਢਵਾਂ ਵਿੱਚ ਪੈਦਾ ਹੋਇਆ, ਪੜ੍ਹਿਆ, ਪ੍ਰਵਾਨ ਚੜ੍ਹਿਆ। ਇੱਕ ਨਿਮਨ ਕਿਸਾਨੀ ਪਰਿਵਾਰ, ਥੁੜਾਂ ਮਾਰਿਆ ਬਚਪਨ, ਸੰਕੋਚਵੀਂ ਜਿਹੀ ਜਵਾਨੀ। ਸਾਧਨ ਸੀਮਤ ਅਤੇ ਸਰਫਾ-ਸੰਜਮ ਜੀਵਨ ਦੇ ਮੂਲ ਸਿਧਾਂਤ।
ਉਦੋਂ ਐਨੀ ਝੁਲਸਵੀਂ ਗਰਮੀ ਨਹੀਂ ਸੀ ਪੈਂਦੀ।
ਖੂਹਾਂ-ਖੇਤਾਂ ’ਤੇ ਬੜੇ ਬਿਰਖ ਹੁੰਦੇ ਸਨ (ਐਵੇਂ ਨਹੀਂ ਲੋਕ-ਸ਼ਾਇਰ ਸੁਰਜੀਤ ਪਾਤਰ ‘ਬਿਰਖ’ ਦਾ ਮੈਟਾਫਰ ਵਾਰ ਵਾਰ ਵਰਤਦਾ)। ਆਡਾਂ/ਆੜਾਂ ਉਪਰ ਟਾਹਲੀਆਂ ਆਮ ਸਨ। ਖੇਤਾਂ ਦੇ ਬੰਨਿਆਂ ’ਤੇ ਸ਼ਹਿਤੂਤ, ਸ਼ਰੀਂਹ, ਬੇਰੀਆਂ, ਟਾਹਲੀਆਂ, ਅੰਬਾਂ ਦੇ ਰੁੱਖ ਹੁੰਦੇ ਸਨ। ਪਿੰਡ ਵਿੱਚ ਬੋਹੜ, ਪਿੱਪਲ, ਨਿੰਮ ਦੀ ਤ੍ਰਿਵੇਣੀ ਤੋਂ ਇਲਾਵਾ ਇਹ ਛਾਂਦਾਰ ਦਰਖਤ ’ਕੱਲੇ ’ਕੱਲੇ ਵੀ ਲੱਗੇ ਹੁੰਦੇ ਸਨ।
ਘਰਾਂ ਵਿੱਚ ਜਾਮਣ, ਲਸੂੜੀ, ਬੇਰੀ, ਡੇਕ, ਨਿੰਮ, ਨਿੰਬੂ, ਕੇਲੇ, ਅਮਰੂਦ, ਆੜੂ, ਅੰਬ ਆਦਿ ਫਲਦਾਰ ਪੌਦੇ ਹੁੰਦੇ ਸਨ। ਜਾਣੀ ਹਰ ਪਾਸੇ ਹਰਿਆਵਲ ਹੀ ਹਰਿਆਵਲ। ਉਨ੍ਹੀਂ ਦਿਨੀਂ ਗਰਮੀਆਂ ਵਿੱਚ ਸੱਤੂ ਪੀਣ ਦਾ ਰਿਵਾਜ ਸੀ ਇਨ੍ਹਾਂ ਦੀ ਤਾਸੀਰ ਠੰਢੀ ਹੋਣ ਕਾਰਨ। ਕੋਲਡ ਡਰਿੰਕ ਨਾਮ ਦੀ ਸ਼ੈਅ ਦਾ ਨਾਂ ਤੱਕ ਨਹੀਂ ਸੀ ਸੁਣਿਆ। ਹਾਂ, ਗੋਲੀ ਵਾਲਾ ਬੱਤਾ ਦਾਣੇ ਦੇ ਕੇ ਹੱਟੀ ਤੋਂ ਘਰ ਉਦੋਂ ਹੀ ਮੰਗਵਾਇਆ ਜਾਂਦਾ ਸੀ ਜਦ ਫੁੱਫੜ ਜਾਂ ਨਾਨਾ ਮਾਮਾ ਆਉਂਦੇ ਸਨ। ਸਧਰਾਈਆਂ ਨਜ਼ਰਾਂ ਨਾਲ ਦੇਖਦੇ ਰਹੀਦਾ ਸੀ, ਪਰ ਪੀਣ ਨੂੰ ਸ਼ਾਇਦ ਹੀ ਕਦੇ ਮਿਲਿਆ ਹੋਵੇ। ਅਗਲਾ ਛੱਡੇ ਤਾਂ ਮਿਲੇ। ਯਾਦ ਨਹੀਂ ਬਚਪਨ ’ਚ ਕਦੇ ਸ਼ਿਕੰਜਵੀ ਵੀ ਪੀਤੀ ਹੋਵੇ। ਨਿੰਬੂ ਵਾਲਾ ਪਾਣੀ ਵੀ ਨਹੀਂ। ਹਾਂ, ਚਾਟੀ ਦੀ ਲੱਸੀ ਰੱਜਵੀਂ ਪੀਂਦੇ ਸਾਂ।
ਇੱਥੇ ਵੀ ਅਸੀਂ ਇੱਕ ਵੱਖਰੇ ਕਿਸਮ ਦੇ ਨਿੰਬੂ ਵਾਲੇ ਪਾਣੀ ਦੀ ਗੱਲ ਕਰਨ ਲੱਗੇ ਹਾਂ; ਉਸ ਦੀ ਨਹੀਂ ਜਿਸ ਵਿੱਚ ‘ਰਸੀਆ ਨਿੰਬੂ ਲਿਆ ਦੇ ਵੇ, ਮੇਰੇ ਪਈ ਕਲੇਜੇ ਪੀੜ’ ਦੀ ਗੁਹਾਰ ਲਗਾਈ ਗਈ ਹੈ। ਨਾ ਹੀ 1999 ਦੀ ਹਿੰਦੀ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਦੇ ਉਸ ਗੀਤ ਦੀ ਜਿਸ ਵਿੱਚ ਨਾਇਕਾ ਮੰਗ ਕਰਦੀ ਹੈ: ‘ਨਿੰਬੂੜਾ ਨਿੰਬੂੜਾ ਨਿੰਬੂੜਾ, ਅਰੇ ਕਾਚਾ ਕਾਚਾ ਛੋਟਾ ਛੋਟਾ ਨਿੰਬੂੜਾ ਲਾਈ ਦੇ।’ ਗੱਲ ਇਉਂ ਹੋਈ ਕਿ ਜਦ ਅਸੀਂ ਕਾਲਜ ਪੜ੍ਹਦੇ ਸੀ ਤਾਂ ਸਾਡੇ ਪਿੰਡ ਦੀ ਸਹਿਕਾਰੀ ਬੈਂਕ ਦੇ ਚੁਬਾਰੇ ਵਿੱਚ ਇੱਕ ਅੰਗਰੇਜ਼ ਰਹਿੰਦਾ ਸੀ। ਅਮਰੀਕੀ ਸੀ। ਇੱਕ ਤਾਂ ਬੈਂਕ ਬਿਲਕੁਲ ਘਰ ਦੇ ਨਾਲ ਸੀ, ਦੂਸਰਾ ਉਦੋਂ ਵੀ ਮੈਂ ਮਾੜੀ ਮੋਟੀ ਅੰਗਰੇਜ਼ੀ ਨੂੰ ਮੂੰਹ ਮਾਰ ਲੈਂਦਾ ਸੀ। ਮੇਰੇ ਪਿਤਾ ਜੀ ਤਾਂ ਅੰਗਰੇਜ਼ੀ ਦੀਆਂ ਕਰੂਲੀਆਂ ਕਰ ਲੈਂਦੇ ਸਨ। ਉਹ ਉਂਝ ਅਨਪੜ੍ਹ ਸਨ ਪਰ ਅੰਗਰੇਜ਼ਾਂ ਵੇਲੇ ਫ਼ੌਜ ਵਿੱਚ ਰਹੇ ਹੋਣ ਕਾਰਨ ਅੰਗਰੇਜ਼ੀ ਪੜ੍ਹ, ਲਿਖ ਅਤੇ ਬੋਲ ਲੈਂਦੇ ਸਨ। ਇਸ ਕਰਕੇ ਅੰਗਰੇਜ਼ ਨਾਲ ‘ਹੈਲੋ’ ਤੇ ਸ਼ਾਇਦ ’ਹਾਏ’ ਵੀ ਹੋ ਗਈ। ਫਿਰ ‘ਹੈਲੋ-ਹਾਏ’ ਹੱਥ-ਮਿਲਣੀ ਵਿੱਚ ਬਦਲ ਗਈ।
ਅੰਗਰੇਜ਼ ਮੈਥੋਂ ਪੰਜਾਬੀ ਪੜ੍ਹਨ ਲੱਗ ਪਿਆ। ਸਭ ਤੋਂ ਪਹਿਲਾਂ ਉਸ ਨੇ ਪੰਜਾਬੀ ਵਿੱਚ ਕੱਢੀਆਂ ਜਾਂਦੀਆਂ ‘ਗਾਲ੍ਹਾਂ’ ਸਿੱਖੀਆਂ, ਖ਼ਾਸ ਕਰਕੇ ਉਹ ਜਿਹੜੀਆਂ ਸਾਧਾਰਨ ਲੋਕ ਅੰਗਰੇਜ਼ਾਂ ਨੂੰ ਕੱਢਦੇ ਸਨ।
ਮੇਰੇ ਨਾਂਹ-ਨੁੱਕਰ ਕਰਨ ਦੇ ਬਾਵਜੂਦ ਉਹ ਮੈਨੂੰ ਇੱਕ ਦਿਨ ਜਲੰਧਰ ਦੇ ਇੱਕ ਨਾਮੀ ਹੋਟਲ ਵਿੱਚ ਖਾਣੇ ’ਤੇ ਲੈ ਗਿਆ। ਸਾਡੇ ਵੇਲੇ ਹੋਟਲ ਤਾਂ ਕੀ, ਕਦੇ ਢਾਬਾ ਸ਼ਬਦ ਵੀ ਨਹੀਂ ਸੀ ਸੁਣਿਆ। ਖਾਣਾ, ਬਲਕਿ ਰੋਟੀ, ਘਰ ਹੀ ਖਾਣ ਦਾ ਰਿਵਾਜ ਸੀ ਤੇ ਬਾਹਰ ਜਾਣ ਵੇਲੇ ਪੋਣੇ ਵਿੱਚ ਬੰਨ੍ਹ ਕੇ ਨਾਲ ਲਿਜਾਣ ਦਾ। ਸਾਧਾਰਨ ਦਾਲ-ਫੁਲਕਾ ਪਰ ਦਹੀਂ, ਮੱਖਣ, ਲੱਸੀ ਰੱਜਵੇਂ। ਕਦੇ ਕਦਾਈਂ ਪਰੌਂਠੇ ਵੀ ਪੱਕਦੇ।
ਇਸ ਲਈ ਪਲੇਠੀ ਦੀ ਹੋਟਲ ਫੇਰੀ ਸਮੇਂ ਚਾਅ ਜਿਹਾ ਵੀ ਸੀ ਪਰ ਘਬਰਾਹਟ ਜਿਹੀ ਵੀ ਸੀ, ਜਿਵੇਂ ਉਨ੍ਹਾਂ ਸਮਿਆਂ ’ਚ ਨਵੀਂ ਵਿਆਹੀ ਵਹੁਟੀ ਨੂੰ ਪਹਿਲੇ ਦਿਨ ਸਹੁਰੇ ਘਰ ਆਉਣ ਵੇਲੇ ਹੁੰਦੀ ਹੋਵੇਗੀ।
ਖ਼ੈਰ, ਵਾਹਵਾ ਸੁਆਦੀ ਖਾਣਾ ਖਾਣ ਮਗਰੋਂ ਇੱਕ ਚਮਚਮਾਉਂਦੀ ਕੌਲੀ ਵਿੱਚ ਕੋਸਾ ਕੋਸਾ ਪਾਣੀ ਆ ਗਿਆ, ਵਿੱਚ ਇੱਕ ਸੋਹਣੀ ਜਿਹੀ ਨਿੰਬੂ ਦੀ ਕਤਲੀ ਟਿਕੀ ਹੋਈ ਸੀ। ਵੱਖਰੇ ਤੌਰ ’ਤੇ ਨਾਲ ਤੀਲੇ ਜਿਹੇ ਵੀ ਸਨ। ਮੈਂ ਜ਼ਰਾ ਤੇਜ਼ ਖਾਣ ਕਰਕੇ ਤੇ ਕੁਝ ਹੋਟਲ ਵਿੱਚ ਖਾਣ ਦੀ ਕਾਹਲ ਕਾਰਨ ਅੰਗਰੇਜ਼ ਨਾਲੋਂ ਪਹਿਲਾਂ ਖਾਣਾ ਮੁਕਾ ਚੁੱਕਾ ਸੀ। ਸੋਚੀਂ ਪੈ ਗਿਆ ਕਿ ਹੋਟਲਾਂ ਵਿੱਚ ਇਹ ਕੋਸਾ ਕੋਸਾ ਨਿੰਬੂ ਪਾਣੀ ਪੀਣ ਲਈ ਦਿੰਦੇ ਹੋਣਗੇ। ਤੀਲ੍ਹੀਆਂ ਦੀ ਸਮਝ ਨਹੀਂ ਸੀ ਪੈ ਰਹੀ ਕਿ ਕਿਉਂ ਦਿੱਤੀਆਂ ਹਨ।
ਮੈਂ ਕੌਲੀ ਚੁੱਕ ਕੇ ਉਹ ਕੋਸਾ ਕੋਸਾ ਨਿੰਬੂ ਵਾਲਾ ਪਾਣੀ ਪੀਣ ਹੀ ਲੱਗਾ ਸੀ ਕਿ ਅੰਗਰੇਜ਼ ਨੇ ਆਪਣੀ ਕੌਲੀ ਵਿੱਚ ਉਂਗਲਾਂ ਡੁਬੋ ਲਈਆਂ ਅਤੇ ਫਿਰ ਉਂਗਲਾਂ ਉਪਰ ਨਿੰਬੂ ਦੀ ਕਤਲੀ ਫੇਰਨ ਲੱਗ ਪਿਆ। ਮੈਂ ਵੀ ਝੱਟ ਦੇਣੀ ਉਵੇਂ ਹੀ ਕੀਤਾ। ਅੰਗਰੇਜ਼ ਜੇ ਕੁਝ ਸਕਿੰਟ ਹੋਰ ਅਜਿਹਾ ਨਾ ਕਰਦਾ ਤਾਂ ਮੈਂ ਉਹ ਪਾਣੀ ਪੀ ਜਾਣਾ ਸੀ।
ਮੈਨੂੰ ਕਾਲਜ ਵਿੱਚ ਅੰਗਰੇਜ਼ੀ ਦਾ ਪ੍ਰਾ-ਅਧਿਆਪਕ ਲੱਗਣ ਉਪਰੰਤ ਪਤਾ ਲੱਗਾ ਕਿ ਇਨ੍ਹਾਂ ਨੂੰ ‘ਫਿੰਗਰ ਬਾਊਲ’ (ਉਂਗਲਾਂ ਸਾਫ਼ ਕਰਨ ਵਾਲਾ ਨਿੰਬੂੁਪਾਣੀ) ਅਤੇ ‘ਟੁੱਥ ਪਿਕਸ’ (ਦੰਦ ਸਾਫ਼ ਕਰਨ ਵਾਲੀਆਂ ਤੀਲ੍ਹੀਆਂ) ਕਹਿੰਦੇ ਹਨ।

Advertisement

ਸੰਪਰਕ: 98766-55055

Advertisement
Author Image

sukhwinder singh

View all posts

Advertisement
Advertisement
×