ਲਹਿਰਾਗਾਗਾ: ਲਿਫਟਿੰਗ ਨਾ ਹੋਣ ਤੋਂ ਅੱਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਰੋਸ ਪ੍ਰਗਟਿਆ
ਰਮੇਸ ਭਾਰਦਵਾਜ
ਲਹਿਰਾਗਾਗਾ, 18 ਮਈ
ਇਥੋਂ ਦੀ ਮਾਰਕੀਟ ਕਮੇਟੀ ਅਧੀਨ ਆਉਂਦੇ ਖਰੀਦ ਕੇਂਦਰ ਪਿੰਡ ਘੋੜੇਨਬ ਵਿੱਚ ਖਰੀਦੀ ਕਣਕ ਦੀ ਲਿਫਟਿੰਗ ਨਾ ਹੋਣ ਤੋਂ ਦੁਖੀ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਸਰਕਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਆੜ੍ਹਤੀ ਕ੍ਰਿਸ਼ਨ ਕੁਮਾਰ ਅਤੇ ਅਰੁਣ ਕੁਮਾਰ ਸਿੰਗਲਾ, ਤੁਲਾਧਰ, ਰਾਮ ਕੁਮਾਰ, ਸ਼ਿਵ ਕੁਮਾਰ ਸ਼ਿਬੂ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਵਿੱਚ 50 ਹਜ਼ਾਰ ਗੱਟਾ ਕਣਕ ਦਾ ਆਇਆ ਸੀ, ਜਿਸ ਵਿੱਚੋਂ 40 ਹਜ਼ਾਰ ਦੇ ਕਰੀਬ ਗੱਟਾ ਲਿਫਟਿੰਗ ਉਡੀਕ ਰਿਹਾ ਹੈ। 15 ਦਿਨਾਂ ਤੋਂ ਲਿਫਟਿੰਗ ਨਹੀਂ ਹੋਈ, ਜੇ ਇੱਕਾ ਦੁੱਕਾ ਟਰੱਕ ਲਿਫਟਿੰਗ ਵਾਸਤੇ ਆਉਂਦਾ ਹੈ ਤਾਂ ਉਸ ਦਾ ਡਰਾਈਵਰ 2000 ਰੁਪਏ ਦੀ ਮੰਗ ਕਰਦਾ ਹੈ। ਕਣਕ ਦੀਆਂ ਬੋਰੀਆਂ ਨੂੰ ਸਿਉਂਕ ਲੱਗ ਚੁੱਕੀ ਹੈ ਜਿਸ ਕਾਰਨ ਬੋਰੀਆਂ ਖਰਾਬ ਹੋ ਗਈਆਂ। ਲੋਡ ਕਰਨ ਵਾਲੀ ਲੇਬਰ ਦੇ ਰਾਮਪਾਲ ਸਿੰਘ ਤੋਂ ਇਲਾਵਾ ਦੀਪਕ ਸ਼ਰਮਾ ਅਤੇ ਮੁਹੰਮਦ ਅਫਸਾਦ ਨੇ ਦੱਸਿਆ ਕਿ ਮਜ਼ਦੂਰ ਦਸ ਦਿਨਾਂ ਤੋਂ ਵਿਹਲੇ ਹਨ। ਉਨ੍ਹਾਂ ਕੋਲ ਬਿਹਾਰ ਜਾਣ ਲਈ ਕਿਰਾਇਆ ਵੀ ਨਹੀਂ ਉਹ ਇੱਥੇ ਡੇਢ ਮਹੀਨੇ ਤੋਂ ਫਸੇ ਹੋਏ ਹਨ। ਮਜ਼ਦੂਰ ਆਗੂ ਰਾਮਪਾਲ ਸਿੰਘ ਨੇ ਚਿਤਾਵਨੀ ਦਿੱਤੀ ਕਿ ਜੇ 20 ਮਈ ਤੱਕ ਮੰਡੀ ਖਾਲੀ ਨਹੀਂ ਹੋਈ ਤਾਂ ਉਹ ਜੀਪੀਐੱਸ ਦੇ ਸਹਿਯੋਗ ਨਾਲ ਵੱਡਾ ਪ੍ਰੋਗਰਾਮ ਉਲੀਕਣਗੇ।
ਮਾਰਕਫੈਡ ਦੇ ਇੰਸਪੈਕਟਰ ਬਿੱਟੂ ਮਾਡਲ ਨੇ ਦੱਸਿਆ ਕਿ ਉਹ ਯੂਨੀਅਨ ਤੋਂ ਟਰੱਕਾਂ ਦੀ ਲਗਾਤਾਰ ਮੰਗ ਕਰਦੇ ਆ ਰਹੇ ਹਾਂ ਕਿਉਂਕਿ ਸਾਇਲੋ ਵਿੱਚ ਟਰੱਕ ਕਈ- ਕਈ ਦਿਨ ਖਾਲੀ ਨਹੀਂ ਹੋ ਰਹੇ। ਕਟੌਤੀ ਬਾਰੇ ਟਰੱਕ ਯੂਨੀਅਨ ਨੂੰ ਲਿਖ ਕੇ ਦੇ ਦਿੱਤਾ ਹੈ।