ਪਾਕਿ ਫੌਜ ਦੇ ਸਾਬਕਾ ਅਧਿਕਾਰੀ ਨੂੰ 50 ਕਰੋੜ ਦਾ ਕਾਨੂੰਨੀ ਨੋਟਿਸ
* ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਵੀ ਕਿਹਾ
ਲਾਹੌਰ, 8 ਜਨਵਰੀ
ਇੱਥੋਂ ਦੀ ਗ਼ੈਰ-ਲਾਭਕਾਰੀ ਸੰਸਥਾ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਨੇ ਪਾਕਿਸਤਾਨ ਦੇ ਸਾਬਕਾ ਫੌਜੀ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜਦਿਆਂ ਵਿਦੇਸ਼ੀ ਫੰਡਿੰਗ ਦੇ ਦੋਸ਼ ਲਾਉਣ ਅਤੇ ਆਜ਼ਾਦੀ ਘੁਟਾਲੀਏ ਭਗਤ ਸਿੰਘ ਨੂੰ ‘ਅਪਰਾਧੀ’ ਕਰਾਰ ਦੇਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਦੇ ਨਾਲ ਨਾਲ 50 ਕਰੋੜ ਰੁਪਏ ਦਾ ਹਰਜਾਨਾ ਵੀ ਮੰਗਿਆ ਹੈ।
ਇਹ ਕਾਨੂੰਨੀ ਨੋਟਿਸ ਐਡਵੋਕੇਟ ਖਾਲਿਦ ਜ਼ਮਾਨ ਖ਼ਾਨ ਰਾਹੀਂ ਪਾਕਿਸਤਾਨੀ ਫੌਜੀ ਬਲਾਂ ਦੇ ਸਾਬਕਾ ਸੀਨੀਅਰ ਅਧਿਕਾਰੀ ਅਤੇ ਮੈਟਰੋਪੌਲਿਟਨ ਕਾਰਪੋਰੇਸ਼ਨ ਲਾਹੌਰ ਦੇ ਮੁੱਖ ਲੋਕ ਸੰਪਰਕ ਅਫਸਰ ਤਾਰਿਕ ਮਜੀਦ ਨੂੰ ਭੇਜਿਆ ਗਿਆ ਹੈ। ਨੋਟਿਸ ਵਿੱਚ ਕਿਹਾ ਗਿਆ ਹੈ ਕਿ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਦੇਸ਼ ਭਗਤ ਹਨ ਅਤੇ ਦੇਸ਼ ਤੇ ਇਸਲਾਮ ਪ੍ਰਤੀ ਇਮਾਨਦਾਰ ਹਨ। ਉਨ੍ਹਾਂ ਨੇ ਫਾਊਂਡੇਸ਼ਨ ਲਈ ਦੇਸ਼-ਵਿਦੇਸ਼ ਤੋਂ ਇੱਕ ਪੈਸਾ ਨਹੀਂ ਲਿਆ। ਨੋਟਿਸ ਮੁਤਾਬਕ, ਕੁਰੈਸ਼ੀ ਭਾਰਤ ਤੇ ਪਾਕਿਸਤਾਨ ਨੂੰ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਆਮ ਲੋਕਾਂ ਨੂੰ ਲਾਭ ਮਿਲ ਸਕੇ। ਕੁਰੈਸ਼ੀ ਦਾ ਨੋਟਿਸ ਵਿੱਚ ਕਹਿਣਾ ਹੈ ਕਿ ਮਜੀਦ ਨੇ ਨਵੰਬਰ ਮਹੀਨੇ ਲਾਹੌਰ ਹਾਈ ਕੋਰਟ ਵਿੱਚ ਸੌਂਪੀ ਆਪਣੀ ਰਿਪੋਰਟ ਵਿੱਚ ਬਹੁਤ ਹੀ ਭੱਦੀ ਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਹੈ। ਜ਼ਿਕਰਯੋਗ ਹੈ ਕਿ ਨਵੰਬਰ ਵਿੱਚ ਜ਼ਿਲ੍ਹਾ ਸਰਕਾਰ ਨੇ ਲਾਹੌਰ ਹਾਈ ਕੋਰਟ ਨੂੰ ਦੱਸਿਆ ਕਿ ਕਮੋਡੋਰ (ਸੇਵਾਮੁਕਤ) ਮਜੀਦ ਵੱਲੋਂ ਪੇਸ਼ ਕੀਤੀ ਗਈ ਨਿਰੀਖਣ/ਰਿਪੋਰਟ ਦੇ ਮੱਦੇਨਜ਼ਰ ਉਸ ਨੇ ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਨਾਮ ’ਤੇ ਰੱਖਣ ਦੀ ਯੋਜਨਾ ਰੱਦ ਕਰ ਦਿੱਤੀ ਹੈ ਜਿੱਥੇ ਉਨ੍ਹਾਂ ਨੂੰ ਲਗਪਗ 94 ਸਾਲ ਪਹਿਲਾਂ ਫਾਂਸੀ ਦਿੱਤੀ ਗਈ ਸੀ। ਮਜੀਦ ਨੇ ਰਿਪੋਰਟ ਵਿੱਚ ਦਾਅਵਾ ਕੀਤਾ ਸੀ, ‘‘ਭਗਤ ਸਿੰਘ ਕੋਈ ਕ੍ਰਾਂਤੀਕਾਰੀ ਨਹੀਂ, ਸਗੋਂ ਅਪਰਾਧੀ ਸੀ, ਅੱਜ ਦੇ ਸੰਦਰਭ ਵਿੱਚ ਉਹ ਇੱਕ ਅਤਿਵਾਦੀ ਸੀ, ਉਸ ਨੇ ਇੱਕ ਬ੍ਰਿਟਿਸ਼ ਪੁਲੀਸ ਅਫਸਰ ਦੀ ਹੱਤਿਆ ਕੀਤੀ ਅਤੇ ਇਸ ਅਪਰਾਧ ਲਈ ਉਸ ਨੂੰ ਆਪਣੇ ਦੋ ਸਾਥੀਆਂ ਸਮੇਤ ਫ਼ਾਂਸੀ ਦੇ ਦਿੱਤੀ ਗਈ।’’ -ਪੀਟੀਆਈ