ਵਿਰਾਸਤ
ਰਾਮ ਸਵਰਨ ਲੱਖੇਵਾਲੀ
ਪਹੁ ਫੁਟਾਲਾ ਜੀਵਨ ਸਵੇਰ ਨੂੰ ਜੀ ਆਇਆਂ ਨੂੰ ਆਖਦਾ ਹੈ। ਸੂਰਜ ਦੀ ਲੋਅ ਰਾਹ ਰਸਤਾ ਰੌਸ਼ਨ ਕਰਦੀ। ਜਿਊਣ ਦੀ ਚਾਹ ਕਦਮਾਂ ਦੀ ਰਵਾਨੀ ਬਣਦੀ। ਮਨ ਦੇ ਅੰਬਰ ’ਤੇ ਜਿਊਣ ਤਾਂਘ ਦੀ ਇਬਾਰਤ ਲਿਖਦੀ। ਸੁਫਨੇ ਬੁਣਦਾ ਮਨ ਅੰਬਰੀਂ ਉਡਾਰੀ ਭਰਨਾ ਦੀ ਚਾਹਤ ਰੱਖਦਾ। ਖਿਆਲਾਂ ਦੀ ਸਤਰੰਗੀ ਪੀਂਘ ਸ਼ੋਖ ਰੰਗਾਂ ਨੂੰ ਜਿ਼ੰਦਗੀ ਦੀ ਬੁੱਕਲ ਵਿੱਚ ਸਮੋਣਾ ਲੋਚਦੀ। ਸਫਲ ਕਦਮਾਂ ਦੀਆਂ ਪੈੜ ਬਣਨ ਲਈ ਉੱਦਮ ਰਾਹ ਦਿਖਾਉਂਦਾ। ਕਲਾ ਪ੍ਰੇਰਨਾ ਦੇ ਦਰ ਖੋਲ੍ਹਦੀ। ਸਬਕ ਹੌਸਲਾ ਬਣਦੇ। ਪਲ-ਪਲ ਤੁਰਦੀ ਜਿ਼ੰਦਗੀ ਵਹਿੰਦੇ ਪਾਣੀਆਂ ਦੀ ਤੋਰ ਬਣਨ ਦੀ ਤਾਂਘ ਰਖਦੀ। ਚੇਤਨਾ ਸੁਨਿਹਰੀ ਭਵਿੱਖ ਦੀ ਆਸ ਦਾ ਸਿਤਾਰਾ ਬਣਦੀ। ਵਕਤ ਵਿਛੜ ਗਿਆਂ ਦੀਆਂ ਯਾਦਾਂ ਨੂੰ ਜੀਵੰਤ ਕਰਦਾ।
ਸਤੰਬਰ ਮਹੀਨਾ ਬਦਲਦੇ ਮੌਸਮ ਨਾਲ ਜੀਵਨ ਤੋਰ ਬਦਲਦਾ। ਆਪਣੀ ਬੁੱਕਲ ਵਿੱਚ ਨਾਇਕਾਂ ਤੇ ਕਲਾ ਖੇਤਰ ਦੇ ਸੂਰਜਾਂ ਦੀਆਂ ਯਾਦਾਂ ਦੀ ਝਲਕ ਦਿਖਾਉਂਦਾ। ਸਵੇਰੇ ਸਵਖਤੇ ਤਾਰਿਆਂ ਨਾਲ ਭਰੇ ਅੰਬਰ ਵੱਲ ਨਜ਼ਰ ਮਾਰਦਾ ਹਾਂ। ਤਾਰਿਆਂ ਦੀ ਲੋਏ ਸ਼ਾਂਤ ਵਗਦੀ ਪੌਣ ਸਵਾਗਤ ਕਰਦੀ ਨਜ਼ਰ ਆਉਂਦੀ ਹੈ। ਚੁੱਪ-ਚਾਪ ਖੜ੍ਹੇ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਜਾਗਣ ਦਾ ਸੁਨੇਹਾ ਪ੍ਰਤੀਤ ਹੁੰਦੀ। ਤਾਰਿਆਂ ਦੇ ਝੁੰਡ ਵਿੱਚ ਵਿਚਕਾਰ ਜਗਦੇ ਧਰੂ ਤਾਰੇ ਦੀ ਰੌਸ਼ਨ ਲੀਹ ਦੇਖਦਾ ਹਾਂ। ‘ਲੋਹ ਕਥਾ’ ਦਾ ਅਕਸ ਨਜ਼ਰ ਆਉਂਦਾ ਹੈ। ਸ਼ਬਦ, ਕਲਾ ਦੀ ਇਬਾਰਤ ਦਾ ਪੰਨਾ ਪਲਟਦਾ ਹੈ। ਮਨ ਦੇ ਅੰਬਰ ’ਤੇ ਉੱਕਰੇ ਸੁਨਿਹਰੀ ਸ਼ਬਦ ਨਜ਼ਰ ਚੜ੍ਹਦੇ ਹਨ। 9 ਸਤੰਬਰ: ਕਵਿਤਾ ਦਿਵਸ। ਖੇਤਾਂ ਦੇ ਪੁੱਤ ਕਵੀ ਪਾਸ਼ ਦਾ ਜਨਮ ਦਿਹਾੜਾ। ਸ਼ਬਦਾਂ, ਬੋਲਾਂ ਤੇ ਸੁਫਨਿਆਂ ਨੂੰ ਜਿ਼ੰਦਗੀ ਦੀ ਝੋਲੀ ਵਿੱਚ ਸਾਂਭਣ ਦਾ ਦਿਨ। ਕਵਿਤਾ ਦੀ ਲੋਅ ਢਾਰਿਆਂ ਤੱਕ ਪੁੱਜਦਾ ਕਰਨਾ ਦਾ ਦਿਨ। ਕਵਿਤਾ ਦੇ ਬੁਲੰਦ ਬੋਲਾਂ ਨਾਲ ਜਿ਼ੰਦਗੀ ਦੇ ਨਕਸ਼ ਸੰਵਾਰਨ ਦਾ ਦਿਹਾੜਾ।
ਪਾਸ਼ ਦੇ ਚਾਨਣ ਰੰਗੇ ਜਨਮ ਦਿਨ ਸਮਾਰੋਹ ਦਾ ਹਿੱਸਾ ਬਣਨ ਲਈ ਬੱਸ ਫੜਦਾ ਹਾਂ। ਸ਼ਹੀਦ-ਏ-ਆਜ਼ਮ ਦੇ ਪਿੰਡ ਦੀ ਜੂਹ ਬੰਗਾ ਕਾਲਜ ਵਿੱਚ ਚਿੰਤਨ, ਮੰਥਨ ਲਈ ਭਰਿਆ ਆਡੀਟੋਰੀਅਮ। ਜੁੜ ਬੈਠੇ ਸ਼ਾਇਰ ਬੁੱਧੀਜੀਵੀ, ਵਿਦਿਆਰਥੀ, ਕਿਸਾਨ, ਮਜ਼ਦੂਰ ਤੇ ਸਮਾਜ ਦੇ ਫਿ਼ਕਰਾਂ ਦੀ ਬਾਂਹ ਫੜਨ ਵਾਲੇ ਚੇਤੰਨ ਲੋਕ। ਮੰਚ ਤੋਂ ਸਾਡੇ ਸਮਿਆਂ ਵਿੱਚ ਦਰਪੇਸ਼ ਚੁਣੌਤੀਆਂ ਨੂੰ ਸਰ ਕਰਨ ਲਈ ਚਰਚਾ ਸ਼ੁਰੂ ਹੋਈ। ਪਾਸ਼ ਦੀ ਕਵਿਤਾ ਦੇ ਨਾਲ-ਨਾਲ ‘ਤਲਵੰਡੀ ਸਲੇਮ ਨੂੰ ਜਾਂਦੀ ਸੜਕ’ ਤੋਂ ਜਿ਼ੰਦਗੀ ਦੇ ਰਾਹ ਰੁਸ਼ਨਾਉਂਦੀ ਵਾਰਤਕ ਦੀ ਗੱਲ ਤੁਰੀ। ਸ਼ਾਇਰ ਦੀ ਪਹੁੰਚ ਤੇ ਪ੍ਰਤੀਬੱਧਤਾ ਦੇ ਦਰ ਖੁੱਲ੍ਹੇ ਜਿਸ ਅੰਦਰ ਕਿਰਤ, ਵਿਰਾਸਤ, ਹੱਕ ਸੱਚ ਦੇ ਰੌਸ਼ਨ ਰਾਹ ਨਜ਼ਰ ਆਏ। ਸਭ ਕੁਝ ਸੱਚੀਂ ਮੁੱਚੀਂ ਦਾ ਲੋਚਦੇ ਪਾਸ਼ ਨੂੰ ਸਿਜਦਾ ਕਰਦਿਆਂ ਮੰਚ ਤੋਂ ਸੁਣਾਏ ਕਾਵਿ ਬੋਲਾਂ ਨੇ ਕਵਿਤਾ ਦੇ ਬੁਲੰਦੀ ਇਰਾਦਿਆਂ ਦੀ ਬਾਤ ਪਾਈ। ਜੀਣ ਦੀ ਅਥਾਹ ਲੋਚਾ ਰੱਖਦਾ ਪਾਸ਼ ਅੰਗ-ਸੰਗ ਨਜ਼ਰ ਆਇਆ।
16 ਸਤੰਬਰ ਨੂੰ ਪਹੁ ਫੁਟਾਲੇ ਨੇ ਪੌਣਾਂ ਹੱਥ ਸੁਨੇਹਾ ਭੇਜਿਆ। ਪਤਾ ਹੈ, ਅੱਜ ਨਾਟ ਕਲਾ ਨਾਲ ਬਰਾਬਰੀ ਦੇ ਸਮਾਜ ਲਈ ਰਾਹ ਦਰਸਾਵੇ ਦੀਆਂ ਪੈੜਾਂ ਦਾ ਦਿਨ ਹੈ। ਭਾਅ ਜੀ ਗੁਰਸ਼ਰਨ ਸਿੰਘ ਦੇ ਜੀਵਨ ਦੀ ਪਹਿਲੀ ਦਸਤਕ ਦਾ ਦਿਨ। ਫਿਜ਼ਾ ਵਿੱਚੋਂ ਬੁਲੰਦ ਬੋਲਾਂ ਸ਼ਬਦਾਂ ਦੀ ਗੂੰਜ ਸੁਣਾਈ ਦਿੱਤੀ- ‘ਜੇਕਰ ਦਰਿਆਵਾਂ ਦੇ ਵਹਿਣ ਮੋੜੇ ਜਾ ਸਕਦੇ ਹਨ ਤਾਂ ਜਿ਼ੰਦਗੀ ਤੇ ਸਮਾਜ ਨੂੰ ਕਿਉਂ ਨਹੀਂ ਬਦਲਿਆ ਜਾ ਸਕਦਾ!’ ਸਿਰੜੀ, ਸਿਦਕਵਾਨ ਇੰਜਨੀਅਰ ਨੇ ਭਾਖੜਾ ਡੈਮ ’ਤੇ ਖਲੋ ਕੇ ਇਹ ਸੋਚਿਆ। ਆਪਣਾ ਜੀਵਨ ਰੰਗਮੰਚ ਨਾਲ ਲੋਕਾਈ ਨੂੰ ਜਗਾਉਣ ਦੇ ਲੇਖੇ ਲਾਉਣ ਦਾ ਅਹਿਦ ਕੀਤਾ। ਆਪਣੇ ਸਿਰੜੀ ਕਲਾਕਾਰਾਂ ਨਾਲ ਪਿੰਡ-ਪਿੰਡ ਚੇਤਨਾ ਦੀ ਮਸ਼ਾਲ ਜਗਾਈ। ਆਖਿਆ- ‘ਜੇਕਰ ਸਮਾਜ ਦਾ ਕੋਈ ਮੁੱਦਾ ਹੀ ਨਹੀਂ ਉਠਾਉਣਾ ਤਾਂ ਨਾਟਕ ਕਰਨ ਦਾ ਕੀ ਮਤਲਬ?’ ਦੂਰ-ਦੁਰਾਡੇ ਪਿੰਡਾਂ ਦੀਆਂ ਸੱਥਾਂ, ਵਿਹੜਿਆਂ ਵਿੱਚ ਨਾਟ ਕਲਾ ਨਾਲ ਆਪਣੇ ਨਾਇਕ ਸ਼ਹੀਦ ਭਗਤ ਸਿੰਘ ਦੇ ਸੁਫਨਿਆਂ ਦੀ ਬਾਤ ਪਾਈ। ਕਿਰਤ ਕਰਨ ਵਾਲੇ ਅਣਗੌਲੇ, ਵਿਸਾਰੇ ਉੱਦਮੀਆਂ ਨੂੰ ਆਪਣੇ ਨਾਟਕਾਂ ਦੇ ਨਾਇਕ ਬਣਾਇਆ। ਸਾਲਾਂ ਬੱਧੀ ਨਿੱਤ ਦਾ ਲੰਮਾ ਸਫ਼ਰ ਉਸ ਦੇ ਕਦਮਾਂ ਨੂੰ ਥਕਾ ਨਾ ਸਕਿਆ।
ਕਾਵਿ ਅਤੇ ਨਾਟ ਕਲਾ ਨਾਲ ਜੀਵਨ ਰਾਹ ਨੂੰ ਰੁਸ਼ਨਾਉਂਦੇ ਬੋਲ ਉਸੇ ਆਦਰਸ਼ ਨੂੰ ਪ੍ਰਨਾਏ ਹਨ ਜਿਸ ਲਈ ਰੰਗ ਦੇ ਬਸੰਤੀ ਵਾਲਾ ਸ਼ਹੀਦ-ਏ-ਆਜ਼ਮ ਕੁਰਬਾਨ ਹੋ ਗਿਆ। 27 ਸਤੰਬਰ ਨੂੰ ਭਾਅ ਜੀ ਗੁਰਸ਼ਰਨ ਸਿੰਘ ਦਾ ਜੀਵਨ ਪੰਧ ਮੁੱਕਿਆ, ਉਦੈ ਹੋਈ ਅਗਲੀ ਸਵੇਰ ਸ਼ਹੀਦ ਭਗਤ ਸਿੰਘ ਦੇ ਜਨਮ ਦੀ ਸੂਹੀ ਰੌਸ਼ਨੀ ਲੈ ਕੇ ਆਈ। ਦੇਸ਼ ਲਈ ਜਿਊਣ ਮਰਨ ਦੀ ਗੁੜਤੀ ਵਿਰਸੇ ਵਿੱਚੋਂ ਮਿਲੀ। ਪਗੜੀ ਸੰਭਾਲ ਲਹਿਰ ਦਾ ਨਾਇਕ ਚਾਚਾ ਅਜੀਤ ਸਿੰਘ ਰਾਹ ਦਰਸਾਵਾ ਬਣਿਆ। ਲਾਹੌਰ ਪੜ੍ਹਦਿਆਂ ਚੇਤਨਾ ਬੁਲੰਦੀ ’ਤੇ ਪਹੁੰਚੀ। ਦੇਸ਼ ਭਗਤ ਨੌਜਵਾਨਾਂ ਦੇ ਕਾਫ਼ਲੇ ਦਾ ਅੰਗ ਬਣਿਆ। ਅਧਿਐਨ, ਚਿੰਤਨ ਤੇ ਚੇਤਨਾ ਨੇ ਇਰਾਦਿਆਂ ਨੂੰ ਬਲ ਦਿੱਤਾ। ਉਹ ਪੁਸਤਕਾਂ ਨੂੰ ਜਿ਼ੰਦਗੀ ਜਿੰਨੀ ਮੁਹੱਬਤ ਕਰਦਾ। ਦੇਸ਼ ਦੁਨੀਆ ਦੇ ਲੇਖਕਾਂ ਨੂੰ ਪੜ੍ਹਦਾ ਇਤਿਹਾਸ ਨੂੰ ਵਾਚਦਾ ਦੇਸ਼ ਦੁਨੀਆ ਦੀ ਸਿਆਸਤ ਨੂੰ ਸਮਝਣ ਲੱਗਾ। ਗ਼ਦਰੀ ਜਰਨੈਲ ਕਰਤਾਰ ਸਿੰਘ ਸਰਾਭਾ ਉਸ ਦੇ ਸੁਫਨਿਆਂ ਵਿੱਚ ਵਸਦਾ। ਬੋਲ਼ੇ ਗੋਰੇ ਹਾਕਮਾਂ ਨੂੰ ਜਗਾਉਣ ਲਈ ਅਸੈਂਬਲੀ ਵਿੱਚ ਬੰਬ ਸੁੱਟਿਆ। ਜੇਲ੍ਹ ਵਿੱਚ ਜੱਜਾਂ ਨੂੰ ਨਿਰਉੱਤਰ ਕਰ ਆਜ਼ਾਦੀ ਦਾ ਪੱਖ ਪੂਰਦਿਆਂ ਭਾਰਤੀਆਂ ’ਤੇ ਹੁੰਦੇ ਜ਼ੁਲਮਾਂ ਦੀ ਕਥਾ ਦੇਸ਼ ਦੁਨੀਆ ਸਾਹਵੇਂ ਰੱਖੀ। ਮਨੁੱਖ ਦੀ ਮਨੁੱਖ ਹੱਥੋਂ ਲੁੱਟ ਬੰਦ ਕਰਨ ਵਾਲੀ ਖਰੀ ਆਜ਼ਾਦੀ ਲੋਚਦਾ ਫਾਂਸੀ ਦਾ ਰੱਸਾ ਚੁੰਮ ਗਿਆ। ਉਸ ਨਾਇਕ ਦੇ ਬੋਲ ਹੱਕਾਂ ਹਿਤਾਂ ਲਈ ਜੂਝਦੇ ਕਿਰਤੀ ਕਿਸਾਨਾਂ ਦੇ ਸੰਘਰਸ਼ਾਂ ਤੇ ਕਲਾ ਦੇ ਸਭਨਾਂ ਰੂਪਾਂ ਵਿੱਚ ਗੂੰਜਦੇ ਹਨ।
ਮਨ ਦੀ ਦਹਿਲੀਜ਼ ਤੋਂ ਪਾਸ਼ ਦੇ ਬੋਲਾਂ ਦੀ ਦਸਤਕ ਸੁਣਦਾ ਹਾਂ- ‘ਸਾਡੇ ਸ਼ਹੀਦ ਸਾਥੋਂ ਕੁਸ਼ ਆਸ ਰੱਖਦੇ ਨੇ। ਪੰਜਾਬ ਦੀ ਜਵਾਨੀ ਨੂੰ ਸ਼ਹੀਦ ਭਗਤ ਸਿੰਘ ਦਾ ਫਾਂਸੀ ਚੜ੍ਹਨ ਤੋਂ ਪਹਿਲਾਂ ਪੁਸਤਕ ਦਾ ਮੋੜਿਆ ਵਰਕਾ ਖੋਲ੍ਹ ਕੇ ਅਗਾਂਹ ਤੁਰਨਾ ਚਾਹੀਦਾ ਹੈ। ਕਲਾ ਨਾਲ ਜਿ਼ੰਦਗੀ ਤੇ ਸਮਾਜ ਦਾ ਰਾਹ ਰੌਸ਼ਨ ਕਰਨਾ ਸਾਡੇ ਸਮਿਆਂ ਦਾ ਅਹਿਦ ਹੈ। ਸਭਨਾਂ ਵਿਤਕਰਿਆਂ ਤੋਂ ਮੁਕਤ ਬਰਾਬਰੀ ਦਾ ਸਮਾਜ, ਪ੍ਰਬੰਧ ਸ਼ਹੀਦ-ਏ-ਆਜ਼ਮ ਦੇ ਸੁਫਨਿਆਂ ਦੀ ਵਿਰਾਸਤ ਹੈ ਜਿਸ ਵਿੱਚ ਸੁਨਿਹਰੇ ਭਵਿੱਖ ਦੀ ਬੁਲੰਦ ਆਸ ਜਿਊਂਦੀ ਹੈ।’
ਸੰਪਰਕ: 95010-06626