For the best experience, open
https://m.punjabitribuneonline.com
on your mobile browser.
Advertisement

ਰਵਾਇਤੀ ਸਭਿਆਚਾਰ ਦੀ ਛਾਪ ਛੱਡਦਾ ‘ਟਿੱਬਿਆਂ ਦਾ ਮੇਲਾ’ ਸਮਾਪਤ

08:00 AM Dec 11, 2023 IST
ਰਵਾਇਤੀ ਸਭਿਆਚਾਰ ਦੀ ਛਾਪ ਛੱਡਦਾ ‘ਟਿੱਬਿਆਂ ਦਾ ਮੇਲਾ’ ਸਮਾਪਤ
ਇੱਕ ਸਟਾਲ ਤੋਂ ਕਿਤਾਬਾਂ ਦੀ ਖਰੀਦਦਾਰੀ ਕਰਦੇ ਹੋਏ ਲੋਕ ਅਤੇ ਗੀਤ ਗਾਉਂਦਾ ਹੋਇਆ ਕੰਵਰ ਗਰੇਵਾਲ। -ਫੋਟੋਆਂ: ਸੁਰੇਸ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 10 ਦਸੰਬਰ
ਮਾਨਸਾ ਦੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿੱਚ ਚੱਲ ਰਿਹਾ ‘ਟਿੱਬਿਆਂ ਦਾ ਮੇਲਾ’ ਯਾਦਗਾਰੀ ਹੋ ਨਿੱਬੜਿਆ। ਅੱਜ ਤੀਸਰੇ ਦਿਨ ਪੰਜਾਬ ਦੇ ਸੈਰ-ਸਪਾਟਾ, ਸਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸ਼ਾਹਨ ਅਤੇ ਪ੍ਰਾਹੁਣਾਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਸੈਰ-ਸਪਾਟੇ ਸਮੇਤ ਸਭਿਆਚਾਰਕ ਮਾਮਲੇ ਨੂੰ ਪ੍ਰਫੁੱਲਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਮੁੜ ਰੰਗਲੇ ਪੰਜਾਬ ਦੀ ਝਲਕ ਪੈਣੀ ਆਰੰਭ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਵਿੱਚ ਸਭਿਆਚਾਰਕ ਗਤੀਵਿਧੀਆਂ ਨੂੰ ਬੇਹੱਦ ਬੜਾਵਾ ਦੇਣਾ ਸ਼ੁਰੂ ਕੀਤਾ ਹੋਇਆ ਹੈ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਮਾਨਸਾ ਦੀ ਜੰਮਪਲ ਹੋਣ ਦੀਆਂ ਕਈ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਮਾਨਸਾ ਦੀ ਧਰਤੀ ਨੇ ਜਿੱਥੇ ਵੱਡੇ-ਵੱਡੇ ਕਲਾਕਾਰ, ਲਿਖਾਰੀ, ਬੁੱਧੀਜੀਵੀ, ਗਾਇਕ ਅਤੇ ਲੋਕ ਲਹਿਰਾਂ ਨੂੰ ਜਨਮ ਦਿੱਤਾ ਹੈ, ਉਥੇ ਇਸ ਨੇ ਪੜ੍ਹਾਈ-ਲਿਖਾਈ ਦੇ ਖੇਤਰ ਵਿੱਚ ਵੀ ਅਨੇਕਾਂ ਮੱਲਾਂ ਮਾਰੀਆਂ ਹਨ ਅਤੇ ਹੁਣ ਨਵੀਂ ਪੀੜ੍ਹੀ ਨੇ ਮਾਨਸਾ ’ਤੇ ਲੱਗੇ ਪਛੜੇਪਣ ਦੇ ਦਾਗ਼ ਨੂੰ ਵੀ ਧੋ ਦਿੱਤਾ ਹੈ।

Advertisement


ਇਸੇ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਲੋਕਾਂ ਵਿੱਚ ਖੂਬ ਰੰਗ ਬੰਨ੍ਹਿਆ। ਉਸਨੇ ਪੰਜਾਬੀ ਗਾਇਕੀ ਦਾ ਸਿਰੇ ਦਾ ਪ੍ਰਦਰਸ਼ਨ ਕਰਦਿਆਂ ਸਾਫ਼-ਸੁਥਰੇ ਗੀਤਾਂ ਰਾਹੀਂ ਮੇਲੀਆਂ ਨੂੰ ਨਿਹਾਲ ਕੀਤਾ।
ਇਸ ਤੋਂ ਪਹਿਲਾਂ ਮੇਲੇ ਦੌਰਾਨ ਝੂੰਮਰ, ਗਿੱਧਾ, ਗੀਤ-ਸੰਗੀਤ, ਬੋਲੀਆਂ, ਭੰਡ, ਸਿੱਠਣੀਆਂ ਨੇ ਖੂਬ ਰੌਣਕ-ਮੇਲਾ ਲਾਈ ਰੱਖਿਆ। ਮੇਲੀਆਂ ਨੇ ਸਰ੍ਹੋਂ ਦੇ ਸਾਗ, ਮੱਖਣ, ਲੱਸੀ, ਮੱਕੀ ਦੀ ਰੋਟੀ ਦਾ ਖਾਣ ਦਾ ਆਨੰਦ ਮਾਣਿਆ। ਲਗਾਤਾਰ ਤਿੰਨ ਦਿਨਾਂ ਤੋਂ ਚੱਲੇ ਆ ਰਹੇ ਟਿੱਬਿਆਂ ਦੇ ਮੇਲੇ ਵਿਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਵੰਨਗੀਆਂ ਵੇਖਣ ਨੂੰ ਮਿਲੀਆਂ। ਮੇਲੇ ਵਿਚ ਲੱਗੀਆਂ ਪੁਸਤਕ ਪ੍ਰਦਰਸ਼ਨੀਆਂ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੀ ਬਾਤ ਪਾ ਰਹੀਆਂ ਹਨ, ਉੱਥੇ ਹੀ ਲਾਈਵ ਸਕੈਚਿੰਗ ਵਿਚ ਲੋਕ ਆਪਣੀਆਂ ਤਸਵੀਰਾਂ ਬਣਵਾਉਂਦੇ ਨਜ਼ਰ ਆਏ।
ਬਠਿੰਡਾ ਤੋਂ ਆਏ ਚਿੱਤਰਕਾਰ ਵਿੱਕੀ ਨੇ ਦੱਸਿਆ ਕਿ ਉਹ ਲਾਈਵ ਚਿੱਤਰਕਾਰੀ ਵਿਚ ਮਾਹਿਰ ਹੈ। ਇਸ ਤੋਂ ਪਹਿਲਾਂ ਉਹ ਦਿੱਲੀ, ਮੁੰਬਈ ਜਿਹੇ ਸ਼ਹਿਰਾਂ ਵਿਚ ਲਾਈਵ ਸਕੈਚਿੰਗ ਕਰ ਚੁੱਕਾ ਹੈ, ਪਰ ਮਾਨਸਾ ਵਿਖੇ ਟਿੱਬਿਆਂ ਦੇ ਮੇਲੇ ਵਿਚ ਪਹਿਲੀ ਵਾਰ ਉਸ ਨੂੰ ਆਪਣੀ ਕਲਾਕ੍ਰਿਤੀ ਨੂੰ ਦਰਸਾਉਣ ਦਾ ਸੁਭਾਗਾ ਮੌਕਾ ਪ੍ਰਾਪਤ ਹੋਇਆ ਹੈ।
ਇਸ ਮੇਲੇ ’ਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਦਰਸਾਉਂਦੀ ਪੰਜਾਬੀ ਅੱਖਰਾਂ ਦੀ ਹੱਟ ਖਿੱਚ ਦਾ ਕੇਂਦਰ ਬਣੀ ਰਹੀ। ਮਾਨਸਾ ਵਾਸੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਮੇਲੇ ਅੰਦਰ ਪੰਜਾਬੀ ਅੱਖਰਾਂ ਦੀ ਪ੍ਰਦਰਸ਼ਨੀ ਲਗਾਈ ਹੈ, ਜਿਸ ਨੂੰ ਗੁਰਮੁਖੀ ਖਜ਼ਾਨਾ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਜ਼ਰੀਏ ਉਨ੍ਹਾਂ ਪੰਜਾਬੀ ਦੇ ਠੇਠ ਸ਼ਬਦ ਸਾਹਮਣੇ ਲਿਆਂਦੇ ਹਨ, ਜਿਸ ਤੋਂ ਨਵੀਂ ਪੀੜ੍ਹੀ ਰੂ-ਬ-ਰੂ ਹੋ ਰਹੀ ਹੈ।

Advertisement
Author Image

Advertisement
Advertisement
×