For the best experience, open
https://m.punjabitribuneonline.com
on your mobile browser.
Advertisement

ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਬੁਢਲਾਡਾ ਵਾਸੀ ਪ੍ਰੇਸ਼ਾਨ

07:41 AM Jul 01, 2024 IST
ਸੀਵਰੇਜ ਸਿਸਟਮ ਫੇਲ੍ਹ ਹੋਣ ਕਾਰਨ ਬੁਢਲਾਡਾ ਵਾਸੀ ਪ੍ਰੇਸ਼ਾਨ
ਬੁਢਲਾਡਾ ਦੀ ਇੱਕ ਗਲੀ ’ਚ ਭਰਿਆ ਸੀਵਰੇਜ ਦਾ ਪਾਣੀ।
Advertisement

ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 30 ਜੂਨ
ਸਥਾਨਕ ਸ਼ਹਿਰ ਦਾ ਸੀਵਰੇਜ ਸਿਸਟਮ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਜਦਕਿ ਗਲੀਆਂ-ਮੁਹੱਲਿਆਂ ’ਚ ਓਵਰਫਲੋਅ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਮੌਨਸੂਨ ਸਿਰ ’ਤੇ ਹੋਣ ਦੇ ਬਾਵਜੂਦ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਲੋਕਾਂ ਵੱਲੋਂ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਹਨ, ਪਰ ਸਮੱਸਿਆ ਜਿਉਂ ਦੀ ਤਿਉਂ ਹੈ। ਇਸ ਸਬੰਧੀ ਕੌਂਸਲਰ ਕੰਵਲਜੀਤ ਮਦਾਨ ਵੱਲੋਂ ਡੀ.ਸੀ. ਮਾਨਸਾ ਨੂੰ ਇੱਕ ਪੱਤਰ ਲਿਖ ਕੇ ਸ਼ਹਿਰ ਦੀ ਤਰਸਯੋਗ ਹਾਲਤ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਗਈ ਸੀ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਮੌਨਸੂਨ ਤੋਂ ਪਹਿਲਾਂ ਠੀਕ ਕਰਵਾਇਆ ਜਾਵੇ। ਸ਼ਹਿਰ ਦਾ ਅੱਧਾ ਹਿੱਸਾ ਪੁਰਾਣੀ ਮੰਡੀ ਏਰੀਆ ਸੀਵਰੇਜ ਬੰਦ ਹੋਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਜਾਣਕਾਰੀ ਮੁਤਾਬਕ ਚੌੜੀ ਗਲੀ, ਧੋਬੀਆ ਵਾਲੀ ਗਲੀ, ਗਊਸ਼ਾਲਾ ਰੋਡ, ਵਾਰਡ ਨੰਬਰ 8, ਕਬੀਰ ਕਲੋਨੀ, ਹਸਪਤਾਲ ਰੋਡ ਤੇ ਬਾਂਦਰ ਘਰ ਨਜ਼ਦੀਕ ਕਈ ਖੇਤਰਾਂ ਵਿੱਚ ਸੀਵਰੇਜ ਬੁਰੀ ਤਰ੍ਹਾਂ ਬੰਦ ਹੋਣ ਕਾਰਨ ਓਵਰਫਲੋਅ ਹੋ ਚੁੱਕਾ ਹੈ। ਇਸ ਸਬੰਧੀ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨੂੰ ਧਰਨਾ ਲਾ ਕੇ ਵੀ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਸਮਾਜਸੇਵੀ ਸੁਰਿੰਦਰ ਕੁਮਾਰ, ਸ਼ਾਮ ਲਾਲ ਤੇ ਵਿਵੇਕ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀ ਤਰਸਯੋਗ ਹਾਲਤ ਸਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾ ਰਹੀ ਹੈ।
ਐੱਸਡੀਓ ਲਲਿਤ ਮਿੱਤਲ ਨੇ ਦੱਸਿਆ ਕਿ ਇਹ ਸਮੱਸਿਆ ਮੇਨ ਸੀਵਰੇਜ ਪਾਈਪਾਂ ਵਿੱਚ ਸੀਲਟ ਫਸੇ ਹੋਣ ਕਾਰਨ ਆ ਰਹੀ ਹੈ। ਇਸ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਈਟੀਆਈ ਤੋਂ ਬੱਸ ਸਟੈਂਡ ਰੋਡ ਉਪਰ ਲੋਕਾਂ ਵੱਲੋਂ ਪਾਣੀ ਦੀ ਡਰੇਨੇਜ਼ ਸਿੱਧੀ ਸੀਵਰੇਜ ਪਾਈਪਾਂ ਚ ਕੀਤੀ ਹੋਣ ਕਾਰਨ ਪਲਾਸਟਿਕ ਅਤੇ ਹੋਰ ਸਾਮਾਨ ਸਿੱਧਾ ਮੇਨ ਹੋਲ ਵਿੱਚ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਬਸ ਨਹੀਂ, ਇਸ ਖੇਤਰ ਅੰਦਰ ਪੈਂਦੀਆਂ ਪਸ਼ੂ ਡੇਅਰੀ ਫਾਰਮਿੰਗ ਕਰਨ ਵਾਲੇ ਲੋਕਾਂ ਵੱਲੋਂ ਗੋਹਾ ਅਤੇ ਕੂੜਾ ਸਿੱਧੇ ਤੌਰ ’ਤੇ ਸੀਵਰੇਜ ਵਿੱਚ ਪਾਉਣ ਕਾਰਨ ਸ਼ਹਿਰ ਦੇ ਮੇਨ ਸੀਵਰੇਜ ਦੀਆਂ ਪਾਈਪਾਂ ’ਚ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਵੇ ਅਤੇ ਸੀਵਰੇਜ ਵਿੱਚ ਕੀਤੇ ਗਏ ਸਿੱਧੇ ਕੁਨੈਕਸ਼ਨਾਂ ਨੂੰ ਤੁਰੰਤ ਬੰਦ ਕਰੇ। ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਅਪੀਲ ਕੀਤੀ ਕਿ ਉਹ ਪਲਾਸਟਿਕ, ਖਾਲੀ ਨਾਰੀਅਲ ਦੇ ਖੋਲ੍ਹ ਆਦਿ ਵਸਤੂਆਂ ਨੂੰ ਨਾਲੀਆਂ ਵਿੱਚ ਨਾ ਸੁੱਟਣ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਹੱਲ ਜਲਦ ਹੀ ਕਰ ਲਿਆ ਜਾਵੇਗਾ।

Advertisement

ਸੀਵਰੇਜ ਸਮੱਸਿਆ: ਸੰਯੁਕਤ ਕਿਸਾਨ ਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਇਕੱਤਰਤਾ

ਮਾਨਸਾ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ ਇੱਕ ਬੁਲਾਰਾ। -ਫੋਟੋ: ਸੁਰੇਸ਼

ਮਾਨਸਾ (ਜੋਗਿੰਦਰ ਸਿੰਘ ਮਾਨ): ਸ਼ਹਿਰ ਦੀ ਸੀਵਰੇਜ ਸਮੱਸਿਆ ਦੇ ਹੱਲ ਲਈ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਮੀਟਿੰਗ ਕਾਮਰੇਡ ਰਾਜਵਿੰਦਰ ਰਾਣਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 3 ਜੁਲਾਈ ਨੂੰ ਡਿਪਟੀ ਕਮਿਸ਼ਨਰ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਸੀਵਰੇਜ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ। ਮੀਟਿੰਗ ਵਿੱਚ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੀ ਸੀਵਰੇਜ ਦੀ ਸਮੱਸਿਆ ਗੰਭੀਰ ਮਸਲਾ ਹੈ, ਜਿਸ ਦਾ ਫੌਰੀ ਹੱਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮਸਲੇ ਦਾ ਫੌਰੀ ਹੱਲ ਨਾ ਕੀਤਾ ਗਿਆ ਤਾਂ ਬਾਰਿਸ਼ ਹੋਣ ਕਾਰਨ ਸੀਵਰੇਜ ਅਤੇ ਬਾਰਿਸ਼ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ’ਚ ਦਾਖ਼ਲ ਹੋਵੇਗਾ, ਜਿਸ ਨਾਲ ਸ਼ਹਿਰ ਦੀ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਵੇਗੀ। ਆਗੂਆਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਸੀਵਰੇਜ ਦੇ ਪੱਕੇ ਹੱਲ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ ਤਾਂ ਜੋ ਸੀਵਰੇਜ ਦੇ ਪਾਣੀ ਨੂੰ ਬਣਾਂਵਾਲਾ ਤਾਪਘਰ ਲਈ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਲਈ ਅਤੇ ਪੀਣ ਲਈ ਵਰਤਿਆ ਜਾਵੇ। ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਫੌਰੀ ਹੱਲ ਲਈ ਡਿਪਟੀ ਕਮਿਸ਼ਨਰ ਨੂੰ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸੀਵਰੇਜ ਦੇ ਫੌਰੀ ਹੱਲ ਲਈ ਪੱਕੇ ਤੌਰ ’ਤੇ ਸੁਪਰ ਸ਼ੱਕਰ ਮਸ਼ੀਨ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸੀਵਰੇਜ ਸੁਧਾਰ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕ੍ਰਿਸ਼ਨ ਸਿੰਘ ਚੌਹਾਨ, ਸੁਰੇਸ਼ ਨੰਦਗੜੀਆ, ਰੁਲਦੂ ਸਿੰਘ ਮਾਨਸਾ, ਜਤਿੰਦਰ ਆਗਰਾ , ਵਿਨੋਦ ਭੰਮਾ, ਐਡਵੋਕੇਟ ਬਲਕਰਨ ਸਿੰਘ ਬੱਲੀ, ਨਿਰਮਲ ਸਿੰਘ ਝੰਡੂਕੇ, ਮਨਦੀਪ ਸਿੰਘ ਗੋਰਾ, ਰਮੇਸ਼ ਕੁਮਾਰ ਟੋਨੀ, ਰਾਜ ਕੁਮਾਰ, ਸੁਰਿੰਦਰ ਸ਼ਰਮਾ, ਅਰਸ਼ਦੀਪ ਮਾਈਕਲ ਗਾਗੋਵਾਲ, ਗਗਨਦੀਪ ਸਿੰਘ, ਅੰਮ੍ਰਿਤਰਪਾਲ ਗੋਗਾ , ਮਾਸਟਰ ਤਰਸੇਮ ਜੋਗਾ, ਪ੍ਰੇਮ ਕਾਟੀ , ਰਘਵੀਰ ਸਿੰਘ, ਕਰਮ ਸਿੰਘ, ਸਮਿੰਦਰ ਸਿੰਘ, ਰਤਨ ਭੋਲਾ, ਮਨਜੀਤ ਸਿੰਘ ਮੀਹਾਂ, ਐਡਵੋਕੇਟ ਈਸ਼ਵਰ ਦਾਸ ਤੇ ਮੇਜਰ ਸਿੰਘ ਚੁਣੇ ਗਏ। ਕਮੇਟੀ ਵੱਲੋਂ ਭਲਕੇ 1 ਜੁਲਾਈ ਨੂੰ ਸ਼ਾਮ ਪੰਜ ਵਜੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਬੁਲਾਈ ਗਈ ਹੈ ਤਾਂ ਜੋ ਸ਼ਹਿਰ ਦੀਆਂ ਬਾਕੀ ਰਹਿੰਦੀਆਂ ਜਥੇਬੰਦੀਆਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਜਾ ਸਕੇ।

Advertisement
Author Image

Advertisement
Advertisement
×