ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੀਵ ਆਊਟ

08:44 AM May 09, 2024 IST

ਅੰਮ੍ਰਿਤਪਾਲ ਕਲੇਰ ਚੀਦਾ

Advertisement

ਬਘੇਲ ਸਿੰਹੁ ਦੇ ਸੱਥਰ ’ਤੇ ਬੈਠੀਆਂ ਬੁੜ੍ਹੀਆਂ ਮੂੰਹੋਂ-ਮੂੰਹ ਬੋਲ ਰਹੀਆਂ ਸਨ।
‘‘ਅਖੇ ਭੈਣੇ ਚੰਗਾ ਭਲਾ ਤਾਂ ਗਿਆ ਸੀ ਚੰਦਰਾ।’’ ਸੀਤੋ ਚੁੰਨੀ ਦਾ ਪੱਲਾ ਮੂੰਹ ਵਿੱਚ ਪਾਈ ਬੈਠੀ ਬੋਲ ਰਹੀ ਸੀ।
‘‘ਨੀ ਬਾਹਲ਼ਾ ਈ ਚਾਓ ਸੀ ਉਹਨੂੰ ਕੈਨੇਡੇ ਜਾਣ ਦਾ, ਧਰਤੀ ’ਤੇ ਪੱਬ ਨ੍ਹੀਂ ਸੀ ਲੱਗਦਾ। ਜਾਣ ਤੋਂ ਚਹੁੰ ਕੁ ਦਿਨ ਪਹਿਲਾਂ ਸਾਡੇ ਸੋਨੀ ਨਾਲ ਸ਼ਹਿਰੋਂ ਜਾ ਕੇ ਦੋ ਤਿੰਨ ਪਜਾਮੇ ਜੇ ਖਰੀਦ ਕੇ ਲਿਆਇਆ, ਬਾਹਲ਼ਾ ਈ ਹੱਸੀ ਜਾਵੇ, ਮੈਨੂੰ ਹੱਸ ਹੱਸ ਕੇ ਆਖੇ, ‘ਅਖੇ ਦਲੀਪੋ, ਮੈਂ ਤਾਂ ਉੱਥੇ ਪਜਾਮੇ ਪਾ ਕੇ ਬਰਫ਼ ਹੂੰਝਿਆ ਕਰੂੰ। ਬਾਹਲੀ਼ਆਂ ਚਹੇਡਾਂ ਕਰਦਾ ਸੀ ਮੈਨੂੰ।’’
ਦਲੀਪ ਕੌਰ ਨੇ ਪਾਣੀ ਦੀ ਘੁੱਟ ਲੰਘਾਉਂਦਿਆਂ ਕਿਹਾ। ਉਹ ਉਨ੍ਹਾਂ ਦੀ ਗੁਆਂਢਣ ਸੀ ਅਤੇ ਰਿਸ਼ਤੇ ਵਿੱਚ ਬਘੇਲ ਸਿੰਹੁ ਦੀ ਭਰਜਾਈ ਲੱਗਦੀ ਸੀ।
ਗਰਮੀ ਦੀ ਦਸਤਕ ਨਾਲ ਕਣਕਾਂ ਨੇ ਰੰਗ ਵਟਾ ਲਏ ਸਨ। ਚੇਤ ਮਹੀਨੇ ਦਾ ਪਿਛਲਾ ਪੱਖ ਚੱਲ ਰਿਹਾ ਸੀ। ਕੂੰਜਾਂ ਦੀਆਂ ਡਾਰਾਂ ਨੇ ਆਪਣੇ ਖੇੜਿਆਂ ਵੱਲ ਨੂੰ ਵਹੀਰਾਂ ਘੱਤ ਲਈਆਂ ਸਨ। ਕਣਕਾਂ ਦੀ ਜੋਬਨ ਰੁੱਤੇ ਸੁਨਹਿਰੀ ਭਾਹ ਮਾਰਦੇ ਖੇਤ, ਕਿਸਾਨਾਂ ਤੇ ਕਾਮਿਆਂ ਨੂੰ ਨਸ਼ਿਆਉਂਦੇ ਸਨ। ਬਘੇਲ ਸਿੰਹੁ ਕੈਨੇਡਾ ਤੋਂ ਮਹੀਨੇ ਮਗਰੋਂ ਹੀ ਪੰਜਾਬ ਆ ਗਿਆ ਸੀ। ਉਸ ਦਾ ਪੀਲ਼ਾ ਪਿਆ ਚਿਹਰਾ, ਸਦੀਆਂ ਦੀ ਜੰਮੀ ਧੂੜ ਵਾਂਗ ਲੱਗ ਰਿਹਾ ਸੀ। ਉਸ ਦੇ ਚਿਹਰੇ ਦੀ ਪਿਲੱਤਣ ਨੂੰ ਪੰਜਾਹ ਵਿੱਘੇ ਲਹਿਲਹਾਉਂਦੀ ਕਣਕ ਨੇ ਵੀ ਖੇੜਾ ਨਾ ਦਿੱਤਾ।
ਬਘੇਲ ਸਿੰਹੁ, ਚਕਰ ਦਸੌਂਧਾ ਪਿੰਡ ਦੇ ਕਹਿੰਦੇ ਕਹਾਉਂਦੇ ਜ਼ਿਮੀਦਾਰਾਂ ਵਿੱਚੋਂ ਇੱਕ ਸੀ। ਇਕੱਲੇ ਨੂੰ ਪੰਜਾਹ ਕਿੱਲੇ ਜ਼ਮੀਨ ਦੇ ਆਉਂਦੇ ਸਨ। ਆਪਣੇ ਮਾਂ ਬਾਪ ਦੇ ਇਕੱਲਾ ਹੀ ਪੁੱਤਰ ਸੀ। ਇੱਕ ਵੱਡੀ ਭੈਣ ਸੀ, ਜੋ ਪੰਜ ਛੇ ਸਾਲਾਂ ਦੀ ਹੋ ਕੇ ਮੁੱਕ ਗਈ ਸੀ।
ਬਘੇਲ ਸਿੰਹੁ ਦਾ ਪਿੰਡ ਦੇ ਵਿਚਾਲੇ ਦੋ ਵੱਡੀਆਂ ਗਲ਼ੀਆਂ ਵਿਚਕਾਰ ਹਵੇਲੀਨੁਮਾ ਘਰ ਸੀ। ਲੋਹੇ ਦੇ ਵੱਡੇ ਕਿੱਲਾਂ ਵਾਲਾ ਵੱਡਾ ਦਰਵਾਜ਼ਾ। ਦਰਵਾਜ਼ੇ ਦੇ ਨਾਲ ਲੱਗਦਾ ਵੱਡਾ ਸਾਰਾ ਸਲੇਟਾਂ ਦਾ ਸ਼ੈੱਡ ਸੀ, ਜੋ ਅੱਧਾ ਪਸ਼ੂ ਢਾਂਡਾ ਬੰਨ੍ਹਣ ਲਈ ਅਤੇ ਅੱਧਾ ਖੇਤੀ ਦੇ ਸੰਦ ਰੱਖਣ ਲਈ ਸੀ। ਨਾਲ ਹੀ ਅੱਧਾ ਵਰਾਂਡਾ ਵਿਚਾਲ਼ੇ ਪੰਜ ਇੰਚੀ ਕੰਧ ਕੱਢ ਕੇ ਤੂੜੀ ਨਾਲ ਭਰਿਆ ਹੁੰਦਾ। ਤੂੜੀ ਉੱਤੇ ਸਲੰਘ, ਤੰਗਲੀ਼, ਪੰਜਾਲੀ਼ਆਂ, ਕਸੀਏ, ਕਸੌਲੀ, ਮਾਲ ਡੰਗਰ ਨੂੰ ਤੂੜੀ ਪਾਉਣ ਵਾਲੇ (ਤੂਤ ਦੀਆਂ ਛਟੀਆਂ ਦੇ ਘਰੇ ਬਣਾਏ) ਟੋਕਰੇ, ਟੋਕਰੀਆਂ, ਬੋਰੀਆਂ ਦੀਆਂ ਪੱਲੀਆਂ ਸਿਉਂਤੀਆਂ ਹੋਈਆਂ ਅਤੇ ਵਾਣ ਦੇ ਰੱਸੇ ਪਏ ਹੁੰਦੇ। ਤੂੜੀ ਦੇ ਨਾਲ ਹੀ ਇੱਕ ਪਾਸੇ ਪਸ਼ੂਆਂ ਦੀ ਲੇਟੀ ਹਾਰੇ ਵਿੱਚ ਗੋਹੇ ਪਾ ਕੇ ਰਿੱਝਣੀ ਧਰੀ ਹੁੰਦੀ, ਵੜੇਵਿਆਂ ਅਤੇ ਸਰ੍ਹੋਂ ਦੀ ਖਲ਼ ਵਾਲੀਆਂ ਬੋਰੀਆਂ ਹਾਰੇ ਦੇ ਨਾਲ ਹੀ ਪਈਆਂ ਹੁੰਦੀਆਂ। ਅੱਧੇ ਸ਼ੈੱਡ ਵਿੱਚ ਖੇਤੀ ਦੇ ਸੰਦ ਟਰੈਕਟਰ, ਟਰਾਲੀ, ਹਲ਼, ਕਣਕ ਬੀਜਣ ਵਾਲੀ ਮਸ਼ੀਨ, ਸੁਹਾਗਾ, ਹਲ਼, ਤਵੀਆਂ, ਰੋਟਾਵੇਟਰ, ਟਰਾਲਾ, ਜੀਪ ਆਦਿ ਖੜ੍ਹੇ ਹੁੰਦੇ। ਵੱਡੇ ਦਲਾਨ ਵਿੱਚ ਕੰਧ ਨਾਲ ਪਸ਼ੂਆਂ ਦੀਆਂ ਖੁਰਲੀਆਂ ਬਣਾਈਆਂ ਹੋਈਆਂ ਸਨ। ਅੱਗੇ ਜਾ ਕੇ ਵਰਾਂਡੇ ਸਨ, ਜੋ ਕਾਲ਼ੇ ਸ਼ੀਸ਼ੇ ਦੇ ਦਰਵਾਜ਼ਿਆਂ ਨਾਲ ਕਵਰ ਕੀਤੇ ਹੋਏ ਸਨ। ਵਰਾਂਡਿਆਂ ਤੋਂ ਤੀਹ ਕੁ ਫੁੱਟ ਅੱਗੇ ਕਰਕੇ ਦੋਵਾਂ ਪਾਸਿਆਂ ਤੋਂ ਪੰਜ ਪੰਜ ਫੁੱਟ ਕੰਧ ਕੱਢੀ ਹੋਈ ਸੀ ਅਤੇ ਵਿਚਕਾਰ ਲੋਹੇ ਦਾ ਗੇਟ ਲੱਗਿਆ ਹੋਇਆ ਸੀ। ਚੁੱਲ੍ਹਾ ਚੌਂਕਾ ਕੰਧ ਤੋਂ ਅੱਗੇ ਕਰਕੇ ਵਰਾਂਡਿਆਂ ਦੇ ਨਾਲ ਸੀ। ਚੁੱਲ੍ਹੇ ਕੋਲ ਕਿਸੇ ਸੀਰੀ ਪਾਲ਼ੀ ਨੂੰ ਜਾਣ ਦੀ ਆਗਿਆ ਨਹੀਂ ਸੀ। ਸੀਰੀਆਂ ਨੂੰ ਕੰਮ ’ਤੇ ਰੱਖਣ ਸਮੇਂ ਉਸ ਦੀ ਇਹ ਸਖ਼ਤ ਤਾੜਨਾ ਹੁੰਦੀ ਸੀ ਕਿ ਤੁਸੀਂ ਵਰਾਂਡੇ ਤੱਕ ਨਹੀਂ ਜਾਓਗੇ। ਕੰਮ ਧੰਦੇ ਬਾਬਤ ਪੁੱਛਣ ਲਈ ਉਹ ਬਘੇਲ ਸਿੰਹੁ ਦੀ ਘਰਵਾਲੀ ਨੂੰ ‘‘ਸਰਦਾਰਨੀਏ’’ ਕਹਿ ਕੇ ਪੁੱਛਦੇ।
ਇੱਕ ਵਾਰ ਕੀ ਹੋਇਆ ਕਿ ਪੋਹ ਦਾ ਮਹੀਨਾ ਸੀ, ਠੰਢ ਵੀ ਲੋਹੜਿਆਂ ਦੀ। ਵਿਹੜੇ ਵਾਲ਼ਿਆਂ ਦਾ ਬਸਾਖਾ ਵਰਾਂਡੇ ਵਿੱਚੋਂ ਦੀ ਹੁੰਦਾ ਹੋਇਆ ਚੁੱਲ੍ਹੇ ਵੱਲ ਨੂੰ ਹੋ ਗਿਆ ਕਿ ਠਰੇ ਹੱਥਾਂ ਨੂੰ ਅੱਗ ਉੱਤੇ ਸੇਕ ਲਵਾਂ। ਬਘੇਲ ਸਿੰਹੁ ਨੂੰ ਅੰਦਰ ਖੜ੍ਹੇ ਨੂੰ ਪਤਾ ਲੱਗ ਗਿਆ ਅਤੇ ਅੰਦਰੋਂ ਹੀ ਲਲਕਾਰਾ ਮਾਰਿਆ,
‘‘ਅੱਗੇ ਕਿੱਧਰ ਮੂੰਹ ਚੱਕੀ ਆਉਨਾ ਉਏ ...?’’
ਬਸਾਖੇ ਦਾ ਹੀਆ ਨਾ ਪਿਆ ਕਿ ਉਹਨੂੰ ਅੱਗੋਂ ਕਹੇ, ‘ਸਰਦਾਰਾ, ਚੁੱਲ੍ਹੇ ’ਤੇ ਹੱਥ ਸੇਕਣੇ ਸੀ’, ਤੇ ਉਹ ਉੱਥੋਂ ਹੀ ਨੀਵੀਂ ਜਿਹੀ ਪਾ ਕੇ ਪਿਛਾਂਹ ਨੂੰ ਮੁੜ ਗਿਆ।
ਬਘੇਲ ਸਿੰਹੁ ਦੇ ਨਾਲ ਹਰ ਸਾਲ ਘੱਟੋ ਘੱਟ ਤਿੰਨ ਸੀਰੀ ਸੀਰ ਨਾਲ ਰਲਦੇ ਸਨ। ਜਵਾਨੀ ਵਿੱਚ ਉਸ ਨੂੰ ਘੋੜੇ ਘੋੜੀਆਂ ਰੱਖਣ ਦਾ ਵੀ ਬਹੁਤ ਸ਼ੌਕ ਸੀ। ਉਸ ਦੇ ਅਸਤਬਲ ਵਿੱਚ ਚੰਗੀ ਨਸਲ ਦੇ ਘੋੜੇ ਸਨ। ਕਾਲ਼ਾ ਸ਼ਾਹ ਉਸ ਦਾ ਪਸੰਦੀਦਾ ਘੋੜਾ ਸੀ। ਜਦੋਂ ਉਸ ਨੇ ਮੇਲੇ ਜਾਣਾ ਹੁੰਦਾ ਤਾਂ ਉਹ ਸ਼ਾਹ ਉੱਤੇ ਹੀ ਕਾਠੀ ਪਾਉਂਦਾ। ਉਨ੍ਹਾਂ ਦੇ ਪਿੰਡ ਚਕਰ ਦਸੌਂਧਾ ਤੋਂ ਤਿੰਨ ਕੁ ਮੀਲ ਉੱਤੇ ‘ਜ਼ਨਤ ਸ਼ਰੀਫਾਂ’ ਦਾ ਮੇਲਾ ਭਰਦਾ ਸੀ। ਮੇਲੇ ਵਿੱਚ ਬੜੀਟਿੱਬੇ ਵਾਲੇ ਨਕਲੀਏ ਆਉਂਦੇ, ਉਸ ਨੂੰ ਉਹ ਬਹੁਤ ਪਸੰਦ ਸਨ। ਉਹ ਸੌ ਸੌ ਰੁਪਏ ਦੀ ਵੇਲ ਕਰਾਉਂਦਾ। ਜਦੋਂ ਨਚਾਰ ਕਲਾਕਾਰ ਨੱਚਦਾ ਨੱਚਦਾ...
‘‘ਬਘੇਲ ਸਿੰਹੁ ਦੀ ਸੌ ਰੁਪਏ ਦੀ ਵੇਲ,’’ ਗਾਉਂਦਾ ਤਾਂ ਉਹ ਮੁੱਛਾਂ ਨੂੰ ਵੱਟ ਦੇ ਕੇ ਹੋਰ ਚੌੜਾ ਹੋ ਜਾਂਦਾ। ਉਸ ਨੂੰ ਇਸ ਮੇਲੇ ਦਾ ਅਵੱਲਾ ਹੀ ਚਾਅ ਚੜ੍ਹਿਆ ਹੁੰਦਾ। ਜ਼ਨਤ ਸ਼ਰੀਫਾਂ ਦਾ ਮੇਲਾ ਤਿੰਨ ਦਿਨ ਭਰਦਾ। ਉੱਥੇ ਦੋ ਸ਼ਰੀਫਾਂ ਅਤੇ ਇੱਕ ਪੀਰ ਦੀ ਮਜ਼ਾਰ ਸੀ। ਪਹਿਲੇ ਦਿਨ ਨਵੇਂ ਵਿਆਹੇ ਗੰਢ ਜੋੜੇ ਟਿੱਲੇ ਉੱਤੇ ਸ਼ਰੀਫਾਂ ਦੀ ਮਿੱਟੀ ਕੱਢਦੇ, ਦੂਜੇ ਦਿਨ ਮਜ਼ਾਰ ਉੱਤੇ ਆਟੇ ਦੇ ਬਣੇ ਘਿਓ ਦੇ ਦੀਵੇ ਬਾਲ਼ਦੇ ਅਤੇ ਮੇਲੇ ਦੇ ਅਖ਼ੀਰਲੇ ਦਿਨ ਪੀਰ ਦੀ ਮਜ਼ਾਰ ਉੱਤੇ ਕੱਵਾਲੀਆਂ ਦੀ ਰਾਤ ਹੁੰਦੀ। ਮਲੇਰਕੋਟਲੇ ਤੋਂ ਕਰਾਮਾਤ ਅਲੀ ਅਤੇ ਹੋਰ ਖ਼ਾਸ ਕੱਵਾਲ ਬੁਲਾਏ ਜਾਂਦੇ। ਬਘੇਲ ਸਿੰਹੁ ਮੇਲੇ ਦੇ ਤਿੰਨੇ ਦਿਨ ਕੁੜਤਾ ਚਾਦਰਾ, ਤਿੱਲੇ ਤੇ ਨੋਕਾਂ ਵਾਲਾ ਜੋੜਾ, ਮਾਵੇ ਵਾਲੀ ਪੱਗ ਬੰਨ੍ਹ ਕੇ ਟੌਰਾ ਛੱਡਿਆ ਹੁੰਦਾ, ਲੱਕ ਦੁਆਲੇ ਰੌਂਦਾ ਵਾਲੀ ਪੇਟੀ ਬੰਨ੍ਹੀ ਹੁੰਦੀ ਤੇ ਹੱਥ ਵਿੱਚ ਦੁਨਾਲੀ਼ ਬੰਦੂਕ, ਗਲ ਵਿੱਚ ਸੋਨੇ ਦਾ ਕੈਂਠਾ, ਹੱਥ ਵਿੱਚ ਕੜਾ ਪਾ ਘੋੜੇ ’ਤੇ ਸਵਾਰ ਹੋ ਕੇ ਮੇਲੇ ਜਾਂਦਾ। ਉਹ ਜਿੱਥੋਂ ਦੀ ਵੀ ਲੰਘਦਾ ਲੋਕ ਖੜ੍ਹ ਖੜ੍ਹ ਕੇ ਦੇਖਦੇ। ਕੰਮੀ ਲੋਕ ਉਸ ਨੂੰ ਨੀਵੀਂ ਪਾ ਹੱਥ ਚੁੱਕ ਕੇ ਦੁਆ ਸਲਾਮ ਕਰਦੇ। ਰੰਗੜਊ ਐਨਾ ਕਿ ਮੋਢਿਆਂ ਉੱਤੋਂ ਦੀ ਥੁੱਕਦਾ।
ਇੱਕ ਵਾਰੀ ਮੇਲੇ ਵਿੱਚ ਗੁਆਂਢ ਪਿੰਡ ਦੀ ਛੰਨੋ ਨੇ ਬਘੇਲ ਸਿੰਹੁ ਨੂੰ ਦੇਖ ਕੇ ਤੇਜੋ ਨੂੰ ਹੁੱਜ ਮਾਰ ਕੇ ਕਿਹਾ ਸੀ, ‘‘ਨੀ ਆਹ ਤਾਂ, ਬਾਹਲ਼ਾ ਹੀ ਮਿਜਾਜ਼ੀ ਜਾ ਲੱਗਦਾ।’’
‘‘ਚੱਲ ਬੈਠ ਘੋੜੇ ’ਤੇ, ਦੋ ਗੇੜੇ ਕਢਾ ਦਿਆਂ ਮੇਲੇ ’ਚ।’’ ਬਘੇਲ ਸਿੰਹੁ ਨੂੰ ਸੁਣ ਗਿਆ ਸੀ ਅਤੇ ਉਸ ਨੇ ਮੁੱਛਾਂ ਨੂੰ ਤਾਅ ਦੇ ਕੇ ਪਿੱਛੇ ਮੁੜ ਕੇ ਛੰਨੋ ਨੂੰ ਮਸ਼ਕਰੀ ਕੀਤੀ ਸੀ।
‘‘ਜਾਹ,ਵੇ ਜਾਹ, ਮਸਤਿਆ ਜਟਵਾਧ,’’ ਕਹਿ ਕੇ ਛੰਨੋ ਮੇਲੇ ਦੀ ਭੀੜ ਵਿੱਚ ਗੁਆਚ ਗਈ ਸੀ।
ਬਘੇਲ ਸਿੰਹੁ ਦੇ ਤਿੰਨ ਕੁੜੀਆਂ ਹੀ ਸਨ। ਵੱਡੀ ਕੁੜੀ ਜਸ ਲੁਧਿਆਣੇ ਵਿਆਹੀ ਹੋਈ ਸੀ। ਵਿਚਕਾਰਲੀ ਕੁੜੀ ਅਮਨ ਬਠਿੰਡੇ ਵਿਆਹੀ ਸੀ ਅਤੇ ਸਭ ਤੋਂ ਛੋਟੀ ਰੁਪਿੰਦਰ ਨੂੰ ਆਈਲੈਟਸ (ਆਇਲਜ਼) ਕਰਾ ਕੇ ਕੈਨੇਡਾ ਭੇਜ ਦਿੱਤਾ ਸੀ। ਤਿੰਨਾਂ ਕੁੜੀਆਂ ਨੂੰ ਬਘੇਲ ਸਿੰਹੁ ਨੇ ਬੜੇ ਪਰਦੇ ਵਿੱਚ ਪਾਲ਼ਿਆ ਅਤੇ ਪੜ੍ਹਾਇਆ ਸੀ। ਕੁੜੀਆਂ ਦੀ ਮਜਾਲ ਕੀ ਸੀ ਕਿ ਘਰੋਂ ਬਾਹਰ ਪੈਰ ਵੀ ਧਰ ਜਾਂਦੀਆਂ। ਘਰ ਦੀ ਦੇਹਲ਼ੀ ਤੋਂ ਬਾਹਰ ਤਾਂ ਪੈਰ ਕਦੇ ਉਨ੍ਹਾਂ ਦੀ ਮਾਂ ਬੰਸੋ ਨੇ ਨਹੀਂ ਸੀ ਧਰਿਆ। ਨਾਂ ਤਾਂ ਉਸ ਦਾ ਹਰਬੰਸ ਕੌਰ ਸੀ, ਪਰ ਸਾਰੇ ਉਸ ਨੂੰ ਬੰਸੋ ਹੀ ਕਹਿੰਦੇ ਸਨ। ਇੱਕ ਵਾਰ ਹਰਬੰਸ ਕੌਰ ਉਨ੍ਹਾਂ ਦੀ ਸੀਰਨ ਮਨਜੀਤ ਕੌਰ ਨਾਲ ਲੀੜੇ ਕੱਪੜੇ ਲੈਣ ਮੰਡੀ ਚਲੀ ਗਈ ਬੱਸ ਉੱਤੇ। ਉਸ ਦਿਨ ਬਘੇਲ ਸਿੰਹੁ ਕਿਤੇ ਦੂਰੋਂ ਘੋੜਾ ਖ਼ਰੀਦਣ ਗਿਆ ਸੀ। ਉਨ੍ਹਾਂ ਨੂੰ ਆਉਂਦੀਆਂ ਨੂੰ ਥੋੜ੍ਹੀ ਦੇਰੀ ਹੋ ਗਈ। ਉਹ ਉਨ੍ਹਾਂ ਦੇ ਘਰੇ ਆਉਣ ਤੋਂ ਪਹਿਲਾਂ ਹੀ ਘਰੇ ਆਇਆ ਬੈਠਾ ਸੀ। ਹਰਬੰਸ ਕੌਰ ਦੀ ਆਉਂਦਿਆਂ ਹੀ ਗੁੱਤ ਫੜ ਲਈ ਅਤੇ ਕਿਹਾ, ‘‘ਕਿੱਥੇ ਧੱਕੇ ਖਾ ਕੇ ਆਈ ਐਂ?’’ ਦੋ ਥੱਪੜ ਨਾਲ ਦੀ ਨਾਲ ਗਿੱਚੀ ਵਿੱਚ ਧਰ ਦਿੱਤੇ।
‘‘ਸਰਦਾਰ ਜੀ, ਮਾਫ਼ ਕਰ ਦਿਓ।’’ ਹਰਬੰਸ ਕੌਰ ਨੇ ਦੋਵੇਂ ਹੱਥ ਬੰਨ੍ਹ ਕੇ ਇੰਨਾ ਹੀ ਕਿਹਾ ਅਤੇ ਤਿੰਨੇ ਕੁੜੀਆਂ ਜੋ ਵਿਹੜੇ ਵਿੱਚ ਖੇਡ ਰਹੀਆਂ ਸਨ ਇਕਦਮ ਸਹਿਮ ਕੇ ਪੜ੍ਹਨ ਬੈਠ ਗਈਆਂ ਸਨ। ਕੁੜੀਆਂ ਸਾਹਮਣੇ ਕਈ ਵਾਰੀ ਨਿੱਕੀ ਨਿੱਕੀ ਗੱਲ ਉੱਤੇ ਬਘੇਲ ਸਿੰਹੁ ਨੇ ਹਰਬੰਸ ਕੌਰ ਨੂੰ ਬੁਰਾ ਭਲਾ ਵੀ ਕਿਹਾ ਸੀ ਅਤੇ ਗਾਲ੍ਹਾਂ ਵੀ ਕੱਢੀਆਂ ਸਨ। ਦੋਵੇਂ ਵੱਡੀਆਂ ਕੁੜੀਆਂ ਜਸ ਤੇ ਅਮਨ ਤਾਂ ਕਦੇ ਵੀ ਬੋਲੀਆਂ ਨਹੀਂ ਸਨ, ਪਰ ਛੋਟੀ ਰੁਪਿੰਦਰ ਨੇ ਆਪਣੀ ਮਾਂ ਨੂੰ ਕਈ ਵਾਰੀ ਕਿਹਾ ਸੀ, ‘‘ਮੰਮਾ, ਡੈਡੀ ਤੁਹਾਡੇ ਨਾਲ ਬੈਡ ਬੀਹੇਵ ਕਿਉਂ ਕਰਦੇ ਨੇ? ਮੰਮਾ ਜੀ, ਆਈ ਡਾਂਟ ਲਾਈਕ ਦਿਸ।’’
‘‘ਕੋਈ ਨਾ ਪੁੱਤ, ਬੰਦੇ ਹੁੰਦੇ ਹੀ ਐਦਾਂ ਦੇ ਨੇ।’’ ਹਰਬੰਸ ਕੌਰ ਇਹ ਕਹਿ ਕੇ ਕੁੜੀ ਨੂੰ ਟਾਲ ਛੱਡਦੀ, ਪਰ ਲਾਟਾਂ ਉਸ ਦੇ ਅੰਦਰ ਵੀ ਮੱਚਦੀਆਂ। ਲੋਕ ਲੱਜੋਂ ਦਿਲ ਵਿੱਚ ਮੱਚਦੀ ਅੱਗ ਨੂੰ ਉਹ ਕਿਵੇਂ ਨਾ ਕਿਵੇਂ ਸ਼ਾਂਤ ਕਰ ਲੈਂਦੀ।
ਰੁਪਿੰਦਰ ਨੂੰ ਕੈਨੇਡਾ ਗਈ ਨੂੰ ਡੇਢ ਕੁ ਸਾਲ ਹੋ ਗਿਆ ਸੀ। ਉਸ ਨੇ ਆਪਣੇ ਡੈਡੀ ਬਘੇਲ ਸਿੰਘ ਦੇ ਕੈਨੇਡਾ ਆਉਣ ਦੇ ਪੇਪਰ ਆਪਣੇ ਜਨਮ ਦਿਨ ਉੱਤੇ ਲਾ ਦਿੱਤੇ। ਮਹੀਨੇ ਕੁ ਵਿੱਚ ਉਸ ਨੂੰ ਕੈਨੇਡਾ ਜਾਣ ਲਈ ਵੀਜ਼ਾ ਮਿਲ ਗਿਆ। ਦਸ ਦਿਨਾਂ ਵਿੱਚ ਹੀ ਉਸ ਨੇ ਕੈਨੇਡਾ ਜਾਣ ਦੀ ਟਿਕਟ ਲੈ ਲਈ। ਉਸ ਨੂੰ ਕੈਨੇਡਾ ਜਾਣ ਦਾ ਲੋਹੜਿਆਂ ਦਾ ਚਾਅ ਸੀ। ਉਸ ਦੇ ਮਨ ਦੇ ਖ਼ਿਆਲਾਂ ਵਿੱਚ ਕੈਨੇਡਾ ਸਵਰਗ ਸੀ, ਜਿੱਥੇ ਸਿਰਫ਼ ਡਾਲਰ ਹੀ ਡਾਲਰ ਸਨ। ਉਸ ਦੇ ਮਨ ਦੇ ਖ਼ਿਆਲ, ਸੁਨਹਿਰੀ ਸੁਪਨਿਆਂ ਵਾਲੀ ਦੁਨੀਆ ਵਿੱਚ ਗੁਆਚ ਜਾਂਦੇ। ਵੱਡੇ ਵੱਡੇ ਪੈਲ਼ੀ ਦੇ ਫਾਰਮਾਂ ਵਿੱਚ ਉਹ ਆਪਣੇ ਆਪ ਨੂੰ ਕਦੇ ਮਜ਼ਦੂਰਾਂ ਤੋਂ ਕੰਮ ਕਰਾਉਂਦਾ ਫਿਰਦਾ ਦਿਖਾਈ ਦਿੰਦਾ। ਕਦੇ ਬੇਰੀ ਤੋੜਦੇ ਮਜ਼ਦੂਰ, ਕਦੇ ਉਸ ਨੂੰ ਆਪਣੀ ਸਲਤਨਤ ਵਿੱਚ ਸਾਰੇ ਆਪਣੇ ਅੱਗੇ ਪਿੱਛੇ ਭੱਜੇ ਫਿਰਦੇ ਦਿਖਾਈ ਦਿੰਦੇ। ਕਦੇ ਉਸ ਦੇ ਖ਼ਿਆਲਾਂ ਨੂੰ ਉਦੋਂ ਹਵਾ ਮਿਲ ਜਾਂਦੀ, ਜਦੋਂ ਉਹ ਆਪਣੀਆਂ ਧੀਆਂ ਨੂੰ ਆਵਾਜ਼ ਮਾਰਦਾ ਅਤੇ ਡਰਦੀਆਂ ਸਹਿਮੀਆਂ ਤਿੰਨੋਂ ਉਸ ਦੇ ਸਾਹਮਣੇ ਨੀਵੀਂ ਪਾ ਕੇ ਆ ਖੜ੍ਹਦੀਆਂ। ਇਨ੍ਹਾਂ ਸੋਚਾਂ ਦੇ ਨਾਲ ਹੀ ਉਹ ਦਿੱਲੀ ਦੇ ਹਵਾਈ ਅੱਡੇ ਤੋਂ ਕੈਨੇਡਾ ਜਾਣ ਲਈ ਜਹਾਜ਼ ਵਿੱਚ ਬੈਠ ਗਿਆ। ਜਹਾਜ਼ ਵਿੱਚ ਬੈਠਦਿਆਂ ਹੀ ਉਸ ਦੀਆਂ ਸੋਚਾਂ ਉਸ ਤੋਂ ਪਹਿਲਾਂ ਆਪਣੀ ਧੀ ਰੁਪਿੰਦਰ ਕੋਲ ਪਹੁੰਚ ਗਈਆਂ। ਜਣੀ ਰੁਪਿੰਦਰ ਉਸ ਨੂੰ ਬਹੁਤ ਬੇਸਬਰੀ ਨਾਲ ਉਡੀਕ ਰਹੀ ਹੈ ਅਤੇ ਕਹਿ ਰਹੀ ਹੈ, ‘‘ਡੈਡੀ ਜੀ, ਆਈ ਮਿਸ ਯੂ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ,’’ ਅਤੇ ਲਾਡ ਨਾਲ ਉਸ ਦੇ ਮੋਢਿਆਂ ’ਤੇ ਚੜ੍ਹ ਜਾਵੇਗੀ। ਇਨ੍ਹਾਂ ਸੋਚਾਂ ਵਿੱਚ ਹੀ ਜਹਾਜ਼ ਨੇ ਕੈਨੇਡਾ ਦੀ ਧਰਤੀ ’ਤੇ ਲੈਂਡ ਕੀਤਾ ਅਤੇ ਬਘੇਲ ਸਿੰਹੁ ਨੇ ਕੈਨੇਡਾ ਦੀ ਧਰਤੀ ’ਤੇ ਪੈਰ ਧਰਿਆ। ਜਦੋਂ ਟੋਰਾਂਟੋ ਦੇ ਏਅਰਪੋਰਟ ’ਚੋਂ ਬਾਹਰ ਨਿਕਲਿਆ ਤਾਂ ਰੁਪਿੰਦਰ ਤੇ ਵਿਵੇਕ ਉਸ ਨੂੰ ਲੈਣ ਲਈ ਖੜ੍ਹੇ ਸਨ। ਵਿਵੇਕ ਰੁਪਿੰਦਰ ਦਾ ਰੂਮਮੇਟ ਸੀ। ਰੁਪਿੰਦਰ ਦੇ ਸਲੀਵਲੈੱਸ ਟੀ ਸ਼ਰਟ ਤੇ ਉੱਚੀ ਜਿਹੀ ਦੋ ਥਾਵਾਂ ਤੋਂ ਪਾਟੀ ਹੋਈ ਜੀਨ ਪਹਿਨੀ ਹੋਈ ਸੀ। ਖੁੱਲ੍ਹੇ ਛੱਡੇ ਵਾਲ, ਖੁੱਲ੍ਹੇ ਮੌਸਮ ਦੀ ਹਵਾ ਨਾਲ ਵਾਰ ਵਾਰ ਉਸ ਦੇ ਮੂੰਹ ਨੂੰ ਢੱਕ ਰਹੇ ਸਨ। ਉਸ ਨੇ ਬਘੇਲ ਸਿੰਹੁ ਨੂੰ ਦੂਰੋਂ ਪਛਾਣਿਆ ਅਤੇ ਵਿਵੇਕ ਨਾਲ ਹੌਲੀ ਹੌਲੀ ਗੱਲਾਂ ਕਰਦੀ ਸਹਿਜ ਨਾਲ ਆਪਣੇ ਡੈਡੀ ਦੇ ਕੋਲ ਆਈ। ਉਸ ਨੇ ਆਪਣੇ ਡੈਡੀ ਨੂੰ ‘‘ਹਾਏ ਡੈਡ’’ ਕਹਿ ਕੇ ਵਿਵੇਕ ਨੂੰ ਕਿਹਾ, ‘‘ਵਿਵੇਕ, ਹੀ ਇਜ਼ ਮਾਈ ਡੈਡ, ਐਂਡ ਡੈਡ ਹੀ ਇਜ਼ ਵਿਵੇਕ।’’
ਫਿਰ ਉਹ ਤਿੰਨੇ ਗੱਡੀ ਵਿੱਚ ਬੈਠ ਕੇ ਟੋਰਾਂਟੋ ਦੇ ਇੱਕ ਛੋਟੇ ਜਿਹੇ ਬੇਸ ਵਿੱਚ ਚਲੇ ਗਏ। ਵਿਵੇਕ ਰੁਪਿੰਦਰ ਨੂੰ ਰੈਪੀ ਕਹਿ ਕੇ ਬੁਲਾਉਂਦਾ ਸੀ। ਬਘੇਲ ਸਿੰਹੁ ਦੀ ਧੀ ਰੁਪਿੰਦਰ ਹੁਣ ਰੁਪਿੰਦਰ ਤੋਂ ਰੈਪੀ ਬਣ ਗਈ ਸੀ। ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਉਂ ਵੀ ਜ਼ਿੰਦਗੀ ਹੁੰਦੀ ਹੈ? ਉਸ ਦੇ ਮਨ ਦੀਆਂ ਉੱਚੀਆਂ ਉੱਚੀਆਂ ਦੀਵਾਰਾਂ ਇੱਕ ਇੱਕ ਕਰਕੇ ਢਹਿ ਢੇਰੀ ਹੋਣ ਲੱਗੀਆਂ। ਉਹ ਮਹੀਨੇ ਕੁ ਬਾਅਦ ਹੀ ਭਾਰਤ ਵਾਪਸ ਆ ਗਿਆ ਸੀ।
ਸਾਰੇ ਰਿਸ਼ਤੇਦਾਰ ਪਹੁੰਚ ਗਏ ਸਨ। ਸਾਰੇ ਕਹਿ ਰਹੇ ਸਨ ਕਿ ਆਖ਼ਰੀ ਇਸ਼ਨਾਨ ਕਰਾਓ।
ਸੀਤੋ ਅਤੇ ਦਲੀਪੋ ਇੱਕ ਪਾਸੇ ਬੈਠੀਆਂ ਹੌਲੀ ਹੌਲੀ ਗੱਲਾਂ ਕਰ ਰਹੀਆਂ ਸਨ, ‘‘ਨੀ ਦਲੀਪੋ, ਭਾਣਾ ਕੀ ਵਾਪਰਿਆ? ਤੈਨੂੰ ਤਾਂ ਪਤਾ ਹੋਊ, ਨਾਲ ਕੰਧ ਸਾਂਝੀ ਐ। ਨਾਲੇ ਤੇਰੇ ਨਾਲ ਤਾਂ ਬਾਹਲ਼ਾ ਤਿਹੁ ਸੀ।’’ ਸੀਤੋ ਨੇ ਮਲਕੜੇ ਜਿਹੇ ਦਲੀਪੋ ਨੂੰ ਪੁੱਛਿਆ।
‘‘ਭਾਈ ਪਤਾ ਨੀ, ’ਗਾਹਾਂ ਨਾ ਗੱਲ ਕਰੀਂ, ਸਾਡੀ ਦੋਹਤੀ ਵੀ ਕੈਨੇਡਾ ਹੀ ਐ, ਇਹਦੀ ਛੋਟੀ ਕੁੜੀ ਕੋਲ਼ੇ। ਉਹ ਦੱਸਦੀ ਸੀ, ਅਖੇ ਉਸ ਨੇ ਉੱਥੇ ਦੂਜੀ ਜਾਤ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ। ਸੁਣਦੇ ਆਂ ਭਾਈ, ਮੁੰਡਾ ਜਲੰਧਰ ਕੰਨੀਂ ਦਾ। ਇਹਨੇ ਡੁੱਬੜੇ ਨੇ ਰਾਤੀਂ ਐਸੇ ਗੱਲੋਂ ਕਿਤੇ ਫਾਹਾ ਲੈ ਲਿਆ, ਇਨ੍ਹਾਂ ਨੂੰ ਤਾਂ ਸਾਝਰੇ ਪਤਾ ਲੱਗਿਆ,’’ ਦਲੀਪੋ ਨੇ ਦਬਵੀਂ ਆਵਾਜ਼ ਵਿੱਚ ਸੀਤੋ ਨੂੰ ਦੱਸਿਆ।
ਬਘੇਲ ਸਿੰਹੁ ਦੀ ਪਤਨੀ ਹਰਬੰਸ ਕੌਰ ਨੇ ਰੋਂਦਿਆਂ ਕਿਹਾ ਕਿ ਰੁਪਿੰਦਰ ਨੂੰ ਦੱਸ ਦਿਓ। ਵੱਡੀ ਕੁੜੀ ਜਸ ਨੇ ਰੁਪਿੰਦਰ ਨੂੰ ਫੋਨ ਕੀਤਾ, ਫੋਨ ਵਿਵੇਕ ਨੇ ਚੁੱਕਿਆ, ‘‘ਰੈਪੀ, ਯੋਅਰ ਕਾਲ।’’ ‘‘ਹੂ ਇਜ਼ ਦਿਸ?’’ ਰੁਪਿੰਦਰ ਨੇ ਬੀਅਰ ਪੀ ਰੱਖੀ ਸੀ ਅਤੇ ਨਸ਼ੇ ਦੀ ਹਾਲਤ ਵਿੱਚ ਸੀ। ‘‘ਜਸ ਯੋਅਰ ਸਿਸ। ਕਹਿ ਰਹੀ ਹੈ, ਡੈਡ ਇਜ਼ ਨੋ ਮੋਰ।’’ ਜਸ ਨੇ ਰੋਂਦਿਆਂ ਕਿਹਾ, ‘‘ਰੁਪਿੰਦਰ ਡੈਡੀ ਨਹੀਂ ਰਹੇ।’’ ‘‘ਲੀਵ ਆਊਟ ਯਾਰ,’’ ਰੁਪਿੰਦਰ ਨੇ ਇੰਨਾ ਕਹਿ ਕੇ ਫੋਨ ਕੱਟ ਦਿੱਤਾ।
ਸੰਪਰਕ: 99157-80980

Advertisement
Advertisement