ਪ੍ਰਸੂਤਾ ਛੁੱਟੀ ’ਤੇ ਗਈ ਮਹਿਲਾ ਮੁਲਾਜ਼ਮ ਦੀ ਨੌਕਰੀ ਤੋਂ ਛੁੱਟੀ
ਮਨੋਜ ਸ਼ਰਮਾ
ਬਠਿੰਡਾ, 12 ਅਗਸਤ
ਪੰਜਾਬ ਸਰਕਾਰ ਵੱਲੋਂ ਖੋਲ੍ਹੇ ਮੁਹੱਲਾ ਕਲੀਨਿਕ ਅੰਦਰ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦਾ ਕਿਸ ਕਦਰ ਸ਼ੋਸ਼ਣ ਹੋ ਰਿਹਾ ਹੈ। ਇਸ ਦੀ ਪ੍ਰਤੱਖ ਤਸਵੀਰ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਮਹਿਲਾ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣ ਕਾਰਨ ਨੌਕਰੀ ਤੋਂ ਹੱਥ ਧੋਣਾ ਪਿਆ। ਬਠਿੰਡਾ ਦੇ ਪਿੰਡ ਕੋਟਸ਼ਮੀਰ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦਰਦ ਸੁਣਾਉਣ ਲਈ ਅੱਜ ਆਪਣੀ 25 ਦਿਨਾਂ ਦੀ ਧੀ ਨਾਲ ਇੱਥੇ ਪ੍ਰੈੱਸ ਕਲੱਬ ਪਹੁੰਚੀ ਅਤੇ ਮੁਹੱਲਾ ਕਲੀਨਿਕਾਂ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਕੀਤਾ। ਉਸ ਨੇ ਭਾਵੁਕ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੌਕਰੀ ’ਤੇ ਬਹਾਲ ਕਰਨ ਦੀ ਮੰਗ ਕੀਤੀ।
ਹਰਪ੍ਰੀਤ ਕੌਰ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਮੁਹੱਲਾ ਕਲੀਨਿਕਾਂ ਅੰਦਰ ਬਿਹਤਰ ਸਹੂਲਤਾਂ ਦੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਇੱਥੇ ਖੁਦ ਸਟਾਫ਼ ਨਾਲ ਵਿਤਕਰਾ ਹੋ ਰਿਹਾ ਹੈ।
ਉਸ ਨੇ ਕਿਹਾ ਕਿ ਉਹ ਆਪਣੀ ਬਹਾਲੀ ਲਈ ਸਰਕਾਰੀ ਦਫ਼ਤਰਾਂ ਦੇ ਧੱਕੇ ਖਾ ਕੇ ਹੰਭ ਚੁੱਕੀ ਹੈ, ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਪੀੜਤਾ ਨੇ ਕਿਹਾ ਕਿ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਬੱਚੇ ਨੂੰ ਜਨਮ ਦੇਣ ਕਾਰਨ ਉਸ ਦੀ ਨੌਕਰੀ ਚਲੀ ਜਾਵੇਗੀ। ਹਰਪ੍ਰੀਤ ਕੌਰ ਕਿਹਾ ਕਿ ਮੁਹੱਲਾ ਕਲੀਨਿਕ ’ਚ ਨੌਕਰੀ ਲੈਣ ਲਈ ਜ਼ਿਲ੍ਹੇ ਦੀ ਮੈਰਿਟ ਸੂਚੀ ਵਿਚ ਉਹ ਤੀਜੇ ਸਥਾਨ ’ਤੇ ਸੀ। ਉਹ ਜ਼ਿਲ੍ਹੇ ਦੇ ਰਾਮਾ ਮੰਡੀ ਸਥਿਤ ਮੁਹੱਲਾ ਕਲੀਨਿਕ ਵਿੱਚ ਪਿਛਲੇ ਸਾਲ 15 ਅਗਸਤ ਨੂੰ ਬਤੌਰ ਸਹਾਇਕ ਕਲੀਨੀਕਲ ਤਾਇਨਾਤ ਹੋਈ ਸੀ। ਉਸ ਨੇ 20 ਜੂਨ ਤੋਂ 20 ਅਗਸਤ ਤੱਕ ਐੱਸਐੱਮਓ ਤੋਂ ਬਕਾਇਦਾ ਲਿਖਤੀ ਤੌਰ ’ਤੇ ਪ੍ਰਸੂਤਾ ਛੁੱਟੀ ਦੀ ਪ੍ਰਵਾਨਗੀ ਲਈ ਸੀ। ਹਰਪ੍ਰੀਤ ਕੌਰ ਨੇ ਕਿਹਾ, ‘‘ਪੇਕੇ ਜਾਣ ਮਗਰੋਂ ਮੈਂ ਪਹਿਲੀ ਜੁਲਾਈ ਨੂੰ ਬੱਚੇ ਨੂੰ ਜਨਮ ਦਿੱਤਾ ਅਤੇ 18 ਜੁਲਾਈ ਨੂੰ ਸਿਹਤ ਵਿਭਾਗ ਦੇ ਬਠਿੰਡਾ ਦਫ਼ਤਰ ਤੋਂ ਫ਼ੋਨ ਆਇਆ ਕਿ ਤੁਸੀਂ ਲੰਮੀ ਛੁੱਟੀ ਨਹੀਂ ਲੈ ਸਕਦੇ। ਤੁਹਾਡੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਂਦੀਆਂ ਹਨ। ਮੈਂ ਤੁਰੰਤ ਮੁਹੱਲਾ ਕਲੀਨਿਕ ਵਿਖੇ ਪਹੁੰਚ ਕਿ ਆਪਣਾ ਪੱਖ ਰੱਖਿਆ, ਪਰ ਮੈਨੂੰ ਮੁੜ ਜੁਆਇਨ ਨਹੀਂ ਕਰਵਾਇਆ ਗਿਆ।’’ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਹਲਕਾ ਵਿਧਾਇਕ ਬਲਜਿੰਦਰ ਕੌਰ ਨੂੰ ਵੀ ਮਿਲੀ। ਉਨ੍ਹਾਂ ਐੱਨਐੱਚਐੱਮ ਦਫ਼ਤਰ ਚੰਡੀਗੜ੍ਹ ਤੱਕ ਵੀ ਪਹੁੰਚ ਕੀਤੀ, ਪਰ ਉਸ ਨੂੰ ਇਹ ਕਹਿ ਕਿ ਮੋੜ ਦਿੱਤਾ ਗਿਆ ਕਿ ਇਸ ਮਸਲੇ ਦਾ ਹੱਲ ਸਿਵਲ ਸਰਜਨ ਬਠਿੰਡਾ ਵੱਲੋਂ ਕੀਤਾ ਜਾਵੇਗਾ।
ਪੀੜਤਾ ਨੇ ਕਿਹਾ ਕਿ ਉਸ ਨੇ ਇਸ ਸਬੰਧੀ ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਕੋਲ ਆਪਣਾ ਪੱਖ ਰੱਖਿਆ ਤਾਂ ਉਨ੍ਹਾਂ ਜ਼ੁਬਾਨੀ ਹੁਕਮਾਂ ’ਤੇ 27 ਜੁਲਾਈ ਨੂੰ ਮੁੜ ਜੁਆਇਨ ਕਰਵਾ ਲਿਆ, ਪਰ 3 ਅਗਸਤ ਸੇਵਾਵਾਂ ਖ਼ਤਮ ਕਰ ਦਿੱਤੀਆਂ। ਜਦੋਂ ਇਸ ਸਬੰਧੀ ਮੁੜ ਸਿਵਲ ਸਰਜਨ ਬਠਿੰਡਾ ਕੋਲ ਪਹੁੰਚ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਿਹਾੜੀਦਾਰ ਕਾਮੇ ਨੂੰ ਸਿਰਫ਼ ਕੰਮ ਬਦਲੇ ਹੀ ਤਨਖ਼ਾਹ ਦਿੱਤੀ ਜਾਂਦੀ ਹੈ। ਪੀੜਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ਼ ਦੀ ਮੰਗ ਕੀਤੀ।
ਮੁਹੱਲਾ ਕਲੀਨਿਕ ਦੇ ਮੁਲਾਜ਼ਮ ਤਿੰਨ ਦਿਨ ਤੋਂ ਵੱਧ ਛੁੱਟੀ ਨਹੀਂ ਲੈ ਸਕਦੇ: ਸਿਵਲ ਸਰਜਨ
ਇਸ ਸਬੰਧੀ ਸਿਵਲ ਸਰਜਨ ਬਠਿੰਡਾ ਤੇਜਵੰਤ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕ ਦੀਆਂ ਸ਼ਰਤਾਂ ਤਹਿਤ ਤਿੰਨ ਦਿਨਾਂ ਦੀ ਐਮਰਜੈਂਸੀ ਛੁੱਟੀ ਤੋਂ ਬਿਨਾਂ ਇਹ ਮੁਲਾਜ਼ਮਾਂ ਹੋਰ ਕੋਈ ਛੁੱਟੀ ਨਹੀਂ ਲੈ ਸਕਦੇ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਐੱਸਐੱਮਓ ਨੇ ਪੀੜਤ ਹਰਪ੍ਰੀਤ ਕੌਰ ਦੀ ਦੋ ਮਹੀਨਿਆਂ ਦੀ ਛੁੱਟੀ ਪਾਸ ਕੀਤੀ ਸੀ ਤਾਂ ਉਨ੍ਹਾਂ ਦੋ ਟੁੱਕ ਕਿਹਾ ਕਿ ਐੱਸਐੱਮਓ ਕੋਲ ਛੁੱਟੀ ਦੇਣ ਦਾ ਕੋਈ ਅਧਿਕਾਰ ਨਹੀਂ।