ਪਿੰਡਾਂ ’ਚ ਆਪਣੀਆਂ ਪਾਰਟੀਆਂ ਦਾ ਵਜੂਦ ਬਚਾਉਣ ਲਈ ਪੱਬਾਂ ਭਾਰ ਹੋਏ ਆਗੂ
ਦੇਵਿੰਦਰ ਸਿੰਘ ਜੱਗੀ
ਪਾਇਲ, 12 ਅਕਤੂਬਰ
15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਵੱਖ-ਵੱਖ ਪਾਰਟੀ ਦੇ ਆਗੂਆਂ ਨੇ ਆਪੋ ਆਪਣੀਆਂ ਪਾਰਟੀਆਂ ਦਾ ਵਜੂਦ ਕਾਇਮ ਰੱਖਣ ਲਈ ਪਿੰਡਾਂ ਵਿੱਚ ਮੀਟਿੰਗਾਂ ਦਾ ਦੌਰ ਜੰਗੀ ਪੱਧਰ ਤੇ ਆਰੰਭਿਆ ਹੋਇਆ ਹੈ।
ਗੌਰਤਲਬ ਹੈ ਕਿ ‘ਆਪ’ ਦੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਪਿੰਡਾਂ ਵਿੱਚ ਸਰਬਸੰਮਤੀ ਕਰਨ ਦੀ ਅਪੀਲ ਵੀ ਕੀਤੀ ਹੈ ਤਾਂ ਕਿ ਪਿੰਡਾਂ ਦਾ ਸਰਵਪੱਖੀ ਵਿਕਾਸ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹੋ ਸਕੇ। ਕਈ ਪਿੰਡਾਂ ਵਿੱਚ ਸਰਬਸੰਮਤੀਆਂ ਹੋਈਆਂ ਵੀ ਹਨ ਤੇ ਜਿਨ੍ਹਾਂ ਵਿੱਚ ਨਹੀਂ ਹੋਈਆਂ, ਉਨ੍ਹਾਂ ਪਿੰਡਾਂ ਵਿੱਚ ਵਿਧਾਇਕ ਗਿਆਸਪੁਰਾ ਵੱਲੋਂ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾਰ ਰਿਹਾ ਹੈ। ਦੂਜੇ ਪਾਸੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਸਾਬਕਾ ਚੇਅਰਮੈਨ ਕਮਲਜੀਤ ਸਿੰਘ ਸਿਆੜ, ਸਾਬਕਾ ਚੇਅਰਮੈਨ ਬੰਤ ਸਿੰਘ ਦੌਬੁਰਜੀ, ਪ੍ਰੋਫ਼ੈਸਰ ਗੁਰਮੁੱਖ ਸਿੰਘ ਗੋਮੀ, ਪ੍ਰਧਾਨ ਗੁਰਵਿੰਦਰ ਸਿੰਘ ਟੀਨੂੰ ਵੀ ਆਪਣੀ ਪਾਰਟੀ ਦੀ ਹੋਂਦ ਬਚਾਉਣ ਲਈ ਪਿੰਡਾਂ ਵਿੱਚ ਮੀਟਿੰਗਾਂ ਕਰ ਰਹੇ ਹਨ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਹਰ ਮੀਟਿੰਗ ਵਿੱਚ ‘ਆਪ’ ਤਨਜ਼ ਕੱਸਦਿਆਂ ਮਾਨ ਸਰਕਾਰ ਨੂੰ ਹਰ ਫਰੰਟ ’ਤੇ ਫੇਲ੍ਹ ਦੱਸਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਭਲਾ ਸਿਰਫ਼ ਕਾਂਗਰਸ ਸਰਕਾਰ ਹੀ ਚਾਹੁੰਦੀ ਹੈ।
ਅਕਾਲੀ ਦੱਲ ਵੱਲੋਂ ਕਾਂਗਰਸ ਤੇ ‘ਆਪ’ ਫੇਲ੍ਹ ਕਰਾਰ
ਸ਼੍ਰੋਮਣੀ ਅਕਾਲੀ ਦਲ ਦੀ ਕਮਾਂਡ ਸੰਭਾਲਦਿਆਂ ਹਲਕਾ ਇੰਚਾਰਜ ਜਥੇਦਾਰ ਮਨਜੀਤ ਸਿੰਘ ਮਦਨੀਪੁਰ, ਸੀਨੀਅਰ ਮੀਤ ਪ੍ਰਧਾਨ ਜਗਦੇਵ ਸਿੰਘ ਬੋਪਾਰਾਏ, ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਆਪਣੀਆਂ ਟੀਮਾਂ ਨਾਲ ਪਿੰਡਾਂ ਵਿੱਚ ਪੂਰੀ ਸਰਗਰਮੀ ਵਿੱਢੀ ਹੋਈ ਹੈ। ਜਥੇਦਾਰ ਮਦਨੀਪੁਰ ਤੇ ਬੋਪਾਰਾਏ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਾਂਗਰਸ ਤੇ ‘ਆਪ’ ਨੇ ਸੂਬਾ ਵਾਸੀਆਂ ਦਾ ਕੁੱਝ ਨਹੀਂ ਸਵਾਰਿਆ ਤੇ ਜੋ ਵੀ ਵਿਕਾਸ ਹੋਇਆ, ਉਹ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ ਹੋਇਆ ਹੈ। ਸਾਰੇ ਹੀ ਪਾਰਟੀ ਆਗੂਆਂ ਵੱਲੋਂ ਉਮੀਦਵਾਰਾਂ ਦੇ ਹੱਕ ਵਿੱਚ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਹੁਣ ਇਸ ਜ਼ੋਰ ਅਜਮਾਇਸ਼ ਦੇ ਨਤੀਜੇ ਕੀ ਨਿਕਲਦੇ ਹਨ, ਇਹ 15 ਤਰੀਕ ਨੂੰ ਸਾਫ਼ ਹੋ ਜਾਵੇਗਾ।