For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਸਤਾ ਰਿਹੈ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਦਾ ਡਰ: ਮੋਦੀ

07:22 AM May 14, 2024 IST
‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਸਤਾ ਰਿਹੈ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਦਾ ਡਰ  ਮੋਦੀ
ਤਖ਼ਤ ਪਟਨਾ ਸਾਹਿਬ ਵਿਖੇ ਲੰਗਰ ਵਰਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਮੁਜ਼ੱਫਰਪੁਰ/ਹਾਜੀਪੁਰ/ਸਾਰਨ (ਬਿਹਾਰ), 13 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੋਧੀ ਧਿਰ ਦੇ ‘ਇੰਡੀਆ’ ਗੱਠਜੋੜ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਇਸ ਦੀ ਲੀਡਰਸ਼ਿਪ ਨੂੰ ‘ਕਾਇਰ’ ਆਖਿਆ ਅਤੇ ਕਿਹਾ ਕਿ ਉਹ ਪਾਕਿਸਤਾਨ ਦੀ ਪ੍ਰਮਾਣੂ ਸ਼ਕਤੀ ਤੋਂ ਡਰੀ ਹੋਈ ਹੈ। ਮੋਦੀ ਨੇ ਬਿਹਾਰ ਦੇ ਹਾਜ਼ੀਪੁਰ, ਮੁਜ਼ੱਫਰਪੁਰ ਅਤੇ ਸਾਰਨ ਲੋਕ ਸਭਾ ਹਲਕਿਆਂ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮੋਦੀ ਨੇ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਨੈਸ਼ਨਲ ਕਾਨਫਰੰਸ ਦੇ ਨੇਤਾ ਫਾਰੂਕ ਅਬਦੁੱਲਾ ਦਾ ਨਾਮ ਲਏ ਬਿਨਾਂ ਉਨ੍ਹਾਂ ਦੇ ਤਾਜ਼ਾ ਬਿਆਨ ’ਤੇ ਇਹ ਟਿੱਪਣੀ ਕੀਤੀ। ਮੋਦੀ ਨੇ ਕਿਹਾ, ‘‘‘ਇੰਡੀਆ’ ਗੱਠਜੋੜ ਆਗੂਆਂ ਦੇ ਇਹ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਹਨ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਰਾਤ ਨੂੰ ਸੁਪਨੇ ਵਿੱਚ ਵੀ ਪਾਕਿਸਤਾਨ ਦਾ ਪਰਮਾਣੂ ਬੰਬ ਦਿਖਾਈ ਦਿੰਦਾ ਹੈ। ਕਹਿੰਦੇ ਹਨ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ।’’ ਉਨ੍ਹਾਂ ਕਿਹਾ, ਜੇਕਰ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਤਾਂ ਅਸੀਂ ਪਾ ਦੇਵਾਂਗੇ। ਉਨ੍ਹਾਂ ਨੂੰ ਆਟਾ ਵੀ ਚਾਹੀਦਾ ਹੈ, ਬਿਜਲੀ ਵੀ ਨਹੀਂ ਹੈ। ਹੁਣ ਤੱਕ ਸਾਨੂੰ ਪਤਾ ਨਹੀਂ ਸੀ ਕਿ ਉਸ ਕੋਲ ਚੂੜੀਆਂ ਵੀ ਨਹੀਂ ਹਨ।’’
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਬਦੁੱਲਾ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਇਸ ਦਾਅਵੇ ਦੇ ਜਵਾਬ ਵਿੱਚ ਟਿੱਪਣੀ ਕੀਤੀ ਸੀ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ (ਮਕਬੂਜ਼ਾ) ਕਸ਼ਮੀਰ ਦੇ ਲੋਕ ਭਾਰਤ ਦਾ ਹਿੱਸਾ ਬਣਨਾ ਚਾਹੁੰਦੇ ਹਨ। ਮੋਦੀ ਨੇ ਤਾਅਨਾ ਮਾਰਦਿਆਂ ਕਿਹਾ, ‘‘ਕੋਈ ਮੁੰਬਈ ਹਮਲੇ ਵਿੱਚ ਪਾਕਿਸਤਾਨ ਨੂੰ ਕਲੀਨ ਚਿੱਟ ਦੇ ਰਿਹਾ ਹੈ, ਕੋਈ ਸਰਜੀਕਲ ਸਟ੍ਰਾਈਕ ’ਤੇ ਸਵਾਲ ਉਠਾ ਰਿਹਾ ਹੈ, ਇਹ ਖੱਬੇ-ਪੱਖੀ ਸਿਰਫ਼ ਭਾਰਤ ਦੇ ਪਰਮਾਣੂ ਹਥਿਆਰਾਂ ਨੂੰ ਹੀ ਖਤਮ ਕਰਨਾ ਚਾਹੁੰਦੇ ਹਨ।’’ ਮੋਦੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਨੇ ਇੱਕ ਫਾਰਮੂਲਾ ਤਿਆਰ ਕੀਤਾ ਹੈ। ਜੇ ਵਿਰੋਧੀ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਇਸ ਦੇ ਪੰਜ ਆਗੂ ਹਰੇਕ ਸਾਲਾ ਵਾਰੋ-ਵਾਰੀ ਪ੍ਰਧਾਨ ਮੰਤਰੀ ਬਣਨਗੇ। ਉਨ੍ਹਾਂ ਕਿਹਾ, ‘‘ਜ਼ਰਾ ਸੋਚੋ, ਜੇਕਰ ਗੱਠਜੋੜ ਦਾ ਪੰਜ ਸਾਲ ਲਈ ਹਰੇਕ ਸਾਲ ਇੱਕ ਵੱਖਰਾ ਪ੍ਰਧਾਨ ਮੰਤਰੀ ਬਣਾਉਣ ਦੀ ਯੋਜਨਾ ਸਫਲ ਹੋ ਜਾਵੇ ਤਾਂ ਕਿਸ ਤਰ੍ਹਾਂ ਦਾ ਮਿਲਗੋਭਾ ਦੇਖਣ ਨੂੰ ਮਿਲੇਗਾ। ਹਾਲਾਂਕਿ, ਉਹ ਵੰਨ-ਸੁਵੰਨੀਆਂ ਪਾਰਟੀਆਂ ਦਾ ਗੱਠਜੋੜ ਹੈ, ਜਿਸ ਦਾ ਨਾਕਾਮ ਹੋਣਾ ਤੈਅ ਹੈ।’’ ਉਨ੍ਹਾਂ ਕਿਹਾ, ‘‘ਮੌਜੂਦਾ ਚੋਣਾਂ ਅਜਿਹੀ ਸਰਕਾਰ ਬਣਾਉਣ ਲਈ ਹੋ ਰਹੀਆਂ ਹਨ ਜੋ ਦੇਸ਼ ਦੇ ਵੱਕਾਰ ਤੇ ਮਜ਼ਬੂਤੀ ਨੂੰ ਹੋਰ ਹੁਲਾਰਾ ਦੇਵੇਗੀ।’’ ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਈਡੀ ਵਰਗੀਆਂ ਏਜੰਸੀਆਂ ਦੀਆਂ ਕਾਰਵਾਈਆਂ ਖ਼ਿਲਾਫ਼ ਰੌਲਾ ਕਿਉਂ ਪਾ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਈਡੀ ਨੇ ਸਿਰਫ਼ 35 ਲੱਖ ਰੁਪਏ ਹੀ ਬਰਾਮਦ ਕੀਤੇ ਸਨ, ਜਿਨ੍ਹਾਂ ਨੂੰ ਇੱਕ ਸਕੂਲ ਬੈਗ ਵਿੱਚ ਭਰਿਆ ਜਾ ਸਕਦਾ ਹੈ। ਜਦੋਂ ਤੋਂ ਅਸੀਂ ਸੱਤਾ ਸੰਭਾਲੀ ਹੈ, ਈਡੀ (ਐਨਫੋਰਸਮੈਂਟ ਡਾਇਰੈਕਟੋਰੇਟ) ਨੇ 2,200 ਕਰੋੜ ਰੁਪਏ ਬਰਾਮਦ ਕੀਤੇ ਹਨ, ਜਿਸ ਨੂੰ ਲਿਜਾਣ ਲਈ 70 ਛੋਟੇ ਟਰੱਕਾਂ ਦੀ ਲੋੜ ਪਵੇਗੀ।’’ ਪ੍ਰਧਾਨ ਮੰਤਰੀ ਨੇ ਆਪਣੇ ਵਿਰੋਧੀਆਂ ’ਤੇ ਆਪਣੀਆਂ ਸੰਤਾਨਾਂ ਬਾਰੇ ਫ਼ਿਕਰ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਮੇਰਾ ਕੋਈ ਵਾਰਿਸ ਨਹੀਂ ਹੈ। ਤੁਸੀਂ ਲੋਕ ਮੇਰੇ ਵਾਰਿਸ ਹੋ।’’ ਇਸੇ ਦੌਰਾਨ ਮੋਦੀ ਨੇ ਅੱਜ ਆਪਣੇ ਸੰਸਦੀ ਹਲਕੇ ਵਾਰਾਨਸੀ ਵਿੱਚ ਰੋਡਸ਼ੋਅ ਸ਼ੁਰੂ ਕੀਤਾ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਮਦਨ ਮੋਹਨ ਮਾਲਵੀਆ ਦੀ ਮੂਰਤੀ ’ਤੇ ਫੁੱਲਮਾਲਾ ਭੇਟ ਕੀਤੀ। ਮੋਦੀ ਮੰਗਲਵਾਰ ਨੂੰ ਵਾਰਾਨਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। -ਪੀਟੀਆਈ

Advertisement

ਪ੍ਰਧਾਨ ਮੰਤਰੀ ਤਖ਼ਤ ਪਟਨਾ ਸਾਹਿਬ ਵਿਖੇ ਨਤਮਸਤਕ

ਪਟਨਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਖ਼ਤ ਸੁਰੱਖਿਆ ਹੇਠ ਪਟਨਾ ਦੇ ਗੁਰਦੁਆਰਾ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ। ਪ੍ਰਧਾਨ ਮੰਤਰੀ ਦੀ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਫੇਰੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਦਸਤਾਰ ਸਜਾ ਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਦਰਸ਼ਨ ਕੀਤੇ। ਉਨ੍ਹਾਂ ਨੇ ਗੁਰਦੁਆਰੇ ਵਿੱਚ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਉਨ੍ਹਾਂ ਨੇ ਇੱਕ ਦਿਨ ਪਹਿਲਾਂ ਪਟਨਾ ਵਿੱਚ ਰੋਡ ਸ਼ੋਅ ਕੀਤਾ ਸੀ। ਉਨ੍ਹਾਂ ‘ਐਕਸ’ ’ਤੇ ਪੰਜਾਬੀ ਵਿੱਚ ਲਿਖਿਆ, ‘‘ਅੱਜ ਸਵੇਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿੱਚ ਅਰਦਾਸ ਕੀਤੀ। ਇਸ ਪਵਿੱਤਰ ਸਥਾਨ ਦੀ ਪਵਿੱਤਰਤਾ, ਸ਼ਾਂਤੀ ਅਤੇ ਅਮੀਰ ਇਤਿਹਾਸ ਦਾ ਅਨੁਭਵ ਕਰਕੇ ਸਚਮੁੱਚ ਧੰਨ ਮਹਿਸੂਸ ਕੀਤਾ। ਇਸ ਗੁਰਦੁਆਰਾ ਸਾਹਿਬ ਦਾ ਸ੍ਰੀ ਗੁਰੂ ਗੋਬਿੰਦ ਜੀ ਨਾਲ ਡੂੰਘਾ ਸਬੰਧ ਹੈ। ਸਾਡੀ ਸਰਕਾਰ ਨੂੰ 350ਵਾਂ ਪ੍ਰਕਾਸ਼ ਪੁਰਬ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਮਾਣ ਹਾਸਲ ਹੋਇਆ ਹੈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਅਤੇ ਮਾਰਗਦਰਸ਼ਨ ਕਰਦੀਆਂ ਹਨ।’’ -ਪੀਟੀਆਈ

Advertisement

Advertisement
Author Image

joginder kumar

View all posts

Advertisement