For the best experience, open
https://m.punjabitribuneonline.com
on your mobile browser.
Advertisement

ਲਾਰੈਂਸ ਬਿਸ਼ਨੋਈ ਦੀ ਵੀਡੀਓ ਨੇ ਜੇਲ੍ਹ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਕਈ ਸਵਾਲ

07:54 AM Jun 19, 2024 IST
ਲਾਰੈਂਸ ਬਿਸ਼ਨੋਈ ਦੀ ਵੀਡੀਓ ਨੇ ਜੇਲ੍ਹ ਪ੍ਰਬੰਧਾਂ ’ਤੇ ਖੜ੍ਹੇ ਕੀਤੇ ਕਈ ਸਵਾਲ
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 18 ਜੂਨ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 17 ਸਕਿੰਟਾਂ ਦੀ ਵਾਇਰਲ ਹੋਈ ਵੀਡੀਓ ਨੇ ਜੇਲ੍ਹ ਪ੍ਰਬੰਧਾਂ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਰਾਹੀਂ ਉਹ ਪਾਕਿਸਤਾਨ ਦੇ ਗੈਂਗਸਟਰ ਡਾਨ ਸਹਿਜ਼ਾਦ ਭੱਟੀ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਲਾਰੈਂਸ ਬਿਸ਼ਨੋਈ, ਪਾਕਿਸਤਾਨੀ ਗੈਂਗਸਟਰ ਭੱਟੀ ਨੂੰ ਈਦ ਦੀ ਮੁਬਾਰਕਬਾਦ ਦੇ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੋ ਦਿਨ ਪਹਿਲਾਂ 16 ਜੂਨ ਦੀ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਵੇਲੇ ਗੁਜਰਾਤ ਵਿੱਚ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ’ਚ ਬੰਦ ਹੈ। ਇਸ ਤੋਂ ਪਹਿਲਾਂ ਮਾਰਚ 2023 ਵਿੱਚ ਬਿਸ਼ਨੋਈ ਨੇ ਨਿਆਂਇਕ ਹਿਰਾਸਤ ਵਿੱਚ ਰਹਿੰਦੇ ਹੋਏ ਇੱਕ ਵੀਡੀਓ ਕਾਲ ਰਾਹੀਂ ਦੋ ਇੰਟਰਵਿਊ ਦਿੱਤੇ ਸਨ, ਇੱਕ ਘੰਟੇ ਦੀ ਇੰਟਰਵਿਊ ਵਿੱਚ ਬਿਸ਼ਨੋਈ ਨੇ ਮੂਸੇਵਾਲਾ ਦੇ ਕਤਲ ਵਿੱਚ ਮੁੱਖ ਸਾਜ਼ਿਸ਼ਕਰਤਾ ਵਜੋਂ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ, ਹਾਲਾਂਕਿ ਪੰਜਾਬ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਇੰਟਰਵਿਊ ਨਹੀਂ ਲਈ ਗਈ।
ਉਧਰ, ਲਾਰੈਂਸ ਬਿਸ਼ਨੋਈ ਦੀ ਇਹ ਵੀਡੀਓ ਵਾਇਰਲ ਹੋਣ ਮਗਰੋਂ ਪੰਜਾਬ ਵਿੱਚ ਰਾਜਸੀ ਮਾਹੌਲ ਭਖਣ ਲੱਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਲਾਰੈਂਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਪਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸਰਕਾਰ ਉਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਵਾਈ ਅਤੇ ਹੁਣ ਪਾਕਿਸਤਾਨੀ ਗੈਂਗਸਟਰ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇਲ੍ਹ ਤੋਂ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਸਰਕਾਰ ਕੋਈ ਕਾਰਵਾਈ ਨਹੀਂ ਕਰ ਸਕੀ।
ਦੂਜੇ ਪਾਸੇ ਇਸ ਵੀਡੀਓ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਦੀ ਕੇਂਦਰ ਅਤੇ ਗੁਜਰਾਤ ਸਰਕਾਰ ਉਤੇ ਸਵਾਲ ਖੜ੍ਹੇ ਕੀਤੇ ਹਨ। ‘ਆਪ’ ਆਗੂ ਨੀਲ ਗਰਗ ਨੇ ਕਿਹਾ ਕਿ ਗੁਜਰਾਤ ਦੀ ਜੇਲ੍ਹ ਵਿੱਚ ਬੈਠ ਕੇ ਲਾਰੈਂਸ ਬਿਸ਼ਨੋਈ ਆਪਣਾ ਨੈਟਵਰਕ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਸੁਨੀਲ ਜਾਖੜ ਹੁਣ ਚੁੱਪ ਹੋ ਗਏ ਹਨ, ਜਦੋਂਕਿ ਉਹ ਪੰਜਾਬ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਲਈ ਲਗਾਤਾਰ ਬਦਨਾਮ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਭਾਜਪਾ ਨੂੰ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।

Advertisement

ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚੋਂ ਦੂਜੀ ਵੀਡੀਓ ਵਾਇਰਲ ਹੋਣ ’ਤੇ ਭੜਕੇ ਸਿੱਧੂ ਮੂਸੇਵਾਲਾ ਦੇ ਪਿਤਾ

ਮਾਨਸਾ (ਜੋਗਿੰਦਰ ਸਿੰਘ ਮਾਨ): ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਦੀ ਜੇਲ੍ਹ ’ਚੋਂ ਵੀਡੀਓ ਵਾਇਰਲ ਹੋਣ ਨੂੰ ਲੈ ਕੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਭੜਕ ਉੱਠੇ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਸੁਰੱਖਿਆ ਦੇ ਕੇ ਪੂਰੀ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ ਸਾਂਭਿਆ ਹੋਇਆ ਹੈ ਤਾਂ ਹੀ ਉਹ ਜੇਲ੍ਹਾਂ ਵਿੱਚ ਬੈਠਾ ਫੋਨਾਂ ’ਤੇ ਧਮਕੀਆਂ ਦੇ ਰਿਹਾ ਹੈ ਅਤੇ ਆਪਣਾ ਕਾਰੋਬਾਰ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਗੈਂਗਸਟਰ ਨੂੰ ਨੱਥ ਨਹੀਂ ਪਾਈ ਅਤੇ ਨਾ ਹੀ ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਦਿਨ ਪਹਿਲਾਂ ਗੁਜਰਾਤ ਦੀ ਜੇਲ੍ਹ ਵਿੱਚੋਂ ਪਾਕਿਸਤਾਨ ਦੇ ਕਿਸੇ ਅਤਿਵਾਦੀ ਨਾਲ ਵੀਡੀਓ ਕਾਲ ’ਤੇ ਗੱਲ ਕਰਦੇ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ‘ਈਦ ਮੁਬਾਰਕ’ ਦਿੰਦਿਆਂ ਅਤਿਵਾਦੀ ਨਾਲ ਪਾਕਿਸਤਾਨ ਅਤੇ ਦੁਬਈ ਵਿੱਚ ਇਹ ਤਿਉਹਾਰ ਮਨਾਏ ਜਾਣ ਦੀ ਗੱਲ ਕਰ ਰਿਹਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਲਾਰੈਂਸ ਬਿਸ਼ਨੋਈ ਦੀ ਟੀਵੀ ਨੂੰ ਇੰਟਰਵਿਊ ਦਿੰਦੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰਾਂ ’ਤੇ ਵੀ ਸਵਾਲ ਉੱਠੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਜਾਰੀ ਹੋਈ ਵੀਡੀਓ ’ਤੇ ਵੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਅਤੇ ਹੁਣ ਵੀ ਕੁੱਝ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਸਜ਼ਾ ਦੇਣ ਦੀ ਬਜਾਏ ਸਰਕਾਰਾਂ ਉਸ ਦੀ ਆਓ ਭਗਤ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਇਸ ਜਾਰੀ ਹੋਈ ਦੂਜੀ ਵੀਡੀਓ ਦੇ ਮਾਮਲੇ ਵਿੱਚ ਵੀ ਸਰਕਾਰਾਂ ਤੋਂ ਜਾਂਚ ਪੜਤਾਲ ਦੀ ਮੰਗ ਕਰਨਗੇ। ਉਨ੍ਹਾਂ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕੀਤੀ।

Advertisement
Author Image

sukhwinder singh

View all posts

Advertisement
Advertisement
×