For the best experience, open
https://m.punjabitribuneonline.com
on your mobile browser.
Advertisement

ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ: ਮਾਨ

08:48 AM Jun 28, 2024 IST
ਚੌਧਰ ਚਮਕਾਉਣ ਖਾਤਰ ਕਾਟੋ ਕਲੇਸ਼ ਵਿੱਚ ਉਲਝਿਆ ਅਕਾਲੀ ਦਲ  ਮਾਨ
ਜਲੰਧਰ ਵਿੱਚ ‘ਆਪ’ ’ਚ ਸ਼ਾਮਲ ਹੋਣ ਵਾਲਿਆਂ ਦਾ ਸਨਮਾਨ ਕਰਦੇ ਹੋਏ ਭਗਵੰਤ ਮਾਨ। -ਫੋਟੋ: ਮਲਕੀਅਤ ਸਿੰਘ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 27 ਜੂਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ’ਤੇ ਤਿੱਖਾ ਹਮਲਾ ਕੀਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸੁਪਰੀਮੋ ਸੁਖਬੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਖ਼ਿਲਾਫ਼ ਚੋਣ ਪ੍ਰਚਾਰ ਕਰੇਗਾ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਵੇਲੇ ਬੁਰੀ ਤਰ੍ਹਾਂ ਸੰਕਟ ਵਿੱਚ ਫਸਿਆ ਹੋਇਆ ਹੈ ਕਿਉਂਕਿ ਅਕਾਲੀ ਲੀਡਰ ਚੌਧਰ ਚਮਕਾਉਣ ਲਈ ਆਪਸੀ ਕਾਟੋ-ਕਲੇਸ਼ ’ਚ ਉਲਝੇ ਹੋਏ ਹਨ। ਇਸ ਪਾਰਟੀ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਕੋਈ ਸਟੈਂਡ ਰਿਹਾ ਹੈ। ਸ੍ਰੀ ਮਾਨ ਨੇ ਕਿਹਾ ਕਿ ਇਹ ਅਕਾਲੀ ਲੀਡਰ ਨਿਰਲੱਜ ਹੋ ਕੇ ਸਿਰਫ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਕੰਮ ਕਰ ਰਹੇ ਹਨ, ਜਦੋਂਕਿ ਇਨ੍ਹਾਂ ਨੂੰ ਪੰਜਾਬ ਤੇ ਪੰਜਾਬੀਆਂ ਦੀਆਂ ਦੁੱਖ-ਤਕਲੀਫਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ। ਸ੍ਰੀ ਮਾਨ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਸੁਖਬੀਰ ਬਾਦਲ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਹੱਕ ’ਚ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਆਗੂ ਸੂਬੇ ਦੇ ਲੋਕਾਂ ਦਾ ਘਾਣ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਕੀਤੇ ਗਏ ਗੁਨਾਹਾਂ ਲਈ ਮੁਆਫ਼ ਨਹੀਂ ਕਰਨਗੇ ਅਤੇ ਇਨ੍ਹਾਂ ਨੂੰ ਚੋਣਾਂ ਵਿੱਚ ਢੁੱਕਵਾਂ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਹਿੱਤਾਂ ਨੂੰ ਪਹਿਲ ਦਿੰਦਿਆਂ ਹਮੇਸ਼ਾ ਸੂਬੇ ਨਾਲ ਦਗਾ ਕਮਾਇਆ ਹੈ।

Advertisement

‘ਆਪ’ ਕੇਂਦਰ ਦੀਆਂ ਚਾਲਾਂ ਤੋਂ ਡਰਨ ਵਾਲੀ ਨਹੀਂ: ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਤੰਤਰ ਦਾ ਕਤਲ ਕਰਨ ਵਾਲੀ ਮੋਦੀ ਸਰਕਾਰ ਵੱਲੋਂ ‘ਆਪ’ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਨੇ ਸੁਪਰੀਮ ਕੋਰਟ ਵਿੱਚ ਸੁਣਵਾਈ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਤੋਂ ਗ੍ਰਿਫ਼ਤਾਰ ਕਰਵਾ ਦਿੱਤਾ ਹੈ। ਸ੍ਰੀ ਮਾਨ ਨੇ ਕਿਹਾ ਕਿ ‘ਆਪ’ ਕੇਂਦਰ ਸਰਕਾਰ ਦੀਆਂ ਅਜਿਹੀ ਚਾਲਾਂ ਤੋਂ ਡਰਨ ਵਾਲੀ ਨਹੀਂ ਹੈ, ਉਹ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ਲੜਾਈ ਜਾਰੀ ਰੱਖੇਗੀ। ਮੁੱਖ ਮੰਤਰੀ ਨੇ ਆਪਣੇ ਐਕਸ ਖਾਤੇ ’ਤੇ ਕਿਹਾ ਕਿ ‘ਆਪ’ ਦੇ ਸੰਸਦ ਮੈਂਬਰਾਂ ਨੇ ਅੱਜ ਕੇਂਦਰ ਸਰਕਾਰ ਦੀ ਤਾਨਾਸ਼ਾਹੀ ਵਿਰੁੱਧ ਸੰਸਦ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਹੈ। ਇਹ ਪ੍ਰਦਰਸ਼ਨ ਭਵਿੱਖ ਵਿੱਚ ਵੀ ਜਾਰੀ ਰਹੇਗਾ।

ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਨੂੰ ਮੁੱਖ ਮੰਤਰੀ ਨੇ ਕੀਤਾ ਸ਼ਾਂਤ

ਫਗਵਾੜਾ (ਜਸਬੀਰ ਚਾਨਾ): ਜਲੰਧਰ ’ਚ ਹੋ ਰਹੀ ਉਪ ਚੋਣ ਦੌਰਾਨ ਮੰਗਾਂ ਦੇ ਹੱਕ ’ਚ ਨਾਰਾਜ਼ ਜਥੇਬੰਦੀਆਂ ਨੂੰ ਸ਼ਾਂਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੋਂ ਦੇ ਕਬਾਨਾ ਹੋਟਲ ’ਚ ਪੁੱਜ ਕੇ ਸਵੇਰ ਤੋਂ ਹੀ ਕਰੀਬ 6 ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਭਰੋਸਾ ਦਿੱਤਾ ਕਿ ਜਲੰਧਰ ਚੋਣ ਉਪਰੰਤ ਉਨ੍ਹਾਂ ਦੀਆਂ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਹੋਵੇਗੀ ਜਿਸ ਮਗਰੋਂ ਜਥੇਬੰਦੀਆਂ ਸ਼ਾਂਤ ਹੋ ਗਈਆਂ। ਮੁਲਾਕਾਤ ਕਰਨ ਵਾਲੀਆਂ ਜਥੇਬੰਦੀਆਂ ’ਚ ਵੈਟਨਰੀ ਫਾਰਮਾਸਿਸਟ ਯੂਨੀਅਨ, ਸੀਪੀਐਫ਼ ਇੰਪਲਾਈਜ਼ ਯੂਨੀਅਨ, ਮਾਲ ਵਿਭਾਗ, ਵਾਟਰ ਸਪਲਾਈ, ਐਲੀਮੈਂਟਰੀ ਟੀਚਰ ਯੂਨੀਅਨ, ਪੀਟੀਆਈ ਅਧਿਆਪਕ ਯੂਨੀਅਨ, ਪੰਜਾਬ ਡੀਐਸਟੀਸੀਟੀਐਸ ਕੰਟਰੈਕਟ ਇੰਸਟਰਕਟਰ ਯੂਨੀਅਨ ਸ਼ਾਮਲ ਸਨ।

Advertisement
Author Image

sukhwinder singh

View all posts

Advertisement
Advertisement
×