ਕਿਊਆਰ ਕੋਡ ਆਧਾਰਿਤ ਨਾਗਰਿਕ ਸਮੀਖਿਆ ਸੇਵਾ ਅਤੇ ਸਾਈਬਰ ਜਾਗਰੂਕਤਾ ਦੀ ਸ਼ੁਰੂਆਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਨਵੰਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਸੈਕਟਰ-9 ਵਿੱਚ ਸਥਿਤ ਯੂਟੀ ਸਕੱਤਰੇਤ ਵਿੱਚ ਕਿਊਆਰ ਕੋਡ ਆਧਾਰਿਤ ਨਾਗਰਿਕ ਸਮੀਖਿਆ ਸੇਵਾ ਤੇ ਸਾਈਬਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਪੁਲੀਸ ਦੇ ਕੰਮਕਾਜ ਦੀ ਸਮੀਖਿਆ ਕਰਨਾ ਨਾਗਰਿਕਾਂ ਦਾ ਅਧਿਕਾਰ ਹੈ। ਇਸ ਲਈ ਲੋਕ ਹੁਣ ਕਿਊਆਰ ਕੋਡ ’ਤੇ ਸਕੈਨ ਕਰ ਕੇ ਪੁਲੀਸ ਦੇ ਕੰਮਕਾਜ ਦੀ ਸਮੀਖਿਆ ਕਰ ਕੇ ਰੈਂਕਿੰਗ ਦੇ ਸਕਣਗੇ ਅਤੇ ਆਪਣੇ ਵਿਚਾਰ ਰੱਖ ਸਕਣਗੇ। ਉਨ੍ਹਾਂ ਕਿਹਾ ਕਿ ਇਸ ਰੈਂਕਿੰਗ ਦੇ ਆਧਾਰ ’ਤੇ ਪੁਲੀਸ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਵੇਗੀ। ਰਾਜਸਥਾਨ ਵਿੱਚ ਵੀ ਪੁਲੀਸ ਵੱਲੋਂ ਕਿਊਆਰ ਕੋਡ ਰਾਹੀਂ ਪੁਲੀਸ ਦੇ ਕੰਮਕਾਜ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਰੈਂਕਿੰਗ ਦਿੱਤੀ ਜਾਂਦੀ ਹੈ।
ਸ੍ਰੀ ਕਟਾਰੀਆ ਨੇ ਕਿਹਾ ਕਿ ਅੱਜ ਦੇ ਡਿਜੀਟਲ ਯੁਗ ਵਿੱਚ ਸਾਈਬਰ ਅਪਰਾਧ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਲਈ ਸਾਰਿਆਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਭੀੜ ਵਾਲੀਆਂ ਥਾਵਾਂ ਸੈਕਟਰ-17 ਪਲਾਜ਼ਾ, ਸੁਖਨਾ ਝੀਲ, ਏਲਾਂਤੇ ਮਾਲ ਸਣੇ ਹੋਰਨਾਂ ਪ੍ਰਮੁੱਖ ਥਾਵਾਂ ’ਤੇ ਲੋਕਾਂ ਨੂੰ ਸਾਈਬਰ ਅਪਰਾਧ ਬਾਰੇ ਜਾਗਰੂਕ ਕੀਤਾ ਜਾਵੇਗਾ। ਪ੍ਰਸ਼ਾਸਕ ਨੇ ਸਾਈਬਰ ਅਪਰਾਧ ਵਰਗ ਘਟਨਾਵਾਂ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਬੈਂਕ ਖਾਤੇ ਤੇ ਹੋਰ ਨਿੱਜੀ ਜਾਣਕਾਰੀ ਅਣਜਾਨ ਵਿਅਕਤੀਆਂ ਨਾਲ ਸਾਂਝੀ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।